ਟਰੰਪ ਨੇ ਚੁਣੀ ਸਭ ਤੋਂ ਅਮੀਰ ਕੈਬਨਿਟ

ਟਰੰਪ ਨੇ ਚੁਣੀ ਸਭ ਤੋਂ ਅਮੀਰ ਕੈਬਨਿਟ

ਇਕ ਲੱਖ ਕਰੋੜ ਰੁਪਏ ਸੰਪਤੀ ਦੇ ਮਾਲਕ ਹਨ 15 ਮੰਤਰੀ
ਨਿਊ ਯਾਰਕ/ਬਿਊਰੋ ਨਿਊਜ਼ :
ਅਮਰੀਕੀ ਸਿਆਸਤ ਵਿਚੋਂ ਪੈਸਿਆਂ ਦਾ ਬੋਲਬਾਲਾ ਖ਼ਤਮ ਕਰਨ ਦੇ ਵਾਅਦੇ ਨਾਲ ਸੱਤਾ ਵਿਚ ਆਏ ਡੋਨਲਡ ਟਰੰਪ ਨੇ ਦੁਨੀਆ ਦੀ ਸਭ ਤੋਂ ਅਮੀਰ ਕੈਬਨਿਟ ਚੁਣੀ ਹੈ। ਟਰੰਪ ਨੇ ਕਾਰੋਬਾਰੀਆਂ, ਸੀ.ਈ.ਓ. ਬੈਂਕਰਾਂ ਤੇ ਹਾਲੀਵੁੱਡ ਨਾਲ ਜੁੜੇ ਲੋਕਾਂ ਨੂੰ ਜੋੜਿਆ ਹੈ। ਟਰੰਪ ਕੈਬਨਿਟ ਦੇ 21 ਮੈਂਬਰਾਂ ਵਿਚੋਂ 20 ਨੂੰ ਨਾਮਜ਼ਦ ਕਰ ਚੁੱਕੇ ਹਨ। ਇਨ੍ਹਾਂ ਵਿਚ ਜ਼ਿਆਦਾਤਰ ਗੋਰੀ ਨਸਲ ਦੇ ਬਜ਼ੁਰਗ ਤੇ ਅਮੀਰ ਲੋਕ ਹਨ। ਇਹ ਲੋਕ ਖ਼ਤਰੇ ਮੁੱਲ ਲੈਣ ਵਿਚ ਮਾਹਰ ਹਨ। ਇਨ੍ਹਾਂ ਵਿਚੋਂ 15 ਲੋਕਾਂ ਦੀ ਕੁੱਲ ਸੰਪਤੀ ਕਰੀਬ ਇਕ ਲੱਖ ਕਰੋੜ ਰੁਪਏ ਤੋਂ ਵੱਧ ਹੈ। 5 ਵਿਅਕਤੀਆਂ ਨੇ ਸੰਪਤੀ ਦੀ ਜਾਣਕਾਰੀ ਨਹੀਂ ਦਿੱਤੀ ਹੈ। ਇਹ ਰਕਮ 83 ਮੁਲਕਾਂ ਦੀ ਕੁੱਲ ਘਰੇਲੂ ਉਤਪਾਦ ਨਾਲੋਂ ਜ਼ਿਆਦਾ ਹੈ। ਫੈਡਰਲ ਰਿਜ਼ਰਵ ਮੁਤਾਬਕ, ਇਹ ਰਕਮ ਅਮਰੀਕਾ ਦੇ ਗ਼ਰੀਬ ਵਰਗ ਦੇ ਇਕ ਤਿਹਾਈ ਲੋਕਾਂ ਭਾਵ 4.3 ਕਰੋੜ ਪਰਿਵਾਰਾਂ ਦੀ ਕੁੱਲ ਸੰਪਤੀ ਦੇ  ਬਰਾਬਰ ਹੈ। ਅਮਰੀਕਾ ਦੀ ਔਸਤਨ ਆਮਦਨ 81,200 ਡਾਲਰ ਹੈ। ਇਸ ਲਿਹਾਜ਼ ਨਾਲ ਦੋ ਲੱਖ ਅਮਰੀਕੀਆਂ ਦੀ ਸੰਪਤੀ ਜਿੰਨੀ ਅਮੀਰ ਹੋਵੇਗੀ, ਇਹ ਕੈਬਨਿਟ। ਹਾਲਾਂਕਿ ਕੈਬਨਿਟ ਨੂੰ ਸੈਨੇਟ ਦੀ ਮਨਜ਼ੂਰੀ ਨਹੀਂ ਮਿਲੀ ਹੈ। ਟਰੰਪ ਟੀਮ ਵਿਚ 20 ਵਿਚੋਂ ਚਾਰ ਔਰਤਾਂ, ਇਕ ਸਿਆਹ ਫਾਮ ਭਾਵ ਪਿਛਲੇ ਦੋ ਦਹਾਕਿਆਂ ਦੀ ਸਭ ਤੋਂ ਗੋਰੀ ਕੈਬਨਿਟ।
ਰੈਕਸ ਟਿਲਰਸਨ, ਵਿਦੇਸ਼ ਮੰਤਰੀ- ਇਨ੍ਹਾਂ ਦੀ ਸੰਪਤੀ 1016 ਕਰੋੜ ਦੀ ਹੈ। ਆਇਲ ਕੰਪਨੀ ਐਕਸਾਨ ਮੋਬਿਲ ਕੰਪਨੀ ਦੇ ਸੀ.ਈ.ਓ. ਰਹੇ ਹਨ। 50 ਮੁਲਕਾਂ ਵਿਚ ਵਪਾਰ ਫੈਲਿਆ ਹੋਇਆ ਹੈ। ਰੂਸ ਦੇ ਰਾਸ਼ਟਰਪਤੀ ਪੁਤਿਨ ਦੇ ਕਰੀਬੀ ਹਨ। ਰੂਸ ਵਲੋਂ ਉਨ੍ਹਾਂ ਨੂੰ 2013 ਵਿਚ ਆਰਡਰ ਆਫ਼ ਫਰੈਂਡਸ਼ਿਪ ਸਨਮਾਨ ਦਿੱਤਾ ਗਿਆ ਸੀ।
ਸਟੀਵ ਨੂਚਿਨ, ਵਿਤ ਮੰਤਰੀ- ਇਨ੍ਹਾਂ ਦੀ ਕੁੱਲ ਸੰਪਤੀ 270 ਕਰੋੜ ਹੈ। ਗੋਲਡਮੈਨ ਸੈਕਸ ਦੇ ਬੈਂਕਰ ਰਹਿ ਚੁੱਕੇ ਹਨ। 17 ਸਾਲ ਦਾ ਬੈਂਕਿੰਗ ਤਜਰਬਾ। ਫ਼ਿਲਮ ਪ੍ਰੋਡਿਊਸਰ ਵੀ ਹਨ। ਇਨ੍ਹਾਂ ਨੇ ਮੈਡ ਮੈਕਸ ਫਿਊਰੀ ਰੋਡ ਅਤੇ ਅਮਰੀਕਨ ਸਨਾਈਫਰ ਵਰਗੀਆਂ ਹਿਟ ਫ਼ਿਲਮਾਂ ਦਾ ਨਿਰਮਾਣ ਕੀਤਾ ਹੈ।
ਜਨਰਲ ਜੇਮਸ ਮੈਟਿਸ, ਰੱਖਿਆ ਮੰਤਰੀ- ਪ੍ਰਾਪਰਟੀ ਦੀ ਜਾਣਕਾਰੀ ਨਹੀਂ ਹੈ। ਮੈਡ ਡਾਗ ਦੇ ਨਾਂ ਨਾਲ ਮਸ਼ਹੂਰ ਮੈਟਿਸ ਇਰਾਨ, ਅਫ਼ਗਾਨਿਸਤਾਨ ਤੇ ਖਾੜੀ ਯੁੱਧ ਵਿਚ ਮੋਰਚਾ ਸੰਭਾਲ ਚੁੱਕੇ ਹਨ। ਓਬਾਮਾ ਦੀ ਇਰਾਨ ਪਾਲਸੀ ਦੇ ਆਲੋਚਕ। ਸਖ਼ਤੀ ਅਤੇ ਰਣਨੀਤਕ ਸੂਝਬੂਝ ਲਈ ਜਾਣੇ ਜਾਂਦੇ ਹਨ।
ਜੈਫ਼ ਸੈਸਨਸ, ਅਟਾਰਨੀ ਜਨਰਲ- ਕੁੱਲ ਸੰਪਤੀ 50 ਕਰੋੜ। ਜੈਫ਼ ਅਲਬਾਮਾ ਤੋਂ ਰਿਪਬਲਿਕਨ ਸੈਨੇਟਰ ਹਨ। ਮੁਸਲਿਮ ਵਿਰੋਧੀ ਸ਼ਖ਼ਸ ਹਨ। ਅਮਰੀਕੀ ਲਾਇਬਰੇਰੀਆਂ ਵਿਚ ਇਸਲਾਮ ਦੀ ਜਾਣਕਾਰੀ ਦੇਣ ਵਾਲੀਆਂ ਕਿਤਾਬਾਂ ਦੇ ਖ਼ਰਚੇ ‘ਤੇ ਸਵਾਲ ਉਠਾ ਚੁੱਕੇ ਹਨ।

ਟੀਮ ਮੋਦੀ- 429 ਕਰੋੜ, ਬ੍ਰਿਟਿਸ਼ ਕੈਬਨਿਟ- 600 ਕਰੋੜ :
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੈਬਨਿਟ ਵਿਚ 40 ਮੰਤਰੀ ਕਰੋੜਪਤੀ ਹਨ। 113 ਕਰੋੜ ਦੀ ਸੰਪਤੀ ਨਾਲ ਜੇਤਲੀ ਸਭ ਤੋਂ ਅਮੀਰ ਮੰਤਰੀ ਹਨ। ਬਰਤਾਨਵੀ ਕੈਬਨਿਟ 600 ਕਰੋੜ ਦੀ ਹੈ। ਰੂਸ, ਜਪਾਨ ਤੇ ਚੀਨ ਦੀ ਕੈਬਨਿਟ ਵੀ ਟਰੰਪ ਟੀਮ ਨਾਲੋਂ ਕਾਫ਼ੀ ਪਿਛੇ ਹੈ। ਸਾਊਦੀ ਅਰਬ ਵਿਚ ਰਾਜਾਸ਼ਾਹੀ ਹੈ। ਇਥੋਂ ਦੇ ਪ੍ਰਿੰਸ ਬਿਨ ਤਲਾਲ ਕਰੀਬ 2 ਲੱਖ ਕਰੋੜ ਦੀ ਸੰਪਤੀ ਦੇ ਮਾਲਕ ਹਨ।

ਓਬਾਮਾ ਕੈਬਨਿਟ ਨਾਲੋਂ 4 ਗੁਣਾ ਅਮੀਰ ਹੈ ਟਰੰਪ ਦੀ ਟੀਮ :
ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਪੇਨੀ ਪਿਰਤਜਕਰ ਨੂੰ ਵਣਜ ਮੰਤਰੀ ਬਣਾਇਆ ਸੀ। ਉਹ 16,225 ਕਰੋੜ ਰੁਪਏ ਦੀ ਮਾਲਕਨ ਸੀ। ਓਬਾਮਾ ਦੀ ਕੈਬਨਿਟ ਕੋਲ ਔਸਤਨ 17 ਸਾਲ ਦਾ ਸਿਆਸੀ ਤਜਰਬਾ ਸੀ, ਜਦਕਿ ਟਰੰਪ ਟੀਮ ਕੋਲ 6.8 ਸਾਲ ਦਾ।
ਖ਼ੁਦ ਟਰੰਪ ਦੇਸ਼ ਦੇ ਸਭ ਤੋਂ ਅਮੀਰ ਰਾਸ਼ਟਪਤੀ ਹੋਣਗੇ। ਉਹ 30 ਹਜ਼ਾਰ ਕਰੋੜ ਰੁਪਏ ਦੀ ਸੰਪਤੀ ਦੇ ਮਾਲਕ ਹਨ।