ਭਾਈ ਜਗਤਾਰ ਸਿੰਘ ਤਾਰਾ ਨੇ ਜੇਲ੍ਹ ਪ੍ਰਸ਼ਾਸਨ ‘ਤੇ ਇਲਾਜ ਨਾ ਕਰਾਉਣ ਦਾ ਦੋਸ਼ ਲਾਇਆ
ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਕਤਲ ਦੇ ਮੁਲਜ਼ਮ ਭਾਈ ਜਗਤਾਰ ਸਿੰਘ ਤਾਰਾ ਨੇ ਮਾਡਲ ਜੇਲ੍ਹ ਬੁੜੈਲ ਪ੍ਰਸ਼ਾਸਨ ‘ਤੇ ਉਸ ਦੀ ਪਿੱਠ ਦਰਦ ਦਾ ਇਲਾਜ ਨਾ ਕਰਾਉਣ ਦਾ ਦੋਸ਼ ਲਾਇਆ ਹੈ। ਉਸ ਨੇ ਜੇਲ੍ਹ ਅਧਿਕਾਰੀਆਂ ਨੂੰ ਕਈ ਵਾਰ ਪਿੱਠ ਦਾ ਇਲਾਜ ਅਤੇ ਟੈਸਟ ਕਰਾਉਣ ਦੀ ਅਰਜ਼ੀ ਦਿੱਤੀ ਹੈ ਪਰ ਕੋਈ ਕਾਰਵਾਈ ਨਹੀਂ ਹੋਈ। ਭਾਈ ਤਾਰਾ ਆਈਪੀਸੀ ਦੀ ਧਾਰਾ 468 ਤਹਿਤ ਜੇਲ੍ਹ ਵਿਚ ਬੰਦ ਹੈ ਜਿਸ ਵਿੱਚ ਮੁਲਜ਼ਮ ਨੂੰ ਅਦਾਲਤੀ ਕੰਪਲੈਕਸ ਤੋਂ ਬਾਹਰ ਲਿਜਾਣ ‘ਤੇ ਰੋਕ ਲਾਈ ਗਈ ਹੈ। ਮੁਲਜ਼ਮ ਵਿਰੁੱਧ ਕਤਲ ਕੇਸ ਦੀ ਸੁਣਵਾਈ ਵੀ ਜੇਲ੍ਹ ਵਿੱਚ ਵਿਸ਼ੇਸ਼ ਅਦਾਲਤ ਲਾ ਕੇ ਕੀਤੀ ਜਾ ਰਹੀ ਹੈ।
ਭਾਈ ਤਾਰਾ ਨੇ ਆਪਣੇ ਵਕੀਲ ਸਿਮਰਜੀਤ ਸਿੰਘ ਕੋਲ ਸ਼ਿਕਾਇਤ ਕਰਕੇ ਪਿੱਠ ਦੇ ਦਰਦ ਕਾਰਨ ਤੁਰਨ ਫਿਰਨ ਤੋਂ ਵੀ ਅਸਮਰਥਤਾ ਪ੍ਰਗਟ ਕੀਤੀ ਹੈ। ਉਸ ਨੇ ਵਕੀਲ ਨੂੰ ਇਲਾਜ ਲਈ ਅਰਜ਼ੀ ਅਦਾਲਤ ਵਿੱਚ ਦਾਇਰ ਕਰਨ ਲਈ ਕਿਹਾ ਹੈ। ਉਸ ਦਾ ਕਹਿਣਾ ਹੈ ਕਿ ਪਿਠ ਦੀ ਦਰਦ ਦਾ ਇਲਾਜ ਨਾ ਹੋਣ ਕਰਕੇ ਉਸ ਦੀ ਤਕਲੀਫ਼ ਸਰੀਰ ਦੇ ਦੂਜੇ ਹਿਸੇ ਵਿੱਚ ਵੀ ਜਾਣ ਲੱਗੀ ਹੈ। ਤਾਰਾ ਵੀਹ ਨੰਬਰ ਕਾਲ ਕੋਠੜੀ ਵਿੱਚ ਬੰਦ ਹੈ ਜਿਸ ਵਿੱਚ ਉਹ ਭੁੰਜੇ ਸੌਂ ਰਿਹਾ ਹੈ ਅਤੇ ਇਹ ਵੀ ਬਿਮਾਰੀ ਵਧਣ ਦਾ ਸਬੱਬ ਬਣਦਾ ਹੈ। ਵਕੀਲ ਸਿਮਰਜੀਤ ਸਿੰਘ ਦਾ ਕਹਿਣਾ ਹੈ ਕਿ ਜੇਲ੍ਹ ਪ੍ਰਸ਼ਾਸਨ ਭਾਈ ਤਾਰੇ ਨੂੰ ਦਰਦ ਦੀ ਦਵਾਈ ਦੇ ਕੇ ਡੰਗ ਟਪਾ ਰਿਹਾ ਹੈ ਜਦੋਂ ਕਿ ਬਿਮਾਰੀ ਦੀ ਵਜ੍ਹਾ ਪਤਾ ਲਾਉਣ ਵਾਸਤੇ ਐਮਆਈਆਰ ਟੈਸਟ ਦੀ ਜ਼ਰੂਰਤ ਹੈ। ਇੱਕ ਹੋਰ ਜਾਣਕਾਰੀ ਅਨੁਸਾਰ ਮੁਲਜ਼ਮ ਨੇ ਅਦਾਲਤ ਵਿੱਚ ਇੱਕ ਅਰਜ਼ੀ ਤਹਿਤ ਸੈਂਤੀ ਹਜ਼ਾਰ ਦੀ ਪਾਕਿਸਤਾਨੀ ਕਰੰਸੀ ਬਦਲਣ ਦੀ ਮੰਗ ਕੀਤੀ ਹੈ। ਅਦਾਲਤ ਨੇ ਅਰਜ਼ੀ ‘ਤੇ ਸੁਣਵਾਈ ਕਰਨ ਲਈ 23 ਦਸੰਬਰ ਦੀ ਤਰੀਕ ਮੁਕੱਰਰ ਕੀਤੀ ਹੈ।
ਮੁਲਜ਼ਮ ਵਿਰੁੱਧ ਚੰਡੀਗੜ੍ਹ ਦੀਆਂ ਜ਼ਿਲ੍ਹਾ ਕਚਿਹਰੀਆਂ ਵਿੱਚ ਦੋ ਵੱਖ ਵੱਖ ਕੇਸਾਂ ਦੀ ਸੁਣਵਾਈ ਚਲ ਰਹੀ ਹੈ। ਬੇਅੰਤ ਸਿੰਘ ਕਤਲ ਕੇਸ ਦੀ ਸੁਣਵਾਈ ਜੇਲ੍ਹ ਦੀ ਵਿਸ਼ੇਸ਼ ਅਦਾਲਤ ਵਿੱਚ ਕੀਤੀ ਜਾ ਰਹੀ ਹੈ ਜਦੋਂ ਕਿ ਜੇਲ੍ਹ ਬਰੇਕ ਕੇਸ ਦੀ ਸੁਣਵਾਈ ਵੀਡੀਓ ਕਾਨਫ੍ਰਸਿੰਗ ਜ਼ਰੀਏ ਹੋ ਰਹੀ ਹੈ। ਭਾਈ ਤਾਰਾ ਦੇ ਵਕੀਲ ਨੇ ਦੱਸਿਆ ਕਿ ਉਸ ਨੇ ਮੁਲਜ਼ਮ ਦਾ ਪੀਜੀਆਈ ਤੋਂ ਇਲਾਜ ਅਤੇ ਐਮਆਈਆਰ ਕਰਾਉਣ ਦੀ ਪਟੀਸ਼ਨ ਤਿਆਰ ਕਰ ਲਈ ਹੈ।
ਉਧਰ ਮਾਡਲ ਜੇਲ੍ਹ ਬੁੜੈਲ ਦੇ ਡਿਪਟੀ ਸੁਪਰਡੈਂਟ ਅਮਨਦੀਪ ਸਿੰਘ ਗਿੱਲ ਨੇ ਕਿਹਾ ਕਿ ਉਨ੍ਹਾਂ ਨੂੰ ਭਾਈ ਤਾਰਾ ਦੀ ਪਿੱਠ ਵਿਚ ਦਰਦ ਰਹਿਣ ਬਾਰੇ ਜਾਣਕਾਰੀ ਹੈ ਅਤੇ ਉਸ ਦਾ ਹੱਡੀਆਂ ਦੇ ਮਾਹਰ ਡਾਕਟਰ ਤੋਂ ਇਲਾਜ ਸ਼ੁਰੂ ਕਰਵਾਇਆ ਗਿਆ ਹੈ। ਜੇਲ੍ਹ ਅਧਿਕਾਰੀ ਨੇ ਸਪਸ਼ਟ ਕੀਤਾ ਕਿ ਆਈਪੀਸੀ ਦੀ ਧਾਰਾ 468 ਲੱਗੀ ਹੋਣ ਕਰਕੇ ਹਾਲ ਦੀ ਘੜੀ ਉਸ ਨੂੰ ਜੇਲ੍ਹ ਤੋਂ ਬਾਹਰ ਲਿਜਾਣਾ ਸੰਭਵ ਨਹੀਂ ਹੈ।
Comments (0)