ਸਿੱਖ ਕੌਮ ਦਾ ਸਰਬ-ਪ੍ਰਵਾਨਿਤ ਕੈਲੰਡਰ ਲਾਗੂ ਕਰਨ ਵਿਚ ਅਸਫ਼ਲ ਰਹੀ ਸ਼੍ਰੋਮਣੀ ਕਮੇਟੀ

ਸਿੱਖ ਕੌਮ ਦਾ ਸਰਬ-ਪ੍ਰਵਾਨਿਤ ਕੈਲੰਡਰ ਲਾਗੂ ਕਰਨ ਵਿਚ ਅਸਫ਼ਲ ਰਹੀ ਸ਼੍ਰੋਮਣੀ ਕਮੇਟੀ

ਅੰਮ੍ਰਿਤਸਰ/ਬਿਊਰੋ ਨਿਊਜ਼ :
ਸਿੱਖਾਂ ਦੀ ਚੁਣੀ ਹੋਈ ਨੁਮਾਇੰਦਾ ਜਮਾਤ ਹੋਣ ਦਾ ਦਮ ਭਰਨ ਵਾਲੀ ਸ਼੍ਰੋਮਣੀ ਕਮੇਟੀ ਸਿੱਖ ਕੌਮ ਲਈ ਸਰਬ-ਪ੍ਰਵਾਨਿਤ ਕੈਲੰਡਰ ਲਾਗੂ ਕਰਨ ਵਿਚ ਅਸਫ਼ਲ ਹੋ ਰਹੀ ਹੈ। ਇਹ ਸਭ ਬੀਤੇ ਵਿਚ ਕੀਤੀ ਗਈ ਨਾਨਕਸ਼ਾਹੀ ਕੈਲੰਡਰ ਦੀ ਸੋਧ ਤੋਂ ਬਾਅਦ ਵਾਪਰਿਆ ਹੈ।  ਨਾਨਕਸ਼ਾਹੀ ਕੈਲੰਡਰ ਵਿਚ ਕੀਤੀ ਗਈ ਸੋਧ ਤੋਂ ਬਾਅਦ ਗੁਰਪੁਰਬਾਂ ਦੀਆਂ ਤਰੀਕਾਂ ਬਾਰੇ ਸਿੱਖਾਂ ਵਿਚ ਪੈਦਾ ਹੋਈ ਦੁਬਿਧਾ ਦੌਰਾਨ ਸ਼੍ਰੋਮਣੀ ਕਮੇਟੀ ਹੁਣ ਤੱਕ ਸਿੱਖਾਂ ਨੂੰ ਕੈਲੰਡਰ ਮੁੱਦੇ ‘ਤੇ ਇਕਜੁਟ ਕਰਨ ਵਿਚ ਸਫ਼ਲ ਨਹੀਂ ਹੋ ਸਕੀ ਹੈ।
ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਸੰਬਧੀ ਦੁਬਿਧਾ ਵਿਚ ਫਸੀ ਸਿੱਖ ਸੰਗਤ ਵੱਲੋਂ ਇਸ ਵਰ੍ਹੇ ਵੀ ਇਹ ਗੁਰਪੁਰਬ ਦੋ ਵਾਰ ਮਨਾਇਆ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਨੇ ਸੰਨ 2003 ਵਿਚ ਨਾਨਕਸ਼ਾਹੀ ਕੈਲੰਡਰ ਜਾਰੀ ਕੀਤਾ ਸੀ। ਇਸ ਕੈਲੰਡਰ ਵਿਚ ਵਧੇਰੇ ਗੁਰਪੁਰਬਾਂ ਤੇ ਹੋਰ ਦਿਨ ਤਿਉਹਾਰਾਂ ਦੀਆਂ ਤਰੀਕਾਂ ਪੱਕੀਆਂ ਨਿਰਧਾਰਿਤ ਕਰ ਦਿੱਤੀਆਂ ਗਈਆਂ ਸਨ। ਜਨਵਰੀ-2010 ਵਿਚ ਸ੍ਰੀ ਅਕਾਲ ਤਖ਼ਤ ਦੇ ਉਸ ਵੇਲੇ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਨੇ ਆਪਣੇ ਹੀ ਲਏ ਫ਼ੈਸਲੇ ਤੋਂ ਪੈਰ ਪਿਛਾਂਹ ਖਿੱਚਦਿਆਂ ਨਾਨਕਸ਼ਾਹੀ ਕੈਲੰਡਰ ਵਿਚ ਸੋਧ ਕੀਤੀ ਸੀ।
ਦੂਜੀ ਵਾਰ ਕੀਤੀ ਗਈ ਸੋਧ ਤੋਂ ਬਾਅਦ ਸਿੱਖਾਂ ਦੀ ਵੱਖਰੀ ਪਛਾਣ ਦਾ ਪ੍ਰਤੀਕ ਬਣੇ ਨਾਨਕਸ਼ਾਹੀ ਕੈਲੰਡਰ ਨੂੰ ਮੁੜ ਬਿਕਰਮੀ ਕੈਲੰਡਰ ਵਿਚ ਤਬਦੀਲ ਕਰ ਦਿੱਤਾ ਗਿਆ, ਜਿਸ ਨੂੰ ਸਿੱਖ ਕੌਮ ਦੇ ਇਕ ਹਿੱਸੇ ਨੇ ਅਪ੍ਰਵਾਨ ਕਰ ਦਿੱਤਾ ਸੀ। ਨਾਨਕਸ਼ਾਹੀ ਕੈਲੰਡਰ ਵਿਚ ਸੋਧ ਕੀਤੀ ਨੂੰ 9 ਵਰ੍ਹੇ ਬੀਤ ਚੁੱਕੇ ਹਨ ਪਰ ਗੁਰਪੁਰਬਾਂ ਦੀਆਂ ਤਰੀਕਾਂ ਸਬੰਧੀ ਹਰ ਵਰ੍ਹੇ ਦੁਬਿਧਾ ਬਣੀ ਰਹਿੰਦੀ ਹੈ। ਇਹੀ ਕਾਰਨ ਹੈ ਕਿ ਪਿਛਲੇ 9 ਸਾਲਾਂ ਤੋਂ ਕਈ ਗੁਰਪੁਰਬ ਹਰ ਵਰ੍ਹੇ ਦੋ ਦੋ ਵਾਰ ਮਨਾਏ ਜਾ ਰਹੇ ਹਨ।
ਇਸ ਵਰ੍ਹੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸੋਧੇ ਹੋਏ ਕੈਲੰਡਰ ਮੁਤਾਬਕ 13 ਜਨਵਰੀ ਨੂੰ ਲੋਹੜੀ ਵਾਲੇ ਦਿਨ ਮਨਾਇਆ ਜਾ ਰਿਹਾ ਹੈ ਜਦੋਂਕਿ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਇਹ ਗੁਰਪੁਰਬ 5 ਜਨਵਰੀ ਨੂੰ ਸੀ। ਪੰਜਾਬ, ਜੰਮੂ ਕਸ਼ਮੀਰ ਸੂਬੇ ਤੇ ਦੇਸ਼-ਵਿਦੇਸ਼ ਵਿਚ ਪ੍ਰਕਾਸ਼ ਪੁਰਬ 5 ਜਨਵਰੀ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਹੈ। ਪਾਕਿਸਤਾਨ ਵਿਚ ਵੀ ਪੀਜੀਪੀਸੀ ਵੱਲੋਂ ਬੀਤੇ ਦਿਨ ਹੀ ਦਸਮ ਪਿਤਾ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ। ਪੰਜਾਬ ਵਿਚ ਕਈ ਸਿੱਖ ਜਥੇਬੰਦੀਆਂ ਵੱਲੋਂ ਪ੍ਰਕਾਸ਼ ਪੁਰਬ ਮਨਾਇਆ ਗਿਆ ਹੈ ਪਰ ਸ਼੍ਰੋਮਣੀ ਕਮੇਟੀ ਵੱਲੋਂ ਇਹ ਗੁਰਪੁਰਬ 13 ਜਨਵਰੀ ਨੂੰ ਮਨਾਇਆ ਜਾ ਰਿਹਾ ਹੈ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਮੰਨਿਆ ਕਿ ਕੈਲੰਡਰ ਵਿਵਾਦ ਕਾਰਨ ਸਿੱਖ ਕੌਮ ਵਿਚ ਗੁਰਪੁਰਬਾਂ ਦੀਆਂ ਤਰੀਕਾਂ ਸਬੰਧੀ ਦੁਬਿਧਾ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਦੁਬਿਧਾ ਦੂਰ ਕਰਨ ਲਈ ਤਖ਼ਤਾਂ ਦੇ ਜਥੇਦਾਰਾਂ ਨਾਲ ਜਲਦ ਵਿਚਾਰ ਕਰਨਗੇ।