ਮੌੜ ਬੰਬ ਧਮਾਕੇ ਦਾ ਮਾਮਲਾ ਮੁੜ ਹਾਈ ਕੋਰਟ ਪੁੱਜਾ

ਮੌੜ ਬੰਬ ਧਮਾਕੇ ਦਾ ਮਾਮਲਾ ਮੁੜ ਹਾਈ ਕੋਰਟ ਪੁੱਜਾ


ਪਟੀਸ਼ਨਰ ਗੁਰਜੀਤ ਸਿੰਘ ਮੌੜ ਧਮਾਕੇ ਬਾਰੇ ਆਪਣੇ ਵਕੀਲਾਂ ਨਾਲ ਮਸ਼ਵਰਾ ਕਰਦਾ ਹੋਇਆ।
ਬਠਿੰਡਾ/ਬਿਊਰੋ ਨਿਊਜ਼ : 
ਪਾਤੜਾਂ ਦੇ ਗੁਰਜੀਤ ਸਿੰਘ ਨੇ ਮੁੜ ਪਟੀਸ਼ਨ ਦਾਇਰ ਕਰਕੇ ਮੌੜ ਧਮਾਕੇ ਦੀ ਜਾਂਚ ਐੱਨਆਈਏ ਜਾਂ ਸੀਬੀਆਈ ਤੋਂ ਕਰਵਾਉਣ ਦੀ ਮੰਗ ਰੱਖੀ ਹੈ। ਇਸ ਤਰ੍ਹਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਮੌੜ ਬੰਬ ਧਮਾਕੇ ਦਾ ਕੇਸ ਮੁੜ ਖੁੱਲ੍ਹ ਗਿਆ ਹੈ। ਹਾਈ ਕੋਰਟ ਦੇ ਮੁੱਖ ਜਸਟਿਸ ਕ੍ਰਿਸ਼ਨ ਮੋਰਾਰੀ ਅਤੇ ਜਸਟਿਸ ਅਰੁਣ ਪੱਲੀ ਨੇ ਮੌੜ ਧਮਾਕੇ ਦੇ ਸੰਦਰਭ 'ਚ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। 
ਪਟੀਸ਼ਨਰ ਦਾ ਕਹਿਣਾ ਹੈ ਕਿ ਇਹ ਜਾਂਚ ਪੰਜਾਬ ਸਰਕਾਰ ਦੇ ਵੱਸ ਦਾ ਰੋਗ ਨਹੀਂ ਹੈ, ਜਿਸ ਕਰਕੇ ਜਾਂਚ ਕੇਂਦਰੀ ਏਜੰਸੀ ਨੂੰ ਸੌਂਪੀ ਜਾਵੇ। ਹਾਈ ਕੋਰਟ ਨੇ ਅਗਲੀ ਤਰੀਕ 26 ਫਰਵਰੀ 2019 ਤੈਅ ਕੀਤੀ ਹੈ। ਮੌੜ ਧਮਾਕੇ ਦੀ ਤਫ਼ਤੀਸ਼ ਬਾਰੇ ਵਿਸ਼ੇਸ਼ ਜਾਂਚ ਟੀਮ ਨੂੰ ਹੁਣ ਮੁੜ ਪੇਸ਼ ਹੋਣਾ ਪੈ ਸਕਦਾ ਹੈ। ਹਾਈ ਕੋਰਟ ਨੇ ਪਹਿਲਾਂ ਗੁਰਜੀਤ ਸਿੰਘ ਦੀ ਪਟੀਸ਼ਨ 'ਤੇ 25 ਸਤੰਬਰ ਨੂੰ ਫ਼ੈਸਲਾ ਸੁਣਾਇਆ ਸੀ, ਜਿਸ 'ਚ ਪੰਜਾਬ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਦੀ ਤਫ਼ਤੀਸ਼ 'ਤੇ ਤਸੱਲੀ ਪ੍ਰਗਟਾਈ ਗਈ ਸੀ ਅਤੇ ਮਾਮਲੇ ਦੀ ਸੀਬੀਆਈ ਜਾਂਚ ਦੀ ਲੋੜ ਨਹੀਂ ਸਮਝੀ ਸੀ। ਹਾਈ ਕੋਰਟ ਨੇ ਪਟੀਸ਼ਨਰ ਨੂੰ ਇਹ ਰਾਹਤ ਦਿੱਤੀ ਸੀ ਕਿ ਜੇਕਰ ਵਿਸ਼ੇਸ਼ ਜਾਂਚ ਟੀਮ ਦੀ ਤਫ਼ਤੀਸ਼ ਅਤੇ ਪ੍ਰਗਤੀ ਤੋਂ ਤਸੱਲੀ ਨਾ ਹੋਵੇ ਤਾਂ ਉਹ ਮੁੜ ਪਟੀਸ਼ਨ ਦਾਇਰ ਕਰ ਸਕਦਾ ਹੈ। ਪਟੀਸ਼ਨਰ ਗੁਰਜੀਤ ਸਿੰਘ ਦਾ ਕਹਿਣਾ ਸੀ ਕਿ ਵਿਸ਼ੇਸ਼ ਜਾਂਚ ਟੀਮ ਦੀ ਜਾਂਚ ਸਿਰਫ਼ ਕਾਗ਼ਜ਼ੀ ਹੈ ਅਤੇ ਇਸ ਮਾਮਲੇ 'ਚ ਅਸਲ ਮੁਲਜ਼ਮਾਂ ਨੂੰ ਪੁੱਛਗਿੱਛ ਵਾਸਤੇ ਬੁਲਾਇਆ ਨਹੀਂ ਗਿਆ ਹੈ, ਨਾ ਹੀ ਨਾਮਜ਼ਦ ਕੀਤੇ ਮੁਲਜ਼ਮ ਫੜੇ ਹਨ। ਇਸ ਕਰਕੇ ਪੰਜਾਬ ਵਿਚ ਹਾਲਾਤ ਬਦਤਰ ਬਣ ਰਹੇ ਹਨ। ਵਿਸ਼ੇਸ਼ ਜਾਂਚ ਟੀਮ ਅਦਾਲਤ ਵਿਚੋਂ ਮੁਲਜ਼ਮਾਂ ਨੂੰ ਭਗੌੜਾ ਕਰਾਰ ਦਿਵਾਉਣ ਅਤੇ ਹੋਰ ਪ੍ਰਕਿਰਿਆ ਨੂੰ ਪ੍ਰਗਤੀ ਰਿਪੋਰਟ ਵਜੋਂ ਵਿਸ਼ੇਸ਼ ਜਾਂਚ ਟੀਮ ਪੇਸ਼ ਕਰ ਰਹੀ ਹੈ। 
ਸੂਤਰ ਦੱਸਦੇ ਹਨ ਕਿ ਮਾਮਲਾ ਮੁੜ ਹਾਈ ਕੋਰਟ 'ਚ ਪੁੱਜਣ ਮਗਰੋਂ ਹੁਣ ਵਿਸ਼ੇਸ਼ ਜਾਂਚ ਟੀਮ ਨੂੰ ਮੁੜ ਸਰਗਰਮ ਹੋਣਾ ਪਵੇਗਾ ਕਿਉਂਕਿ ਹਾਈਕੋਰਟ ਜਾਂਚ ਦੀ ਪ੍ਰਗਤੀ ਰਿਪੋਰਟ ਮੁੜ ਤਲਬ ਕਰ ਸਕਦੀ ਹੈ। ਦੱਸਣਯੋਗ ਹੈ ਕਿ ਵਿਸ਼ੇਸ਼ ਜਾਂਚ ਟੀਮ ਵੱਲੋਂ ਮੌੜ ਧਮਾਕੇ ਵਿਚ ਡੇਰਾ ਸਿਰਸਾ ਵੱਲ ਉਂਗਲ ਉਠਾਈ ਜਾ ਚੁੱਕੀ ਹੈ।
ਪਟੀਸ਼ਨਰ ਦੇ ਐਡਵੋਕੇਟ ਰਵਨੀਤ ਜੋਸ਼ੀ ਦਾ ਕਹਿਣਾ ਸੀ ਕਿ ਲੰਘੇ ਦੋ ਮਹੀਨਿਆਂ ਦੌਰਾਨ ਪੁਲੀਸ ਦੀ ਪੜਤਾਲ ਬਹੁਤ ਢਿੱਲੀ ਰਹੀ, ਜਿਸ ਕਰਕੇ ਕੇਸ ਦੀ ਮੁੜ ਬਹਾਲੀ ਲਈ ਉਨ੍ਹਾਂ ਨੇ ਪਟੀਸ਼ਨ ਪਾਈ, ਜਿਸ ਦੇ ਆਧਾਰ 'ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਪਹਿਲਾਂ ਵੀ ਵਿਸ਼ੇਸ਼ ਜਾਂਚ ਟੀਮ ਦੇ ਡੀਆਈਜੀ ਰਣਬੀਰ ਸਿੰਘ ਖੱਟੜਾ ਨੂੰ ਹਾਈ ਕੋਰਟ ਵਿਚ ਖੁਦ ਪੇਸ਼ ਹੋਣਾ ਪਿਆ ਸੀ ਅਤੇ ਟੀਮ ਤਰਫ਼ੋਂ ਤਫ਼ਤੀਸ਼ ਦੀ ਸੀਲਬੰਦ ਰਿਪੋਰਟ ਹਾਈ ਕੋਰਟ ਨੂੰ ਦਿੱਤੀ ਗਈ ਸੀ। ਬੰਬ ਧਮਾਕੇ ਦੇ ਸਬੰਧ ਵਿਚ ਫਰਵਰੀ 2018 ਵਿਚ ਹੀ ਗੁਰਤੇਜ ਸਿੰਘ ਕਾਲਾ, ਅਮਰੀਕ ਸਿੰਘ ਅਤੇ ਅਵਤਾਰ ਸਿੰਘ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਜਾ ਚੁੱਕਾ ਹੈ, ਜੋ ਡੇਰਾ ਸਿਰਸਾ ਨਾਲ ਜੁੜੇ ਹੋਏ ਹਨ। ਦੱਸਣਯੋਗ ਹੈ ਕਿ ਪੰਜਾਬ ਚੋਣਾਂ ਸਮੇਂ 31 ਜਨਵਰੀ 2017 ਦੀ ਰਾਤ ਨੂੰ ਮੌੜ ਮੰਡੀ ਵਿਚ ਮਾਰੂਤੀ ਕਾਰ ਵਿਚ ਬੰਬ ਧਮਾਕਾ ਹੋਇਆ ਸੀ, ਜਿਸ ਵਿਚ ਚਾਰ ਬੱਚਿਆਂ ਸਮੇਤ ਸੱਤ ਜਣਿਆਂ ਦੀ ਮੌਤ ਹੋ ਗਈ ਸੀ। ਬੰਬ ਧਮਾਕੇ 'ਚ ਡੇਰਾ ਮੁਖੀ ਦੇ ਰਿਸ਼ਤੇਦਾਰ ਤੇ ਕਾਂਗਰਸੀ ਨੇਤਾ ਹਰਮਿੰਦਰ ਜੱਸੀ ਨੂੰ ਨਿਸ਼ਾਨਾ ਬਣਾਇਆ ਗਿਆ, ਜੋ ਵਾਲ ਵਾਲ ਬਚ ਗਏ ਸਨ। ਵਿਸ਼ੇਸ਼ ਜਾਂਚ ਟੀਮ ਦੇ ਮੈਂਬਰ ਮੌੜ ਮੰਡੀ ਵਿਚ ਘਟਨਾ ਵਾਲੀ ਜਗ੍ਹਾ ਦਾ ਦੋ ਵਾਰ ਜਾਇਜ਼ਾ ਵੀ ਲੈ ਚੁੱਕੇ ਹਨ। ਮੁਲਜ਼ਮਾਂ ਦੀ ਸੰਪਤੀ ਲੱਭਣ ਲੱਗੀ ਪੁਲੀਸ ਵਿਸ਼ੇਸ਼ ਜਾਂਚ ਟੀਮ ਤਰਫੋਂ ਹੁਣ ਮੌੜ ਧਮਾਕੇ ਵਿਚ ਨਾਮਜ਼ਦ ਕੀਤੇ ਮੁਲਜ਼ਮਾਂ ਦੀ ਤਿੱਕੜੀ ਦੀ ਸੰਪਤੀ ਅਟੈਚ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਜਾਂਚ ਟੀਮ ਨੇ ਹਰਿਆਣਾ ਦੇ ਜ਼ਿਲ੍ਹਾ ਸਿਰਸਾ ਤੇ ਕੁਰੂਕਸ਼ੇਤਰ ਤੋਂ ਇਲਾਵਾ ਜ਼ਿਲ੍ਹਾ ਸੰਗਰੂਰ ਦੇ ਡਿਪਟੀ ਕਮਿਸ਼ਨਰਾਂ ਨੂੰ ਨਾਮਜ਼ਦ ਕੀਤੇ ਮੁਲਜ਼ਮ ਗੁਰਤੇਜ ਕਾਲਾ, ਅਮਰੀਕ ਸਿੰਘ ਅਤੇ ਅਵਤਾਰ ਸਿੰਘ ਦੀ ਪ੍ਰਾਪਰਟੀ ਸ਼ਨਾਖਤ ਕਰਨ ਵਾਸਤੇ ਪੱਤਰ ਲਿਖਿਆ ਹੈ। ਤਫਤੀਸ਼ੀ ਅਫਸਰ ਦਲਬੀਰ ਸਿੰਘ ਨੇ ਪੁਸ਼ਟੀ ਕੀਤੀ ਕਿ ਮੁਲਜ਼ਮਾਂ ਦੀ ਸੰਪਤੀ ਸਨਾਖਤ ਕਰਾਈ ਜਾ ਰਹੀ ਹੈ।