ਪੰਜਾਬ ਦੀ ਸਿਆਸਤ ‘ਚ ਲੋਭ, ਫਰੇਬ ਤੇ ਮਾਇਆ ਦਾ ਜ਼ੋਰ

ਪੰਜਾਬ ਦੀ ਸਿਆਸਤ ‘ਚ ਲੋਭ, ਫਰੇਬ ਤੇ ਮਾਇਆ ਦਾ ਜ਼ੋਰ

ਲਟਕਵੀਂ ਵਿਧਾਨ ਸਭਾ ਦੇ ਆਸਾਰ, ਹੋਵੇਗੀ ਖ਼ਰੀਦੋ-ਫਰੋਖ਼ਤ ਦੀ ਚੜ੍ਹਤ
ਚੰਡੀਗੜ੍ਹ/ਬਿਊਰੋ ਨਿਊਜ਼ :
ਕਰਜ਼ਾ ਮੁਆਫ਼ੀ, ਸਮਾਰਟ ਫ਼ੋਨ ਸਮੇਤ ਮੁਫ਼ਤ ਡਾਟਾ ਅਤੇ ਕਾਲਿੰਗ, ਸਕੂਲ ਵਿਦਿਆਰਥੀਆਂ ਲਈ ਮੁਫ਼ਤ ਬੱਸ ਸਹੂਲਤਾਂ, ਮੁਫ਼ਤ ਬਿਜਲੀ, ਮੁਫ਼ਤ ਮੈਡੀਕਲ ਵਗੈਰਾ ਵਗੈਰਾ…ਸ਼ਬਦ ਇਨ੍ਹੀਂ ਦਿਨੀਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮਾਹੌਲ ਵਿਚ ਸੁਣਨ ਨੂੰ ਮਿਲ ਰਹੇ ਹਨ। ਭਾਵੇਂ ਉਹ ਸੱਤਾਧਾਰੀ ਅਕਾਲੀ-ਭਾਜਪਾ ਗਠਜੋੜ ਸਰਕਾਰ ਹੋਵੇ, ਭਾਵੇਂ ਕਾਂਗਰਸ ਤੇ ਆਮ ਆਦਮੀ ਪਾਰਟੀ, ਸਾਰੀਆਂ ਹੀ ਧਿਰਾਂ ਸੱਤਾ ਹਥਿਆਉਣ ਲਈ ਵੋਟਰਾਂ ਨੂੰ ਲੋਭ, ਝੂਠ, ਫਰੇਬ ਤੇ ਮਾਇਆ ਦੇ ਸਹਾਰੇ ਠੱਗਣਾ ਚਾਹੁੰਦੀਆਂ ਹਨ। ਅਕਾਲੀ-ਭਾਜਪਾ ਗਠਜੋੜ ਨੇ ਪਿਛਲੀਆਂ ਚੋਣਾਂ ਦੌਰਾਨ ਜੋ ਵਾਅਦੇ ਕੀਤੇ ਸਨ, ਬੇਸ਼ੱਕ ਉਹ ਪੂਰੇ ਨਹੀਂ ਕੀਤੇ ਪਰ ਹੁਣ ਵਾਅਦਿਆਂ ਦੇ ਨਾਲ ਨਾਲ ਵਿਕਾਸ ਦੇ ਨਾਂ ਦਾ ਵੀ ਠੁੰਮਣਾ ਦੇ ਰਹੀ ਹੈ। ਕਾਂਗਰਸ ਨੇ ਵੀ ਸੱਤਾ ਵਿਚ ਆਉਣ ਤੋਂ ਪਹਿਲਾਂ ਜੋ ਜੋ ਵਾਅਦੇ ਕੀਤੇ, ਸੱਤਾ ਵਿਚ ਆ ਕੇ ਕਦੇ ਪੂਰੇ ਨਹੀਂ ਕੀਤੇ। ਪਹਿਲੀ ਵਾਰ ਮੈਦਾਨ ਵਿਚ ਉਤਰੀ ‘ਆਪ’ ਨੇ ਤਾਂ ਵਾਅਦਿਆਂ ਦੀ ਝੜੀ ਲਾ ਦਿੱਤੀ ਹੈ।
