ਸ੍ਰੀ ਨਨਕਾਣਾ ਸਾਹਿਬ ਤੋਂ ਪਰਤੇ ਭਾਰਤੀ ਸ਼ਰਧਾਲੂ

ਸ੍ਰੀ ਨਨਕਾਣਾ ਸਾਹਿਬ ਤੋਂ ਪਰਤੇ ਭਾਰਤੀ ਸ਼ਰਧਾਲੂ

ਕੈਪਸ਼ਨ-ਪਾਕਿਸਤਾਨ ਤੋਂ ਗੁਰਧਾਮਾਂ ਦੇ ਦਰਸ਼ਨ ਕਰਕੇ ਵਤਨ ਪਰਤੇ ਭਾਰਤੀ ਸਿੱਖ ਜਥੇ ਦੇ ਸ਼ਰਧਾਲੂ ਰੇਲਵੇ ਸਟੇਸ਼ਨ ਅਟਾਰੀ ਦੇ ਪਲੇਟਫਾਰਮ ਤੋਂ ਬਾਹਰ ਆਉਂਦੇ ਹੋਏ।
ਅਟਾਰੀ/ਬਿਊਰੋ ਨਿਊਜ਼ :
ਪਾਕਿਸਤਾਨ ਸਥਿਤ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਗੁਰੂ ਨਾਨਕ ਦੇਵ ਜੀ ਦਾ 548ਵਾਂ ਪ੍ਰਕਾਸ਼ ਪੁਰਬ ਮਨਾਉਣ ਅਤੇ ਗੁਰਧਾਮਾਂ ਦੇ ਦਰਸ਼ਨ ਕਰਨ ਉਪਰੰਤ ਭਾਰਤੀ ਸਿੱਖ ਸ਼ਰਧਾਲੂਆਂ ਦਾ ਜਥਾ ਲਾਹੌਰ ਤੋਂ ਤਿੰਨ ਵਿਸ਼ੇਸ਼ ਰੇਲ ਗੱਡੀਆਂ ਰਾਹੀਂ ਵਤਨ ਪਰਤਿਆ। ਜਥੇ ਦੀ ਵਤਨ ਵਾਪਸੀ ਉਪਰੰਤ ਰੇਲਵੇ ਸਟੇਸ਼ਨ ਅਟਾਰੀ ‘ਤੇ ਗੱਲਬਾਤ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਜਥੇ ਦੇ ਆਗੂ ਮਗਵਿੰਦਰ ਸਿੰਘ ਖਾਪੜਖੇੜੀ, ਸ਼੍ਰੋਮਣੀ ਕਮੇਟੀ ਮੈਂਬਰ ਸਵਰਨ ਸਿੰਘ ਕਪੂਰਥਲਾ ਨੇ ਦੱਸਿਆ ਕਿ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਹੋਏ ਮੁੱਖ ਸਮਾਗਮ ਮੌਕੇ ਔਕਾਫ਼ ਬੋਰਡ, ਪਾਕਿਸਤਾਨ ਸਿੱਖ ਗੁਰਦਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਸੰਗਤ ਵੱਲੋਂ ਨਗਰ ਸਜਾਇਆ ਗਿਆ। ਇਸ ਮੌਕੇ ਵੱਖ-ਵੱਖ ਦੇਸ਼ਾਂ ਤੋਂ ਪਹੁੰਚੀਆਂ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਔਕਾਫ਼ ਬੋਰਡ ਵੱਲੋਂ ਵਧੀਆ ਪ੍ਰਬੰਧ ਕੀਤੇ ਗਏ ਸਨ। ਪਾਕਿਸਤਾਨ ਸਰਕਾਰ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਭਾਰਤੀ ਸਿੱਖ ਸ਼ਰਧਾਲੂਆਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਵਿੱਚ ਕਰੰਸੀ ਦੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਸ਼ਰਧਾਲੂ ਮਲੂਕ ਸਿੰਘ ਮੱਲਾਂਵਾਲਾ ਨੇ ਦੱਸਿਆ ਕਿ ਭਾਰਤ ਵਿੱਚ ਨੋਟਬੰਦੀ ਦਾ ਅਸਰ ਪਾਕਿਸਤਾਨ ਵਿੱਚ ਵੀ ਦਿਖਾਈ ਦਿੱਤਾ। ਉਨ੍ਹਾਂ ਦੱਸਿਆ ਕਿ 500 ਅਤੇ 1000 ਦੇ ਨੋਟ ਬੰਦ ਹੋਣ ਕਾਰਨ ਜਥੇ ਵਿੱਚ ਸ਼ਾਮਲ ਸ਼ਰਧਾਲੂ 100-100 ਦੇ ਨੋਟ ਲੈ ਕੇ ਗਏ ਸਨ। ਪਹਿਲੇ ਦਿਨ ਨਨਕਾਣਾ ਸਾਹਿਬ ਵਿਖੇ ਕਰੰਸੀ ਬਦਲਣ ਲਈ ਬੈਂਕ ਖੋਲ੍ਹਿਆ ਗਿਆ ਪਰ ਦੂਜੇ ਦਿਨ ਬੰਦ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਦੇ ਮਨੀ ਚੇਂਜਰਾਂ ਵੱਲੋਂ ਭਾਰਤੀ ਕਰੰਸੀ 100 ਰੁਪਏ ਦੇ ਬਦਲੇ ਵਿੱਚ 120-125 ਰੁਪਏ ਹੀ ਦਿੱਤੇ ਗਏ ਜਦਕਿ ਇਸ ਤੋਂ ਪਹਿਲਾਂ 100 ਰੁਪਏ ਦੀ ਭਾਰਤੀ ਕਰੰਸੀ ਬਦਲਣ ਮੌਕੇ 160-170 ਰੁਪਏ ਮਿਲਦੇ ਸਨ।
ਇਸੇ ਦੌਰਾਨ ਭਾਰਤੀ ਸਿੱਖ ਜਥੇ ਵਿੱਚ ਸ਼ਾਮਲ ਹੋ ਕੇ ਪਾਕਿਸਤਾਨ ਦੇ ਗੁਰਧਾਮਾਂ ਦੀ ਯਾਤਰਾ ਲਈ ਗਏ ਇੱਕ ਸ਼ਰਧਾਲੂ ਪ੍ਰੇਮ ਸਿੰਘ (70 ਸਾਲ) ਪੁੱਤਰ ਚਿੰਰਜੀਵ ਸਿੰਘ ਵਾਸੀ ਮਾਡਲ ਟਾਊਨ ਲੁਧਿਆਣਾ ਦੀ ਐਤਵਾਰ ਸ਼ਾਮ ਵੇਲੇ ਗੁਰਦੁਆਰਾ ਡੇਹਰਾ ਸਾਹਿਬ ਪੁੱਜਣ ‘ਤੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਉਸ ਦੀ ਮ੍ਰਿਤਕ ਦੇਹ ਰੇਲ ਗੱਡੀ ਰਾਹੀਂ ਵਤਨ ਲਿਆਂਦੀ ਗਈ। ਰੇਲਵੇ ਸਟੇਸ਼ਨ ਅਟਾਰੀ ਵਿਖੇ ਪੁੱਜੇ ਮ੍ਰਿਤਕ ਦੇ ਪੁੱਤਰ ਗੁਰਮੀਤ ਸਿੰਘ ਅਤੇ ਰਿਸ਼ਤੇਦਾਰ ਪ੍ਰੇਮ ਸਿੰਘ ਦੀ ਦੇਹ ਲੈ ਕੇ ਲੁਧਿਆਣਾ ਪੁੱਜੇ।