ਫੁੱਟਬਾਲ ਵਿਸ਼ਵ ਕੱਪ : ਫਾਈਨਲ ‘ਚ ਪਹੁੰਚੀ ਫਰਾਂਸ ਦੀ ਟੀਮ ਨੂੰ ਮਬਾਪੇ ਤੋਂ ਵੱਡੀਆਂ ਆਸਾਂ

ਫੁੱਟਬਾਲ ਵਿਸ਼ਵ ਕੱਪ : ਫਾਈਨਲ ‘ਚ ਪਹੁੰਚੀ ਫਰਾਂਸ ਦੀ ਟੀਮ ਨੂੰ ਮਬਾਪੇ ਤੋਂ ਵੱਡੀਆਂ ਆਸਾਂ

ਸੇਂਟ ਪੀਟਰਸਬਰਗ/ਬਿਊਰੋ ਨਿਊਜ਼ :
ਫਰਾਂਸ ਨੇ ਸੇਂਟ ਪੀਟਰਸਬਰਗ ਸਟੇਡੀਅਮ ਵਿਚ ਖੇਡੇ ਗਏ ਪਹਿਲੇ ਸੈਮੀਫਾਈਨਲ ਮੈਚ ਵਿਚ ਬੈਲਜੀਅਮ ਨੂੰ 1-0 ਨਾਲ ਹਰਾ ਕੇ ਫੀਫਾ ਵਿਸ਼ਵ ਕੱਪ-2018 ਦੇ ਫਾਈਨਲ ਵਿਚ ਜਗ੍ਹਾ ਬਣਾ ਲਈ ਹੈ। ਸੈਮੂਅਲ ਉਮੀਟੀ ਨੇ 51ਵੇਂ ਮਿੰਟ ਵਿਚ ਆਪਣੀ ਟੀਮ ਲਈ ਜੇਤੂ ਗੋਲ ਕੀਤਾ। 1998 ਵਿਚ ਵਿਸ਼ਵ ਕੱਪ ਜਿੱਤਣ ਵਾਲੇ ਫਰਾਂਸ ਨੂੰ ਸ਼ੁਰੂਆਤ ਤੋਂ ਹੀ ਇਸ ਟੂਰਨਾਮੈਂਟ ਦਾ ਮੁੱਖ ਦਾਅਵੇਦਾਰ ਕਿਹਾ ਜਾ ਰਿਹਾ ਸੀ ਅਤੇ ਉਸ ਨੇ ਇਹ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਸਾਬਤ ਵੀ ਕੀਤਾ ਹੈ।
ਫਰਾਂਸ ਦੀ ਰਾਜਧਾਨੀ ਪੈਰਿਸ ਦੇ ਉਤਰੀ ਖੇਤਰ ਵਿੱਚ ਸਥਿਤ ਛੋਟੇ ਜਿਹੇ ਸ਼ਹਿਰ ਬਾਂਡੀ ਨੂੰ ਗ਼ਰੀਬਾਂ ਅਤੇ ਪਰਵਾਸੀਆਂ ਦੇ ਰਿਹਾਇਸ਼ੀ ਇਲਾਕਿਆਂ ਵਜੋਂ ਜਾਣਿਆ ਜਾਂਦਾ ਹੈ, ਪਰ ਹਾਲ ਹੀ ਦੇ ਦਿਨਾਂ ਵਿੱਚ ਇਸ ਖੇਤਰ ਤੋਂ ਕਈ ਬਿਹਤਰੀਨ ਖਿਡਾਰੀ ਨਿਕਲੇ ਹਨ। ਰੂਸ ਵਿੱਚ ਖੇਡੇ ਜਾ ਰਹੇ ਫੁਟਬਾਲ ਵਿਸ਼ਵ ਕੱਪ ਵਿੱਚ ਸਭ ਤੋਂ ਬਿਹਰਤੀਨ ਖਿਡਾਰੀਆਂ ਵਿਚ ਉਭਰਦੇ ਸਟਰਾਈਕ ਕਿਲੀਅਨ ਮਬਾਪੇ ਦਾ ਨਾਂ ਵੀ ਆਉਂਦਾ ਹੈ, ਜਿਸ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਫਰਾਂਸ ਟੂਰਨਾਮੈਂਟ ਦੇ ਸੈਮੀ ਫਾਈਨਲ ਤੱਕ ਪਹੁੰਚਿਆ ਹੈ। ਇਸ ਖੇਤਰ ਦੇ 16 ਸਾਲਾ ਖਿਡਾਰੀ ਐਡਮਾ ਵਗੂਈ ਫੁਟਬਾਲ ਵਿੱਚ ਮਿਲੇ ਆਪਣੇ ਖ਼ਿਤਾਬਾਂ ਨੂੰ ਵਿਖਾਉਂਦਾ ਹੋਇਆ ਪਿਛਲੀਆਂ ਯਾਦਾਂ ਬਾਰੇ ਦੱਸਦਾ ਹੈ ਕਿ ਕਿਸ ਤਰ੍ਹਾਂ ਉਹ ਅੰਡਰ-17 ਟੂਰਨਾਮੈਂਟ ਵਿੱਚ ਮਬਾਪੇ ਦੇ ਸ਼ਾਟ ਨੂੰ ਰੋਕਣ ਲਈ ਗੋਲ ਪੋਸਟ ਦੇ ਅੱਗੇ ਖੜ੍ਹਾ ਹੋ ਗਿਆ ਸੀ। ਫਰਾਂਸ ਦੀ 23 ਮੈਂਬਰੀ ਫੁਟਬਾਲ ਟੀਮ ਵਿੱਚ ਦੋ ਤਿਹਾਈ ਖਿਡਾਰੀ ਅਰਬ ਜਾਂ ਅਫਰੀਕੀ ਮੂਲ ਦੇ ਹਨ। ਇਸ ਤੋਂ ਪਹਿਲਾਂ ਅਜਿਹਾ 1998 ਦੀ ਫਰਾਂਸ ਵਿਸ਼ਵ ਚੈਂਪੀਅਨ ਟੀਮ ਵਿੱਚ ਵੀ ਸੀ। ਏਐਸ ਬਾਂਡੀ ਟੀਮ ਦੇ ਕੋਚ ਐਂਟਨੀ ਰਿਕਾਰਡੀ ਨੇ ਨੌਜਵਾਨ ਮਬਾਪੇ ਦੀ ਖੇਡ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਮੈਰਾਡੋਨਾ ਦੀ ਤਰ੍ਹਾਂ ਪੰਜ ਡਿਫੈਂਡਰਾਂ ਨੂੰ ਚਕਮਾ ਦੇ ਕੇ ਗੋਲ ਕਰ ਦਿੰਦਾ ਸੀ। ਉਸ ਨੇ ਕਿਹਾ, ”ਇਸ ਇਲਾਕੇ ਤੋਂ ਸਰਵੋਤਮ ਖਿਡਾਰੀ ਇਸ ਲਈ ਨਿਕਲ ਰਹੇ ਹਨ ਕਿਉਂਕਿ ਇੱਥੇ ਬੱਚੇ ਹਮੇਸ਼ਾ ਫੁਟਬਾਲ ਖੇਡਦੇ ਰਹਿੰਦੇ ਹਨ। ਫੁਟਬਾਲ ਉਨ੍ਹਾਂ ਦੀ ਜ਼ਿੰਦਗੀ ਹੈ। ਉਹ ਸਕੂਲ ਵਿੱਚ ਹੋਣ ਜਾਂ ਘਰ ਵਿੱਚ ਹਮੇਸ਼ਾ ਫੁਟਬਾਲ ਉਨ੍ਹਾਂ ਕੋਲ ਹੁੰਦੀ ਹੈ।” ਉਸ ਨੇ ਕਿਹਾ ਕਿ ਮਬਾਪੇ ਦੇ ਪਿਤਾ ਕੈਮਰੂਨ ਅਤੇ ਮਾਤਾ ਅਲਜੀਰਿਆਈ ਮੂਲ ਦੀ ਹੈ। ਉਸ ਨੇ ਕਿਹਾ ਕਿ ਇੱਥੇ ਕਈ ਪ੍ਰਤਿਭਾ ਗ਼ਰੀਬੀ ਅਤੇ ਭੇਦਭਾਵ ਕਾਰਨ ਦਮ ਤੋੜ ਦਿੰਦੀ ਹੈ ਪਰ ਮਬਾਪੇ ਦੀ ਸਫ਼ਲਤਾ ਨੇ ਇੱਥੋਂ ਦੇ ਬੱਚਿਆਂ ਨੂੰ ਨਵਾਂ ਬਲ ਬਖ਼ਸ਼ਿਆ ਹੈ।