ਇਨ੍ਹਾਂ ਵਾਅਦਿਆਂ ਦੇ ਦੌਰ ਵਿਚ ਸੱਤਾ ਕਿਸੇ ਇਕ ਪਾਰਟੀ ਕੋਲ ਆਉਣ ਦੇ ਆਸਾਰ ਵੀ ਬੜੇ ਮੱਧਮ ਹਨ। ਜੇਕਰ ਅਕਾਲੀ-ਭਾਜਪਾ ਗਠਜੋੜ ਤੇ ਕਾਂਗਰਸ ਹੀ ਇਸ ਵਾਰ ਚੋਣ ਮੈਦਾਨ ਵਿਚ ਹੁੰਦੀਆਂ ਤਾਂ ਅਕਾਲੀ-ਭਾਜਪਾ ਤੋਂ ਅੱਕੇ ਪੰਜਾਬੀਆਂ ਨੇ ਜ਼ਾਹਰਾ ਤੌਰ ‘ਤੇ ਕਾਂਗਰਸ ਨੂੰ ਹੀ ਤਰਜੀਹ ਦੇਣੀ ਸੀ। ਕਿਉਂਕਿ ਸੱਤਾ ਵਿਚ ਰਹਿੰਦਿਆਂ ਜਦੋਂ ਇਕ ਧਿਰ ਦੀ ਅੱਤ ਹੋ ਜਾਂਦੀ ਹੈ ਤਾਂ ਲੋਕ ਦੂਜੀ ਧਿਰ ਨੂੰ ਸੱਤਾ ਦੇ ਦਿੰਦੇ ਹਨ। ਪਰ ਇਸ ਵਾਰ ਆਮ ਆਦਮੀ ਪਾਰਟੀ ਨੇ ਮੈਦਾਨ ਵਿਚ ਉੱਤਰ ਕੇ ਮਾਹੌਲ ਡਾਵਾਂਡੋਲ ਕਰ ਦਿੱਤਾ ਹੈ। ਸ਼ੁਰੂ ਵਿਚ ਜਿਵੇਂ ਦੇ ਹਾਲਾਤ ਬਣੇ ਸਨ, ਉਸ ਤੋਂ ਸਾਫ਼ ਸਾਫ਼ ਲੱਗ ਰਿਹਾ ਸੀ ਕਿ ਇਸ ਵਾਰ ਆਮ ਆਦਮੀ ਪਾਰਟੀ ਹੀ ਸੱਤਾ ‘ਤੇ ਕਾਬਜ਼ ਹੋਵੇਗੀ ਪਰ ‘ਆਪ’ ਵਿਚ ਜਿਸ ਤਰ੍ਹਾਂ ਦਰਾਰਾਂ ਪਈਆਂ, ਬੇਚੈਨੀ ਵਧੀ, ਮੁੱਖ ਮੰਤਰੀ ਦੇ ਅਹੁਦੇ ਦੀ ਹੋੜ ਲੱਗੀ, ਬਗ਼ਾਵਤਾਂ ਹੋਈਆਂ, ਇਸ ਤੋਂ ‘ਆਪ’ ਦਾ ਸੱਤਾ ਵਿਚ ਆਉਣ ਦਾ ਸਫ਼ਰ ਵੀ ਹੁਣ ਸੁਖਾਲਾ ਨਹੀਂ ਲਗਦਾ। ਇਸ ਪੂਰੇ ਘਟਨਾ ਚੱਕਰ ਵਿਚ ਇਸ ਵਾਰ ਲਟਕਵੀਂ ਵਿਧਾਨ ਸਭਾ ਬਣਨ ਦੇ ਆਸਾਰ ਬਣਦੇ ਜਾ ਰਹੇ ਹਨ ਕਿਉਂਕਿ ਅਕਾਲੀ-ਭਾਜਪਾ ਗਠਜੋੜ ਤੀਜੇ ਨੰਬਰ ‘ਤੇ ਚਲਾ ਗਿਆ ਹੈ ਤੇ ‘ਆਪ’ ਵਿਚ ਵੀ ਛੋਟੇ-ਛੋਟੇ ਧੜੇ ਬਣ ਗਏ ਹਨ। ਬਿਨਾਂ ਕਿਸੇ ਵਿਚਾਰਧਾਰਾ ਤੋਂ ਉਭਰੀ ‘ਆਪ’ ਵਿਚ ਨਵੇਂ ਨਵੇਂ ਆਏ ਚਿਹਰੇ ਖ਼ੁਦ ਨੂੰ ਸੁਪਰੀਮੋ ਮੰਨ ਕੇ ਚੱਲ ਰਹੇ ਹਨ ਤੇ ਕਿਸੇ ਦੀ ਅਧੀਨਗੀ ਉਨ੍ਹਾਂ ਨੂੰ ਸਵੀਕਾਰ ਨਹੀਂ। ਇਨ੍ਹਾਂ ਵਿਚ ਵਿਚਾਰਾਂ ਦੀ ਪ੍ਰਤੀਬੱਧਤਾ ਨਾਲੋਂ ਨਿੱਜਤਾ ਦਾ ਰੁਝਾਨ ਭਾਰੂ ਹੈ। ਸੁੱਚਾ ਸਿੰਘ ਛੋਟੇਪੁਰ ਵਰਗੇ ਕਈ ਵੱਡੇ-ਛੋਟੇ ਆਗੂਆਂ ਨੇ ਇਸ ਤੋਂ ਕਿਨਾਰਾ ਕਰ ਲਿਆ ਹੈ। ਭਾਵੇਂ ਬਹੁਤਾ ਨਾ ਸਹੀ ਪਰ ਜੇਕਰ ਇਹ ‘ਆਪ’ ਦੀਆਂ ਹਜ਼ਾਰ-ਦੋ ਹਜ਼ਾਰ ਵੋਟਾਂ ਤੋੜਨ ਵਿਚ ਵੀ ਕਾਮਯਾਬ ਹੋ ਗਏ ਤਾਂ ਜ਼ਾਹਰਾ ਤੌਰ ‘ਤੇ ਇਹ ਮੁੱਖ ਵਿਰੋਧੀ ਧਿਰਾਂ ਕਾਂਗਰਸ ਤੇ ਅਕਾਲੀ ਦਲ ਵਿਚੋਂ ਕਿਸੇ ਇਕ ਦੇ ਹੱਕ ਵਿਚ ਭੁਗਤਣਗੇ। ਇਨ੍ਹਾਂ ਵਿਚੋਂ ਕਾਂਗਰਸ ਦਾ ਪੱਲੜਾ ਭਾਰੀ ਲਗਦਾ ਹੈ।
ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀ ਇਸ ਨੂੰ ਮਹਿਸੂਸਿਆ ਹੈ, ਇਸ ਲਈ ਹੁਣ ਤਕ ਕਿਸੇ ਨਾਲ ਗਠਜੋੜ ਨਾ ਕਰਨ ਦਾ ਰਾਗ ਅਲਾਪਦੇ ਅਲਾਪਦੇ, ਬੈਂਸ ਭਰਾਵਾਂ ਦੀ ‘ਲੋਕ ਇਨਸਾਫ਼ ਪਾਰਟੀ’ ਨਾਲ ਗਠਜੋੜ ਕਰ ਬੈਠੇ ਹਨ ਤੇ ਉਨ੍ਹਾਂ ਨੂੰ ਪੰਜ ਸੀਟਾਂ ਵੀ ਦੇ ਦਿੱਤੀਆਂ ਹਨ। ਕਿਤੇ ਨਾ ਕਿਤੇ ‘ਆਪ’ ਵਿਚ ਵੀ ਡਰ ਹੈ ਕਿ ਕਿਤੇ ਉਹ ਆਪਣੇ ਆਪ ‘ਤੇ ਅੰਨ੍ਹਾ ਵਿਸ਼ਵਾਸ ਕਰ ਬੈਠੇ ਕਿ ਕੁਝ ਸੀਟਾਂ ਉਸ ਦੇ ਹੱਥੋਂ ਖਿਸਕ ਜਾਣ। ਮੌਜੂਦਾ ਸਥਿਤੀਆਂ ਵਿਚ ਕਿਸੇ ਇਕ ਧਿਰ ਦਾ ਪੱਲੜਾ ਭਾਰੀ ਹੁੰਦਾ ਨਜ਼ਰ ਨਹੀਂ ਆ ਰਿਹਾ। ਇਨ੍ਹਾਂ ਵਿਚੋਂ ‘ਆਪ’ ਅਤੇ ਕਾਂਗਰਸ ਮੋਹਰੀ ਕਤਾਰ ਵਿਚ ਹਨ ਤੇ ਅਕਾਲੀ-ਭਾਜਪਾ ਪਿਛੇ ਰਹਿ ਗਈ ਹੈ। ਜਿਸ ਤਰ੍ਹਾਂ ਪਾਣੀਆਂ ਦੇ ਮੁੱਦੇ ‘ਤੇ ‘ਆਪ’ ਦਾ ਹਾਲੇ ਤਕ ਕੋਈ ਸਪਸ਼ਟ ਸਟੈਂਡ ਸਾਹਮਣੇ ਨਹੀਂ ਆ ਰਿਹਾ, ਪੰਜਾਬੀਆਂ ਦੇ ਮਨਾਂ ਵਿਚ ਇਸ ਪ੍ਰਤੀ ਪੰਜਾਬ ਦੇ ਹੱਕ ਦੀ ਗੱਲ ਕਰਨ ਦੇ ਤੌਖ਼ਲੇ ਵੀ ਖੜ੍ਹੇ ਹੋ ਗਏ ਹਨ। ਇਹੋ ਜਿਹੇ ਹਾਲਾਤ ਵਿਚ ਬਹੁਮਤ ਕਿਸੇ ਇਕ ਧਿਰ ਦੇ ਪੱਲੇ ਵਿਚ ਪੈਂਦੇ ਦਿਖਾਈ ਨਹੀਂ ਦੇ ਰਿਹਾ ਤੇ ਲਟਕਵੀਂ ਵਿਧਾਨ ਸਭਾ ਬਣਨ ਦੇ ਆਸਾਰ ਕਾਫ਼ੀ ਤਿੱਖੇ ਹੁੰਦੇ ਜਾ ਰਹੇ ਹਨ। ਜੇਕਰ ਅਜਿਹਾ ਹੋ ਜਾਂਦਾ ਹੈ ਤਾਂ ਇਹ ਪੰਜਾਬੀਆਂ ਲਈ ਕਿਸੇ ਵੀ ਪੱਖੋਂ ਚੰਗਾ ਨਹੀਂ ਹੋਵੇਗਾ। ਉਂਜ ਪੰਜਾਬ ਦੀ ਖ਼ੁਸ਼ਹਾਲੀ ਤਾਂ ਕਿਸੇ ਇਕ ਧਿਰ ਦੇ ਸੱਤਾ ਵਿਚ ਆਉਣ ਨਾਲ ਵੀ ਪਰਤਣ ਵਾਲੀ ਨਹੀਂ ਕਿਉਂਕਿ ਕਾਂਗਰਸ ਤੇ ਅਕਾਲੀ-ਭਾਜਪਾ ਨਿੱਜੀ ਮੁਫ਼ਾਦਾਂ ਲਈ ਲੜਦੀ ਹੈ ਤੇ ‘ਆਪ’ ਜ਼ਮੀਨੀ ਹਕੀਕਤਾਂ ਤੋਂ ਕੋਰੀ ਹੀ ਜਾਪਦੀ ਹੈ। ਬੇਸ਼ੱਕ ਉਹ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਜਾਂ ਵਪਾਰੀਆਂ ਨੂੰ ਬਿਹਤਰ ਸਹੂਲਤਾਂ ਦੇਣ ਦਾ ਵਾਅਦਾ ਕਰਦੀ ਹੈ ਪਰ ਉਨ੍ਹਾਂ ਸਮੱਸਿਆਵਾਂ ਦੀ ਜੜ੍ਹ ਤਕ ਜਾਣ ਤੇ ਉਨ੍ਹਾਂ ਨੂੰ ਦੂਰ ਕਰਨ ਦਾ ਉਸ ਕੋਲ ਕੋਈ ਪ੍ਰੋਗਰਾਮ ਨਹੀਂ ਹੈ।
ਹੁਣ ਉਨ੍ਹਾਂ ਸਥਿਤੀਆਂ ‘ਤੇ ਨਜ਼ਰ ਮਾਰਨ ਦੀ ਵੀ ਲੋੜ ਹੈ ਕਿ ਜੇਕਰ ਲਟਕਵੀਂ ਵਿਧਾਨ ਸਭਾ ਹੋਂਦ ਵਿਚ ਆਈ ਤਾਂ ਸੱਤਾ ਕਿਸ ਦੇ ਹੱਥ ਹੋਵੇਗੀ। ਜ਼ਾਹਰਾ ਤੌਰ ‘ਤੇ ਉਦੋਂ ਲੈਣ-ਦੇਣ ਦੀ ਸਿਆਸਤ, ਸੌਦੇਬਾਜ਼ੀ ਦੀ ਸਿਆਸਤ ਖੁੱਲ੍ਹ ਕੇ ਖੇਡੀ ਜਾਵੇਗੀ ਤੇ ਇਹੋ ਜਿਹੀ ਸਿਆਸਤ ਵਿਚ ਪੰਜਾਬ, ਪੰਜਾਬੀਆਂ ਤੇ ਮਸਲੇ ਪੂਰੀ ਤਰ੍ਹਾਂ ਮਨਫ਼ੀ ਹੋਣਗੇ।

ਬਦਲਣ ਲੱਗੀਆਂ ਵਫ਼ਾਦਾਰੀਆਂ
ਪੰਜਾਬ ਦੇ ਇਸ ਸਿਆਸੀ ਮਾਹੌਲ ਵਿਚ ਵਫ਼ਾਦਾਰੀਆਂ ਬਦਲਣ ਲੱਗੀਆਂ ਹਨ। ਨੇਤਾ ਇਕ ਦਾ ਪੱਲਾ ਛੱਡ ਕੇ ਦੂਜੇ ਦੀ ਕੁੱਛੜ ਚੜ੍ਹ ਰਹੇ ਹਨ। ਸਾਰੀਆਂ ਸਿਆਸੀ ਪਾਰਟੀਆਂ ਦੀ ਹਾਲਤ ਇਹ ਹੈ ਕਿ ਟਿਕਟ ਨਾ ਮਿਲਣ ਕਾਰਨ ਨਾਰਾਜ਼ ਆਗੂ ਇਕ ਪਾਰਟੀ ਛੱਡ ਕੇ ਦੂਜੀ ਵਿਚ ਸ਼ਾਮਲ ਹੋ ਰਹੇ ਹਨ। ਪਿਛਲੇ ਦਿਨੀਂ ਅਕਾਲੀ ਦਲ ਦੇ ਸਰਵਣ ਸਿੰਘ ਫਿਲੌਰ ਨੇ ਟਿਕਟ ਨਾ ਮਿਲਣ ‘ਤੇ ਅਕਾਲੀ ਦਲ ਤੋਂ ਵਿਦਾ ਲੈ ਕੇ ਕਾਂਗਰਸ ਵਿਚ ਸ਼ਮੂਲੀਅਤ ਕਰ ਲਈ। ਹੋਰ ਵੀ ਕਈ ਆਗੂ ਕਾਂਗਰਸ ਵਿਚ ਸ਼ਾਮਲ ਹੋਏ ਹਨ ਤੇ ਤਾਜ਼ਾ ਉਦਾਹਰਣ ਮਹੇਸ਼ਇੰਦਰ ਸਿੰਘ ਦੀ ਹੈ, ਜਿਨ੍ਹਾਂ ਨੇ ਦੋਸ਼ ਲਾਇਆ ਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸੱਦ ਕੇ ਕਿਹਾ ਹੈ ਕਿ ਇਸ ਵਾਰ ਟਿਕਟ ਨਹੀਂ ਦੇਣੀ ਤੇ ਇਕ ਪੁਲੀਸ ਅਫ਼ਸਰ ਨੇ ਧਮਕਾਇਆ ਹੈ ਕਿ ਜੇਕਰ ਵਿਰੋਧ ਕੀਤਾ ਤਾਂ ਕਿਸੇ ਕੇਸ ਵਿਚ ਫਸਾ ਦਿੱਤਾ ਜਾਵੇਗਾ, ਇਸ ਲਈ ਉਹ ਅਸਤੀਫ਼ਾ ਦੇ ਰਹੇ ਹਨ। ਉਧਰ ਕਾਂਗਰਸ ਦੇ ਕਈ ਨੇਤਾ ਪਾਰਟੀ ਛੱਡ ਕੇ ‘ਆਪ’ ਵਿਚ ਜਾ ਰਹੇ ਹਨ। ਹੁਣ ਤਕ ਨਾਹ-ਨਾਹ ਕਰਦੀ ਆ ਰਹੀ ‘ਆਪ’ ਨੇ ਬੈਂਸ ਭਰਾਵਾਂ ਨਾਲ ਗਠਜੋੜ ਕਰ ਲਿਆ ਹੈ। ਇਸੇ ਕਰਕੇ ਕੁਝ ਨੇਤਾਵਾਂ ਨੇ ‘ਆਪ’ ਛੱਡਣ ਦੀ ਧਮਕੀ ਦਿੱਤੀ ਹੈ।

ਸਿਆਸੀ ਮਾਹਰਾਂ ਦੇ ਸਵਾਲ
ਸਿਆਸੀ ਪਾਰਟੀਆਂ ਨੂੰ ਇਹ ਸਪਸ਼ਟ ਕਰਨਾ ਚਾਹੀਦਾ ਹੈ ਕਿ ਆਖ਼ਰ ਉਹ ਇਨ੍ਹਾਂ ਵਾਅਦਿਆਂ ਨੂੰ ਪੂਰਾ ਕਰਨ ਲਈ ਪੈਸਾ ਕਿਥੋਂ ਲਿਆਉਣਗੀਆਂ। ਹਕੀਕਤ ਇਹ ਹੈ ਕਿ ਪੰਜਾਬ ਸਿਰ 2 ਲੱਖ ਕਰੋੜ ਦਾ ਕਰਜ਼ਾ ਹੈ। ਸਿਆਸੀ ਪਾਰਟੀਆਂ ਇਹ ਵਾਅਦੇ ਕਿਵੇਂ ਪੂਰੇ ਕਰਨਗੀਆਂ, ਮੇਰੀ ਸਮਝ ਤੋਂ ਬਾਹਰ ਹੈ।
ਸਰਦਾਰਾ ਸਿੰਘ ਜੌਹਲ,
ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ ਦੇ ਚਾਂਸਲਰ

ਲੋਕ ਲੁਭਾਉ ਵਾਅਦੇ ਸਿਆਸੀ ਪਾਰਟੀਆਂ ਦੇ ਮਹਿਜ਼ ਜੁਮਲੇ ਹਨ ਅਤੇ ਇਨ੍ਹਾਂ ਵਿਚ ਸਚਾਈ ਰੱਤੀ ਭਰ ਵੀ ਨਹੀਂ ਹੈ। ਪਾਰਟੀਆਂ ਬੱਸ ਵੋਟਰਾਂ ਨੂੰ ਭਰਮਾ ਰਹੀਆਂ ਹਨ। ਹੁਣ ਤਕ ਕਿਸੇ ਵੀ ਪਾਰਟੀ ਨੇ ਆਪਣੇ ਪਹਿਲੋਂ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਤੇ ਹੁਣ ਇਨ੍ਹਾਂ ਤੋਂ ਆਉਣ ਵਾਲੇ ਸਮੇਂ ਵਿਚ ਕਿਵੇਂ ਉਮੀਦ ਕੀਤੀ ਜਾ ਸਕਦੀ ਹੈ।
