ਤਖ਼ਤ ਪਟਨਾ ਸਾਹਿਬ : ਸਿੰਘ ਸਾਹਿਬ ਦੇ ਪੁੱਤਰ ਦੀ ਨਸ਼ਾ ਕਰਦੇ ਦੀ ਵੀਡੀਓ ਵਾਇਰਲ

ਤਖ਼ਤ ਪਟਨਾ ਸਾਹਿਬ : ਸਿੰਘ ਸਾਹਿਬ ਦੇ ਪੁੱਤਰ ਦੀ ਨਸ਼ਾ ਕਰਦੇ ਦੀ ਵੀਡੀਓ ਵਾਇਰਲ

ਜਥੇਦਾਰ ਵੱਲੋਂ ਪੁੱਤਰ ਨੂੰ ਬੇਦਖ਼ਲ ਕਰਨ ਦਾ ਐਲਾਨ
ਅੰਮ੍ਰਿਤਸਰ/ਏਟੀ ਨਿਊਜ਼ :
ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਆਪਣੇ ਪੁੱਤਰ ਗੁਰਪ੍ਰਸਾਦ ਸਿੰਘ ਨੂੰ ਜਾਇਦਾਦ ਤੋਂ ਬੇਦਖ਼ਲ ਕਰਨ ਦਾ ਦਾਅਵਾ ਕੀਤਾ ਹੈ। ਇਸ ਤੋਂ ਪਹਿਲਾਂ ਗੁਰੂ ਘਰ ਦੀ ਮਰਿਆਦਾ ਦੀ ਉਲੰਘਣਾ ਕਰਨ 'ਤੇ ਤਖ਼ਤ ਸ਼੍ਰੀ ਹਰਿਮੰਦਰ ਸਾਹਿਬ ਪਟਨਾ ਵਲੋਂ ਨੋਟਿਸ ਜਾਰੀ ਕਰਕੇ ਉਸ ਨੂੰ ਸੇਵਾਵਾਂ ਤੋਂ ਮੁਅੱਤਲ ਕਰ ਦਿਤਾ ਗਿਆ ਸੀ। ਗੁਰਪ੍ਰਸਾਦ ਤਖ਼ਤ ਸ਼੍ਰੀ ਪਟਨਾ ਸਾਹਿਬ ਦੇ ਦਫ਼ਤਰ ਵਿਚ ਨੌਕਰੀ ਕਰਦਾ ਸੀ।
ਇਸ ਸਬੰਧੀ ਇਕ ਪੱਤਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ, ਜੋ ਜਥੇਦਾਰ ਗਿਆਨੀ ਇਕਬਾਲ ਸਿੰਘ ਵੱਲੋਂ ਤਖ਼ਤ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਦੇ ਜਨਰਲ ਸਕੱਤਰ ਨੂੰ ਭੇਜਿਆ ਗਿਆ ਹੈ। ਪੁੱਤਰ ਦੀ ਨਸ਼ਾ ਕਰਦੇ ਦੀ ਵੀਡੀਓ ਵਾਇਰਲ ਹੋਣ ਮਗਰੋਂ ਉਨ੍ਹਾਂ ਇਹ ਕਦਮ ਉਠਾਇਆ ਹੈ। ਇਹ ਬੇਦਖ਼ਲੀ ਉਸ ਵੇਲੇ ਤਕ ਹੈ ਜਦੋਂ ਤਕ ਉਹ ਆਪਣੇ ਆਪ ਨੂੰ ਬੇਗੁਨਾਹ ਅਤੇ ਨਿਰਦੋਸ਼ ਸਾਬਤ ਨਹੀਂ ਕਰ ਦਿੰਦਾ। ਉਨ੍ਹਾਂ ਪੱਤਰ ਵਿੱਚ ਲਿਖਿਆ ਕਿ ਪੁੱਤਰ ਦੀ ਕਾਰਵਾਈ ਨਾਲ ਗੁਰੂ ਘਰ ਦੀ ਮਰਿਆਦਾ ਦੀ ਉਲੰਘਣਾ ਹੋਈ ਹੈ। ਉਨ੍ਹਾਂ ਆਖਿਆ ਕਿ ਸਾਲ 2015 ਤੋਂ ਉਸ ਦਾ ਬੇਟਾ ਉਨ੍ਹਾਂ ਨਾਲ ਰਹਿ ਰਿਹਾ ਹੈ ਅਤੇ ਉਸ ਦੀ ਕਾਰਵਾਈ ਨਾਲ ਉਨ੍ਹਾਂ ਦੇ ਮਾਣ ਸਨਮਾਨ ਨੂੰ ਠੇਸ ਪੁੱਜੀ ਹੈ। ਪੱਤਰ ਦੇ ਸਬੰਧ ਵਿੱਚ ਜਥੇਦਾਰ ਗਿਆਨੀ ਇਕਬਾਲ ਸਿੰਘ ਨਾਲ ਗੱਲਬਾਤ ਨਹੀਂ ਹੋ ਸਕੀ ਹੈ।
ਵੇਰਵਿਆਂ ਮੁਤਾਬਕ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਪ੍ਰਬੰਧਕੀ ਕਮੇਟੀ ਦੇ ਜਨਰਲ ਸਕੱਤਰ ਵੱਲੋਂ ਜਾਰੀ ਕੀਤੇ ਗਏ ਇਕ ਹੋਰ ਪੱਤਰ ਵਿੱਚ ਵਾਇਰਲ ਹੋਈ ਵੀਡੀਓ ਦਾ ਹਵਾਲਾ ਦਿੰਦੇ ਹੋਏ ਇਸ ਨੂੰ ਗੁਰੂ ਘਰ ਦੀ ਮਰਿਆਦਾ ਦੀ ਉਲੰਘਣਾ ਕਰਾਰ ਦਿੱਤਾ ਹੈ ਅਤੇ ਗੁਰਪ੍ਰਸਾਦ ਸਿੰਘ ਨੂੰ ਨੌਕਰੀ ਤੋਂ ਮੁਅੱਤਲ ਕਰਨ ਦੇ ਆਦੇਸ਼ ਵੀ ਦਿੱਤੇ ਗਏ ਹਨ। ਵਾਇਰਲ ਹੋਈ ਇਸ ਵੀਡਿਓ ਦੇ ਸਬੰਧ ਵਿੱਚ 24 ਘੰਟਿਆਂ ਵਿੱਚ ਸਪੱਸ਼ਟੀਕਰਨ ਦੇਣ ਦੇ ਆਦੇਸ਼ ਵੀ ਦਿੱਤੇ ਹਨ। 
ਦੱਸ ਦੇਈਏ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਿਸ ਵਿਚ ਗਿਆਨੀ ਇਕਬਾਲ ਸਿੰਘ ਜਾਂ ਉਨ੍ਹਾਂ ਦੇ ਪਰਿਵਾਰ ਵਲੋਂ ਗੁਰੂ ਘਰ ਦੀ ਮਰਿਆਦਾ ਦੀ ਉਲੰਘਣਾ ਕੀਤੀ ਗਈ ਹੋਵੇ। ਕੁਝ ਦਿਨ ਪਹਿਲਾਂ ਖੁਦ ਇਕਬਾਲ ਸਿੰਘ ਉਤੇ ਹੀ ਦੋਸ਼ ਲੱਗੇ ਸਨ ਕਿ ਉਨ੍ਹਾਂ ਵਲੋਂ ਆਪਣੀ ਪਤਨੀ ਨਾਲ ਕੁੱਟ ਮਾਰ ਕੀਤੀ ਗਈ। ਇਸ ਮਗਰੋਂ ਬੀਬੀਆਂ ਦਾ ਇਕ ਵਫ਼ਦ ਸ਼੍ਰੀ ਅਕਾਲ ਤਖ਼ਤ ਸਾਹਿਬ ਸ਼ਿਕਾਇਤ ਵੀ ਲੈ ਕੇ ਪਹੁੰਚਿਆ ਸੀ।