ਹਿੰਦੂਵਾਦ ਦੀ ਅਜੋਕੀ ਹਨੇਰਗਰਦੀ ‘ਚੋਂ ਬਚਣ ਦਾ ਰਾਹ

ਹਿੰਦੂਵਾਦ ਦੀ ਅਜੋਕੀ ਹਨੇਰਗਰਦੀ ‘ਚੋਂ ਬਚਣ ਦਾ ਰਾਹ

ਗੁਰਤੇਜ ਸਿੰਘ
ਹਿੰਦੂ ਧਰਮ ਦੇ ਸੰਦਰਭ ਵਿੱਚ ਮਨੁੱਖਾ ਜੀਵਨ-ਮਨੋਰਥ ਨੂੰ ਸਮਝਣ ਲਈ ਸਭ ਤੋਂ ਪਹਿਲਾਂ ਇਤਿਹਾਸ, ਆਸਥਾ, ਅਕੀਦੇ, ਸੱਚਾਈ, ਮਿੱਥ, ਸਮਾਜ ਦੀਆਂ ਆਰਥਕ, ਸਮਾਜਕ ਅਤੇ ਭਵਿੱਖ ਦੇ ਸੁਪਨਿਆਂ ਦੀਆਂ ਕਈ ਗੁੰਝਲਾਂ ਨੂੰ ਸੁਲਝਾਉਣਾ ਪੈਂਦਾ ਹੈ। ਇਹ ਬਹੁਤ ਜ਼ੋਖ਼ਮ ਭਰਿਆ ਕੰਮ ਹੈ ਅਤੇ ਕਈ ਵੱਡੇ-ਵੱਡੇ ਧਰਮ-ਸ਼ਾਸਤ੍ਰੀ, ਸਮਾਜ-ਵਿਗਿਆਨੀ, ਇਤਿਹਾਸਕਾਰ, ਸਾਹਿਤਕਾਰ ਲੱਖ ਸੁਹਿਰਦ ਯਤਨ ਕਰ ਕੇ ਵੀ ਸੁਲਝਾ ਨਹੀਂ ਸਕੇ। ਏਸ ਕਾਰਣ ਅਜੋਕੇ ਹਿੰਦੂਵਾਦ ਨੂੰ ਸਮਝਣ ਲਈ ਪੁਰਾਤਨ ਦੇ ਪ੍ਰਮੁੱਖ ਗੁਣਾਂ, ਸੰਕੇਤਾਂ ਵਿੱਚੋਂ ਦੀ ਜਾਂਦੀ ਪਗਡੰਡੀ ਉੱਤੇ ਹੀ ਅੱਖਾਂ ਖੋਲ੍ਹ ਕੇ ਚੱਲਣਾ ਪਵੇਗਾ। ਵੈਸੇ ਵੀ ਸੰਨ 1947 ਤੋਂ ਬਾਅਦ ਪ੍ਰਗਟੇ ਹਿੰਦੂਵਾਦ ਦੀ ਮਾਲਾ ਦੇ ਬਹੁਤੇ ਮਣਕੇ ਹਰ ਸ਼ਿਵ-ਮੰਦਰ ਵਾਂਗ ‘ਪ੍ਰਾਚੀਨ’ ਹੀ ਹਨ।
ਹਜ਼ਾਰ ਸਾਲ ਪਹਿਲਾਂ ਇਬਨ ਬਤੂਤਾ ਦੱਸਦਾ ਹੈ ਕਿ ਹਿੰਦੂ ਆਪਣੇ ਧਰਮ, ਸਮਾਜ, ਪਹੁੰਚ, ਵਤੀਰੇ, ਪ੍ਰਾਪਤੀਆਂ ਪ੍ਰਤੀ ਬਹਿਸ ਆਪਣੇ-ਆਪ ਨੂੰ ਸਰਬੋਤਮ ਮੰਨ ਕੇ ਹੀ ਸ਼ੁਰੂ ਕਰਦੇ ਸਨ। ਇਹੋ ਪ੍ਰਭਾਵ ਇੱਕ ਸਦੀ ਪਹਿਲਾਂ ਆਇਆ ਹਕਸਲੇ ਵੀ ਦਿੰਦਾ ਹੈ। ਖ਼ਾਸ ਤੌਰ ਉੱਤੇ ਈਸਾਈ ਮੱਤ ਦੇ ਮੁਕਾਬਲੇ ਵਿੱਚ ਹਿੰਦੂ ਧਰਮ ਆਪਣੀ ਪ੍ਰਮਾਣਕਤਾ ਦੇ ਆਧਾਰ ਲਈ ਇਤਿਹਾਸਕ ਘਟਨਾਵਾਂ ਉੱਤੇ ਨਿਰਭਰ ਨਹੀਂ। ਅੰਜੀਲ ਦੇ ਹੀ ਬੋਲ ਹਨ ਕਿ ਜੇ ਈਸਾ ਕੁਆਰੀ ਮਾਂ ਤੋਂ ਪੈਦਾ ਨਹੀਂ ਹੋਇਆ; ਜੇ ਉਹ ਮਰ ਕੇ ਜਿਊਂ ਨਹੀਂ ਉੱਠਿਆ ਅਤੇ ਜੇ ਉਹ ਸਣਦੇਹ ਸਵਰਗ ਨੂੰ ਨਹੀਂ ਗਿਆ ਤਾਂ ਸਾਡੀ ਆਸਥਾ ਨਿਰਾਰਥਕ ਹੈ। ਮੁਕਾਬਲੇ ਵਿੱਚ ਹਿੰਦੂ ਧਰਮ ਮਿੱਥ (ਕਲਪਨਾਵਾਂ) ਆਧਾਰਤ ਹੈ। ਛੋਟੇ-ਵੱਡੇ ਕਈ ਮਿੱਥ ਮਿਲ ਕੇ ਹਿੰਦੂ ਧਰਮ ਦੇ ਸਰੂਪ ਦੀ ਰੂਪ ਰੇਖਾ ਦੀ ਸੋਝੀ ਦਿੰਦੇ ਹਨ ਜਿਨ੍ਹਾਂ ਨੂੰ ਇੰਨ-ਬਿੰਨ ਪ੍ਰਵਾਨ ਕਰਨ ਨਾਲ ਹੀ ਸੰਵਾਦ ਰਚਿਆ ਜਾ ਸਕਦਾ ਹੈ।
ਅੱਜ ਸੁਬਰਾਮਨੀਅਮ ਸਵਾਮੀ ਆਖਦਾ ਹੈ ਕਿ ਇਹ ਮਿੱਥ, ਕਾਲਪਨਿਕ ਉਡਾਰੀਆਂ ਅਤੇ ਬੌਧਿਕ ਉਚਾਈਆਂ ਹੀ ਹਿੰਦੂ ਧਰਮ ਦੇ ਇਸਲਾਮ ਦੇ ਮੁਕਾਬਲੇ ਵਿੱਚ ਸਾਬਤ ਟਿਕ ਸਕਣ ਦੀਆਂ ਜਾਮਨ ਹਨ। ਇਹ ਆਖਣ ਲਈ ਓਸ ਨੂੰ ਹਿੰਦ ਵਿੱਚ ਮੁਸਲਮਾਨਾਂ ਦੀ ਸਭ ਤੋਂ ਵੱਡੀ ਗਿਣਤੀ, ਏਸ ਵਿੱਚੋਂ ਪੈਦਾ ਹੋਏ ਦੋ ਇਸਲਾਮਕ ਅਤੇ ਕਈ ਬੋਧੀ ਮੁਲਕਾਂ ਨੂੰ ਅੱਖੋਂ ਪਰੋਖੇ ਕਰਨਾ ਪੈਂਦਾ ਹੈ। ਇਉਂ ਉਹ ਇੱਕ ਨਵਾਂ ਹਿੰਦੂ ਮਿੱਥ ਘੜਦਾ ਹੋਇਆ ਹਿੰਦੂ ਕਮਜ਼ੋਰੀਆਂ ਦੀ ਪਰਦਾਪੋਸ਼ੀ ਕਰਦਾ ਹੈ। ਉਹ ਮਹਾਂ ਮੁਨੀ ਦੇ ਧਰਮ ਦੇ ਏਥੋਂ ਅਲੋਪ ਹੋ ਜਾਣ ਨੂੰ ਵੀ ਅਹਿਮੀਅਤ ਨਹੀਂ ਦਿੰਦਾ। ਆਖ਼ਰ ਕੋਈ ਕਾਰਣ ਤਾਂ ਸੀ ਜਿਸ ਦੀ ਬਦੌਲਤ ਏਥੋਂ ਦਾ ਸਾਰਾ ਇਤਿਹਾਸ ਜੰਗੀ ਹਾਰਾਂ ਦਾ ਹੀ ਇਤਿਹਾਸ ਹੈ। ਵਾਸਕੋ ਡਾ ਗਾਮਾ ਅਤੇ ਮੁਹੰਮਦ ਬਿਨ ਕਾਸਮ ਵਰਗੇ ਲੁਟੇਰੇ ਏਥੇ ਦੋ-ਦੋ ਸਮੁੰਦਰੀ ਜਹਾਜ਼ਾਂ ਦੇ ਬੇੜੇ ਲੈ ਕੇ ਆਏ ਅਤੇ ਅੱਖ ਦੇ ਫੋਰ ਵਿੱਚ ਹੀ ਮੁਲਕ ਦੇ ਰਾਜੇ ਬਣ ਬੈਠੇ। ਸਭ ਤੋਂ ਵਸੀਹ ਸਮੁੰਦਰੀ ਤੱਟ ਹੁੰਦਿਆਂ ਵੀ ਅਸੀਂ ਚਿੜੀ ਦੇ ਪੰਜੇ ਜਿੰਨੇ ਮੁਲਕਾਂ ਦੇ ਗ਼ੁਲਾਮ ਹੋ ਗਏ। ਆਖ਼ਰ ਸਭ ਨੂੰ ਪਛਾੜ ਕੇ ਬਰਤਾਨੀਆ ਨੇ ਏਥੇ ਕੇਵਲ 57 ਜਾਨਾਂ ਦਾ ਨੁਕਸਾਨ ਕਰ, ਕਰਵਾ ਕੇ ਸਾਰੀ ਹਿੰਦ ਉੱਤੇ ਦੋ ਸਦੀਆਂ ਲਈ ਕਬਜ਼ਾ ਕਰ ਲਿਆ।