ਸੁੱਚਾ ਸਿੰਘ ਗਿੱਲ
ਕਰਿੱਡ ਦੇ ਸਾਬਕਾ ਡਾਇਰੈਕਟਰ ਜਨਰਲ

ਲੋਕਾਂ ਨੂੰ ਸਿਆਸਤਦਾਨਾਂ ‘ਤੇ ਵਿਸ਼ਵਾਸ ਕਰਨਾ ਛੱਡ ਦੇਣਾ ਚਾਹੀਦਾ ਹੈ। ਪੂਰੇ ਸੰਸਾਰ ਵਿਚ ਸਿਆਸਤ ਦਾ ਪੱਧਰ ਹੇਠਾਂ ਗਿਆ ਹੈ। ਲੋਕਾਂ ਨੂੰ ਮੌਜੂਦਾ ਸਿਆਸੀ ਢਾਂਚੇ ‘ਤੇ ਖਦਸ਼ੇ ਪੈਦਾ ਹੋਣੇ ਸ਼ੁਰੂ ਹੋ ਗਏ ਹਨ, ਜੋ ਕਿਸੇ ਵੀ ਮੁਲਕ ਦੀ ਸਿਆਸਤ ਲਈ ਠੀਕ ਨਹੀਂ।
ਕੇ.ਆਰ. ਲੱਖਣਪਾਲ
ਪੰਜਾਬ ਦੇ ਸਾਬਕਾ ਮੁੱਖ ਸਕੱਤਰ

ਸੂਬੇ ਦਾ ਖ਼ਰਚਾ ਸਿਰਫ਼ ਸੋਸ਼ਲ ਸੈਕਟਰ ‘ਤੇ ਕੀਤਾ ਜਾਣਾ ਚਾਹੀਦਾ ਹੈ ਨਾ ਕਿ ਸੱਤਾਧਿਰ ਦਾ ਲੋਕ ਲੁਭਾਉ ਸਿਆਸੀ ਏਜੰਡਾ ਹੋਣਾ ਚਾਹੀਦਾ ਹੈ। ਸੂਬੇ ‘ਤੇ ਪਹਿਲਾਂ ਹੀ ਬਹੁਤ ਕਰਜ਼ਾ ਹੈ ਸੋ ਭਵਿੱਖ ਵਿਚ ਸੂਬੇ ਦੀ ਆਰਥਿਕਤਾ ਨੂੰ ਕੰਟਰੋਲ ਕਰਨ ਵਿਚ ਆਉਣ ਵਾਲੀ ਸਰਕਾਰ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।
ਆਰ.ਐਸ. ਬਾਵਾ
ਚੰਡੀਗੜ੍ਹ ਯੂਨੀਵਰਸਿਟੀ, ਘੰੜੂਆਂ ਦੇ ਵਾਈਸ ਚਾਂਸਲਰ

ਪੰਜਾਬੀਆਂ ਲਈ ਹੰਝੂ ਵਹਾਉਣ ਵਾਲੇ ਸਿੱਧੂ 127 ਦਿਨਾਂ ਤੋਂ ਪੰਜਾਬ ਨਹੀਂ ਆਏ
ਜਲੰਧਰ/ਬਿਊਰੋ ਨਿਊਜ਼ :
”ਕਿਵੇਂ ਛੱਡ ਦਿਆਂ ਆਪਣੀ ਜੜ੍ਹ, ਆਪਣਾ ਵਤਨ ਪੰਜਾਬ…” ਇਹ ਕਹਿ ਕੇ 127 ਦਿਨ ਪਹਿਲਾਂ ਰਾਜ ਸਭਾ ਛੱਡਣ ਵਾਲੇ ਨਵਜੋਤ ਸਿੰਘ ਸਿੱਧੂ ਉਸ ਮਗਰੋਂ ਇਕ ਵਾਰ ਵੀ ਪੰਜਾਬ ਨਹੀਂ ਆਏ। ਪਿਛਲੀ ਵਾਰ ਨਵੰਬਰ 2014 ਨੂੰ ਲੁਧਿਆਣਾ ਵਿਚ ਦੇਖੇ ਗਏ ਸਨ। ਇਸ ਤੋਂ ਪਹਿਲਾਂ ਉਹ ਆਪਣੀ ਨਵੀਂ ਕੋਠੀ ਦੀ ਪੂਜਾ ਵਿਚ 2 ਮਈ 2014 