ਹੀਰ ਦਾ ਵਾਰਿਸ ਰਾਂਝਾ ਨਹੀਂ, ਵਾਰਿਸ ਸ਼ਾਹ ਏ

ਹੀਰ ਦਾ ਵਾਰਿਸ ਰਾਂਝਾ ਨਹੀਂ, ਵਾਰਿਸ ਸ਼ਾਹ ਏ

ਡਾ: ਤਾਹਿਰ ਮਹਿਮੂਦ

ਵਾਰਿਸ ਸ਼ਾਹ ਨੇ ਕੇਵਲ ਹੀਰ ਨੂੰ ਹੀ ਨਹੀਂ ਬਲਕਿ ਝਨਾਂ ਨੂੰ, ਝੰਗ ਨੂੰ, ਪੰਜਾਬ ਅਤੇ ਪੰਜਾਬੀ ਨੂੰ ਵੀ ਅਮਰ ਕਰ ਦਿੱਤਾ। ਕਿੱਸਾ (ਕਹਾਣੀ) ਹੀਰ ਲਿਖਣ ਵਾਲੇ ਪੰਜਾਬੀ ਜ਼ੁਬਾਨ ਦੇ ਕਲਾਸਿਕੀ ਸ਼ਾਇਰ ਦਾ ਜਨਮ, ਕਸਬਾ ਜੰਡਿਆਲਾ ਸ਼ੇਰ ਖਾਂ ‘ਚ ਸੰਨ 1722 ਈ: ਵਿਚ ਹੋਇਆ। ਜੰਡਿਆਲਾ ਸ਼ੇਰ ਖਾਂ ਸ਼ੇਖੂਪੁਰ ਤੋਂ 9 ਮੀਲ ਦੂਰ ਹਾਫ਼ਜ਼-ਆਬਾਦ ਰੋਡ ‘ਤੇ ਹੱਸ-ਵਸ ਰਿਹਾ ਹੈ।
ਵਾਰਿਸ ਸ਼ਾਹ ਦਾ ਸੰਬੰਧ ਸਾਵਾਤ (ਸਯਦ) ਕਬੀਲੇ ਨਾਲ ਸੀ, ਇਨ੍ਹਾਂ ਦੇ ਬਾਪ ਦਾ ਨਾਂਅ ਸੱਯਦ ਕੁਤਬ ਸ਼ਾਹ ਸੀ। ਮੁੱਢਲੀ ਤਾਲੀਮ ਆਪਣੇ ਬਾਪ (ਪਿਤਾ) ਕੋਲੋਂ ਹਾਸਲ ਕਰਨ ਤੋਂ ਬਾਅਦ ਅੱਲ੍ਹਾ (ਉੱਚ) ਤਾਲੀਮ ਹਾਸਲ ਕਰਨ ਲਈ ਕਸੂਰ ਸ਼ਹਿਰ ਦੇ ਪੈਂਡੇ ਪੈ ਗਏ। ਕਸੂਰ ਸ਼ਹਿਰ ਵਿਚ ਉਹ ਹਾਫ਼ਜ਼ ਗੁਲਾਮ ਮੁਰਤਜ਼ਾ ਦੇ ਹਜ਼ੂਰ ਪੇਸ਼ ਹੋਏ। ਜੋ ਇਕ ਬੜੇ ਵੱਡੇ ਮਦਰੱਸੇ ‘ਚ ਬੱਚਿਆਂ ਨੂੰ ਪੜ੍ਹਾਉਂਦੇ ਸਨ।
ਵਾਰਿਸ ਸ਼ਾਹ ਵਸਨੀਕ ਜੰਡਿਆਲੜੇ ਦਾ
ਤੇ ਸ਼ਾਗਿਰਦ ਮਖ਼ਦੂਮ ਕਸੂਰ ਦਾ ਹੈ।
ਮੀਰ ਵਾਰਿਸ ਸ਼ਾਹ ਤੇ ਬਾਬਾ ਬੁੱਲ੍ਹੇਸ਼ਾਹ ਦੋਵੇਂ ਹੀ ਹਾਫ਼ਜ਼ ਗੁਲਾਮ ਮੁਰਤਜ਼ਾ ਦੇ ਸ਼ਾਗਿਰਦ ਸਨ ਤੇ ਹਮਜਮਾਤੀ ਵੀ। ਕਸੂਰ ਦੇ ਦਰਸ ਵਿਚੋਂ ਆਪਣੀ ਤਾਲੀਮ ਮੁਕੰਮਲ ਕਰਨ ਤੋਂ ਬਾਅਦ ਆਪਣੇ ਉਸਤਾਦ ਕੋਲੋਂ ਵਿਦਾ ਹੋਏ ਅਤੇ ਬਾਬਾ ਫ਼ਰੀਦ ਸ਼ਕਰਗੰਜ ਦੇ ਮਜ਼ਾਰ ‘ਪਾਕ ਪਤਨ’ ਪਹੁੰਚ ਗਏ। ਬਾਬਾ ਫਰੀਦ ਦੇ ਮਜ਼ਾਰ ‘ਤੇ ਚਿੱਲਾ ਕੱਟਣ ਤੋਂ ਬਾਅਦ ਕਸਬਾ ਮਲਕਾ ਹਾਂਸ ਆ ਗਏ। ਮਲਕਾ ਹਾਂਸ-ਸਾਹੀਵਾਲ (ਮਿੰਟਗੁਮਰੀ) ਪਾਕਪਟਨ ਰੋਡ ‘ਤੇ ਅੱਜ ਵੀ ਵਾਰਿਸ ਸ਼ਾਹ ਦੀਆਂ ਯਾਦਾਂ ਦਿਲ ‘ਚ ਵਸਾਈ, ਦੁਨੀਆਦਾਰੀ ਦੇ ਰੁਝੇਵਿਆਂ ‘ਚ ਰੁੱਝਿਆ ਜ਼ਿੰਦਗੀ ਦੀਆਂ ਰੌਣਕਾਂ ਨਾਲ ਭਰਪੂਰ ਵਸ ਰਿਹਾ ਹੈ। ਵਾਰਿਸ ਸ਼ਾਹ ਪਾਕਪਟਨ ਤੋਂ ਰਾਤ ਦੇ ਸਫ਼ਰੇ ਪਏ ਸਵੇਰੇ 4 ਵਜੇ ਨਮਾਜ਼ ਪੜ੍ਹਨ ਲਈ ਮਲਕਾ ਹਾਂਸ ਦੀ ਮਸੀਤ ਵਿਚ ਪਹੁੰਚ ਗਏ।
