ਕਰਤਾਰਪੁਰ ਲਾਂਘੇ 'ਚ ਆਉਂਦੀ ਵੇਈਂ 'ਤੇ ਪਾਕਿ ਨੇ ਉਸਾਰਿਆ ਪੁਲ

ਕਰਤਾਰਪੁਰ ਲਾਂਘੇ 'ਚ ਆਉਂਦੀ ਵੇਈਂ 'ਤੇ ਪਾਕਿ ਨੇ ਉਸਾਰਿਆ ਪੁਲ

ਅਗਸਤ 'ਚ ਮੁਕੰਮਲ ਹੋਵੇਗਾ ਰਾਵੀ ਦਰਿਆ ਦਾ ਪੁਲ
ਗੁਰਦੁਆਰਾ ਸਾਹਿਬ ਤੋਂ ਭਾਰਤੀ ਬਾਰਡਰ ਟਰਮੀਨਲ ਤਕ ਬਣਾਈ ਜਾਣ ਵਾਲੀ ਸੜਕ  ਦਾ ਕੰਮ 31 ਅਗਸਤ ਤਕ ਹੋਵੇਗਾ ਮੁਕੰਮਲ
ਭਾਰਤ ਸਰਕਾਰ ਨੇ ਅਜੇ ਤਕ ਨਹੀਂ ਖਰੀਦੀ ਗਿੱਠ ਥਾਂ

ਅੰਮ੍ਰਿਤਸਰ/ਬਿਊਰੋ ਨਿਊਜ਼ :
ਪਾਕਿਸਤਾਨ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਭਾਰਤੀ ਸਿੱਖ ਸੰਗਤ ਨੂੰ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਲਈ ਲਾਂਘਾ ਮੁਹੱਈਆ ਕਰਵਾਉਣ ਹਿੱਤ ਸ਼ੁਰੂ ਕੀਤੀ ਉਸਾਰੀ ਦੇ ਚਲਦਿਆਂ ਰਸਤੇ 'ਚ ਆਉਂਦੀ ਵੇਈਂ ਨਦੀ 'ਤੇ ਪੁਲ ਬਣਾਉਣ ਦੀ ਉਸਾਰੀ ਮੁਕੰਮਲ ਕਰ ਲਈ ਗਈ ਹੈ। ਪਾਕਿ ਵਲੋਂ ਲਾਂਘੇ ਲਈ ਜੰਗੀ ਪੱਧਰ 'ਤੇ ਸ਼ੁਰੂ ਕੀਤੀ ਉਸਾਰੀ ਭਾਰਤ ਨੂੰ ਮੂੰਹ ਚਿੜਾਉਂਦੀ ਪ੍ਰਤੀਤ ਹੋ ਰਹੀ ਹੈ ਕਿਉਂਕਿ ਭਾਰਤ ਵਾਲੇ ਪਾਸੇ ਲਾਂਘੇ ਦੀ ਉਸਾਰੀ ਨੂੰ ਲੈ ਕੇ ਅਜੇ ਤਕ ਸਿਰਫ਼ ਖਾਕਾ ਤਿਆਰ ਕਰਕੇ ਸਰਵੇ ਅਤੇ ਨਿਸ਼ਾਨਦੇਹੀ ਤੋਂ ਇਲਾਵਾ ਜ਼ਮੀਨੀ ਪੱਧਰ 'ਤੇ ਕੁਝ ਨਹੀਂ ਕੀਤਾ ਗਿਆ ਹੈ। ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦਰਮਿਆਨ ਸਿਰਫ਼ ਚਿੱਠੀ-ਪੱਤਰੀ ਹੀ ਚੱਲ ਰਹੀ ਹੈ, ਜਦ ਕਿ ਪਾਕਿਸਤਾਨ ਵਾਲੇ ਪਾਸੇ ਸਿਰਫ਼ ਡੇਢ ਮਹੀਨੇ 'ਚ ਹੀ ਲਗਪਗ ਇਕ ਕਿੱਲੋਮੀਟਰ ਲੰਬੀ ਸੜਕ ਬਣਾਉਣ ਦੇ ਨਾਲ-ਨਾਲ ਲਾਂਘੇ ਦੇ ਰਸਤੇ 'ਚ ਆਉਂਦੀ ਵੇਈਂ ਨਦੀ (ਬਰਸਾਤੀ ਨਾਲਾ) 'ਤੇ ਪੁਲ ਬਣਾਉਣ ਦਾ ਕੰਮ ਵੀ ਲਗਭਗ ਮੁਕੰਮਲ ਕਰ ਲਿਆ ਗਿਆ ਹੈ। ਪਾਕਿਸਤਾਨ ਦੇ ਧਾਰਮਿਕ ਮਾਮਲਿਆਂ ਅਤੇ ਅੰਤਰ ਵਿਸ਼ਵਾਸ ਮਾਮਲਿਆਂ ਦੇ ਮੰਤਰੀ ਮੌਲਾਨਾ ਨੂਰ ਉਲ ਹੱਕ ਕਾਦਰੀ ਵਲੋਂ ਜ਼ਿਲ੍ਹਾ ਨਾਰੋਵਾਲ 'ਚ ਲਾਂਘੇ ਦੀ ਚੱਲ ਰਹੀ ਉਸਾਰੀ ਦਾ ਦੌਰਾ ਕਰਨ ਉਪਰੰਤ ਮੌਕੇ 'ਤੇ ਭੇਜੀ ਗਈ ਸਬੰਧਿਤ ਮੰਤਰਾਲੇ ਦੀ ਟੀਮ ਨੇ ਲਾਂਘੇ ਦੀ ਉਸਾਰੀ ਬਾਰੇ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰਤਾਰਪੁਰ ਲਾਂਘੇ ਲਈ ਗੁਰਦੁਆਰਾ ਸਾਹਿਬ ਤੋਂ ਭਾਰਤੀ ਬਾਰਡਰ ਟਰਮੀਨਲ ਤਕ ਬਣਾਈ ਜਾਣ ਵਾਲੀ ਸੜਕ, ਜਿਸ ਦੀ ਕੁੱਲ ਲੰਬਾਈ 6.2 ਕਿਲੋਮੀਟਰ (ਇਸ 'ਚ ਲਗਭਗ ਦੋ ਕਿਲੋਮੀਟਰ ਲੰਬੀ ਸੜਕ ਹੋਟਲ, ਸਰਾਂ ਤੇ ਸ਼ਾਪਿੰਗ ਮਾਲ ਤਕ ਜਾਣ ਲਈ ਬਣਾਈ ਜਾਵੇਗੀ) ਹੈ, ਦੀ ਉਸਾਰੀ ਦਾ ਕੰਮ 31 ਅਗਸਤ ਤਕ ਮੁਕੰਮਲ ਕੀਤਾ ਜਾਵੇਗਾ, ਜਦਕਿ ਬਾਰਡਰ ਟਰਮੀਨਲ ਦੀ ਉਸਾਰੀ 31 ਜੁਲਾਈ ਤਕ ਮੁਕੰਮਲ ਕਰ ਲਈ ਜਾਵੇਗੀ। ਉਨ੍ਹਾਂ ਦੱਸਿਆ ਕਿ ਪਾਕਿ ਵਾਲੇ ਪਾਸੇ ਦੋ ਵੱਡੇ ਟਰਮੀਨਲ ਬਣਾਏ ਜਾ ਰਹੇ ਹਨ, ਜਿਨ੍ਹਾਂ 'ਚੋਂ ਇਕ ਗੁਰਦੁਆਰਾ ਸਾਹਿਬ ਦੇ ਬਾਹਰ ਅਤੇ ਇਕ ਭਾਰਤੀ ਸਰਹੱਦ 'ਤੇ ਉਸਾਰੇ ਜਾਣ ਵਾਲੇ ਟਰਮੀਨਲ ਤੋਂ ਥੋੜ੍ਹੀ ਦੂਰੀ 'ਤੇ ਉਸਾਰਿਆ ਜਾਵੇਗਾ | ਇਸ ਦੇ ਇਲਾਵਾ ਦਰਿਆ ਰਾਵੀ 'ਤੇ ਬਣਾਏ ਜਾਣ ਵਾਲੇ 800 ਮੀਟਰ ਲੰਬੇ ਪੁਲ ਦੀ ਉਸਾਰੀ ਵੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਸ ਦਾ ਨਿਰਮਾਣ 21 ਅਗਸਤ ਤਕ ਮੁਕੰਮਲ ਕੀਤੇ ਜਾਣ ਲਈ ਉਸਾਰੀ ਕਰਵਾ ਰਹੀ ਫ਼ਰੰਟੀਅਰ ਵਰਕਸ ਐਸੋਸੀਏਸ਼ਨ (ਐਫ. ਡਬਲਯੂ. ਓ.) ਨੂੰ ਹੁਕਮ ਜਾਰੀ ਕੀਤੇ ਗਏ ਹਨ। ਮੰਤਰਾਲੇ ਦੇ ਅਧਿਕਾਰੀਆਂ ਅਨੁਸਾਰ 31 ਅਗਸਤ ਤੱਕ ਲਾਂਘੇ ਦੀ ਉਸਾਰੀ ਦਾ ਕੰਮ ਮੁਕੰਮਲ ਕਰਨ ਉਪਰੰਤ ਰਸਤੇ 'ਚ ਸੁਰੱਖਿਆ ਲਈ ਹਿਫ਼ਾਜ਼ਤੀ ਕੰਡੇਦਾਰ ਤਾਰ ਲਗਾਈ ਜਾਵੇਗੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਸਾਰੀ ਦੇ ਦੂਜੇ ਪੜਾਅ 'ਚ ਯਾਤਰੂਆਂ ਲਈ ਦੋ ਸ਼ਾਪਿੰਗ ਮਾਲ, ਉਡੀਕ-ਘਰ ਅਤੇ ਹੋਟਲ ਆਦਿ ਦਾ ਨਿਰਮਾਣ ਕਰਵਾਇਆ ਜਾਵੇਗਾ, ਜਦਕਿ ਕਰਤਾਰਪੁਰ-ਸਿਆਲਕੋਟ ਰੋਡ ਦੀ ਨਵ-ਉਸਾਰੀ ਦਾ ਕੰਮ ਸਾਲ 2022 'ਚ ਮੁਕੰਮਲ ਹੋਣ ਦੀ ਸੰਭਾਵਨਾ ਹੈ। ਉਕਤ ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਪਾਕਿਸਤਾਨ ਸਰਕਾਰ ਨੇ ਪੂਰੀ ਦੁਨੀਆ ਭਰ 'ਚ ਵਸਦੇ ਸਿੱਖਾਂ ਤੋਂ ਸ੍ਰੀ ਕਰਤਾਰਪੁਰ ਸਾਹਿਬ ਅਤੇ ਸ੍ਰੀ ਨਨਕਾਣਾ ਸਾਹਿਬ ਵਿਖੇ ਬਣ ਰਹੇ ਵਿੱਦਿਅਕ, ਹੋਟਲ ਤੇ ਸਨਅਤਾਂ ਵਿਚ ਨਿਵੇਸ਼ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਸਿੱਖ ਕੌਮ ਨਾਲ ਸਬੰਧਿਤ ਉਕਤ ਇਲਾਕਿਆਂ ਦੀ ਤਰੱਕੀ ਹੋ ਸਕੇ |
ਭਾਰਤ ਸਰਕਾਰ ਦੇ ਢਿੱਲੇ ਕੰਮ : ਪਾਕਿਸਤਾਨ ਸਰਕਾਰ ਨੇ ਕਰਤਾਰਪੁਰ ਲਾਂਘੇ ਦਾ ਕੰਮ 35 ਫ਼ੀਸਦੀ ਮੁਕੰਮਲ ਕਰ ਲਿਆ ਹੈ, ਜਦੋਂਕਿ ਕੇਂਦਰ ਸਰਕਾਰ ਵੱਲੋਂ ਸਾਢੇ ਚਾਰ ਕਿਲੋਮੀਟਰ ਰਸਤਾ ਬਣਾਉਣ ਅਤੇ ਜ਼ਮੀਨ ਖ਼ਰੀਦਣ ਲਈ ਅਜੇ ਤਕ ਪੱਤਰ ਵੀ ਜਾਰੀ ਨਹੀਂ ਕੀਤਾ ਗਿਆ। ਕਰਤਾਰਪੁਰ ਰਾਵੀ ਦਰਸ਼ਨ ਅਭਿਲਾਸ਼ੀ ਸੰਸਥਾ ਦੇ ਆਗੂ ਗੁਰਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਜਿਸ ਦੇਸ਼ ਦੇ ਬਾਸ਼ਿੰਦੇ ਲਾਂਘੇ ਦੀ ਮੰਗ ਕਰ ਰਹੇ ਹਨ, ਉਸ ਦੇਸ਼ ਦੀ ਸਰਕਾਰ ਹੀ ਢਿੱਲ-ਮੱਠ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਲਗਭਗ ਦੋ ਮਹੀਨੇ ਪਹਿਲਾਂ ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਸਾਢੇ ਚਾਰ ਕਿਲੋਮੀਟਰ ਸੜਕ ਦਾ ਨਿਰਮਾਣ ਸਾਢੇ ਚਾਰ ਮਹੀਨਿਆਂ ਵਿਚ ਹੋਣ ਦੀ ਗੱਲ ਕਹੀ ਸੀ ਤੇ 26 ਜਨਵਰੀ ਨੂੰ ਇਸ ਐਲਾਨ ਨੂੰ ਦੋ ਮਹੀਨੇ ਹੋ ਜਾਣਗੇ। ਹਲਕਾ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਕੇਂਦਰ ਸਰਕਾਰ ਦੇ ਉੱਚ ਅਧਿਕਾਰੀਆਂ ਦੀ ਅਹਿਮ ਮੀਟਿੰਗ 21 ਜਨਵਰੀ ਨੂੰ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਸ੍ਰੀ ਗਡਕਰੀ ਨੇ 26 ਨਵੰਬਰ ਨੂੰ ਕਰਤਾਰਪੁਰ ਲਾਂਘੇ ਵਾਲੇ ਮਾਰਗ ਨੂੰ ਨੈਸ਼ਨਲ ਹਾਈਵੇਅ ਐਲਾਨਦਿਆਂ ਸਾਢੇ ਚਾਰ ਮਹੀਨਿਆਂ 'ਚ ਇਸ ਨੂੰ ਮੁਕੰਮਲ ਕਰਨ ਦਾ ਐਲਾਨ ਕੀਤਾ ਸੀ, ਪਰ ਲਾਂਘੇ ਲਈ ਜ਼ਮੀਨ ਖ਼ਰੀਦਣ ਲਈ ਸਬੰਧਤ ਵਿਭਾਗ ਵੱਲੋਂ ਅਜੇ ਤੱਕ ਪੱਤਰ ਵੀ ਜਾਰੀ ਨਹੀਂ ਕੀਤਾ ਗਿਆ। ਇਸ ਦੌਰਾਨ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਅੱਜ ਡੇਰਾ ਬਾਬਾ ਨਾਨਕ ਦੇ ਵਿਕਾਸ ਕਾਰਜਾਂ ਲਈ ਸਾਢੇ ਤਿੰਨ ਤੋਂ ਚਾਰ ਕਰੋੜ ਰੁਪਏ ਦੇ ਟੈਂਡਰ ਜਾਰੀ ਕਰ ਦਿੱਤੇ ਹਨ। ਇਸੇ ਦੌਰਾਨ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਤੇ ਹੋਰ ਸੰਸਥਾਵਾਂ ਨੇ ਪਾਕਿਸਤਾਨ ਸਰਕਾਰ ਵੱਲੋਂ ਕਰਤਾਰਪੁਰ ਲਾਂਘੇ ਦਾ ਕੰਮ ਜੰਗੀ ਪੱਧਰ 'ਤੇ ਕੀਤੇ ਜਾਣ 'ਤੇ ਖ਼ੁਸ਼ੀ ਜਤਾਈ ਹੈ ਤੇ ਭਾਰਤ ਸਰਕਾਰ ਦੀ ਢਿੱਲ-ਮੱਠ ਦੀ ਨਿਖੇਧੀ ਕੀਤੀ ਹੈ। ਦੱਸਣਯੋਗ ਹੈ ਕਿ ਨੈਸ਼ਨਲ ਹਾਈਵੇਅ ਅਥਾਰਟੀ ਵੱਲੋਂ ਅਜੇ ਤੱਕ ਲਾਂਘੇ ਦੀਆਂ ਗਿਣਤੀਆਂ-ਮਿਣਤੀਆਂ ਹੀ ਕੀਤੀਆਂ ਜਾ ਰਹੀਆਂ ਹਨ। ਸਬੰਧਤ ਜ਼ਮੀਨ ਮਾਲਕਾਂ ਵੱਲੋਂ ਕੇਂਦਰ ਸਰਕਾਰ ਤੋਂ ਢੁਕਵੇਂ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ।