ਸਰਹੱਦੀ ਖੇਤਰਾਂ ‘ਚ ਲੜਾਈ ਵਾਲਾ ਤਾਂ ਕੋਈ ਮਾਹੌਲ ਨਹੀਂ : ਕੈਪਟਨ
‘ਮੋਦੀ ਤੇ ਬਾਦਲ ਲੈ ਰਹੇ ਨੇ ਸਿਆਸੀ ਲਾਹਾ‘
ਕਲਸ (ਤਰਨ ਤਾਰਨ)/ਬਿਊਰੋ ਨਿਊਜ਼ :
ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸਰਹੱਦੀ ਤਣਾਅ ਨੂੰ ਗੈਰ-ਵਾਜਬ ਆਖਦਿਆਂ ਦੋਸ਼ ਲਾਇਆ ਕਿ ਇਸ ਸਥਿਤੀ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁੱੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਰਾਜਸੀ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਕੈਪਟਨ ਅਮਰਿੰਦਰ ਸਿੰਘ ਇਲਾਕੇ ਦੇ ਕਈ ਸਰਹੱਦੀ ਪਿੰਡਾਂ ਵਿੱਚ ਪ੍ਰਭਾਵਤ ਲੋਕਾਂ ਦੀਆਂ ਸਮੱਸਿਆਂਵਾਂ ਸੁਣਨ ਲਈ ਆਏ ਸਨ। ਉਨ੍ਹਾਂ ਸਰਹੱਦ ਦੇ ਐਨ ਨਾਲ ਲੱਗਦੇ ਇਸ ਪਿੰਡ ਕਲਸ ਦੇ ਇਲਾਵਾ ਖਾਲੜਾ ਅਤੇ ਛੀਨਾ ਬਿਧੀਚੰਦ ਵਿੱਚ ਲੋਕਾਂ ਦੀਆਂ ਮੀਟਿੰਗਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਇਨ੍ਹਾਂ ਪਿੰਡਾਂ ਨੂੰ ਜਾਂਦਿਆਂ ਰਸਤੇ ਵਿੱਚ ਆਉਂਦੇ ਪਿੰਡ ਮਸਤਗੜ੍ਹ, ਕਾਲੀਆ, ਸੰਕਤਰਾ, ਨਾਰਲੀ, ਠੱਠੀ, ਢੋਲਣ, ਲਾਖਣਾ, ਵਾਂ, ਡੱਲ ਦੇ ਲੋਕਾਂ ਵਿੱਚ ਜਾ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਰਹੱਦ ‘ਤੇ ਅਸਲ ਵਿੱਚ ਲੜਾਈ ਵਰਗੇ ਕੋਈ ਹਾਲਾਤ ਨਹੀਂ ਹਨ ਅਤੇ ਅਜਿਹੇ ਹਾਲਾਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਉੱਤਰ ਪ੍ਰਦੇਸ਼ ਸੂਬੇ ਦੀ ਆਉਂਦੇ ਸਾਲ ਹੋਣ ਵਾਲੀ ਚੋਣ ਦੌਰਾਨ ਰਾਜਸੀ ਲਾਹਾ ਲੈਣ ਲਈ ਵਰਤੇ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਵੀ ਇਸੇ ਹੀ ਮੰਤਵ ਨਾਲ ਵਿਧਾਨ ਸਭਾ ਦੀ ਹੋਣ ਵਾਲੀ ਚੋਣ ਦੇ ਮੱਦੇਨਜ਼ਰ ਆਪਣੇ ਆਪ ਨੂੰ ਲੋਕਾਂ ਦੇ ਰੱਖਿਅਕ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸਲ ਗੱਲ ਇਹ ਹੈ ਕਿ ਸਰਹੱਦ ‘ਤੇ ਜੰਗ ਵਰਗੀ ਕੋਈ ਸਥਿਤੀ ਨਹੀਂ ਹੈ। ਉਨ੍ਹਾਂ 1965, 1971 ਅਤੇ ਹੋਰ ਜੰਗਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਸ ਮੌਕੇ ਦੀ ਤੁਲਣਾ ‘ਤੇ ਇਲਾਕੇ ਵਿੱਚ ਅਜਿਹਾ ਕੁਝ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਰਤੀ ਫੌਜ ਤਾਂ ਆਪਣੀਆਂ ਬੈਰਕਾਂ ਵਿਚ ਬੈਠੀ ਹੋਈ ਹੈ ਅਤੇ ਗੁਆਂਢੀ ਦੇਸ਼ ਪਾਕਿਸਤਾਨ ਦੀ ਫੌਜ ਸਰਹੱਦ ‘ਤੇ ਨਹੀਂ ਹੈ ਤਾਂ ਇਸ ਸਥਿਤੀ ਨੂੰ ਲੜਾਈ ਵਰਗੇ ਹਾਲਾਤ ਦਾ ਨਾਂ ਨਹੀਂ ਦਿੱਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਜ਼ੋਰਦਾਰ ਤਰੀਕੇ ਨਾਲ ਸਰਜੀਕਲ ਅਪਰੇਸ਼ਨ ਦਾ ਸਮਰਥਨ ਕੀਤਾ ਸੀ ਅਤੇ ਜੇਕਰ ਭਵਿੱਖ ਵਿੱਚ ਵੀ ਲੋੜ ਪੈਂਦੀ ਹੈ ਤਾਂ ਵੀ ਉਹ ਇਸ ਦਾ ਸਮਰਥਨ ਕਰਨਗੇ ਪਰ ਲੋਕਾਂ ਦੀ ਜ਼ਿੰਦਗੀ ਦੀ ਲਾਗਤ ‘ਤੇ ਸਿਆਸੀ ਫਾਇਦਾ ਚੁੱਕਣ ਦੀਆਂ ਕੋਸ਼ਿਸ਼ਾਂ ਦਾ ਕਿਸੇ ਵੀ ਕੀਮਤ ‘ਤੇ ਸਮਰਥਨ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਖੇਤਰ ਦੇ ਲੋਕਾਂ ਨੂੰ ਕੇਂਦਰ ਅਤੇ ਸੂਬਾ ਸਰਕਾਰਾਂ ਦੀਆਂ ਇਨ੍ਹਾਂ ਚਾਲਾਂ ਵਿੱਚ ਨਾ ਆਉਣ ਲਈ ਕਿਹਾ ਅਤੇ ਆਖਿਆ ਕਿ ਕਿਸਾਨਾਂ ਨੂੰ ਆਪਣੀ ਝੋਨੇ ਦੀ ਫਸਲ ਦੀ ਕਟਾਈ ਬੇਖੌਫ ਹੋ ਕੇ ਕਰਨੀ ਚਾਹੀਦੀ ਹੈ। ਉਨ੍ਹਾਂ ਨਾਲ ਹੀ ਆਖਿਆ ਕਿ ਸਰਹੱਦੀ ਖੇਤਰ ਦੇ ਕਿਸਾਨਾਂ ਦੇ ਝੋਨੇ ਦੀ ਕਟਾਈ ਬੇਖੌਫ ਹੋ ਕੇ ਕਰਵਾਉਣ ਲਈ ਉਹ 10 ਅਕਤੂਬਰ ਤੋਂ ਇਲਾਕੇ ਦੇ ਪਿੰਡ ਰਾਜਾਤਾਲ ਵਿੱਚ ਆ ਕੇ ਪੱਕਾ ਡੇਰਾ ਲਗਾ ਕੇ ਬੈਠ ਰਹੇ ਹਨ। ਉਨ੍ਹਾਂ ਨੇ ਪਾਰਟੀ ਆਗੂਆਂ ਦੇ ਇਕ ਕਾਫਲੇ ਨਾਲ ਇਸ ਪਿੰਡ ਨਾਲ ਲਗੱਦੀ ਪਾਕਿਸਤਾਨ ਦੀ ਸਰਹੱਦ ਦੇ ਐਨ ਨਾਲ ਜਾ ਕੇ ਵੀ ਸਥਿਤੀ ਦਾ ਜਾਇਜ਼ਾ ਲਿਆ।
Comments (0)