ਸ਼ਬੋ-ਲਾਸ ਪੋਸੀਟਾਸ ਕਮਿਊਨਿਟੀ ਕਾਲਜ ਟਰੱਸਟੀ ਦੀ ਚੋਣ ਲਈ ਹਰਪਾਲ ਸਿੰਘ ਮਾਨ ਦੀ ਭਰਵੀਂ ਹਮਾਇਤ

ਸ਼ਬੋ-ਲਾਸ ਪੋਸੀਟਾਸ ਕਮਿਊਨਿਟੀ ਕਾਲਜ ਟਰੱਸਟੀ ਦੀ ਚੋਣ ਲਈ ਹਰਪਾਲ ਸਿੰਘ ਮਾਨ ਦੀ ਭਰਵੀਂ ਹਮਾਇਤ

ਯੂਨੀਅਨ ਸਿਟੀ/ਬਿਊਰੋ ਨਿਊਜ਼ :
ਯੂਨੀਅਨ ਸਿਟੀ ਦੇ ਰਾਜਾ ਸਵੀਟਸ ਸਟੋਰ ਵਿੱਚ ਇਕੱਠੇ ਹੋਏ ਵੱਡੀ ਗਿਣਤੀ ਸਮਰੱਥਕਾਂ ਨੇ ਸ਼ਬੋ-ਲਾਸ ਪੋਸੀਟਾਸ ਕਮਿਊਨਿਟੀ ਕਾਲਜ ਬੋਰਡ ਦੇ ਏਰੀਆ -3 (ਯੂਨੀਅਨ ਸਿਟੀ ਅਤੇ ਸਾਊਥ ਹੇਵਰਡ) ਦੇ ਟਰੱਸਟੀ ਦੀ ਚੋਣ ਵਿਚ ਉਮੀਦਵਾਰ ਹਰਪਾਲ ਸਿੰਘ ਮਾਨ ਦੀ ਭਰਵੀਂ ਹਮਾਇਤ ਕੀਤੀ ਗਈ ਹੈ। ਇਸ ਮੌਕੇ 22 ਤੋਂ ਵੱਧ ਬੁਲਾਰਿਆਂ ਨੇ ਦੱਸਿਆ ਕਿ ਉਹ ਸ਼ਬੋ-ਲਾਸ ਪੋਸੀਟਾਸ ਕਮਿਊਨਿਟੀ ਕਾਲਜ ਟਰੱਸਟੀ ਲਈ ਹਰਪਾਲ ਸਿੰਘ ਮਾਨ ਦਾ ਸਮਰਥਨ ਕਿਉਂ ਕਰਦੇ ਹਨ।
ਯੂਨੀਅਨ ਸਿਟੀ ਦੇ ਮੇਅਰ ਕਰੋਲ ਡੁਤਰਾ ਵਰਨਕੀ ਨੇ ਕਿਹਾ ਕਿ ਜਿੰਨਾ ਮੈਂ ਜਾਣਦਾ ਹਾਂ, ਹਰਪਾਲ ਸਿੰਘ ਮਾਨ ਇਸ ਅਹੁਦੇ ਲਈ ਪੂਰੀ ਯੋਗਤਾ ਰੱਖਦਾ ਹੈ। ਉਹ ਇੰਜਨੀਅਰ ਹੈ ਤੇ ਪਹਿਲਾਂ ਹੀ ਯੁਨੀਅਨ ਸਿਟੀ ਵਿੱਚ ਪਿਛਲੇ ਸੱਤ ਸਾਲ ਤੋਂ ਯੋਜਨਾ ਕਮਿਸ਼ਨਰ ਹੈ। ਇਸ ਲਈ ਉਹ ਸਭ ਤੋਂ ਵਧੀਆ ਯੋਗਤਾ ਪ੍ਰਾਪਤ ਉਮੀਦਵਾਰ ਹੈ।
ਕੌਂਸਲ ਮੈਂਬਰ ਗੈਰੀ ਸਿੰਘ ਨੇ ਕਿਹਾ ਕਿ ਹਰਪਾਲ ਵਿਚ ਇਕ ਵਿਲੱਖਣ ਯੋਗਤਾ ਹੈ ਕਿਉਂਕਿ ਉਹ ਕਮਿਊਨਿਟੀ ਦੀ ਨਬਜ਼ ਨੂੰ ਪਛਾਣਦਾ ਹੈ ਅਤੇ ਉਸ ਨੂੰ ਯੂਨੀਅਨ ਸਿਟੀ ਬਾਰੇ ਚਿੰਤਾ ਹੈ। ਉਹ ਸ਼ਹਿਰ ਦੀ ਉਸ ਟੀਮ ਵਿਚ ਹਨ ਜੋ ਆਮ ਲੋਕਾਂ ਦੀ ਹਮੇਸ਼ਾ ਪਹੁੰਚ ਵਿਚ ਹੈ। ਹੇਵਰਡ ਦੇ ਮੇਅਰ ਦੇ ਉਮੀਦਵਾਰ ਅਤੇ ਕੌਂਸਲ ਮੈਂਬਰ ਮਾਰਕ ਸਲੀਨਾਸ ਹਰਪਾਲ ਮਾਨ ਦੇ ਉਸਾਰੂ ਰਵੱਈਏ ਤੋਂ ਪ੍ਰਭਾਵਤ ਸਨ। ਪੈਟ ਗੈਸਕੋਸ, ਜੋ ਯੂਨੀਅਨ ਸਿਟੀ ਕੌਂਸਲ ਦੇ ਮੈਂਬਰ ਹਨ ਅਤੇ ਸ਼ਬੋ ਫਾਊਂਡੇਸ਼ਨ ਦੇ ਮੀਤ ਪ੍ਰਧਾਨ ਹਨ, ਹਰਪਾਲ ਮਾਨ ਦਾ ਸਮਰਥਨ ਕਰਦੇ ਹੋਏ ਮੰਨਦੇ ਹਨ ਕਿ ਹਰਪਾਲ ਸਿੰਘ  ਦੀ ਵਿਦਿਆਰਥੀਆਂ ਅਤੇ ਭਾਈਚਾਰੇ ਨੂੰ ਪਹਿਲ ਦੇਣ ਦੇ ਨਜ਼ਰੀਏ ਤੋਂ ਸਹੀ ਚੋਣ ਹੈ।
ਨਿਊ ਹੈਵੈਨ ਸਕੂਲ ਚਲਾ ਰਹੀ ਲਿੰਡਾ ਕੈਨਲਸ ਨੇ ਕਿਹਾ ਕਿ ਹਰਪਾਲ ਸਿੰਘ ਮਾਨ ਕਮਿਊਨਿਟੀ ਕਾਲਜ ਵਿਚ ਉਸਾਰੂ ਬਦਲਾਅ ਲਈ ਜ਼ਿਲ੍ਹਾ ਸਕੂਲ ਬੋਰਡ ਨਾਲ ਮਿਲ ਕੇ ਕੰਮ ਕਰਨਗੇ। ਸਕੂਲ ਬੋਰਡ ਦੀਆਂ ਟਰੱਸਟੀ ਸਰਬਜੀਤ ਕੌਰ ਚੀਮਾ, ਸ਼ਰਨ ਕੌਰ, ਏਸੀ ਟ੍ਰਾਂਜ਼ਿਟ ਵਾਰਡ 5 ਦੇ ਕੇਵਲ ਸਿੰਘ ਅਤੇ ਓਹਲੋਨ ਕਾਲਜ ਦੇ ਟਰੱਸਟੀ ਟਰੀਜ਼ਾ ਫੌਕਸ ਨੇ ਵੀ ਹਰਪਾਲ ਸਿੰਘ ਮਾਨ ਦੇ ਸਮਰਥਨ ਵਿਚ ਭਾਸ਼ਣ ਦਿੱਤਾ।
