ਕੁੰਬਲੇ ਦੇ ਮੁੱਖ ਕੋਚ ਬਣੇ ਰਹਿਣ ਦੀ ਸੰਭਾਵਨਾ

ਕੁੰਬਲੇ ਦੇ ਮੁੱਖ ਕੋਚ ਬਣੇ ਰਹਿਣ ਦੀ ਸੰਭਾਵਨਾ

ਨਵੀਂ ਦਿੱਲੀ/ਬਿਊਰੋ ਨਿਊਜ਼ :
ਬੀਸੀਸੀਆਈ ਦੇ ਪ੍ਰਸ਼ਾਸਕਾਂ ਦੀ ਕਮੇਟੀ (ਸੀਓਏ) ਦੇ ਚੇਅਰਮੈਨ ਵਿਨੋਦ ਰਾਏ ਨੇ ਕਿਹਾ ਕਿ ਅਨਿਲ ਕੁੰਬਲੇ ਜੇਕਰ ਮੰਨਦੇ ਹਨ ਤਾਂ ਉਹ ਵੈਸਟ ਇੰਡੀਜ਼ ਦੌਰੇ ਲਈ ਵੀ ਭਾਰਤੀ ਟੀਮ ਦੇ ਕੋਚ ਬਣੇ ਰਹਿਣਗੇ। ਉਨ੍ਹਾਂਂ ਨਾਲ ਹੀ ਕਿਹਾ ਕਿ ਅਗਲੇ ਮੁੱਖ ਕੋਚ ਦਾ ਫ਼ੈਸਲਾ ਕ੍ਰਿਕਟ ਸਲਾਹਕਾਰ ਕਮੇਟੀ (ਸੀਏਸੀ) ਕਰੇਗੀ।
ਸ੍ਰੀ ਰਾਏ ਨੇ ਸੀਓਏ ਦੀ ਮੀਟਿੰਗ ਮਗਰੋਂ ਕਿਹਾ ਕਿ ਕੋਚ ਦੀ ਚੋਣ ਕਾਰਨ ਦਾ ਕੰਮ ਸੀਏਸੀ ਕਰੇਗੀ, ਜਿਸ ਨੇ ਪਿਛਲੇ ਸਾਲ ਅਨਿਲ ਕੁੰਬਲੇ ਨੂੰ ਇੱਕ ਸਾਲ ਲਈ ਕੋਚ ਚੁਣਿਆ ਸੀ। ਹੁਣ ਪ੍ਰਕਿਰਿਆ ਦਾ ਪਾਲਣ ਕੀਤਾ ਜਾ ਰਿਹਾ ਹੈ, ਪਰ ਪ੍ਰਕਿਰਿਆ ‘ਚ ਦੇਰੀ ਹੋਈ ਹੈ ਅਤੇ ਜੇਕਰ ਕੁੰਬਲੇ ਪ੍ਰਵਾਨ ਕਰਦੇ ਹਨ ਤਾਂ ਉਹ ਵੈਸਟ ਇੰਡੀਜ਼ ਦੌਰੇ ਲਈ ਵੀ ਕੋਚ ਬਣੇ ਰਹਿਣਗੇ। ਉਨ੍ਹਾਂਂ ਕਿਹਾ ਕਿ ਸੀਏਸੀ ਇਸ ਬਾਰੇ ਫ਼ੈਸਲਾ ਲੈਣ ਲਈ ਲੰਡਨ ‘ਚ ਮੀਟਿੰਗ ਕਰ ਰਹੀ ਹੈ। ਭਾਰਤ ਪੰਜ ਇਕ ਰੋਜ਼ਾ ਮੈਚਾਂ ਦੀ ਲੜੀ ਖੇਡਣ ਲਈ ਵੈਸਟ ਇੰਡੀਜ਼ ਦਾ ਦੌਰਾ ਕਰੇਗਾ। ਇਸ ਲੜੀ ਦਾ ਪਹਿਲਾ ਮੈਚ 23 ਜੂਨ ਨੂੰ ਖੇਡਿਆ ਜਾਵੇਗਾ। ਇਸ ਲੜੀ ਦਾ ਇਕੋ ਇਕ ਟੀ-20 ਮੈਚ 9 ਜੁਲਾਈ ਨੂੰ ਖੇਡਿਆ ਜਾਵੇਗਾ। ਇਤਿਹਾਸਕਾਰ ਰਾਮਚੰਦਰ ਗੁਹਾ ਵਲੋਂ ਅਸਤੀਫ਼ਾ ਦੇਣ ਮਗਰੋਂ ਸੀਓਏ ਹੁਣ ਤਿੰਨ ਮੈਂਬਰੀ ਕਮੇਟੀ ਰਹਿ ਗਈ ਹੈ। ਸ੍ਰੀ ਰਾਏ ਨੂੰ ਜਦੋਂ ਪੁੱਛਿਆ ਗਿਆ ਕਿ ਕੋਚ ਨਿਯੁਕਤੀ ਦੀ ਪ੍ਰਕਿਰਿਆ ਨੂੰ ਬਿਹਤਰ ਢੰਗ ਨਾਲ ਨਜਿੱਠਿਆ ਜਾ ਸਕਦਾ ਸੀ ਤਾਂ ਉਨ੍ਹਾਂਂ ਕਿਹਾ ਕਿ ਕਪਤਾਨ ਵਿਰਾਟ ਕੋਹਲੀ ਤੇ ਕੁੰਬਲੇ ਵਿਚਾਲੇ ਵਿਵਾਦ ਦਾ ਦਾਅਵਾ ਕਰਨ ਵਾਲੀ ਰਿਪੋਰਟ ‘ਚ ਇਸ ਮਾਮਲੇ ਨੂੰ ਵਧਾ ਚੜ੍ਹਾ ਕੇ ਪੇਸ਼ ਕੀਤਾ ਗਿਆ।ਅਸਲ ‘ਚ ਇਹ ਇੱਕ ਸਾਲ ਦਾ ਕਰਾਰ ਸੀ ਤੇ ਇਸ ਲਈ ਪ੍ਰਕਿਰਿਆ ਦਾ ਹੀ ਪਾਲਣ ਕੀਤਾ ਗਿਆ ਹੈ।