ਨੂੰ ਅਮ੍ਰਿਤਸਰ ਪਹੁੰਚੇ ਸਨ। ਬੈਂਸ ਭਰਾ ਤੇ ਪਰਗਟ ਮੋਰਚੇ ਦੀ ਮੀਟਿੰਗ ਵੀ ਦਿੱਲੀ ਵਿਚ ਹੀ ਕੀਤੀ। ਹੁਣ ਬੈਂਸ ਭਰਾ ਦੇ ‘ਆਪ’ ਨਾਲ ਜੁੜਨ ਅਤੇ ਰਾਜਧਾਨੀ ਵਿਚ 6 ਮੀਟਿੰਗਾਂ ਕਰਨ ਮਗਰੋਂ ਫ਼ਿਲਹਾਲ ਉਹ ਮੁੰਬਈ ਵਿਚ ਹਨ।
ਪਿਛਲੇ ਦਿਨੀਂ ਡਾ. ਨਵਜੋਤ ਕੌਰ ਸਿੱਧੂ ਸ਼ਰਾਧਾਂ ਦਾ ਹਵਾਲਾ ਦੇ ਕੇ ਉਨ੍ਹਾਂ ਦੇ ਪੰਜਾਬ ਵਿਚ ਨਾ ਆਉਣ ਦਾ ਕਾਰਨ ਦੱਸ ਰਹੇ ਸਨ ਕਿ ਸਿੱਧੂ ਨਰਾਤਿਆਂ ਵਿਚ ਪੰਜਾਬ ਆਉਣਗੇ। ਪਰ ਹੁਣ ਤਾਂ ਨਰਾਤੇ ਵੀ ਖ਼ਤਮ ਹੋ ਗਏ ਹਨ। ਬੈਂਸ ਭਰਾ ਵੀ ਸਿੱਧੂ ਦੀ ਇਸ ਆਦਤ ਤੋਂ ਪ੍ਰੇਸ਼ਾਨ ਹੋ ਕੇ ‘ਆਪ’ ਵਿਚ ਚਲੇ ਗਏ।

‘ਆਪ’ ਰੈਲੀ ‘ਚ ਹੰਗਾਮਾ-ਮਾਨ ਨੂੰ ਅੱਧਾ ਘੰਟਾ ਬੋਲਣ ਨਹੀਂ ਦਿੱਤਾ
ਕੇਜਰੀਵਾਲ ਦੇ ਆਉਣ ‘ਤੇ ਵੀ ਨਹੀਂ ਮੰਨੇ
ਨਿਹਾਲ ਸਿੰਘ ਵਾਲਾ/ਬਿਊਰੋ ਨਿਊਜ਼ :
ਨਿਹਾਲ ਸਿੰਘ ਵਾਲਾ ਵਿਚ ਆਮ ਆਦਮੀ ਪਾਰਟੀ ਦੀ ਇਨਕਲਾਬ ਰੈਲੀ ਵਿਚ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਆਪਣੇ ਹੀ ਵਰਕਕਰਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਰੈਲੀ ਵਿਚ ਮੌਜੂਦ ਕਰੀਬ 3000 ਵਿਚੋਂ 2500 ਲੋਕ ਬਾਘਾਪੁਰਾਣਾ ਤੋਂ ਐਲਾਨੇ ਗਏ ‘ਆਪ’ ਉਮੀਦਵਾਰ ਗੁਰਵਿੰਦਰ ਸਿੰਘ ਕੰਗ ਦੇ ਵਿਰੋਧ ਵਿਚ ਪਹੁੰਚੇ ਸਨ। ਭਗਵੰਤ ਮਾਨ ਨੇ ਲੋਕਾਂ ਨੂੰ ਸਟੇਜ ਤੋਂ ਸਮਝਾਇਆ ਪਰ ਉਹ ਨਹੀਂ ਮੰਨੇ। ਕੇਜਰੀਵਾਲ ਜਦੋਂ ਪਹੁੰਚੇ ਤਾਂ ਹੰਗਾਮਾ ਵਧ ਗਿਆ ਪਰ ਉਨ੍ਹਾਂ ਨੇ ਇਸ ਨੂੰ ਨਜ਼ਰਅੰਦਾਜ਼ ਕਰਕੇ ਅਕਾਲੀ ਅਤੇ ਕਾਂਗਰਸ ‘ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਕੁੱਲ ਮਿਲਾ ਕੇ ਰੈਲੀ ਫਿੱਕੀ ਹੀ ਰਹੀ।
