ਸੁਖਬੀਰ ਬਾਦਲ ਨੇ ਖੇਡਿਆ ਪ੍ਰਧਾਨਗੀ ਤੋਂ ਅਸਤੀਫਾ ਦੇਣ ਦਾ ਡਰਾਮਾ

ਸੁਖਬੀਰ ਬਾਦਲ ਨੇ ਖੇਡਿਆ ਪ੍ਰਧਾਨਗੀ ਤੋਂ ਅਸਤੀਫਾ ਦੇਣ ਦਾ ਡਰਾਮਾ

ਭਾਈ ਮਨਜੀਤ ਸਿੰਘ ਦੀ ਨਾਰਾਜ਼ਗੀ ਦੂਰ ਕਰਨ ਮਗਰੋਂ ਉਨ੍ਹਾਂ ਨਾਲ ਦਿਖਾਈ ਦੇ ਰਹੇ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਤੇ ਹੋਰ।
ਅੰਮ੍ਰਿਤਸਰ/ਬਿਊਰੋ ਨਿਊਜ਼ :
ਅਕਾਲੀ ਦਲ ਬਾਦਲ ਵਿਚ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਲਾਂਭੇ ਕਰਨ ਦੀ ਗੱਲ ਅੰਦਰੋ-ਅੰਦਰੀ ਚੱਲ ਰਹੀ ਸੀ ਪਰ ਹੁਣ ਉਸ ਨੇ ਆਪਣੇ ਹੀ ਬਿਆਨ ਇਕ ਬਿਆਨ ਰਾਹੀਂ ਇਸ ਨੂੰ ਹਵਾ ਦੇਣ ਦੀ ਚਾਲ ਚੱਲੀ ਹੈ। ਸੁਖਬੀਰ ਨੇ ਅਸਤੀਫਾ ਦੇਣ ਬਾਰੇ ਕਹਿ ਕੇ ਨਾਲ ਹੀ ਚਲਾਕੀ ਨਾਲ, ਇਹ ਵੀ ਸ਼ਰਤ ਲਗਾ ਦਿੱਤੀ ਕਿ ਜੇ ਪਾਰਟੀ ਚਾਹੁੰਦੀ ਹੈ। ਹੁਣ ਇਹ ਸਭ ਨੂੰ ਪਤਾ ਹੈ ਕਿ ਪਾਰਟੀ ਦੇ ਨਾਮ ਉਤੇ ਮੂਹਰੇ ਲੱਗੇ ਕਿਹੜੇ-ਕਿਹੜੇ ਆਗੂ ਹਨ, ਜੋ ਸੁਖਬੀਰ ਤੋਂ ਅਸਤੀਫਾ ਮੰਗਣਾ ਤਾਂ ਦੂਰ, ਉਸ ਦੇ ਹਰ ਹੁਕਮ ਉਤੇ ਡੰਡਾਉਤ ਕਰਦੇ ਹਨ। ਟਕਸਾਲੀ ਅਕਾਲੀ ਪਾਰਟੀ ਵਿਚ ਪਹਿਲਾਂ ਹੀ ਨੁੱਕਰੇ ਲਾ ਦਿੱਤੇ ਗਏ ਹਨ।
ਉਂਝ ਅਕਾਲੀ ਦਲ ਦੇ ਸੀਨੀਅਰ ਲੀਡਰਾਂ ਦਾ ਮੰਨਣਾ ਹੈ ਕਿ ਸੁਖਬੀਰ ਬਾਦਲ ਕਦੇ ਵੀ ਪ੍ਰਧਾਨਗੀ ਨਹੀਂ ਛੱਡਣਗੇ।ਸ਼੍ਰੋਮਣੀ ਅਕਾਲੀ ਦਲ ਵਿੱਚ ਚੱਲ ਰਹੇ ਅੰਦਰੂਨੀ ਸੰਕਟ ਦੌਰਾਨ ਪਹਿਲੀ ਵਾਰ ਜਥੇਬੰਦੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਜੇਕਰ ਪਾਰਟੀ ਉਨ੍ਹਾਂ ਨੂੰ ਕਹੇਗੀ ਤਾਂ ਉਹ ਪਾਰਟੀ ਲਈ ਪ੍ਰਧਾਨ ਦਾ ਅਹੁਦਾ ਛੱਡ ਦੇਣਗੇ। ਸੁਖਬੀਰ ਨੇ ਇਹ ਐਲਾਨ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਤੋਂ ਬਾਅਦ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ ਦੇ ਘਰ ਮੀਡੀਆ ਨਾਲ ਗੱਲਬਾਤ ਦੌਰਾਨ ਕੀਤਾ। ਇਸ ਦੌਰਾਨ ਨਾਰਾਜ਼ ਹੋਏ ਅਕਾਲੀ ਆਗੂ ਭਾਈ ਮਨਜੀਤ ਸਿੰਘ ਨੇ ਪਾਰਟੀ ਪ੍ਰਤੀ ਗਿਲੇ ਸ਼ਿਕਵੇ ਦੂਰ ਕਰਦਿਆਂ ਮੁੜ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਪਾਰਟੀ ਨਾਲ ਚੱਲਣ ਦਾ ਐਲਾਨ ਵੀ ਕੀਤਾ ਹੈ।
ਮੀਡੀਆ ਨਾਲ ਗੱਲਬਾਤ ਦੌਰਾਨ ਪਾਰਟੀ ਵਿੱਚ ਬਣੇ ਸੰਕਟ ਅਤੇ ਟਕਸਾਲੀ ਅਕਾਲੀਆਂ ਵੱਲੋਂ ਪ੍ਰਗਟਾਈ ਜਾ ਰਹੀ ਨਾਰਾਜ਼ਗੀ ਬਾਰੇ ਗੱਲ ਕਰਦਿਆਂ ਉਨ੍ਹਾਂ ਪਹਿਲੀ ਵਾਰ ਖੁੱਲ੍ਹ ਕੇ ਆਖਿਆ ਕਿ ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ, ਡਾ. ਰਤਨ ਸਿੰਘ ਅਜਨਾਲਾ, ਸੇਵਾ ਸਿੰਘ ਸੇਖਵਾਂ ਆਦਿ ਪਾਰਟੀ ਦੇ ਸੀਨੀਅਰ ਆਗੂ ਹਨ ਅਤੇ ਉਹ ਇਨ੍ਹਾਂ ਸਾਰਿਆਂ ਦਾ ਹੀ ਦਿਲੋਂ ਸਤਿਕਾਰ ਕਰਦੇ ਹਨ। ਇਨ੍ਹਾਂ ਦਾ ਪਾਰਟੀ ਪ੍ਰਤੀ ਵੱਡਾ ਯੋਗਦਾਨ ਹੈ। ਉਨ੍ਹਾਂ ਆਖਿਆ ਕਿ ਸ੍ਰੀ ਬ੍ਰਹਮਪੁਰਾ ਉਨ੍ਹਾਂ ਦੇ ਪਿਤਾ ਸਮਾਨ ਹਨ। ਉਹ ਪਾਰਟੀ ਦੇ ਪਰਿਵਾਰਕ ਮੈਂਬਰ ਹਨ। ਸ਼੍ਰੋਮਣੀ ਅਕਾਲੀ ਦਲ ਸਭ ਦੀ ਪਾਰਟੀ ਹੈ ਅਤੇ ਇਹ ਇਕ ਪਰਿਵਾਰ ਹੈ। ਇਸ ਵਿੱਚ ਕਿਸੇ ਨੂੰ ਅੱਖੋਂ ਪਰੋਖੇ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਆਖਿਆ ਕਿ ਪਾਰਟੀ ਪ੍ਰਧਾਨ ਵਜੋਂ ਉਨ੍ਹਾਂ ਨੂੰ ਜ਼ਿੰਮੇਵਾਰੀ ਵੀ ਇਨ੍ਹਾਂ ਸਾਰਿਆਂ ਨੇ ਸੌਂਪੀ ਸੀ। ਜੇਕਰ ਹੁਣ ਪਾਰਟੀ ਕਹੇਗੀ ਤਾਂ ਪਾਰਟੀ ਹਿੱਤ ਵਿੱਚ ਉਹ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ।
ਨਾਰਾਜ਼ ਅਕਾਲੀ ਆਗੂਆਂ ਨੂੰ ਮਨਾਉਣ ਬਾਰੇ ਉਨ੍ਹਾਂ ਆਖਿਆ ਕਿ ਜਿਸ ਕਿਸੇ ਨੇ ਵੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ, ਉਹ ਉਨ੍ਹ੍ਹਾਂ ਦੇ ਘਰ ਜਾ ਕੇ ਨਾਰਾਜ਼ਗੀ ਦੂਰ ਕਰਕੇ ਆਏ ਹਨ। ਸ੍ਰੀ ਬ੍ਰਹਮਪੁਰਾ ਜਾਂ ਡਾ. ਅਜਨਾਲਾ ਜਦੋਂ ਵੀ ਉਨ੍ਹਾਂ ਨੂੰ ਸੱਦਣਗੇ, ਉਹ ਉਨ੍ਹਾਂ ਦੇ ਘਰ ਜ਼ਰੂਰ ਜਾਣਗੇ। ਉਨ੍ਹਾਂ ਇਹ ਵੀ ਆਖਿਆ ਕਿ ਜੇਕਰ ਉਨ੍ਹਾਂ ਨੂੰ ਕੋਈ ਨਾਰਾਜ਼ਗੀ ਹੈ ਤਾਂ ਉਹ ਉਨ੍ਹਾਂ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਨਾਲ ਵੀ ਗੱਲਬਾਤ ਕਰ ਸਕਦੇ ਹਨ। ਭਾਈ ਮਨਜੀਤ ਸਿੰਘ ਦੀ ਨਾਰਾਜ਼ਗੀ ਬਾਰੇ ਉਨ੍ਹਾਂ ਆਖਿਆ ਕਿ ਉਹ ਕਦੇ ਵੀ ਪਾਰਟੀ ਤੋਂ ਬਾਹਰ ਨਹੀਂ ਗਏ ਅਤੇ ਹਮੇਸ਼ਾ ਪਾਰਟੀ ਨਾਲ ਖੜ੍ਹੇ ਰਹੇ ਹਨ।
