ਸੂੰਢ ਤੇ ਪੰਜਗਰਾਈਆਂ ਦੀ ਕੱਟੀ ਗਈ ਟਿਕਟ

ਸੂੰਢ ਤੇ ਪੰਜਗਰਾਈਆਂ ਦੀ ਕੱਟੀ ਗਈ ਟਿਕਟ

ਕਾਂਗਰਸ ਦੀ ਦੂਜੀ ਸੂਚੀ ‘ਚ ਚਾਰ ਨਵੇਂ ਚਿਹਰੇ ਸ਼ਾਮਲ
ਚੰਡੀਗੜ੍ਹ/ਬਿਊਰੋ ਨਿਊਜ਼ :
ਕਾਂਗਰਸ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਚਾਰ ਹੋਰ ਨਵੇਂ ਚਿਹਰੇ ਮੈਦਾਨ ਵਿੱਚ ਉਤਾਰੇ ਹਨ, ਜਿਨ੍ਹਾਂ ਵਿੱਚੋਂ ਤਿੰਨ ਨੌਜਵਾਨ  ਹਨ। ਦੋ ਮੌਜੂਦਾ ਦਲਿਤ ਵਿਧਾਇਕਾਂ ਦੀ ਛਾਂਟੀ ਕਰ ਦਿਤੀ ਗਈ ਹੈ, ਜਦਕਿ ਚਾਰ ਮੌਜੂਦਾ ਵਿਧਾਇਕ ਟਿਕਟ ਲੈਣ ਵਿੱਚ ਸਫਲ ਰਹੇ ਹਨ। ਦੋ ਮੌਜੂਦਾ ਵਿਧਾਇਕਾਂ ਦੇ ਹਲਕੇ ਬਦਲੇ ਗਏ ਹਨ। ਸੂਤਰਾਂ ਅਨੁਸਾਰ ਕਾਂਗਰਸ ਪਾਰਟੀ ਦੇ 16 ਉਮੀਦਵਾਰਾਂ ਵਿੱਚ ਦੋ ਵਿਧਾਇਕਾਂ ਬੰਗਾ ਤੋਂ ਪੁਰਾਣੇ ਕਾਂਗਰਸੀ ਆਗੂ ਚੌਧਰੀ ਜਗਤ ਰਾਮ ਦੇ ਬੇਟੇ ਅਤੇ ਮੌਜੂਦਾ ਵਿਧਾਇਕ ਤਰਲੋਚਨ ਸਿੰਘ ਸੂੰਢ ਅਤੇ ਜੈਤੋ ਤੋਂ ਵਿਧਾਇਕ ਜੋਗਿੰਦਰ ਸਿੰਘ ਪੰਜਗਰਾਈਆਂ ਦੀ ਟਿਕਟ ਕੱਟੀ ਗਈ ਹੈ। ਦੂਜੀ ਸੂਚੀ ਵਿੱਚ ਕੁੱਲ 16 ਉਮੀਦਵਾਰ ਐਲਾਨੇ ਗਏ ਹਨ। ਇਸ ਨਾਲ ਚੋਣ ਮੈਦਾਨ ਵਿੱਚ ਕਾਂਗਰਸੀ ਉਮੀਦਵਾਰਾਂ ਦੀ ਗਿਣਤੀ 77 ਹੋ ਗਈ ਹੈ। ਤਿੰਨ ਨੌਜਵਾਨ ਚਿਹਰਿਆਂ ਵਿੱਚ ਦਮਨ ਥਿੰਦ ਬਾਜਵਾ ਨੂੰ ਸੁਨਾਮ, ਬਰਿੰਦਰਜੀਤ ਸਿੰਘ ਪਾਹੜਾ ਨੂੰ ਗੁਰਦਾਸਪੁਰ ਅਤੇ ਸੁਖਪਾਲ ਭੁੱਲਰ ਨੂੰ ਖੇਮਕਰਨ ਤੋਂ ਮੈਦਾਨ ਵਿੱਚ ਉਤਾਰਿਆ ਗਿਆ ਹੈ। ਸੁਨਾਮ ਹਲਕੇ ਤੋਂ ਕਈ ਦਾਅਵੇਦਾਰ ਸਨ ਪਰ ਯੂਥ ਕਾਂਗਰਸ ਦੀ ਆਗੂ ਦਮਨ ਥਿੰਦ ਬਾਜਵਾ ਸਭ ਨੂੰ ਪਛਾੜ ਕੇ ਟਿਕਟ ਹਾਸਲ ਕਰਨ ਵਿੱਚ ਸਫਲ ਰਹੀ। ਇਸ  ਹਲਕੇ ਤੋਂ ਹਲਕਾ-ਫੁਲਕਾ ਰੋਸ ਹੋਣ ਦੇ ਆਸਾਰ ਹਨ। ਹਲਕੇ ਦੇ ਸਾਰੇ ਆਗੂ ਬਾਹਰਲੇ ਉਮੀਦਵਾਰ ਨੂੰ ਟਿਕਟ ਦੇਣ ਦੇ ਖ਼ਿਲਾਫ਼ ਸਨ ਪਰ ਹੁਣ ਹਲਕੇ ਦੀ ਉਮੀਦਵਾਰ ਨੂੰ ਟਿਕਟ ਦੇ ਦਿਤੀ ਗਈ ਹੈ, ਜਿਸ ਕਾਰਨ ਵਿਰੋਧ ਦੀ ਬਹੁਤੀ ਵਜ੍ਹਾ ਨਹੀਂ ਰਹਿ ਗਈ।