ਵਾਰਿਸ ਸ਼ਾਹ ਮਸੀਤ ‘ਚ ਆਏ ਨਮਾਜ਼ੀਆਂ ਨੂੰ ਮਿਲੇ ਤੇ ਆਪਣੇ ਬਾਰੇ ਵੀ ਦੱਸਿਆ। ਮਸੀਤ ਵਿਚ ਨਮਾਜ਼ ਪੜ੍ਹਾਉਣ ਵਾਲਾ ਕੋਈ ਮੌਲਵੀ ਨਹੀਂ ਸੀ। ਸਭ ਲੋਕਾਂ ਵਾਰਿਸ ਸ਼ਾਹ ਨੂੰ ਬੇਨਤੀ ਕੀਤੀ ਕਿ ਉਹ ਨਮਾਜ਼ ਪੜ੍ਹਾਉਣ। ਸਭ ਲੋਕ ਵਾਰਿਸ ਸ਼ਾਹ ਤੋਂ ਬਹੁਤ ਪ੍ਰਭਾਵਿਤ ਹੋਏ। ਇੰਜ ਵਾਰਿਸ ਸ਼ਾਹ ਮਲਕਾ ਹਾਂਸ ਦੇ ਮੁਹੱਲਾ ਉੱਚਾ ਟਿੱਬਾ ਦੀ ਮਸਜਿਦ ਵਿਚ ਅਮਾਮ ਮਸਜਿਦ ਬਣ ਗਏ। ਮਲਕਾ ਹਾਂਸ ਵਿਚ ਇਕ ਖੁਸ਼ਹਾਲ ਬਲੋਚ ਪਰਿਵਾਰ ਰਹਿੰਦਾ ਸੀ। ਜੋ ਕਸਬਾ ਮਦਸੀ ਤੋਂ ਉਜੜ ਕੇ ਏਥੇ ਵਸਿਆ ਸੀ। ਫੈਸਲਾ ਇਹ ਹੋਇਆ ਕਿ ਵਾਰਿਸ ਸ਼ਾਹ ਰਹੇਗਾ ਮਸੀਤ ਦੇ ਹੁਜਰੇ (ਕਮਰਾ) ਵਿਚ ਅਤੇ ਇਨ੍ਹਾਂ ਦੇ ਖਾਣ-ਪੀਣ ਦਾ ਪ੍ਰਬੰਧ ਬਲੋਚ ਪਰਿਵਾਰ ਕਰੇਗਾ। ਭਾਗਭਰੀ ਇਸ ਬਲੋਚ ਪਰਿਵਾਰ ਦੀ ਹੀ ਧੀ ਸੀ। ਭਾਗਭਰੀ ਦੇ ਹੁਸਨ ਦੇ ਚਰਚੇ ਮਲਕਾ ਹਾਂਸ ਦੀ ਹਰ ਗਲੀ ਅਤੇ ਹਰ ਮੋੜ ‘ਤੇ ਸਨ।
ਵਾਰਿਸ ਸ਼ਾਹ ਨੂੰ ਸਵੇਰੇ ਲੱਸੀ, ਮੱਖਣ ਤੇ ਪਰਾਂਠਾ, ਦੁਪਹਿਰ ਅਤੇ ਰਾਤ ਨੂੰ ਖਾਣਾ ਪਹੁੰਚਾਉਣਾ ਭਾਗਭਰੀ ਦੇ ਜ਼ਿੰਮੇ ਲਾਇਆ ਗਿਆ। ਭਾਗਭਰੀ ਵਾਰਿਸ ਸ਼ਾਹ ਦੇ ਖਾਣ-ਪੀਣ ਦੀ ਸੇਵਾ ਨਿਭਾਉਣ ਲੱਗ ਪਈ। ਭਾਗਭਰੀ ਵਾਰਿਸ ਸ਼ਾਹ ਅੱਗੇ ਖਾਣਾ ਰੱਖ ਕੇ ਆਪ ਉਹਦੇ ਸਾਹਮਣੇ ਬੈਠ ਜਾਂਦੀ। ਇਕ ਤਾਂ ਭੜਕਦੀ ਅੱਗ ਵਾਂਗ ਪਿਘਲਾ ਦੇਣ ਵਾਲਾ ਹੁਸਨ, ਦੂਜਾ ਮਿਠੜੀ ਅਤੇ ਸੁਰੀਲੀ ਆਵਾਜ਼ ਜਿਵੇਂ ਸਾਉਣ ਮਹੀਨੇ ਬੋਲਦੀ ਹੋਈ ਕੋਇਲ ਦੀ ਆਵਾਜ਼। ਤੀਜਾ ਅਕਲ ਅਤੇ ਗਿਆਨ ਦੀਆਂ ਗੱਲਾਂ ‘ਚ ਰੂਹ ਨੂੰ ਮਸਤ ਕਰ ਦੇਣ ਵਾਲੇ ਲਹਿਜ਼ੇ ਨਾਲ ਭਰੀਆਂ। ਵਾਰਿਸ ਸ਼ਾਹ ਦਿਲ ਹਾਰ ਬੈਠਾ। ਭਾਗਭਰੀ ਦਾ ਇਸ਼ਕ ਸਿਰ ਚੜ੍ਹ ਕੇ ਬੋਲ ਪਿਆ।
ਮਾਸ਼ੂਕ ਦਿਆਂ ਬਾਂਕਿਆਂ ਸ਼ੋਖ ਨੈਣਾਂ
ਵਾਰਿਸ ਸ਼ਾਹ ਜਿਹੇ ਮਜਬੂਰ ਕੀਤੇ।
ਵਾਰਿਸ ਸ਼ਾਹ ਨੂੰ ਬੜੀ ਬੇਚੈਨੀ ਨਾਲ ਭਾਗਭਰੀ ਦੀ ਉਡੀਕ ਰਹਿੰਦੀ। ਸਮਾਂ ਗੁਜ਼ਰਨ ਦੇ ਨਾਲ ਬੇਕਰਾਰੀ ਵਧਦੀ ਗਈ। ਵਾਰਿਸ ਸ਼ਾਹ ਦਿਨ ਦਾ ਚੈਨ ਅਤੇ ਰਾਤਾਂ ਦੀਆਂ ਨੀਂਦਰਾਂ ਗਵਾ ਬੈਠਾ।
ਵਾਰਿਸ ਸ਼ਾਹ ਨੂੰ ਸਿਕ ਦੀਦਾਰ ਦੀ ਹੈ
ਜੇਹੀ ਹੀਰ ਨੂੰ ਭਟਕਣਾ ਯਾਰ ਦੀ ਸੀ।
ਇਸ਼ਕ ਅਤੇ ਮੁਸ਼ਕ ਲੁਕਾਇਆਂ ਨਹੀਂ ਲੁਕਦੇ। ਇਸ ਮੁਹੱਬਤ ਦੀ ਮਸਤੀ ਅਤੇ ਇਸ਼ਕ ਦਾ ਮੁਸ਼ਕ ਸਾਰੇ ਪਿੰਡ ਵਿਚ ਫੈਲ ਗਿਆ। ਵਾਰਿਸ ਸ਼ਾਹ ਦੀ ਬਦਨਾਮੀ ਪਿੰਡ ਦੇ ਵਸਨੀਕਾਂ ਦੇ ਗੁੱਸੇ ਵਿਚ ਬਦਲ ਗਈ। ਵਾਰਿਸ ਸ਼ਾਹ ਨੂੰ ਮਸਜਿਦ ਵਿਚੋਂ ਕੱਢ ਦਿੱਤਾ ਗਿਆ। ਪਰ ਵਾਰਿਸ ਸ਼ਾਹ ਮਲਕਾ ਹਾਂਸ ਵਿਚੋਂ ਗਿਆ ਨਹੀਂ। ਉਹ ਜਾ ਵੀ ਕਿਵੇਂ ਸਕਦਾ ਸੀ। ਉਸ ਦੇ ਦਿਲ ਦੀ ਦੁਨੀਆ, ਉਸ ਦੇ ਪਿਆਰ ਦੀ ਬਹਾਰ, ਚੈਨ ਏਸੇ ਪਿੰਡ ਵਿਚ ਤਾਂ ਸੀ। ਵਾਰਿਸ ਸ਼ਾਹ ਨੇ ਪਿੰਡੋਂ ਬਾਹਰ ਆਪਣੇ ਚਾਹੁਣ ਵਾਲਿਆਂ ਦੇ ਡੇਰੇ ਜਾ ਡੇਰਾ ਲਾਇਆ। ਕੁਝ ਸਮਾਂ ਹੀ ਗੁਜ਼ਰਨ ਤੋਂ ਬਾਅਦ ਪਿੰਡ ਦਿਆਂ ਵਾਸੀਆਂ ਨੂੰ ਹੌਲੀ-ਹੌਲੀ ਅਹਿਸਾਸ ਹੋ ਗਿਆ ਕਿ ਵਾਰਿਸ ਸ਼ਾਹ ਇੱਜ਼ਤ-ਪਤ ਦਾ ਮੁਜਰਮ ਨਹੀਂ ਹੈ। ਨਾਲੇ ਕਿਸੇ ਨੇ ਕੁਝ ਡਿੱਠਾ ਵੀ ਨਹੀਂ ਸੀ। ਕੇਵਲ ਸ਼ੱਕ-ਸ਼ੁਬੇਹ ‘ਤੇ ਹੀ ਸਾਰਾ ਮਾਮਲਾ ਵਿਗੜਿਆ ਸੀ। ਭਾਗਭਰੀ ਦੀ ਜਵਾਨੀ ਵਗਦੇ ਚਸ਼ਮਿਆਂ ਦੇ ਪਾਣੀ ਵਾਂਗੂੰ  ਪਵਿੱਤਰ ਸੀ। ਪਿੰਡ ਦੇ ਮੁਹਤਬਰ ਤੇ ਅਸਰ-ਰਸੂਖ ਵਾਲੇ ਬੰਦਿਆਂ ਵਾਰਿਸ ਸ਼ਾਹ ਦੀ ਬਦਨਾਮੀ ਦੀ ਮੁਹਿੰਮ ਚਲਾਉਣ ਵਾਲਿਆਂ ਦੀ ਚੰਗੀ ਝਾੜ ਕੀਤੀ। ਵਾਰਿਸ ਸ਼ਾਹ ਨੂੰ ਨਮਾਜ਼ ਪੜ੍ਹਾਉਣ ਲਈ ਫਿਰ ਮਸਜਿਦ ‘ਚ ਰੱਖ ਲਿਆ। ਭਾਗਭਰੀ ਪਹਿਲੇ ਵਾਂਗ ਹੀ ਵਾਰਿਸ ਸ਼ਾਹ ਦੀ ਸੇਵਾ ਵਿਚ ਜੁਟ ਗਈ।
ਪਰ ਤਕਦੀਰ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਹੋਣੀ ਤਕਦੀਰ, ਭਾਗਭਰੀ ਕੁਝ ਦਿਨ ਬਿਮਾਰ ਰਹਿਣ ਤੋਂ ਬਾਅਦ ਇਹ ਫ਼ਾਨੀ ਜਹਾਨ ਛੱਡ ਦੂਜੇ ਜਹਾਨ ਜਾ ਵਸੀ।Œ ਵਾਰਿਸ ਸ਼ਾਹ ‘ਕੱਲਾ ਸੀ ਅਤੇ ‘ਕੱਲਾ ਹੀ ਰਹਿ ਗਿਆ।
ਉਥੇ ਮਿਲ ਜਾਵਾਂਗੇ
ਇਥੇ ਭਾਵੇਂ ਲੱਖ ਵਿਛੋੜੇ
ਤੋੜਕੇ ਦਿਲ ਨੂੰ ਇੰਜ ਟੁਰ ਚੱਲਿਆਂ ਵੇਂ,
ਜਿਵੇਂ ਘੁੱਗੂ-ਘੋੜੇ।
(ਮਲਕਾ-ਤਰੰਨਮ ਨੂਰ ਜਹਾਂ)
ਵਾਰਿਸ ਸ਼ਾਹ ਦੇ ਦਿਲ ਦੀ ਦੁਨੀਆ ਬਰਬਾਦ ਹੋ ਗਈ। ਇਸ਼ਕ ਦਾ ਮੇਲਾ ਭਰਨ ਤੋਂ ਪਹਿਲਾਂ ਹੀ ਉਜੜ ਗਿਆ। ਰਜ ਮੇਲ ਵੀ ਨਾ ਹੋਇਆ ਤੇ ਜੁਦਾਈਆਂ ਪੱਲੇ ਪੈ ਗਈਆਂ। ਵਾਰਿਸ ਸ਼ਾਹ ਡਾਵਾਂ-ਡੋਲ ਹੋ ਗਿਆ। ਵਾਰਿਸ ਸ਼ਾਹ ਤਾਂ ਮਸੀਤ ਦਾ ਮੌਲਵੀ ਸੀ। ਉਹ ਕੀ ਰੌਲਾ ਪਾਉਂਦਾ। ਕਿਹਨੂੰ ਦਿਲ ਦਾ ਹਾਲ ਸੁਣਾਉਂਦਾ ਕਿ ਮੈਂ ਮਿਲਣ ਤੋਂ ਪਹਿਲਾਂ ਹੀ ਵਿਛੜ ਗਿਆ ਹਾਂ। ਮੈਂ ਵੱਸਣ ਤੋਂ ਪਹਿਲਾਂ ਹੀ ਉਜੜ ਗਿਆਂ।
ਲੋਕਾਂ ਦੀਆਂ ਰੋਣ ਅੱਖੀਆਂ,
ਸਾਡਾ ਰੋਂਦਾ ਏ ਦਿਲ ਮਾਹੀਆ।
ਵਾਰਿਸ ਸ਼ਾਹ ਨੂੰ ਦੇ ਮਨ ਵਿਚ ਹਨੇਰਿਆਂ ਤੇ ਉਦਾਸੀਆਂ ਨੇ ਆਣ ਡੇਰੇ ਲਾਏ। ਭਾਗਭਰੀ ਤਾਂ ਮਰ ਗਈ ਤੇ ਵਾਰਿਸ ਸ਼ਾਹ ਜਿਊਂਦਾ ਹੀ ਮਰ ਗਿਆ। ਵਾਰਿਸ ਸ਼ਾਹ ਨੇ ਆਪਣੇ ਦਿਲ ਦੀ ਗਲ ਜ਼ੁਬਾਨ ‘ਤੇ ਲਿਆਉਣ ਦੀ ਬਜਾਏ ‘ਕਲਮ’ ਦੀ ਨੋਕ ‘ਤੇ ਲਿਆਂਦੀ ਤੇ ਇਸ ਗੱਲ ਨੂੰ ਕਾਗਜ਼ਾਂ ਉਤੇ ਹੰਝੂਆਂ ਦੇ ਮੋਤੀਆਂ ਵਾਂਗ ਖਿਲਾਰ ਦਿੱਤਾ। ਜਦ ਇਨ੍ਹਾਂ ਨੂੰ ਕਾਗਜ਼ਾਂ ‘ਤੇ ਚੁਣਿਆ ਗਿਆ ਤਾਂ ਹੀਰ ਬਣ ਗਈ। ਵਾਰਿਸ ਸ਼ਾਹ ਨੇ ਆਪਣੇ ਮਨ ਦੀਆਂ ਅੱਖਾਂ ਵਿਚ ਭਾਗਭਰੀ ਨੂੰ ਬਿਠਾ ਕੇ ਹੀਰ ਲਿਖੀ।