ਨਾਰਾਜ਼ਗੀ ਦੂਰ ਹੋਣ ਮਗਰੋਂ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ ਨੇ ਆਖਿਆ ਕਿ ਉਨ੍ਹਾਂ ਦੇ ਕੁਝ ਪੰਥਕ ਮਸਲਿਆਂ ਨੂੰ ਲੈ ਕੇ ਵਖਰੇਵੇਂ ਸਨ, ਜਿਨ੍ਹਾਂ ‘ਤੇ ਚਰਚਾ ਹੋਈ ਹੈ ਅਤੇ ਪਾਰਟੀ ਨੇ ਇਹ ਸਾਰੇ ਵਖਰੇਵੇਂ ਦੂਰ ਕਰ ਦਿੱਤੇ ਹਨ। ਉਨ੍ਹਾਂ ਆਖਿਆ ਕਿ ਉਨ੍ਹਾਂ ਦੇ ਘਰ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਸਮੇਤ ਹੋਰ ਅਕਾਲੀ ਆਗੂ ਪੁੱਜੇ ਸਨ ਅਤੇ ਆਪਸ ਵਿਚ ਖੁੱਲ੍ਹੀ ਗੱਲਬਾਤ ਹੋਈ ਹੈ।
ਦੱਸਣਯੋਗ ਹੈ ਕਿ ਬੀਤੇ ਦਿਨ ਇੱਥੇ ਭਾਈ ਗੁਰਦਾਸ ਹਾਲ ‘ਚ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਬ੍ਰਹਮਪੁਰਾ ਦੇ ਸਮਰਥਕ ਸ਼੍ਰੋਮਣੀ ਕਮੇਟੀ ਮੈਂਬਰਾਂ ਨਾਲ ਬੰਦ ਕਮਰਾ ਮੀਟਿੰਗ ਵੀ ਕੀਤੀ ਸੀ। ਮੀਟਿੰਗ ਦੌਰਾਨ ਉਨ੍ਹਾਂ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਸ੍ਰੀ ਬ੍ਰਹਮਪੁਰਾ ਦੀ ਨਾਰਾਜ਼ਗੀ ਦੂਰ ਕਰਨ ਤੇ ਮਨਾਉਣ ਵਾਸਤੇ ਵੀ ਆਖਿਆ ਸੀ। ਇਸ ਤੋਂ ਪਹਿਲਾਂ ਪਾਰਟੀ ਬੁਲਾਰੇ ਅਤੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਸ੍ਰੀ ਬ੍ਰਹਮਪੁਰਾ ਦੇ ਘਰ ਗਏ ਸਨ ਪਰ ਉਨ੍ਹਾਂ ਆਪਣਾ ਅਸਤੀਫਾ ਵਾਪਸ ਲੈਣ ਤੋਂ ਨਾਂਹ ਕਰ ਦਿੱਤੀ ਸੀ। ਸ੍ਰੀ ਢੀਂਡਸਾ ਤੋਂ ਬਾਅਦ ਰਣਜੀਤ ਸਿੰਘ ਬ੍ਰਹਮਪੁਰਾ ਨੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਮੌਕੇ ਉਨ੍ਹਾਂ ਨਾਲ ਪ੍ਰੋ. ਵਿਰਸਾ ਸਿੰਘ ਵਲਟੋਹਾ, ਹਰਮੀਤ ਸਿੰਘ ਸੰਧੂ, ਮਨਜੀਤ ਸਿੰਘ ਮੰਨਾ (ਸਾਰੇ ਸਾਬਕਾ ਵਿਧਾਇਕ) ਤੇ ਹੋਰ ਆਗੂ ਹਾਜ਼ਰ ਸਨ।
ਉਧਰ ਨਾਰਾਜ਼ ਟਕਸਾਲੀ ਅਕਾਲੀ ਆਗੂਆਂ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ ਤੇ ਡਾ. ਰਤਨ ਸਿੰਘ ਅਜਨਾਲਾ ਨੇ ਆਖਿਆ ਕਿ ਸੰਨ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਜਦੋਂ ਪਾਰਟੀ ਦੀ ਨਮੋਸ਼ੀ ਭਰੀ ਹਾਰ ਹੋਈ ਸੀ, ਤਾਂ ਉਸ ਵੇਲੇ ਹੀ ਸੁਖਬੀਰ ਸਿੰਘ ਬਾਦਲ ਨੂੰ ਆਪਣੀ ਨੈਤਿਕ ਜ਼ਿੰਮੇਵਾਰੀ ਕਬੂਲਦਿਆਂ ਪਾਰਟੀ ਪ੍ਰਧਾਨ ਦਾ ਅਹੁਦਾ ਛੱਡ ਦੇਣਾ ਚਾਹੀਦਾ ਸੀ। ਇੱਥੇ ਟੀਵੀ ਚੈਨਲ ਨਾਲ ਕੀਤੀ ਗੱਲਬਾਤ ਮਗਰੋਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡਿਓ ‘ਚ ਸ੍ਰੀ ਬ੍ਰਹਮਪੁਰਾ ਨੇ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਦੇ ਮੀਡੀਆ ਸਲਾਹਕਾਰ ਦਮਨਜੀਤ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਹੈ। ਸ੍ਰੀ ਬ੍ਰਹਮਪੁਰਾ ਨੇ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ ਕਹਿਣ ‘ਤੇ ਪ੍ਰਧਾਨਗੀ ਛੱਡਣ ਦੇ ਦਿੱਤੇ ਬਿਆਨ ‘ਤੇ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਨੂੰ ਜੋ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ, ਉਹ ਪਾਰਟੀ ਦੀਆਂ ਕੁਝ ਨੀਤੀਆਂ ਕਾਰਨ ਹੋਇਆ ਹੈ। ਪਿਛਲੇ ਪੰਜ ਸਾਲਾਂ ਦੌਰਾਨ ਕਈ ਅਜਿਹੇ ਫ਼ੈਸਲੇ ਕੀਤੇ ਗਏ, ਜਿਸ ਲਈ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਨਹੀਂ ਪੁੱਛਿਆ ਗਿਆ।
ਇਸੇ ਦੌਰਾਨ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਨੇ ਆਖਿਆ ਕਿ ਜੇਕਰ ਸੁਖਬੀਰ ਸਿੰਘ ਬਾਦਲ ਨੇ ਇਹ ਵਿਚਾਰ ਦਿਲੋਂ ਪ੍ਰਗਟਾਏ ਹਨ ਤਾਂ ਉਹ ਇਨ੍ਹਾਂ ਦਾ ਸਵਾਗਤ ਕਰਦੇ ਹਨ। ਇਹ ਫ਼ੈਸਲਾ ਪਾਰਟੀ ਦੇ ਹਿੱਤ ‘ਚ ਹੋਵੇਗਾ। ਸਾਬਕਾ ਸੰਸਦ ਮੈਂਬਰ ਅਤੇ ਸੀਨੀਅਰ ਆਗੂ ਡਾ. ਰਤਨ ਸਿੰਘ ਅਜਨਾਲਾ ਨੇ ਆਖਿਆ ਕਿ ਸੁਖਬੀਰ ਸਿੰਘ ਬਾਦਲ ਨੂੰ ਸੰਨ 2017 ਵਿਧਾਨ ਸਭਾ ਚੋਣਾਂ ਵਿੱਚ ਹੋਈ ਹਾਰ ਤੋਂ ਬਾਅਦ ਖੁਦ ਹੀ ਅਸਤੀਫਾ ਦੇ ਦੇਣਾ ਚਾਹੀਦਾ ਸੀ। ਉਸ ਵੇਲੇ ਪਾਰਟੀ ਦੇ ਕੁਝ ਸੀਨੀਅਰ ਆਗੂਆਂ ਨੇ ਇਸ ਸਬੰਧੀ ਪਾਰਟੀ ਮੰਚ ‘ਤੇ ਆਪਣਾ ਵਿਚਾਰ ਵੀ ਰੱਖਿਆ ਸੀ ਪਰ ਉਸ ਵੇਲੇ ਇਸ ਗੱਲ ਨੂੰ ਅਣਦੇਖਿਆਂ ਕਰ ਦਿੱਤਾ ਗਿਆ। ਉਨ੍ਹਾਂ ਆਖਿਆ ਕਿ ਉਹ ਤੇ ਬਾਕੀ ਸੀਨੀਅਰ ਆਗੂ ਪਾਰਟੀ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨਾਲ ਗੱਲਬਾਤ ਕਰਨ ਲਈ ਤਿਆਰ ਹਨ।