ਭਾਰਤ ਨੇ ਤੀਸਰੀ ਵਾਰ ਹਾਕੀ ਏਸ਼ੀਆ ਕੱਪ ਜਿੱਤਿਆ

ਭਾਰਤ ਨੇ ਤੀਸਰੀ ਵਾਰ ਹਾਕੀ ਏਸ਼ੀਆ ਕੱਪ ਜਿੱਤਿਆ

ਮਲੇਸ਼ੀਆ ਨੂੰ 2-1 ਨਾਲ ਹਰਾਇਆ
ਢਾਕਾ/ਬਿਊਰੋ ਨਿਊਜ਼ :
ਭਾਰਤੀ ਹਾਕੀ ਟੀਮ ਨੇ ਦਸ ਸਾਲ ਦੀ ਲੰਬੀ ਉਡੀਕ ਨੂੰ ਖ਼ਤਮ ਕਰਦਿਆਂ ਹੋਇਆ ਇਥੇ ਖੇਡੇ ਗਏ ਏਸ਼ੀਆ ਕੱਪ ਦੇ ਫਾਈਨਲ ਮੁਕਾਬਲੇ ਵਿਚ ਮਲੇਸ਼ੀਆ ਨੂੰ 2-1 ਨਾਲ ਹਰਾ ਕੇ ਤੀਸਰੀ ਵਾਰ ਏਸ਼ੀਆ ਕੱਪ ਦਾ ਖ਼ਿਤਾਬ ਆਪਣੇ ਨਾਂਅ ਕੀਤਾ। ਇਸ ਤੋਂ ਪਹਿਲਾਂ ਭਾਰਤ ਨੇ 2007 ਵਿਚ ਚੇਨਈ ਵਿਖੇ ਹੋਏ ਹਾਕੀ ਏਸ਼ੀਆ ਕੱਪ ਦਾ ਖ਼ਿਤਾਬ ਆਪਣੇ ਨਾਂਅ ਕੀਤਾ ਸੀ। ਇਥੇ ਹੋਏ ਬੇਹੱਦ ਰੋਮਾਂਚਕ ਮੁਕਾਬਲੇ ਵਿਚ ਭਾਰਤ ਵਲੋਂ ਰਮਨਦੀਪ ਸਿੰਘ ਨੇ ਮੈਚ ਦੇ ਤੀਸਰੇ ਅਤੇ ਲਲਿਤ ਉਪਾਧਿਆਏ ਨੇ 29ਵੇਂ ਮਿੰਟ ‘ਚ ਗੋਲ ਕੀਤੇ। ਇਸ ਤਰ੍ਹਾਂ ਭਾਰਤੀ ਟੀਮ ਨੇ ਪਹਿਲੀ ਵਾਰ ਏਸ਼ੀਆ ਕੱਪ ਦੇ ਫਾਈਨਲ ਵਿਚ ਪੁੱਜੀ ਮਲੇਸ਼ੀਆ ਦੀ ਟੀਮ ਦਾ ਚੈਂਪੀਅਨ ਬਣਨ ਦਾ ਸੁਪਨਾ ਤੋੜ ਦਿੱਤਾ। ਹਾਲਾਂਕਿ ਮੈਚ ਦੌਰਾਨ ਮਲੇਸ਼ੀਆਈ ਟੀਮ ਨੇ ਭਾਰਤ ਨੂੰ ਕਾਫ਼ੀ ਫਸਵੀਂ ਟੱਕਰ ਦਿੱਤੀ ਅਤੇ ਉਸ ਦੀਆਂ ਆਸਾਂ ਨੂੰ ਉਸ ਸਮੇਂ ਬੂਰ ਵੀ ਪਿਆ ਜਦੋਂ 50ਵੇਂ ਮਿੰਟ ਵਿਚ ਸ਼ਾਹਰਿਲ ਸੱਭਾਅ ਨੇ ਆਪਣੀ ਟੀਮ ਵਲੋਂ ਗੋਲ ਕਰ ਕੇ ਸਕੋਰ 2-1 ਕਰ ਦਿੱਤਾ। ਵਿਸ਼ਵ ਦਰਜਾਬੰਦੀ ਵਿਚ 6ਵੇਂ ਸਥਾਨ ‘ਤੇ ਕਾਬਜ਼ ਭਾਰਤੀ ਟੀਮ ਮੈਚ ਦੇ ਆਖ਼ਰੀ 10 ਮਿੰਟਾਂ ਵਿਚ ਦਬਾਅ ਵਿਚ ਨਜ਼ਰ ਆਈ, ਕਿਉਂਕਿ ਮਲੇਸ਼ੀਆਈ ਟੀਮ ਦੇ ਖਿਡਾਰੀਆਂ ਨੇ ਬਰਾਬਰੀ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਪਰ ਭਾਰਤੀ ਟੀਮ ਦੀ ਮਜ਼ਬੂਤ ਰੱਖਿਆ ਕਤਾਰ ਸਾਹਮਣੇ ਮਲੇਸ਼ੀਆ ਦੀ ਇਕ ਨਾ ਚੱਲੀ ਅਤੇ ਉਨ੍ਹਾਂ ਨੇ ਮੈਚ ਖ਼ਤਮ ਹੋਣ ਤੱਕ ਆਪਣੀ ਅਜੇਤੂ ਬੜਤ ਨੂੰ ਕਾਇਮ ਰੱਖਦਿਆਂ ਹੋਇਆ ਇਹ ਮੁਕਾਬਲਾ 2-1 ਨਾਲ ਜਿੱਤ ਕੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਪੂਰੇ ਏਸ਼ੀਆ ਕੱਪ ਵਿਚ ਭਾਰਤੀ ਟੀਮ ਕੋਈ ਮੈਚ ਨਹੀਂ ਹਾਰੀ ਅਤੇ ਉਸ ਨੇ ਆਪਣੇ ਰਵਾਇਤੀ ਵਿਰੋਧੀ ਪਾਕਿਸਤਾਨ ਨੂੰ ਦੋ ਵਾਰ ਟੂਰਨਾਮੈਂਟ ਵਿਚ ਹਰਾਇਆ। ਤੀਸਰੇ ਅਤੇ ਚੌਥੇ ਸਥਾਨ ਲਈ ਖੇਡੇ ਗਏ ਇਕ ਹੋਰ ਮੈਚ ਵਿਚ ਪਾਕਿਸਤਾਨ ਨੇ ਕੋਰੀਆ ਨੂੰ 6-3 ਨਾਲ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਭਾਰਤੀ ਹਾਕੀ ਟੀਮ ਨੂੰ ਏਸ਼ੀਆ ਕੱਪ ਜਿੱਤਣ ‘ਤੇ ਵਧਾਈ ਦਿੱਤੀ ਹੈ।