ਜ਼ਰੂਰ ਕੁਝ ਅੰਦਰੂਨੀ ਅਤੇ ਬਹਿਰੂਨੀ ਕਮਜ਼ੋਰੀਆਂ ਸਨ।
ਹਿੰਦੂ ਸਮਾਜ ਦੇ ਵੱਡੀ ਤੋਂ ਵੱਡੀ ਮੁਸੀਬਤ ਸਮੇਂ ਵੀ ਇੱਕ ਹੋ ਕੇ ਟਾਕਰਾ ਨਾ ਕਰ ਸਕਣ ਦੀ ਕਮਜ਼ੋਰੀ ਦੇ ਪ੍ਰਮਾਣ ਇਸ ਦੇ ਇਤਿਹਾਸ ਜਿੰਨੇ ਹੀ ਪੁਰਾਣੇ ਹਨ। ਇਬਨ ਬਤੂਤਾ ਦੱਸਦਾ ਹੈ ਕਿ ਇੱਕ ਖੇਤ ਵਿੱਚ ਗਹਿਗੱਚ ਲੜਾਈ ਹੋ ਰਹੀ ਹੁੰਦੀ ਸੀ ਤੇ ਨਾਲ ਦੇ ਖੇਤਾਂ ਵਿੱਚ ਕਿਸਾਨ ਬੜੇ ਬੇਫ਼ਿਕਰ ਹੋ ਕੇ ਹਲ਼ ਵਾਹੁੰਦੇ ਰਹਿੰਦੇ ਸਨ। ਏਸ ਕਮਜ਼ੋਰੀ ਦਾ ਇਲਾਜ ਅੱਜ ਤੱਕ ਵੀ ਹਿੰਦੂ ਸਮਾਜ ਲੱਭ ਨਹੀਂ ਸਕਿਆ। ਅੱਜ ਵੀ ਮਰਾਠੀ ਲੋਕ ਅਸਾਮ ਵਿੱਚ ਬੇਗਾਨੇ ਹਨ ਅਤੇ ਉਹਨਾਂ ਦਾ ਨਿਰਦਈ ਕਤਲ ਕਰਨ ਲਈ ਭੀੜਾਂ ਜੁਟ ਸਕਦੀਆਂ ਹਨ। ਪੰਜਾਬੀ ਦਾ, ਹੈਦਰਾਬਾਦੀ ਦਾ ਇਹੀ ਹਸ਼ਰ ਕਰਨਾਟਕਾ ਵਿੱਚ ਹੋ ਸਕਦਾ ਹੈ।
ਗੁਰੂ ਨੇ ਏਕੇ ਦੇ ਸਿਧਾਂਤ ਤੋਂ ਇਲਾਵਾ ਅਨੇਕਾਂ ਐਸੇ ਪੱਕੇ-ਪੀਢੇ ਗੁਰ ਦੱਸੇ ਜਿਨ੍ਹਾਂ ਰਾਹੀਂ ਉਹਨਾਂ ਦੇ ਪ੍ਰਭਾਵ ਹੇਠਲਾ ਸਮਾਜ ਇੱਕਜੁੱਟ ਹੋ ਕੇ ਫ਼ੌਲਾਦ ਬਣ ਸਕਦਾ ਸੀ। ਗੁਰੂ ਦੀ ਕਰਨੀ, ਸਿੱਖੀ ਦੇ ਗੁਣ, ਨਾਸ਼ ਦਾ ਸਿਧਾਂਤ, ਖੰਡੇ-ਬਾਟੇ ਦਾ ਅੰਮ੍ਰਿਤ, ਗੁਰਭਾਈ ਦਾ ਸੰਕਲਪ, ਲੰਗਰ ਦੀ ਪ੍ਰਥਾ, ਸੰਗਤ ਦਾ ਅਮਲ ਇਹਨਾਂ ਵਿੱਚੋਂ ਕੁਝ ਹਨ। ਅਜਿਹੀ ਸਿੱਖਿਆ ਵਿੱਚੋਂ ਹੀ ਨਿਕਲਦਾ ਹੈ ‘ਸੁਨੈਹਰੀਏ ਭਾਈ’ ਦਾ ਵਿਚਾਰ ਜਿਸ ਅਧੀਨ ਇੱਕੋ ਬਾਟੇ ਵਿੱਚ ਲੰਗਰ ਛਕਣ ਵਾਲੇ ਜੰਗੀ ਸਿੰਘ ਜੰਗ ਦੇ ਦੌਰਾਨ ਭਰਾਵਾਂ ਵਾਂਗ ਆਪਸੀ ਪਿਆਰ ਦਾ ਪ੍ਰਗਟਾਵਾ ਕਰਦੇ ਸਨ। ਉਹਨਾਂ ਵਿੱਚ ਇਕੱਠੇ ਸ਼ਹੀਦ ਹੋਣ ਦੇ ਕੌਲ-ਇਕਰਾਰ ਵੀ ਹੁੰਦੇ ਸਨ ਜਿਵੇਂ ਭਾਈ ਤਾਰੂ ਸਿੰਘ ਅਤੇ ਭਾਈ ਮਤਾਬ ਸਿੰਘ ਵਿੱਚ ਹੋਏ ਸਨ। ਏਸੇ ਲਈ ਚਮਕੌਰ ਦੀ, ਸਾਰਾਗੜ੍ਹੀ ਦੀ, ਆਸਲ ਉਤਾੜ, ਜਲਾਲਾਬਾਦ ਅਤੇ ਅਕਾਲ ਤਖ਼ਤ ਦੀਆਂ ਅਸਾਵੀਆਂ ਜੰਗਾਂ ਸੰਭਵ ਹੋ ਸਕੀਆਂ।
ਭਾਈ ਲਾਲੋ ਦੀ ਕੁੱਲੀ ਵਿੱਚ ਬੈਠੇ ਸੱਚੇ ਪਾਤਸ਼ਾਹ ਗੁਰੂ ਨਾਨਕ ਨੇ ਸਭ ਤੋਂ ਪਹਿਲਾਂ ਜੰਗੀ ਮੁਲਾਂਕਣ ਦੀ ਪਿਰਤ ਪਾਈ। ਉਹਨਾਂ ਦੱਸਿਆ ਕਿ ਬਰੂਦ ਅਤੇ ਘੋੜਿਆਂ ਦੀ ਵਰਤੋਂ ਕਰਨ ਵਾਲੇ ਬਾਬਰ ਨੇ ਹਿੰਦ ਦੇ ਰਿਵਾਜ ਅਨੁਸਾਰ ਹਾਥੀਆਂ ਨੂੰ ਕਿਲ੍ਹੇ ਸਮਝਣ ਵਾਲਿਆਂ ਤੋਂ ਜੰਗ ਜਿੱਤ ਲਿਆ। ਤਲੀਕੋਟਾ ਦੀ ਜੰਗ, ਜਿਸ ਰਾਹੀਂ ਇਸਲਾਮਕ ਰਾਜਿਆਂ ਦਾ ਮੁਕੰਮਲ ਹਿੰਦ ਉੱਤੇ ਕਬਜ਼ਾ ਹੋ ਗਿਆ ਸੀ, ਤੋਂ ਤੁਰੰਤ ਬਾਅਦ ਸਮਕਾਲੀ ਪੰਜਵੇਂ ਨਾਨਕ ਨੇ ਫ਼ੇਰ ਹਾਥੀ ਅਤੇ ਘੋੜੇ ਦੇ ਫ਼ਰਕ ਨੂੰ ਸਮਝਾਇਆ ਅਤੇ ਭਾਈ ਗੁਰਦਾਸ ਵਰਗੇ ਪ੍ਰਚਾਰਕਾਂ ਨੂੰ ਵੀ ਅਰਬੀ ਘੋੜੇ ਖਰੀਦਣ ਲਈ ਦੂਜੇ ਖਿੱਤਿਆਂ ਵਿੱਚ ਭੇਜਿਆ। ਸਦੀਆਂ ਤੋਂ ਬੇਖ਼ੌਫ਼ ਆਉਂਦੇ ਧਾੜਵੀਆਂ ਨੂੰ ਜਦੋਂ ਠੱਲ੍ਹ ਪਾਈ ਤਾਂ ਘੋੜ ਚੜ੍ਹੇ ਸਿੰਘ, ਜਿਸ ਨੂੰ ਰਤਨ ਸਿੰਘ ਭੰਗੂ ‘ਸਿੰਘੋੜਾ’ ਕਹਿੰਦਾ ਹੈ, ਨੇ ਹੀ ਪਾਈ।
ਏਨਾਂ ਹੀ ਸਾਰਥਕ ਦੂਜਾ ਸੁਨੇਹਾ ਸੱਚੇ ਸਾਹਿਬ ਨੇ ਲਾਲੋ ਤਖਾਣ ਦਾ ਕੋਧਰਾ ਖਾ ਕੇ, ਭਾਈ ਮਰਦਾਨੇ ਡੂਮ ਦੀ ਰਬਾਬ ਦੀਆਂ ਸੁਰਾਂ ਉੱਤੇ “ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ£ ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ£” ਦਾ ਕੀਰਤਨ ਕਰ ਕੇ ਦਿੱਤਾ ਸੀ। ਇਹ ਸੁਨੇਹਾ ਬਾਕੀ ਨੌਂ ਜਾਮਿਆਂ ਵਿੱਚ ਵੀ ਹਜ਼ੂਰ ਦੀ ਪੱਕੀ ਪਛਾਣ ਬਣਿਆ ਰਿਹਾ। ਭਗਵਾਨ ਪਰਸ਼ੂਰਾਮ ਦੁਆਰਾ ਲੜਾਕੂ ਕਸ਼ੱਤਰੀ ਕੁਲ ਦਾ ਨਾਸ਼ ਕਰਨ ਦੇ ਨਤੀਜਿਆਂ ਤੋਂ ਭਲੀਭਾਂਤ ਵਾਕਫ਼ ਸੱਚੇ ਸਾਹਿਬ ਨੇ ਮਨੁੱਖੀ ਮਨ ਵਿੱਚ ਸੁੱਤੇ ਸਾਊ ਅਤੇ ਜੁਝਾਰੂ ਜਜ਼ਬਿਆਂ ਨੂੰ ਸਦੀਆਂ ਬਾਅਦ ਅੰਮ੍ਰਿਤ ਦੀ ਸੰਜੀਵਨੀ ਦੇ ਚੁਲੇ ਬਖ਼ਸ਼ ਕੇ ਸੁਰਜੀਤ ਕੀਤਾ ਅਤੇ ਨਵੇਂ ਸਮਿਆਂ ਦੀ ਰਣਭੇਰੀ ਵਜਾਉਂਦਿਆਂ ਨਵੇਂ ਆਲਮੀ ਮਨੁੱਖ ਨੂੰ ਮੌਤ ਦੇ ਭੈ ਤੋਂ ਸਦਾ ਲਈ “ਨਿਰਭਉ ਨਿਰਵੈਰੁ” ਵਾਂਗ ਮੁਕਤ ਕਰਦਿਆਂ “ਜਉ ਤਉ ਪ੍ਰੇਮ ਖੇਲਣ ਕਾ ਚਾਉ£ ਸਿਰੁ ਧਰਿ ਤਲੀ ਗਲੀ ਮੇਰੀ ਆਉ£” ਦਾ ਰਾਗ ਅਲਾਪਿਆ। ਅਗਲੇ ਨੌਂ ਜਾਮਿਆਂ ਵਿੱਚ ਨਾਨਕ ਨੇ ਹਿੰਦ ਦੇ ਖੁਸ਼ਕ ਮਾਰੂਥਲ ਵਿੱਚ ਇਹਨਾਂ “ਅਕਾਲ ਮੂਰਤਿ” ਯੋਧਿਆਂ, ਸੰਤ-ਸਿਪਾਹੀਆਂ ਦੀ ਕਦੇ ਨਾ ਮੁੱਕਣ ਵਾਲੀ, ਮਾਨਵੀ ਕਦਰਾਂ-ਕੀਮਤਾਂ ਉੱਤੇ ਡਟ ਕੇ ਪਹਿਰਾ ਦਿੰਦੀ ਫ਼ੌਜ ਖੜ੍ਹੀ ਕੀਤੀ ਅਤੇ ਚਾਰ-ਚੁਫ਼ੇਰੇ ‘ਸਤਿਜੁਗ ਵਰਤਾਉਣ’ ਦੀ ਸਦੀਵੀ ਆਗਿਆ ਦਿੱਤੀ। ਜਗਤ ਗੁਰੂ ਦਾ ਲਕਬ ਪਾਲਦੇ ਹੋਏ ‘ਅਕਾਲ ਰੂਪ’ ਨੇ ਸਾਰੇ ਸੰਸਾਰ ਦੇ ਕਲਿਆਣ ਹਿਤ ਅਨੋਖੇ ‘ਸੰਤ-ਸਿਪਾਹੀਆਂ’ ਨੂੰ ਨਾਦੀ ਪੁੱਤਰ ਬਣਾ ਕੇ ਆਪਣੀ ਸਦਾ ਥਿਰ ਗੋਦ ਦਾ ਵਾਸੀ ਬਣਾਇਆ। ਬੰਦਾ ਬਹਾਦਰ ਦੀ ਪਹਿਲੀ ਜੰਗੀ ਖ਼ਬਰ ਵਿੱਚ ਲਫ਼ਜ਼ ਹਨ: ‘ਅਸਾਂ ਸਤਿਜੁਗ ਵਰਤਾਇਆ ਹੈ।’ 800 ਸਾਲ ਬਾਅਦ ਹੀ ਨਹੀਂ, ਜੁੱਗਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਲੋਕ-ਰਾਜ ਦਾ ਸਿੰਘਨਾਦ ਜ਼ਮਾਨੇ ਨੇ ਸੁਣਿਆ ਸੀ।
ਏਸ ਸੁਖਦ ਮੋੜ ਤੱਕ ਪਹੁੰਚਣ ਪਿੱਛੇ ਢਾਈ ਸਦੀਆਂ ਦੀ ਘਾਲਣਾ ਸੀ। ਇਹਨਾਂ ਸਦੀਆਂ ਨੇ ਤੱਤੀਆਂ ਤਵੀਆਂ ਉੱਤੇ ਬੈਠੇ ਸਤਿਗੁਰੂ ਅਕਾਲ ਤੋਂ ਸਬਰ, ਸਿਦਕ, ਸਵੈਮਾਣ ਦੇ ਸਬਕ ਪੜ੍ਹੇ ਸਨ। ਇਹਨਾਂ ਸਮਿਆਂ ਨੇ ਖੰਡਾ ਵਾਹੁੰਦੇ ਯੋਧੇ ਪਰਉਪਕਾਰੀ ਦੇ ਪਾਕ ਮੁੱਖ ਤੋਂ ਅਸਫ਼ਲ ਵਾਰ ਵਾਲੇ ਪੈਂਦੇ ਖਾਂ ਨੂੰ ਮੁਖਾਤਬ ਇਹ ਲਫ਼ਜ਼ ਸੁਣੇ ਸਨ: ‘ਖੰਡਾ ਇਉਂ ਨਹੀਂ ਇਉਂ ਵਾਹੀਦਾ ਹੈ। ਉਹ ਦੋ ਟੋਟੇ ਹੋ ਡਿੱਗਿਆ ਸੀ ਪਰ ਠੰਢੀ ਠਾਰ ਧਰਤੀ ਉੱਤੇ ਨਹੀਂ ਬਲਕਿ ਸਾਹਿਬਾਂ ਦੀ ਆਪਣੀ ਗੋਦ ਵਿੱਚ। ਓਸ ਵੱਲ ਪਿਆਰ ਨਾਲ ਨਿਹਾਰਦਾ ਹੋਇਆ ਕੋਈ ਨਵਾਂ ਨਿਰਵੈਰ ਮਨੁੱਖ ਕਹਿ ਰਿਹਾ ਸੀ, ‘ਪੈਂਦਾ ਖਾਂ, ਅੰਤ ਸਮਾਂ ਹੈ, ਕਲਮਾ ਪੜ੍ਹ।’ ਗੁਰੂ ਦੇ ਪੈਗੰਬਰੀ ਮਿੱਠੇ ਬੋਲਾਂ ਅਤੇ ਕੁਰਾਨ ਸ਼ਰੀਫ਼ ਦੀਆਂ ਆਇਤਾਂ ਨੂੰ ਇੱਕ-ਸਮਾਨ ਜਾਣਨ ਵਾਲੇ ਵਜਦ ਵਿੱਚ ਆਏ ਪੈਂਦੇ ਖਾਂ ਦੇ ਆਖ਼ਰੀ ਬਚਨ ਸਨ: ‘ਹੁਣ ਤੇਰੀ ਕ੍ਰਿਪਾਨ ਹੀ ਮੇਰੇ ਲਈ ਕਲਮਾ ਹੋਈ।’ ਹਰ ਪਾਸੇ ਰਹਿਮਤ ਹੀ ਰਹਿਮਤ ਸੀ, ਨਫ਼ਰਤ ਕਿਤੇ ਵੀ ਨਾ। ਧਰਮੀ ਸੰਸਾਰ ਨੂੰ ਸੱਚ ਧਰਮ ਲਈ ਸਿਰ ਵਾਰਨ ਵਾਲਾ ਜ਼ੁਲਮ ਵਿਰੁੱਧ ਡਟਣ ਦੀ ਬਾਤ ਪਾਉਂਦਾ ਹੋਇਆ ਆਖ ਰਿਹਾ ਸੀ, ‘ਜੇ ਸਾਰੀ ਧਰਤੀ ਦੀ ਸਰਦਾਰੀ ਵੀ ਮਿਲਦੀ ਹੋਵੇ ਤਾਂ ਵੀ ਸੱਚ ਧਰਮ ਦਾ ਪੱਲਾ ਨਾ ਛੱਡੀਏ!’ “ਗੁਰੂ ਤੇਗ਼ ਬਹਾਦਰ ਬੋਲਿਆ (ਐਲਾਨ ਕੀਤਾ) ਧਰ ਪਾਈਐ ਧਰਮ ਨਾ ਛੋਡੀਏ।”
“ਸਬਰ ਤੋਸਾ ਮਲਾਇਕਾਂ” ਦਾ ਜਾਪ ਕਰਦੇ ਫ਼ਕੀਰਾਂ ਦੇ ਟੋਲੇ, ਜਿਨ੍ਹਾਂ ਨੂੰ ਸੰਸਾਰ ਨਾਈ, ਛੀਂਬੇ, ਜੱਟ, ਚਮਾਰ, ਝਿਊਰ, ਚੂਹੜੇ, ਧਾਨਕੇ ਦੇ ਨਾਂਅ ਨਾਲ ਜਾਣਦਾ ਸੀ, ਕਿਸੇ ਕਲਗ਼ੀ ਦੇ ਪ੍ਰਛਾਂਵੇਂ, ਕਿਸੇ ਬਾਜ਼ ਦੇ ਖੰਭਾਂ ਹੇਠ ਖੁੱਲ੍ਹੇ ਅਸਮਾਨੀ ਤਾਰੀਆਂ ਲਾਉਂਦੇ, ਮੁਕੰਮਲ ਆਜ਼ਾਦੀ ਦੇ ਸੁਪਨੇ ਕ੍ਰਿਪਾਨਾਂ-ਤੀਰਾਂ ਨਾਲ ਬੱਦਲਾਂ ਉੱਤੇ ਲੀਕਾਂ ਵਾਹ ਕੇ ਸਿਰਜ ਰਹੇ ਸਨ ― ਕੇਵਲ ਆਪਣੇ ਲਈ ਨਹੀਂ, ਹਰ ਮਰਦ-ਇਸਤ੍ਰੀ ਲਈ। ਸਾਰਾ ਸੰਸਾਰ ਉਨ੍ਹਾਂ ਦਾ ਆਪਣਾ ਸੀ; ਪਾਰਬ੍ਰਹਮ ਸੱਚੇ ਦਾ ਪਸਾਰਾ ਸੀ। ਹਰ ਧੀ-ਭੈਣ ਇਹਨਾਂ ਦੀ ਆਪਣੀ ਸੀ, ਹਰ ਜ਼ਾਲਮ ਦੀ ਨਿਰਦਇਤਾ ਇਹਨਾਂ ਦੇ ਸੀਨੇ ਖੁਭੇ ਤੀਰ ਸਨ। ਉਹਨਾਂ ਦੇ ਦਿਮਾਗ ਵਿੱਚ ਧਰਮ ਦੀ ਉੱਤਮ ਵਿੱਦਿਆ ਸੀ; ਮਨ ਵਿੱਚ ਦੱਬਿਆਂ-ਕੁਚਲਿਆਂ ਨੂੰ ਤਖ਼ਤਾਂ ਉੱਤੇ ਬਿਠਾਉਣ ਦੇ ਅਮੁੱਕ ਚਾਅ ਸਨ। ਸਰਬੰਸ ਦਾਨੀ ਦਾ ਇਹਨਾਂ ਕੌਲ ਪਾਲਣਾ ਸੀ: ‘ਜਿਨ ਕੀ ਜਾਤ ਵਰਣ ਕੁਲ ਮਾਹਿਂ। ਸਰਦਾਰੀ ਨ ਭਈ ਕਦਾਹਿਂ। ਤਿਨ ਤੇ ਗਹਿ ਸਰਦਾਰ ਬਣਾਊਂ। ਰਾਜ ਕਰਨ ਕੋ ਵੱਲ ਸਮਝਾਊਂ।’
ਜੇ ‘ਅੱਠ ਸੌ ਸਾਲ ਬਾਅਦ’ ਸੱਤਾ ਵਿੱਚ ਆਏ ਨਵੇਂ ਹਿੰਦੂਵਾਦ ਦਾ ਸੁਪਨਾ ਸੱਚਾ ਹੈ ਤਾਂ ਇਹ ਪਹਿਲੀ ਸੱਟੇ ਜਾਤ-ਪਾਤ ਦੇ ਕੋਹੜ ਨੂੰ ਪਛਾੜੇਗਾ, ਏਸ ਦੀ ਨਵ-ਸੁਰਜੀਤੀ ਦੀ ਕਾਮਨਾ ਨਹੀਂ ਕਰੇਗਾ; ਆਪਣੇ ਕਿੱਤੇ ਵਿੱਚ ਰੁੱਝਿਆਂ ਦੀ ਖੱਲ ਨਹੀਂ ਲਾਹੇਗਾ; ਘੋੜ-ਚੜ੍ਹਿਆਂ ਦੀਆਂ ਅਦਾਵਾਂ ਏਸ ਨੂੰ ਭਾਉਣਗੀਆਂ; ਉਨਾਓ ਦੀ ਹਰ ਬੇਟੀ ਏਸ ਦੀ ਭੈਣ, ਮਾਈ ਹੋਵੇਗੀ। ਆਸਿਫ਼ਾ ਮਲੂਕ ਬੱਚੀ ਨਵੇਂ ਹਿੰਦੂਵਾਦ ਲਈ ਪੂਜਣਯੋਗ ਕੰਜਕ ਹੋਵੇਗੀ; ਪਹਿਲੂ ਖਾਨ ਦੇ ਫਰਿੱਜ ਵਿੱਚ ਕੀ ਹੈ, ਦੀ ਉਹ ਪੜਤਾਲ ਨਹੀਂ ਕਰੇਗਾ; ਸਭ ਦੇ ਜਾਨ-ਮਾਲ ਦੀ ਰਾਖੀ ਦਾ ਉਹ ਜਾਮਨ ਹੋਵੇਗਾ; ਸਦੀਆਂ ਪੁਰਾਣੀਆਂ, ਵੇਲ਼ਾ ਵਿਹਾਅ ਚੁੱਕੀਆਂ ਕਦਰਾਂ-ਕੀਮਤਾਂ ਨੂੰ ਉਹ ਤਿਲਾਂਜਲੀ ਦੇਵੇਗਾ। ਇਹ ਹਿੰਦੂਵਾਦ ਮਹਿਜ਼ ਨਵਾਂ ਚੋਲ਼ਾ ਪਾ ਕੇ ਨਹੀਂ ਆਵੇਗਾ; ਪੁਲਸ, ਫ਼ੌਜ ਅਤੇ ਅਗਿਆਨੀ ਮਨੁੱਖਾਂ ਦੀ ਅੰਨ੍ਹੀ ਨਫ਼ਰਤ ਵਿੱਚੋਂ ਦੀ ਹੋ ਕੇ ਨਹੀਂ ਆਵੇਗਾ। ਏਸ ਹਿੰਦੂਵਾਦ ਨੂੰ ਕੇਵਲ ਉੱਚ ਜਾਤੀਆਂ ਦੇ ਕਵਚ ਦੇ ਤੌਰ ਉੱਤੇ ਅਤੇ ਕੁੱਲ ਆਲਮ ਦੇ ਸਰਮਾਏ ਉੱਤੇ ਕਬਜ਼ਾ ਕਰਨ ਦੀ ਮਨਸ਼ਾ ਨਾਲ ਲਾਗੂ ਨਹੀਂ ਕੀਤਾ ਜਾ ਸਕੇਗਾ। ਇਹ ਮੱਕਾਰੀਆਂ, ਧੋਖਿਆਂ, ਚਲਾਕੀਆਂ, ਭੁਲੇਖਾ-ਪਾਊ ਸ਼ਬਦਾਵਲੀ ਉੱਤੇ ਸਵਾਰੀ ਕਰਦਾ ਨਹੀਂ ਆਵੇਗਾ।
ਜੇ ਤੁਹਾਡੇ ਕੋਲ ਅਜਿਹਾ ਹਿੰਦੂਵਾਦ ਹੈ ਜਿਹੜਾ ਫ਼ੌਲਾਦੀ ਇਰਾਦੇ ਲੈ ਕੇ ਸੁਰਗਾਂ ਦੀ ਠੰਢੀ ਪੌਣ ਵਾਂਗ ਫੁੱਲ-ਪੱਤਿਆਂ ਨੂੰ ਪਿਆਰਦਾ, ਬਾਗਾਂ ਨੂੰ ਕਿਰਪਾ ਦ੍ਰਿਸ਼ਟੀ ਨਾਲ ਨਿਹਾਰਦਾ, ਚੋਗੇ ਸਮੇਟ ਕੇ ਸੈਰ ਕਰਦਾ ਆਵੇਗਾ ਅਤੇ ਸਦੀਆਂ ਦੇ ਤੱਤ-ਸਾਰ ਨੂੰ ਸਵੀਕਾਰਦਾ ਆ ਕੇ ਨਿਆਂ, ਸੱਚ, ਧਰਮ, ਦਇਆ ਦੇ ਤਖ਼ਤ ਉੱਤੇ ਸਜੇਗਾ ਅਤੇ ਚਾਰੇ ਪਾਸੇ ‘ਸਤਿਜੁਗ ਵਰਤਾਏਗਾ’ ਤਾਂ ਲੈ ਆਉ। ਸੰਸਾਰ ਤੁਹਾਨੂੰ ਪੱਬਾਂ ਭਾਰ ਹੋ ਬੁਲੰਦ ਆਵਾਜ਼ ਵਿੱਚ ਵਡਿਆਏਗਾ। ਕੋਈ ਤੁਹਾਡਾ ਦੁਸ਼ਮਣ ਨਹੀਂ ਰਹੇਗਾ।
ਜੇ ਅਜਿਹਾ ਹਿੰਦੂਵਾਦ ਤੁਹਾਡੇ ਕੋਲ ਨਹੀਂ ਹੈ ਤਾਂ ਇਹ ਸਦੀਆਂ ਦੇ ਦੱਬੇ-ਕੁਚਲਿਆਂ ਕੋਲ ਹੈ। ਉਹ ਖੰਡੇ-ਬਾਟੇ ਦੇ ਚੁਲਿਆਂ ਲਈ ਆ ਕੇ ਗੁਰੂ ਗ੍ਰੰਥ ਦੀ ਤਾਬਿਆ ਬੀਰ ਆਸਣ ਹੋਣਗੇ। ਆਪਣੇ-ਆਪ ਨੂੰ ਇਖ਼ਲਾਕੀ ਤੌਰ ਉੱਤੇ ਉੱਚਾ ਚੁੱਕ ਕੇ, ਨਿਰਭਉ, ਨਿਰਵੈਰ ਸਰੂਪ ਧਾਰ ਕੇ ਹਰ ਨਫ਼ਰਤ ਨੂੰ ਤਿਆਗ ਕੇ, ਹਰ ਜ਼ਹਿਰ ਨੂੰ ਅੰਮ੍ਰਿਤ ਵਿੱਚ ਸਮੋ ਕੇ ਕੁਲਨਾਸ਼, ਕਰਮਨਾਸ਼, ਧਰਮਨਾਸ਼, ਭਰਮਨਾਸ਼, ਕਿਰਤਨਾਸ਼ ਅਵਤਾਰ ਧਾਰ ਕੇ “ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ£ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ£” ਦਾ ਜਾਪ ਕਰਦੇ ਆਉਣਗੇ। ਹਿੰਦ ਦੀ ਪੁਰਾਤਨ ਸੱਭਿਅਤਾ ਵਿੱਚ ਜੋ ਵੀ ਬਚਾਉਣਯੋਗ ਹੈ ਓਸ ਨੂੰ ਉਹ ਘੁੱਟ ਕੇ ਹਿੱਕ ਨਾਲ ਲਾਈ ਆਉਣਗੇ!