ਹਰਪਾਲ ਮਾਨ ਨੇ ਆਪਣੇ ਸਮਰਥਕਾਂ ਨਾਲ ਗੱਲ ਕਰਦੇ ਹੋਏ ਉਨ੍ਹਾਂ ਲਈ ਕਾਰਜ-ਸਿਖਲਾਈ ਦਾ ਏਜੰਡਾ ਦੁਹਰਾਇਆ ਜੋ 4 ਸਾਲ ਕਾਲਜ ਵਿਚ ਨਹੀਂ ਜਾਣਾ ਚਾਹੁੰਦੇ ਹਨ। ਇਸੇ ਤਰ੍ਹਾਂ ਨਰਸਿੰਗ ਪ੍ਰੋਗਰਾਮ ਵਿਚ 500 ਵਿਦਿਆਰਥੀਆਂ ਨੂੰ ਲੈਣ ਅਤੇ ਵਿੱਤੀ ਸਹਾਇਤਾ ਵਧਾਉਣ ਤੇ ਮੁਫਤ ਕਮਿਊਨਿਟੀ ਕਾਲਜ ਟਿਊਸ਼ਨ ਲਈ ਕੰਮ ਕਰਨ ਦਾ ਆਪਣਾ ਏਜੰਡਾ ਪੇਸ਼ ਕੀਤਾ।
ਕਮਿਊਨਿਟੀ ਆਗੂ ਜਸਵਿੰਦਰ ਸਿੰਘ ਜੰਡੀ ਨੇ ਸਾਰੇ ਬੁਲਾਰਿਆਂ ਦੀਆਂ ਭਾਵਨਾਵਾਂ ਨੂੰ ਦੁਹਰਾਉਂਦਿਆਂ ਇਕੱਠ ਵਿਚ ਹਾਜ਼ਰ ਹੋਣ ਲਈ ਸਾਰਿਆਂ ਦਾ ਧੰਨਵਾਦ ਕੀਤਾ। ਪੂਰੇ ਪ੍ਰੋਗਰਾਮ ਦਾ ਪ੍ਰਬੰਧ ਕਸ਼ਮੀਰ ਸਿੰਘ ਸ਼ਾਹੀ ਨੇ ਕੀਤਾ ਅਤੇ ਇਸ ਨੂੰ ਬਹੁਤ ਹੀ ਪ੍ਰੋਫੈਸ਼ਨਲ ਤਰੀਕੇ ਨਾਲ ਚਲਾਇਆ ਗਿਆ।
ਇਸੇ ਤਰ੍ਹਾਂ ਹਰਪਾਲ ਸਿੰਘ ਮਾਨ ਨੂੰ ਕਾਂਗਰਸਮੈਨ ਐਰਿਕ ਸ਼ਾਲਵੇਲ ਨੇ ਵੀ ਸਮਰਥਨ ਦਿੱਤਾ ਹੈ ਜੋ ਆਪਣੇ ਵਿਆਹ ਦੀ ਵਰ੍ਹੇਗੰਢ ਕਾਰਨ ਪ੍ਰੋਗਰਾਮ ਵਿਚ ਹਾਜ਼ਰ ਨਹੀਂ ਹੋ ਸਕੇ। ਯੂਨੀਅਨ ਸਿਟੀ ਦੀ ਸਮੁੱਚੀ ਸਿਟੀ ਕੌਂਸਲ, ਸਾਰੇ ਸਕੂਲ ਬੋਰਡ ਮੈਂਬਰ, ਹੇਵਰਡ, ਨੀਵਾਰਕ ਦੇ ਮੇਅਰ ਤੇ ਵਾਈਸ ਮੇਅਰ, ਕਮਿਸ਼ਨਰ ਅਤੇ ਕਮਿਊਨਿਟੀ ਦੇ ਬਹੁਤ ਸਾਰੇ ਮੈਂਬਰਾਂ ਨੇ ਵੀ ਸ਼ਬੋ-ਲਾਸ ਪੋਸੀਟਾਸ ਕਮਿਊਨਿਟੀ ਕਾਲਜ ਟਰੱਸਟੀ ਦੀ ਚੋਣ ਵਿਚ ਹਰਪਾਲ ਸਿੰਘ ਮਾਨ ਦਾ ਸਮਰਥਨ ਕਰਦੇ ਹੋਏ, 6 ਨਵੰਬਰ, 2018 ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ।