ਸੰਯੁਕਤ ਰਾਸ਼ਟਰ ਦਫਤਰਾਂ ਵਿਚ ਵੀ ਹੁੰਦਾ ਹੈ ਔਰਤਾਂ ਦਾ ਜਿਣਸੀ ਸ਼ੋਸ਼ਣ

ਸੰਯੁਕਤ ਰਾਸ਼ਟਰ ਦਫਤਰਾਂ ਵਿਚ ਵੀ ਹੁੰਦਾ ਹੈ ਔਰਤਾਂ ਦਾ ਜਿਣਸੀ ਸ਼ੋਸ਼ਣ

ਸੰਯੁਕਤ ਰਾਸ਼ਟਰ ਸੰਘ (ਜਨੇਵਾ)/ਬਿਊਰੋ ਨਿਊਜ਼ :
ਸੰਯੁਕਤ ਰਾਸ਼ਟਰ ਵਿਚ ਤਕਰੀਬਨ ਇਕ ਤਿਹਾਈ ਮੁਲਾਜ਼ਮਾਂ ਨੇ ਪਿਛਲੇ ਦੋ ਸਾਲਾਂ ਵਿਚ ਜਿਣਸੀ ਸ਼ੋਸ਼ਣ ਦਾ ਸ਼ਿਕਾਰ ਹੋਣ ਦੀ ਜਾਣਕਾਰੀ ਦਿੱਤੀ ਹੈ। ਇਸ ਤਰ੍ਹਾਂ ਦੀਆਂ ਘਟਨਾਵਾਂ ‘ਤੇ ਪਹਿਲੇ ਸਰਵੇਖਣ ਦੇ ਨਤੀਜਿਆਂ ਬਾਰੇ ਰਿਪੋਰਟ ਤਹਿਤ ਇਹ ਜਾਣਕਾਰੀ ਜਾਰੀ ਕੀਤੀ ਗਈ ਹੈ। ਇਸ ‘ਚ ਇਕ ਤਿਹਾਈ ਕਰਮਚਾਰੀ ਜਿਣਸੀ ਸ਼ੋਸ਼ਣ ਦਾ ਸ਼ਿਕਾਰ ਦੱਸੇ ਗਏ ਹਨ।
ਸੰਯੁਕਤ ਰਾਸ਼ਟਰ ਮੁੱਖ ਸਕੱਤਰ ਏਂਤੋਨਿਓ ਗੁਤਾਰੇਸ ਨੇ ਕਰਮਚਾਰੀਆਂ ਨੂੰ ਲਿਖੇ ਇੱਕ ਪੱਤਰ ਵਿਚ ਕਿਹਾ ਕਿ ਅਧਿਐਨ ਵਿਚ ਚਿੰਤਾ ਕਰਨ ਵਾਲੇ ਕੁਝ ਅੰਕੜੇ ਆਏ ਹਨ ਤੇ ਕੁਝ ਤੱਥ ਹਨ, ਜਿਨ੍ਹਾਂ ਨੂੰ ਬਦਲਣ ਦੀ ਲੋੜ ਹੈ, ਤਾਂ ਜੋ ਸੰਯੁਕਤ ਰਾਸ਼ਟਰ ਵਿਚ ਕੰਮਕਾਜ ਦਾ ਮਾਹੌਲ ਸੁਧਾਰਿਆ ਜਾ ਸਕੇ।
ਸਰਵੇਖਣ ਮੁਤਾਬਕ ਪਿਛਲੇ ਦੋ ਸਾਲਾਂ ਵਿੱਚ ਤਕਰੀਬਨ 33 ਫ਼ੀਸਦ ਕਰਮਚਾਰੀਆਂ ਨੇ ਘੱਟੋ ਘੱਟ ਇਕ ਵਾਰ ਜਿਣਸੀ ਸ਼ੋਸ਼ਣ ਕੀਤੇ ਜਾਣ ਦੀ ਸ਼ਿਕਾਇਤ ਦਿੱਤੀ ਹੈ। ਕੌਮਾਂਤਰੀ ਸੰਸਥਾ ਵਿਚ ਆਪਣੇ ਕੰਮ ਦੌਰਾਨ ਕਿਸੇ ਨਾ ਕਿਸੇ ਤਰ੍ਹਾਂ ਦੇ ਜਿਣਸੀ ਸ਼ੋਸ਼ਣ ਦਾ ਸ਼ਿਕਾਰ ਹੋਏ ਲੋਕਾਂ ਦੀ ਗਿਣਤੀ 38.7 ਫੀਸਦ ਹੈ।
ਜਿਣਸੀ ਸ਼ੋਸ਼ਣ ਦੀਆਂ ਸਭ ਤੋਂ ਆਮ ਘਟਨਾਵਾਂ ਵਿਚ ਕੱਪੜਿਆਂ, ਸਰੀਰ ਜਾਂ ਅਸ਼ਲੀਲ ਗਤੀਵਿਧੀਆਂ ਬਾਰੇ ਭੱਦੀਆਂ ਟਿੱਪਣੀਆਂ ਤਕ ਦੀਆਂ ਗੱਲਾਂ ਸਾਹਮਣੇ ਆਈਆਂ ਹਨ। ਇਸ ਸਰਵੇਖਣ ਵਿਚ ਕਿਹਾ ਗਿਆ ਹੈ ਕਿ ਜਿਣਸੀ ਸ਼ੋਸ਼ਣ ਕਰਨ ਵਾਲੇ ਹਰ ਤਿੰਨ ਵਿਅਕਤੀਆਂ ਵਿਚ ਦੋ ਪੁਰਸ਼ ਤੇ ਹਰ ਚਾਰਾਂ ਵਿਚ ਇਕ ਨਰੀਖਣ ਅਧਿਕਾਰੀ ਜਾਂ ਮੈਨੇਜਰ ਹੈ।
ਸਰਵੇਖਣ ਮੁਤਾਬਕ, ਸ਼ੋਸ਼ਣ ਕਰਨ ਵਾਲਿਆਂ ਵਿਚ ਤਕਰੀਬਨ 10 ਵਿਚੋ ਇਕ ਵਿਅਕਤੀ ਸੀਨੀਅਰ ਨੇਤਾ ਸੀ। ਗੁਤਾਰੇਸ ਨੇ ਕਿਹਾ ਕਿ ਸਰਵੇਖਣ ਦੇ ਨਤੀਜਿਆਂ ਤੋਂ ਪਤਾ ਲਗਦਾ ਹੈ ਕਿ ਆਲਮੀ ਸੰਸਥਾ ਵਿਚ ਅਜਿਹੇ ਮਾਮਲਿਆਂ ਦੀ ਗਿਣਤੀ ਹੋਰਨਾਂ ਸੰਸਥਾਵਾਂ ਦੇ ਮੁਕਾਬਲੇ ਘੱਟ ਹੈ ਪਰ ਬਰਾਬਰਤਾ, ਮਾਣ ਸਨਮਾਨ ਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਵਿਚ ਚੈਂਪੀਅਨ ਸੰਯੁਕਤ ਰਾਸ਼ਟਰ ਨੂੰ ਉੱਚੀਆਂ ਉਦਾਹਰਣਾਂ ਤੇ ਮਾਪਦੰਡ ਤੈਅ ਕਰਨੇ ਚਾਹੀਦੇ ਹਨ।