ਤਦੋਂ ਸ਼ੌਕ ਹੋਇਆ ਕਿੱਸਾ ਜੋੜਣੇ ਦਾ
ਜਦੋਂ ਇਸ਼ਕ ਦੀ ਗਲ ਇਜ਼ਹਾਰ ਹੋਈ।
-ਵਾਰਿਸ਼ ਸ਼ਾਹ
ਮਲਕਾ ਹਾਂਸ ਦੇ ਮੁਹੱਲੇ ਉੱਚਾ ਟਿੱਬਾ ਦੀ ਮਸੀਤ ਦੇ ਹੁਜਰੇ ‘ਚ ਬਹਿ ਕੇ ਤਿੰਨ ਸਾਲ ਜ਼ਿਹਨ ਅਤੇ ਦਿਲ-ਓ-ਜਾਨ ਦੀ ਮਿਹਨਤ ਨਾਲ ਵਾਰਿਸ ਸ਼ਾਹ ਨੇ ਇਹ ‘ਅਨਮੋਲ’ (ਸ਼ਾਹਕਾਰ) ਹੀਰ ਵਾਰਿਸ ਸ਼ਾਹ ਲਿਖੀ ਜਿਸ ਦਾ ਹਰ ਸ਼ਬਦ ਵਾਰਿਸ ਸ਼ਾਹ ਦੀ ਅੱਖ ਦਾ ਅੱਥਰੂ ਹੈ। ਮਲਕਾ ਹਾਂਸ ਵਿਚ ਹਾਂਸ ਅਤੇ ਬਲੋਚ ਕੌਮ ਰਹਿੰਦੀ ਸੀ ਅਤੇ ਰਹਿੰਦੀ ਹੈ। ਇਸ ਭਾਈਚਾਰੇ ਨੇ ਵਾਰਿਸ ਸ਼ਾਹ ਨੂੰ ਬਹੁਤ ਰੋਕਿਆ। ਪਰ ਵਾਰਿਸ ਸ਼ਾਹ ਦਾ ਦਿਲ ਉੱਖੜ ਚੁੱਕਿਆ ਸੀ। ਉਸ ਦੀ ਦੁਨੀਆ ਲੁੱਟੀ ਗਈ ਸੀ। ਯਾਰ ਗਵਾਇਆ, ਪਿਆਰ ਲੁਟਾਇਆ, ਫਿਰ ਸਮਝ ‘ਚ ਆਇਆ ਇਸ਼ਕ ਦੀਵਾਨਾ ਹੈ।
ਵਾਰਿਸ ਸ਼ਾਹ ਮਲਕਾ ਹਾਂਸ ਦੇ ਵਸਨੀਕਾਂ ਨੂੰ ਆਖਰੀ ਸਲਾਮ ਕਰਕੇ ਸ਼ਹਿਰ ਕਸੂਰ ਦੇ ਰਾਹੇ ਪੈ ਗਿਆ। ਉਸ ਕੋਲ ਸਾਰੀ ਹਯਾਤੀ ਦੀ ਕਮਾਈ ਹੀਰ ਵਾਰਿਸ ਸ਼ਾਹ ਦਾ ਖਰੜਾ ਹੀ ਸੀ। ਇਸ਼ਕ ਦੇ ਬਾਜ਼ਾਰ ਵਿਚੋਂ ਖਾਲੀ ਹੱਥ ਵਾਰਿਸ ਸ਼ਾਹ ਸ਼ਹਿਰ ਕਸੂਰ ਆਪਣੇ ਉਸਤਾਦ ਦੇ ਦਰ ‘ਤੇ ਜਾ ਖਲੋਤਾ।
ਬੂਹਾ ਖੜਕਾਇਆ, ਮਦਰੱਸੇ ਅੰਦਰ ਵਾਰਿਸ ਸ਼ਾਹ ਦੇ ਉਸਤਾਦ ਹਾਫਜ਼ ਗੁਲਾਮ ਮੁਰਤਜ਼ਾ ਅਤੇ ਉਹਦੇ ਸ਼ਾਗਿਰਦ ਆਰਾਮ ਕਰ ਰਹੇ ਸਨ। ਜੇਠ ਦੇ ਦਿਨ ਤੇ ਅੱਗ ਵਰ੍ਹਾਉਂਦਾ ਹੋਇਆ ਸੂਰਜ। ਇਕ ਸ਼ਾਗਿਰਦ ਨੇ ਬੂਹਾ ਖੋਲ੍ਹ ਬਾਹਰ ਝਾਤੀ ਮਾਰੀ ਤਾਂ ਸਾਹਮਣੇ ਵਾਰਿਸ ਸ਼ਾਹ ਖੜ੍ਹਾ ਸੀ। ਸ਼ਾਗਿਰਦ ਨੇ ਧੜ ਦੇਣੀ ਬੂਹਾ ਬੰਦ ਕਰ ਦਿੱਤਾ ਤੇ ਅੰਦਰ ਜਾ ਕੇ ਆਪਣੇ ਉਸਤਾਦ ਨੂੰ ਦੱਸਿਆ, ‘ਹਾਫਜ਼ ਸਾਹਿਬ ਬਾਹਰ ਵਾਰਿਸ ਆਇਆ ਖੜ੍ਹਾ ਹੈ। ਉਸਤਾਦ ਹੋਰੀਂ ਗੁੱਸੇ ਨਾਲ ਅੱਗ-ਬਗੂਲਾ ਹੋ ਗਏ ਤੇ ਆਪਣੇ ਸ਼ਾਗਿਰਦ ਨੂੰ ਹੁਕਮ ਦਿੱਤਾ ਕਿ ‘ਜਾਹ’ ਵਾਰਿਸ ਨੂੰ ਕਹਿ ਦੇ, ਇਥੋਂ ਦਫ਼ਾ ਹੋ ਜਾਏ ਮੈਨੂੰ ਅਜਿਹੇ ਸ਼ਾਗਿਰਦਾਂ ਦੀ ਲੋੜ ਨਹੀਂ। ਬੁੱਲ੍ਹੇ ਨੂੰ ਇਲਮ ਪੜ੍ਹਾਇਆ ਤਾਂ ਪੈਰੀਂ ਘੁੰਗਰੂ ਬੰਨ੍ਹ ਲਏ। ਇਸ ਨਾਲਾਇਕ ਨਾਫਰਮਾਨ ਅਤੇ ਅਵਾਰਾ ਨੂੰ ਇਲਮ ਸਿਖਾਇਆ ਤੇ ਇਹ ਹੀਰ ਫੜ ਕੇ ਬਹਿ ਗਿਆ।
ਸ਼ਾਗਿਰਦ ਨੇ ਬੂਹਾ ਖੋਲ੍ਹ ਕੇ ਵਾਰਿਸ ਨੂੰ ਕਿਹਾ, ‘ਵੀਰ ਵਾਰਸਾ’ ਇਥੋਂ ਚਲਾ ਜਾ। ਉਸਤਾਦ ਜੀ ਗੁੱਸੇ ਨਾਲ ਭਰੇ ਹੋਏ ਨੇ। ਇਹ ਕਹਿ ਕੇ ਬੂਹਾ ਢੋਹ ਦਿੱਤਾ। ਲੱਗਭੱਗ ਦੋ ਘੰਟੇ ਦਾ ਸਮਾਂ ਗੁਜ਼ਰਿਆ ਤਾਂ ਉਸਤਾਦ ਦੇ ਦਿਲ ਨੂੰ ਡੋਬ ਜਿਹਾ ਪਿਆ। ਫਿਰ ਆਪਣੇ ਸ਼ਾਗਿਰਦ ਨੂੰ ਹੁਕਮ ਦਿੱਤਾ। ਓਏ ਕਾਕਾ ਬਾਹਰ ਝਾਤੀ ਮਾਰ, ਵਾਰਿਸ ਚਲਾ ਗਿਆ ਕਿ ਨਹੀਂ। ਸ਼ਾਗਿਰਦ ਨੇ ਜਦ ਬੂਹਾ ਖੋਲ੍ਹਿਆ ਤਾਂ ਹੈਰਾਨ ਰਹਿ ਗਿਆ। ਵਾਰਿਸ ਸ਼ਾਹ ਮੁੜ੍ਹਕੇ ਨਾਲ ਸਿਰ ਤੋਂ ਪੈਰਾਂ ਤੱਕ ਭਿੱਜਾ ਖੜ੍ਹਾ ਸੀ। ਤਪਦੀ ਦੁਪਹਿਰ ਵਿਚ ਰੰਗ ਮਘੇ ਹੋਏ ਕੋਇਲੇ ਵਾਂਗੂ ਭਖ ਰਿਹਾ ਸੀ। ਸ਼ਾਗਿਰਦ ਨੇ ਮੁੜਵੇਂ ਪੈਰੀਂ ਉਸਤਾਦ ਸਾਹਿਬ ਨੂੰ ਜਾ ਦੱਸਿਆ। ਉਸਤਾਦ ਜੀ ‘ਵਾਰਿਸ ਬਾਹਰ ਹੀ ਖੜ੍ਹਾ ਹੈ’ ਤੇ ਸੜਦੀ ਗਰਮੀ ਵਿਚ ਮਰਨ ਕਿਨਾਰੇ ਪੁੱਜਾ ਹੋਇਆ ਏ।’
ਉਸਤਾਦ ਗੁਲਾਮ ਮੁਰਤਜ਼ਾ ਦਾ ਦਿਲ ਬਲਦੀ ਮੋਮ ਵਾਂਗ ਪਿਘਲ ਗਿਆ। ਦਿਲ ਵਿਚ ਰੂਹਾਨੀ ਬਾਪ ਦਾ ਪਿਆਰ ਜਾਗਿਆ। ਉਸਤਾਦ ਸਾਹਿਬ ਨੇ ਆਪਣੇ ਸ਼ਾਗਿਰਦ ਨੂੰ ਕਿਹਾ, ‘ਓਏ ਮੁੰਡਿਆ, ਜਾ ਬਾਹੋਂ ਫੜ ਕੇ ਉਸ ਨੂੰ ਅੰਦਰ ਲੈ ਆ।’
ਵਾਰਿਸ ਸ਼ਾਹ ਨੇ ਅੰਦਰ ਵੜਨ ਸਾਰ ਹੀ ਆਪਣਾ ਸਿਰ ਉਸਤਾਦ ਸਾਹਿਬ ਦੇ ਪੈਰੀਂ ਰੱਖ ਦਿੱਤਾ। ਆਪਣਾ ‘ਖਰੜਾ’ ਵੀ ਉਸਤਾਦ ਦੇ ਪੈਰਾਂ ਵਿਚ ਰੱਖ ਦਿੱਤਾ। ਵਾਰਿਸ ਸ਼ਾਹ ਦੀਆਂ ਅੱਖਾਂ ਰਾਵੀ ਤੇ ਝਨਾਂ ਬਣ ਗਈਆਂ। ਵਾਰਿਸ ਸ਼ਾਹ ਇਸ ਹਿਰਖ ਨਾਲ ਰੋਇਆ ਕਿ ਹੁਜਰੇ (ਕਮਰਾ) ਦੀਆਂ ਕੰਧਾਂ ਹਿੱਲ ਕੇ ਰਹਿ ਗਈਆਂ। ਖੁਦ ਉਸਤਾਦ ਸਾਹਿਬ ਦੀਆਂ ਅੱਖਾਂ ਵੀ ਭਿੱਜ ਗਈਆਂ।
ਵਾਰਿਸ ਸ਼ਾਹ ਨੇ ਹੱਥ ਜੋੜ ਉਸਤਾਦ ਸਾਹਿਬ ਨੂੰ ਬੇਨਤੀ ਕੀਤੀ। ਉਸਤਾਦ ਜੀ ਇਕ ਵਾਰੀ ਦੇਖ ਤਾਂ ਲਓ। ਪੜ੍ਹੋ ਤਾਂ ਸਹੀ, ਮੈਂ ਕੀ ਲਿਖਿਆ ਹੈ। ਦੇਖੋ ਤਾਂ ਸਹੀ ਤੁਹਾਡੇ ਸ਼ਾਗਿਰਦ ਦੇ ਦਿਲ ਨਾਲ ਕੀ-ਕੀ ਬੀਤੀ।
ਉਸਤਾਦ ਨੂੰ ਆਪਣੇ ਸ਼ਾਗਿਰਦ ‘ਤੇ ਤਰਸ ਆ ਗਿਆ। ਵਾਰਿਸ ਦੇ ਸਿਰ ਨੂੰ ਪਲੋਸਿਆ। ਵਾਰਸਾ ਤੂੰ  ਿਆਰਾਮ ਕਰ ਲੈ। ਮੈਂ ਰਾਤ ਨੂੰ ਵਿਹਲੇ ਸਮੇਂ ਇਸ ਖਰੜੇ ਨੂੰ ਪੜ੍ਹਾਂਗਾ।
ਰਾਤ ਦੇ ਪਹਿਲੇ ਪਹਿਰ ਉਸਤਾਦ ਦੀ ਅਮਾਮਤ (ਅਗਵਾਈ) ਹੇਠ ਸਾਰੇ ਸ਼ਾਗਿਰਦਾਂ ਇਸ਼ਾ ਦੀ ਨਮਾਜ਼ ਪੜ੍ਹੀ ਤੇ ਆਪਣੇ-ਆਪਣੇ ਹੁਜਰੇ (ਕਮਰੇ) ‘ਚ ਆਰਾਮ ਕਰਨ ਚਲੇ ਗਏ।
ਹੌਲੀ-ਹੌਲੀ ਗੁਜ਼ਰਦੀ ਰਾਤ ਨਾਲ ਹਾਫ਼ਜ਼ ਗੁਲਾਮ ਮੁਰਤਜ਼ਾ ਨੇ ਵਾਰਿਸ ਸ਼ਾਹ ਦੀ ਲਿਖੀ ਹੋਈ ਹੀਰ ਦਾ ਖਰੜਾ ਪੜ੍ਹਨਾ ਸ਼ੁਰੂ ਕਰ ਦਿੱਤਾ। ਜਿਵੇਂ-ਜਿਵੇਂ ਪੜ੍ਹਦੇ ਗਏ, ਦਿਲ ਦੀ ਦੁਨੀਆ ਬਦਲਦੀ ਗਈ। ਹੋਂਠ ਚੁੱਪ ਅਤੇ ਅੱਖਾਂ ਰੋਂਦੀਆਂ ਰਹੀਆਂ। ਰਾਤ ਦਾ ਪਿਛਲਾ ਪਹਿਰ ਆ ਗਿਆ। ਦਿਲ ਦੀ ਬੇਕਰਾਰੀ ਹੱਦੋਂ ਵਧ ਗਈ। ਤੜਫ ਕੇ ਉਠੇ ਤੇ ਸਿੱਧੇ ਵਾਰਿਸ ਸ਼ਾਹ ਦੇ ਹੁਜਰੇ ਅੰਦਰ ਚਲੇ ਗਏ।
ਵਾਰਿਸ ਸ਼ਾਹ ਨੂੰ ਉਠਾਇਆ ਤੇ ਗਲ ਨਾਲ ਲਾ ਕੇ ਰੱਜ ਕੇ ਰੋਏ, ‘ਓਏ ਵਾਰਸਾ, ਮੈਨੂੰ ਮੁਆਫ਼ ਕਰ ਦਈਂ। ਮੈਂ ਗ਼ਲਤ ਸਮਝਿਆ ਸਾਂ। ਓਏ ਤੂੰ ਇਹ ਕੀ ਲਿਖ ਦਿੱਤਾ। ਵਾਰਸਾ ਤੂੰ ਤੇ ਮੁੰਜ ਦੀ ਰੱਸੀ ਵਿਚ ਸੁੱਚੇ ਮੋਤੀ ਪਰੋ ਦਿੱਤੇ।
‘ਓਏ ਮੇਰਿਆ ਬੱਚਿਆ, ਜਦ ਤੱਕ ਵੀ ਪੰਜਾਬ ਦੀ ਇਸ ਧਰਤੀ ‘ਤੇ ਪੰਜਾਬੀ ਵਸਦੇ ਰਹੇ, ਤੇਰੀ ਲਿਖੀ ਹੋਈ ਹੀਰ ਨੂੰ ਕਦੀ ਨਾ ਵਸਾਰਨਗੇ।
ਵਾਰਿਸ ਸ਼ਾਹ ਕੁਝ ਦਿਨ ਆਪਣੇ ਉਸਤਾਦ ਸਾਹਿਬ ਕੋਲ ਰਹੇ ਤੇ ਫਿਰ ਇਜਾਜ਼ਤ ਲੈ ਕੇ ਆਪਣੇ ਜੱਦੀ ਪਿੰਡ ਜੰਡਿਆਲਾ ਸ਼ੇਰ ਖਾਂ ਆ ਗਏ।
ਆਮ ਖੋਜਕਾਰ ਲਿਖਦੇ ਹਨ ਕਿ ਵਾਰਿਸ ਸ਼ਾਹ ਨੇ ਵਿਆਹ ਕਰਵਾਇਆ ਸੀ ਤੇ ਉਸ ਦੀ ਇਕ ਬੇਟੀ ਵੀ ਸੀ ਪਰ ਨਵੀਂ ਖੋਜ ਇਹ ਹੈ ਕਿ ਵਾਰਿਸ ਸ਼ਾਹ ਨੇ ਵਿਆਹ ਹੀ ਨਹੀਂ ਕਰਵਾਇਆ ਸੀ। ਜਦ ਵਿਆਹ ਹੀ ਨਹੀਂ ਕਰਵਾਇਆ ਤਾਂ ਫਿਰ ਬਾਲ-ਬੱਚਾ ਕਿਥੋਂ?
ਮੁਹੱਬਤ ਜ਼ਿੰਦਗੀ ਦਾ ਦੂਜਾ ਨਾਂਅ ਹੈ। ਹੀਰ ਵਾਰਿਸ ਸ਼ਾਹ ਏਸੇ ਹੀ ਜ਼ਿੰਦਗੀ ਦਾ ਤੀਜਾ ਨਾਂਅ ਹੈ। ਮੁਹੱਬਤ ਜ਼ਿੰਦਗੀ ਹੈ। ਜ਼ਿੰਦਗੀ ਨੂਰ ਹੈ। ਨੂਰ ਖ਼ੁਦਾ ਹੈ। ਹੀਰ ਵਾਰਿਸ ਸ਼ਾਹ ਖ਼ੁਦਾ ਦੇ ਏਸੇ ਹੀ ਨੂਰ ਦੀ ਚਮਕ ਹੈ।
ਹੀਰ ਰੂਹ ਤੇ ਚਾਕ ਕਲਬੂਤ ਜਾਣੋਂ
ਬਾਲ ਨਾਥ ਇਹ ਪੀਰ ਬਣਾਇਆ ਈ।
ਦੁਨੀਆ ਜਾਣ ਐਵੇਂ ਜਿਵੇਂ ਝੰਗ ਪੇਕੇ
ਗੋਰ ਕਾਲੜਾ ਬਾਗ਼ ਬਣਾਇਆ ਈ।
ਤ੍ਰਿੰਝਨ ਇਹ ਬਦ ਅਮਲੀਆਂ
(ਪਾਪ) ਤੇਰੀਆਂ ਨੇ
ਕੱਢ ਕਬਰ ਥੀਂ ਦੋਜ਼ਖੇ ਪਾਇਆ ਈ।
ਵਾਰਿਸ ਸ਼ਾਹ ਨੇ ਆਪਣੀ ਕਿਤਾਬ ਹੀਰ ਵਾਰਿਸ ਸ਼ਾਹ ਦੀ ਸ਼ੁਰੂਆਤ ਵੀ ਇਸ਼ਕ ਤੋਂ ਕੀਤੀ ਤੇ ਇਸ ਨੂੰ ਤੋੜ ਵੀ ਇਸ਼ਕ ਨਾਲ ਚੜ੍ਹਾਇਆ।
ਵਾਰਿਸ ਸ਼ਾਹ ਦੇ ਕਲਾਮ (ਸ਼ਾਇਰੀ) ਵਿਚ ਸੋਜ਼ ਤੇ ਦਰਦ ਬਹੁਤ ਹੈ। ਹੀਰ ਵਾਰਿਸ ਸ਼ਾਹ ਵਿਚ ਪੰਜਾਬ ਦਾ ਸੱਭਿਆਚਾਰ ਤੇ ਪੰਜਾਬ ਦੀ ਖਾਲਸ ਪੇਂਡੂ ਰਹਿਤਲ ਝਲਕਦੀ ਹੈ। ਹੀਰ ਵਾਰਿਸ ਸ਼ਾਹ ਪੰਜਾਬ ਦੀ ਰੰਗ ਭਰੀ ਤਸਵੀਰ ਤੇ ਇਕ ਦਿਲ ਮੋਹ ਲੈਣ ਵਾਲਾ ਦ੍ਰਿਸ਼ ਹੈ। ਫੁੱਲਾਂ ਦਾ ਇਕ ਬਾਗ਼ ਜਿਸ ਵਿਚ ਹਰ ਰੰਗ ਦੇ ਫੁੱਲ ਅਤੇ ਇਨ੍ਹਾਂ ਫੁੱਲਾਂ ਦੀ ਮਸਤ ਕਰ ਦੇਣ ਵਾਲੀ ਖੁਸ਼ਬੂ ਇਨਸਾਨੀ ਰੂਹ ਨੂੰ ਮਸਤੀਆਂ ਵਿਚ ਡੁਬੋ ਦਿੰਦੀ ਹੈ।
ਹੀਰ ਰਾਂਝੇ ਦਾ ਕਿੱਸਾ ਦਮੋਦਰ ਨੇ ਲਿਖਿਆ, ‘ਅਹਿਮਦ ਕਵੀ, ਮੁਕਬਲ, ਹਾਮਦ ਸ਼ਾਹ, ਅਹਿਮਦ ਯਾਰ, ਸਯਦ ਫ਼ਜ਼ਲ ਸ਼ਾਹ, ਕਾਹਨ ਸਿੰਘ, ਕਿਸ਼ਨ ਸਿੰਘ ਆਰਫ਼, ਮੌਲਾ ਸ਼ਾਹ ਮਜੇਠਵੀ, ਲਾਹੌਰਾ ਸਿੰਘ, ਭਗਵਾਨ ਸਿੰਘ, ਮੁਹੰਮਦ ਦੀਨ ਸੋਖਤਾ ਅੰਮ੍ਰਿਤਸਰੀ, ਇਨ੍ਹਾਂ ਸਭ ਕਵੀਆਂ ਅਤੇ ਅਜਿਹੇ ਦਰਜਨਾਂ ਹੋਰ ਕਵੀਆਂ ਨੇ ਹੀਰ ਲਿਖੀ। ਪਰ ਹੀਰ ਰਾਂਝੇ ਦੀ ਹੀ ਰਹੀ। ਪਰ ਜਦ ਵਾਰਿਸ ਸ਼ਾਹ ਨੇ ਹੀਰ ਲਿਖੀ ਤਾਂ ਹੀਰ ਵਾਰਿਸ਼ ਸ਼ਾਹ ਹੋ ਗਈ। ਜਿਸ ਹੀਰ ਨੂੰ ਰਾਂਝੇ ਕੋਲੋਂ ਕੈਦੋਂ ਨਾ ਵੱਖ ਕਰ ਸਕਿਆ। ਖੇੜੇ ਜੁਦਾ ਨਾ ਕਰ ਸਕੇ, ਓਸੇ ਹੀਰ ਨੂੰ ਰਾਂਝੇ ਕੋਲੋਂ ਵਾਰਿਸ ਸ਼ਾਹ ਨੇ ਖੋਹ ਲਿਆ। ਹੀਰ ਰਾਂਝੇ ਤੋਂ ਹੀਰ ਵਾਰਿਸ ਸ਼ਾਹ ਹੋ ਗਈ
ਇਹ ਮੁਹੱਬਤ ਦੀ ਤਾਕਤ ਅਤੇ ਇਸ਼ਕ ਦਾ ਜਨੂੰਨ ਸੀ। ਹਿਜਰ ਅਤੇ ਜੁਦਾਈਆਂ ਦਾ ਦਰਦ, ਦਿਲ ਵਿਚ ਲਾਟਾਂ ਮਾਰਦੀ ਇਸ਼ਕ ਦੀ ਭੜਕਦੀ ਅੱਗ। ਸੱਚੇ-ਸੁੱਚੇ ਚੜ੍ਹਦੇ ਝਨਾਂ ਵਾਂਗ ਛੱਲਾਂ ਮਾਰਦੇ ਜਜ਼ਬਾਤ। ਦਰਦਾਂ ਅਤੇ ਮੁਹੱਬਤਾਂ ਦੇ ਇਸ ਹੜ੍ਹ ਨੇ ਹੀਰ ਨੂੰ ਜਿੱਤ ਲਿਆ। ਭਾਗਭਰੀ ਮਰ ਕੇ ਵੀ ਨਾ ਮਰੀ ਤੇ ਵਾਰਿਸ ਸ਼ਾਹ ਦੀ ਜਾਨ ਹੋ ਗਈ। ਉਹ ਵਾਰਿਸ ਸ਼ਾਹ ਜੋ ਜਿਊਂਦਾ ਹੈ ਤੇ ਜਿਊਂਦਾ ਰਹੇਗਾ। ਪੰਜਾਬੀਆਂ ਦੇ ਦਿਲਾਂ ਵਿਚ ਪੰਜਾਬ ਦੀਆਂ ਪਿਆਰ ਭਰੀਆਂ ਹਵਾਵਾਂ ਦੇ ਫ਼ਿਜ਼ਾਵਾਂ ਵਿਚ, ਭਾਵੇਂ ਪੰਜਾਬ ਚੜ੍ਹਦਾ ਹੋਵੇ ਜਾਂ ਲਹਿੰਦਾ। ਹੈ ਪੰਜਾਬ ਹੀ ਅਤੇ ਪੰਜਾਬ ਹੀ ਰਹੇਗਾ।
ਲਹਿੰਦੇ ਪੰਜਾਬ ਦੀ ਕਿਸੇ ਵੀ ਦੁਕਾਨ (ਹੱਟੀ) ਤੋਂ ਹੀਰ-ਰਾਂਝਾ ਦੀ ਕਿਤਾਬ ਮੰਗੋ, ਕਿਤਿਉਂ ਨਹੀਂ ਮਿਲਣੀ। ਹਰ ਦੁਕਾਨਦਾਰ ਕਹੇਗਾ ਮੇਰੇ ਕੋਲ ਹੀਰ-ਰਾਂਝਾ ਨਹੀਂ ਹੀਰ ਵਾਰਿਸ ਸ਼ਾਹ ਹੈ।
200 ਸਾਲ ਤੋਂ ਵੱਧ ਸਮਾਂ ਗੁਜ਼ਰਨ ਦੇ ਬਾਵਜੂਦ ਅੱਜ ਵੀ ਹੀਰ ਵਾਰਿਸ ਸ਼ਾਹ ਤਾਜ਼ਾ ਫੁੱਲ-ਕਲੀਆਂ ਵਾਂਗ ਮਹਿਕ ਰਹੀ ਹੈ। ਜਦ ਤੱਕ ਪੰਜਾਬ, ਪੰਜਾਬੀ ਤੇ ਪੰਜਾਬੀਅਤ ਕਾਇਮ ਹੈ, ਇਹ ਪਿਆਰ ਮੁਹੱਬਤਾਂ ਦੇ ਫੁੱਲ, ਕਲੀਆਂ ਇੰਜ ਹੀ ਮਹਿਕਦੇ ਰਹਿਣਗੇ। ਵਾਰਿਸ ਸ਼ਾਹ ਨੇ ਆਪਣੀ ਉਮਰ ਦਾ ਆਖਰੀ ਹਿੱਸਾ ਆਪਣੇ ਜੱਦੀ ਪਿੰਡ ਜੰਡਿਆਲਾ ਸ਼ੇਰ ਖਾਂ ਵਿਚ ਹੀ ਗੁਜ਼ਾਰਿਆ ਸੀ। ਉਹ ਬੋਹੜ ਅੱਜ ਵੀ ਮੌਜੂਦ ਹੈ, ਜਿਸ ਥੱਲੇ ਬਹਿ ਕੇ ਵਾਰਿਸ ਸ਼ਾਹ ਆਪਣੇ ਦੋਸਤਾਂ, ਸੰਗੀਆਂ ਨੂੰ ਹੀਰ ਵਾਰਿਸ ਸ਼ਾਹ ਸੁਣਾਉਣ ਦੇ ਬਹਾਨੇ ‘ਭਾਗਭਰੀ’ ਨੂੰ ਯਾਦ ਕਰਦਾ ਸੀ। ਆਪ ਵੀ ਰੋਂਦਾ ਸੀ ਅਤੇ ਆਪਣੇ ਸਾਥੀਆਂ ਨੂੰ ਵੀ ਰੁਵਾਉਂਦਾ ਸੀ। ਬੋਹੜ ‘ਤੇ ਬੈਠੇ ਤੋਤੇ-ਚਿੜੀਆਂ, ਕੋਇਲਾਂ ਅਤੇ ਘੁੱਗੀਆਂ ਵੀ ਮਸਤ ਹੋ-ਹੋ ਜਾਂਦੀਆਂ ਸਨ।
ਵਾਰਿਸ ਸ਼ਾਹ ਆਪਣੇ ਜੱਦੀ ਪਿੰਡ ਜੰਡਿਆਲਾ ਸ਼ੇਰ ਖਾਂ ‘ਚ ਹੀ ਸੰਨ 1790 ਵਿਚ ਮੁਹੱਬਤ ਦੇ ਜ਼ਖ਼ਮ ਅਤੇ ਹਿਜਰ ਦੇ ਦਰਦ ਰੂਹ ‘ਚ ਵਸਾਈ ਰੱਬ ਦੇ ਹਜ਼ੂਰ ਜਾ ਪੇਸ਼ ਹੋਏ।
ਕਈ ਬੋਲ ਗਏ ਸ਼ਾਖ਼ ਉਮਰ ਦੀ ‘ਤੇ
ਏਥੇ ਆਲ੍ਹਣਾ ਕਿਸੇ ਨਾ ਪਾਇਆ ਈ।
ਕੋਈ ਹੁਕਮ ਤੇ ਜ਼ੁਲਮ ਕਮਾ ਚਲੇ
ਨਾਲ ਕਿਸੇ ਨਾ ਸਾਥ ਨਿਭਾਇਆ ਈ।
ਜੰਡਿਆਲਾ ਸ਼ੇਰ ਖਾਂ ‘ਚ ਵਾਰਿਸ ਸ਼ਾਹ ਦਾ ਬਹੁਤ ਖੂਬਸੂਰਤ ਮਜ਼ਾਰ ਬਣਾਇਆ ਗਿਆ ਹੈ। ਪੀਪਲਜ਼ ਪਾਰਟੀ ਦੇ ਪ੍ਰਧਾਨ ਅਤੇ ਪਾਕਿਸਤਾਨ ਦੇ ਸਾਬਕ ਪ੍ਰਧਾਨ ਮੰਤਰੀ ਜ਼ੁਲਫ਼ਕਾਰ ਅਲੀ ਭੁੱਟੋ ਦੇ ਹੁਕਮ ਉਤੇ ਮੁੱਖ ਮੰਤਰੀ ਪੰਜਾਬ ਹਨੀਫ਼ ਰਾਮੇ ਨੇ ਇਹ ਮਜ਼ਾਰ ਬਣਵਾਇਆ ਸੀ। ਮਜ਼ਾਰ ਦੇ ਆਲੇ-ਦੁਆਲੇ ਯੋਜਨਾ ਬਣਾ ਕੇ ਬੜਾ ਵਧੀਆ ਬਾਗ਼-ਬਗੀਚਾ ਬਣਵਾਇਆ ਗਿਆ ਹੈ।
ਵਾਰਿਸ ਸ਼ਾਹ ਦੇ ਮਜ਼ਾਰ ‘ਤੇ ਮੇਲਾ ਪੰਜਾਬ ਸਰਕਾਰ ਦੀ ਨਿਗਰਾਨੀ ਹੇਠ ਲਗਦਾ ਹੈ। 23, 24 ਅਤੇ 25 ਜੁਲਾਈ ਅਤੇ ਸਾਉਣ ਦੀ 8, 9 ਅਤੇ 10 ਨੂੰ ਇਹ ਮੇਲਾ ਮੇਲੀਆਂ ਨਾਲ ਭਰਦਾ ਹੈ। ਇਹ ਮੇਲਾ ਦੇਖਣ ਕੇਵਲ ਪੂਰੇ ਪੰਜਾਬ ਤੋਂ ਹੀ ਨਹੀਂ ਬਲਕਿ ਪਾਕਿਸਤਾਨ ਅਤੇ ਪਾਕਿਸਤਾਨ ਤੋਂ ਬਾਹਰ ਦੇ ਪੰਜਾਬੀ ਤੇ ਗ਼ੈਰ-ਪੰਜਾਬੀ (ਗੋਰੇ) ਵੀ ਇਸ ਮੇਲੇ ਦੀ ਰੌਣਕ ਨੂੰ ਚਾਰ ਚੰਨ ਲਾਉਂਦੇ ਹਨ।
ਇਸ ਮੇਲੇ ‘ਤੇ ਹੀਰ ਵਾਰਿਸ ਸ਼ਾਹ ਪੜ੍ਹਨ ਦਾ ਵੀ ਮੁਕਾਬਲਾ ਹੁੰਦਾ ਹੈ, ਜੋ ਰਾਤ 9 ਵਜੇ ਤੋਂ ਲੈ ਕੇ ਸਵੇਰ ਦੇ 2 ਵਜੇ ਤੱਕ ਚਲਦਾ ਰਹਿੰਦਾ ਹੈ। ਹਜ਼ਾਰਾਂ ਦੀ ਗਿਣਤੀ ‘ਚ ਪੰਜਾਬੀ ਇਕੱਠੇ ਹੋ ਕੇ ਹੀਰ ਵਾਰਿਸ ਸ਼ਾਹ ਪੜ੍ਹਨ ਦੇ ਇਸ ਮੁਕਾਬਲੇ ਨੂੰ ਦੇਖਦੇ ਹਨ ਤੇ ਮਸਤ ਗਾਇਕੀ ਨਾਲ ਆਪਣੇ ਕੰਨਾਂ ‘ਚ ਰਸ ਘੋਲਦੇ ਹਨ।