ਸੁਖਪਾਲ ਭੁੱਲਰ, ਸਾਬਕਾ ਮੰਤਰੀ ਗੁਰਚੇਤ ਸਿੰਘ ਭੁੱਲਰ ਦਾ ਲੜਕਾ ਹੈ, ਜਿਸ ਨੂੰ ਪਿਤਾ ਦੀ ਥਾਂ ਟਿਕਟ ਮਿਲੀ ਹੈ। ਕਾਂਗਰਸ ਵਿੱਚ ਰਲੇਵਾਂ ਕਰ ਚੁੱਕੀ ਪੰਜਾਬ ਪੀਪਲਜ਼ ਪਾਰਟੀ ਦੋ ਆਗੂਆਂ ਦਰਸ਼ਨ ਲਾਲ ਮੰਗੂਪੁਰ ਨੂੰ ਬਲਾਚੌਰ ਤੋਂ ਅਤੇ ਹਰਵਿੰਦਰ ਸਿੰਘ ਲਾਡੀ ਨੂੰ ਬਠਿੰਡਾ ਦਿਹਾਤੀ ਤੋਂ ਟਿਕਟ ਮਿਲੀ ਹੈ। ਬਹੁਜਨ ਸਮਾਜ ਪਾਰਟੀ ਤੋਂ ਕਾਂਗਰਸ ਵਿੱਚ ਸ਼ਾਮਲ ਹੋਏ ਸਾਬਕਾ ਵਿਧਾਇਕ ਨਿਰਮਲ ਸਿੰਘ ਨਿੰਮਾ ਨੂੰ ਗਾਇਕ ਮੁਹੰਮਦ ਸਦੀਕ ਦੀ ਥਾਂ ਭਦੌੜ ਤੋਂ ਟਿਕਟ ਦਿਤੀ ਗਈ ਹੈ।
ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਰਾਜਾ ਵੜਿੰਗ ਨੂੰ ਉਨ੍ਹਾਂ ਦੇ ਹਲਕੇ ਗਿੱਦੜਬਾਹਾ ਅਤੇ ਮੁਕਤਸਰ ਤੋਂ ਵੀ ਮੌਜੂਦਾ ਵਿਧਾਇਕ ਕਰਨ ਬਰਾੜ  ਨੂੰ ਟਿਕਟ ਦਿਤੀ ਗਈ ਹੈ, ਜਿਸ ਨਾਲ ਉਨ੍ਹਾਂ ਦੇ ਹਲਕੇ ਬਦਲੇ ਜਾਣ ਦੇ ਕਿਆਫ਼ੇ ਖਤਮ ਹੋ ਗਏ ਹਨ। ਮੌਜੂਦਾ ਵਿਧਾਇਕ ਅਮਰੀਕ ਸਿੰਘ ਢਿਲੋਂ ਨੂੰ ਸਮਰਾਲਾ ਤੋਂ ਟਿਕਟ ਦੇਣ ਨਾਲ ਉਨ੍ਹਾਂ ਦੇ ਪੁੱਤਰ ਜਾਂ ਪੋਤਰੇ ਨੂੰ ਟਿਕਟ ਦੇਣ ਦੇ ਕਿਆਸ ਵੀ ਮੁੱਕ ਗਏ ਹਨ। ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਅੜਿੱਕਿਆਂ ਦੇ ਬਾਵਜੂਦ ਖਰੜ ਹਲਕੇ ਤੋਂ ਟਿਕਟ ਲੈ ਗਏ ਹਨ। ਉਨ੍ਹਾਂ ਦੀ ਟਿਕਟ ਕੱਟੇ ਜਾਣ ਦੀ ਕਾਫ਼ੀ ਚਰਚਾ ਹੁੰਦੀ ਰਹੀ ਹੈ।
ਗਾਇਕ ਮੁਹੰਮਦ ਸਦੀਕ ਨੂੰ ਭਦੌੜ ਹਲਕੇ ਤੋਂ ਬਦਲ ਕੇ ਮੌਜੂਦਾ ਵਿਧਾਇਕ ਜੋਗਿੰਦਰ ਸਿੰਘ ਪੰਜਗਰਾਈਂ ਥਾਂ ਜੈਤੋ ਤੋਂ ਟਿਕਟ ਦਿਤੀ ਗਈ ਹੈ। ਭੁੱਚੋ ਮੰਡੀ ਤੋਂ ਮੌਜੂਦਾ ਵਿਧਾਇਕ ਅਜੈਬ ਸਿੰਘ ਭੱਟੀ ਨੂੰ ਵੀ ਹਲਕਾ ਬਦਲ ਕੇ ਮਲੋਟ ਰਾਖਵੇਂ ਹਲਕੇ ਤੋਂ ਮੈਦਾਨ ਵਿੱਚ ਉਤਾਰਿਆ ਹੈ।  ਸਾਬਕਾ ਮੁੱਖ ਸੰਸਦੀ ਸਕੱਤਰ ਗੁਰਵਿੰਦਰ ਸਿੰਘ ਅਟਵਾਲ ਨੂੰ ਭੁਲੱਥ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੀ ਆਗੂ ਤੇ ਸਾਬਕਾ ਮੰਤਰੀ ਬੀਬੀ ਜਗੀਰ ਕੌਰ ਖ਼ਿਲਾਫ਼ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਮਰਹੂਮ ਮੰਤਰੀ ਚੌਧਰੀ ਜਗਜੀਤ ਸਿੰਘ ਦੇ ਲੜਕੇ ਸੁਰਿੰਦਰ ਨੂੰ ਕਰਤਾਰਪੁਰ ਤੋਂ ਟਿਕਟ ਦਿਤੀ ਗਈ ਹੈ। ਇਥੋਂ ਅਕਾਲੀ ਦਲ ਦੀ ਟਿਕਟ ‘ਤੇ ਜਿੱਤੇ ਅਤੇ ਪਿੱਛੇ ਜਿਹੇ ਕਾਂਗਰਸ ਵਿੱਚ ਸ਼ਾਮਲ ਹੋਏ ਸਰਵਣ ਸਿੰਘ ਫਿਲੌਰ ਨੂੰ ਹੁਣ ਫਿਲੌਰ ਤੋਂ ਟਿਕਟ ਮਿਲਣ ਦੀ ਆਸ ਬਚੀ ਹੈ।  ਉਥੇ ਟਿਕਟ ਲੈਣ ਲਈ ਉਨ੍ਹਾਂ ਦੀ ਟੱਕਰ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ ਦੇ ਲੜਕੇ ਤੇ ਪੰਜਾਬ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਵਿਕਰਮਜੀਤ ਚੌਧਰੀ ਨਾਲ ਹੋਵੇਗੀ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਦੋਵਾਂ ਵਿੱਚੋਂ ਟਿਕਟ ਕਿਸ ਨੂੰ ਮਿਲੇਗੀ। ਇਸ 16 ਉਮੀਦਵਾਰਾਂ ਦੀ ਸੂਚੀ ਵਿੱਚ ਸਿਰਫ਼ ਅਮਰਗੜ੍ਹ ਤੋਂ ਪਿਛਲੀ ਵਾਰ 4406 ਵੋਟਾਂ ਦੇ ਫਰਕ ਨਾਲ ਹਾਰੇ ਸੁਰਜੀਤ ਸਿੰਘ ਧੀਮਾਨ ਨੂੰ ਟਿਕਟ ਦੇ ਕੇ ਮੁੜ ਦਾਅ ਲਾਇਆ ਗਿਆ ਹੈ।
ਗੁਰਦਾਸਪੁਰ ਹਲਕੇ ਤੋਂ ਲਗਪਗ ਦਸ ਸਾਲ ਪਹਿਲਾਂ ਅਕਾਲੀ ਦਲ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਗੁਰਮੀਤ ਸਿੰਘ ਪਾਹੜਾ ਦੇ ਵੱਡੇ ਲੜਕੇ ਅਤੇ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰਜੀਤ ਸਿੰਘ ਪਾਹੜਾ ਨੂੰ ਟਿਕਟ ਨਾਲ ਨਿਵਾਜਿਆ ਹੈ, ਕਿਉਂਕਿ ਉਹ ਸਾਬਕਾ ਮੁੱਖ ਸੰਸਦੀ ਸਕੱਤਰ ਤੇ ਅਕਾਲੀ ਉਮੀਦਵਾਰ ਗੁਰਬਚਨ ਸਿੰਘ ਬੱਬੇਹਾਲੀ ਨੂੰ ਤਕੜੀ ਟੱਕਰ ਦੇਣ ਦੇ ਸਮਰੱਥ ਹੈ।
ਤਿੰਨ-ਚਾਰ ਵਾਰ ਹੋਈ ਭੰਨ-ਤੋੜ :
ਕਾਂਗਰਸ ਦੀ ਦੂਜੀ ਸੂਚੀ ਸਭ ਤੋਂ ਪਹਿਲਾਂ 30 ਤੋਂ 35 ਉਮੀਦਵਾਰਾਂ ਦੀ ਆਉਣੀ ਸੀ, ਬਾਅਦ ਵਿੱਚ ਸੂਚੀ 25 ‘ਤੇ ਆ ਗਈ। ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਦੋ ਦਿਨ ਪਹਿਲਾਂ ਕਿਹਾ ਸੀ ਕਿ 21 ਦੀ ਸੂਚੀ ਆਵੇਗੀ। ਸਵੇਰੇ  ਸੂਚੀ 19 ਦੀ ਹੋ ਗਈ ਤੇ ਜਾਰੀ ਹੋਣ ਤੱਕ 16 ਦੀ ਰਹਿ ਗਈ। ਇਸ ਤੋਂ ਸਹਿਜੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਮੀਦਵਾਰਾਂ ਚੋਣ ਕਰਨ ਮੌਕੇ ਕਿਸ ਕਦਰ ਖਹਿਬਾਜ਼ੀ ਹੋ ਰਹੀ ਹੈ।
ਧੀਮਾਨ ਨੇ ਮਚਾਈ ਖਲਬਲੀ :
ਇਸ ਦੌਰਾਨ ਕਾਂਗਰਸ ਦੇ ਸਾਬਕਾ ਵਿਧਾਇਕ ਸੁਰਜੀਤ ਧੀਮਾਨ ਨੇ ਫੇਸਬੁੱਕ ‘ਤੇ ਸੰਦੇਸ਼ ਪਾਇਆ ਕਿ ਉਸ ਦੇ ਪਰਿਵਾਰ ਨੇ ਇਸ ਵਾਰ ਚੋਣ ਨਾ ਲੜਨ ਦਾ ਫੈਸਲਾ ਕੀਤਾ ਹੈ। ਦੂਜੇ ਪਾਸੇ ਕਾਂਗਰਸ ਦੇ 16 ਉਮੀਦਵਾਰਾਂ ਦੀ ਸੂਚੀ ਵਿੱਚ ਧੀਮਾਨ ਨੂੰ ਅਮਰਗੜ੍ਹ ਤੋਂ ਉਮੀਦਵਾਰ ਐਲਾਨਿਆ ਗਿਆ। ਪਤਾ ਲੱਗਿਆ ਹੈ ਕਿ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਇਸ ਸੰਦੇਸ਼ ਬਾਰੇ ਉਨ੍ਹਾਂ ਨਾਲ ਸੰਪਰਕ ਕੀਤਾ, ਜਿਸ ਮਗਰੋਂ ਧੀਮਾਨ ਨੇ ਫੇਸਬੁੱਕ ‘ਤੇ ਪਾਇਆ ਸੰਦੇਸ਼ ਹਟਾ ਦਿੱਤਾ।