ਸੰਸਦ ਮੈਂਬਰ ਭਗਵੰਤ ਮਾਨ ਜਿਵੇਂ ਹੀ ਸਟੇਜ ਤੋਂ ਬੋਲਣ ਲੱਗੇ ਤਾਂ ਪੰਡਾਲ ਵਿਚ ਕੰਗ ਦੇ ਵਿਰੋਧ ਵਿਚ ਆਏ ਲੋਕ ਖੜ੍ਹੇ ਹੋ ਗਏ। ਸਾਰੇ ਕੰਗ ਅਤੇ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਖ਼ਿਲਾਫ਼ ਨਾਅਰੇਬਾਜ਼ੀ ਕਰਨ ਲੱਗੇ। ਪੰਡਾਲ ਵਿਚ ਲਾਲ ਰੰਗ ਨਾਲ ਕਰਾਸ ਲੱਗੀਆਂ ਕੰਗ ਤੇ ਫੂਲਕਾ ਦੀਆਂ ਤਸਵੀਰਾਂ ਵਾਲੇ ਬੈਨਰ ਲਹਿਰਾਉਂਦੇ ਰਹੇ। ਮਾਨ ਨੇ ਸਟੇਜ ਤੋਂ ਵਾਰ ਵਾਰ ਕਿਹਾ, ਸਾਰਿਆਂ ਟਿਕਟ ਦੇਣਾ ਸੰਭਵ ਨਹੀਂ, ਤੁਸੀਂ ਸ਼ਾਂਤ ਹੋ ਜਾਉ। ਪ੍ਰਦਰਸ਼ਨਕਾਰੀ ਨਹੀਂ ਮੰਨੇ। ਕਰੀਬ ਅੱਧਾ ਘੰਟਾ ਹੰਗਾਮਾਕਰਨ ਮਗਰੋਂ ਮਾਨ ਨੂੰ ਬੋਲਣ ਦਿੱਤਾ। ਰੈਲੀ ਵਿਚ ਕੇਜਰੀਵਾਲ 3 ਘੰਟੇ ਦੀ ਦੇਰੀ ਨਾਲ ਪਹੁੰਚੇ। ਉਨ੍ਹਾਂ ਦੇ ਆਉਣ ‘ਤੇ ਹੰਗਾਮਾ ਹੋਰ ਵਧ ਗਿਆ। ਸਟੇਜ ਤੋਂ ਵਾਰ ਵਾਰ ਸ਼ਾਂਤ ਰਹਿਣ ਦੀ ਅਪੀਲ ਕੀਤੀ ਪਗਈ ਪਰ ਪ੍ਰਦਰਸ਼ਨਕਾਰੀ ਨਹੀਂ ਮੰਨੇ। ਪਹਿਲਾਂ ਤਾਂ ਕੇਜਰੀਵਾਲ ਹੜਬੜਾ ਗਏ ਪਰ ਉਨ੍ਹਾਂ ਨੇ ਵਿਰੋਧ ‘ਤੇ ਕੋਈ ਟਿੱਪਣੀ ਨਹੀਂ ਕੀਤੀ ਤੇ ਭਾਸ਼ਣ ਸ਼ੁਰੂ ਕਰ ਦਿੱਤਾ। ਮਾਨ ਨੇ  ਬਾਦਲ ਪਿਤਾ-ਪੁੱਤਰ ਤੇ ਮਜੀਠੀਆ ‘ਤੇ ਤਵਾ ਲਾਉਂਦੇ ਹੋਏ ਕਿਹਾ, ”ਬਾਦਲਾਂ ਨੇ ਟਰਾਂਸਪੋਰਟ, ਰੇਤਾ ਬਜਰੀ ਤੇ ਹੋਰ ਧੰਦਿਆਂ ਵਿਚ ਪੰਜਾਬ ਨੂੰ ਲੁਟਿਆ ਹੈ ਜਦਕਿ ਮਜੀਠੀਆ ਨੇ ਚਿੱਟਾ ਵੇਚ ਕੇ ਧਨ ਲਪੇਟਿਆ ਹੈ। ਮਾਨ ਨੇ ਕਿਹਾ, ਵੋਟ ਪਾਉਂਦੇ ਸਮੇਂ ਇਨ੍ਹਾਂ ਤੋਂ ਪੈਸੇ ਲੈ ਲਓ ਪਰ ਬਟਨ ਝਾੜੂ ਦਾ ਹੀ ਦੱਬਣਾ।
ਰੈਲੀ ‘ਚ ਪੁੱਜਣ ਤੋਂ ਪਹਿਲਾਂ ਵੀ ਕੇਜਰੀਵਾਲ ਦੀ ਗੱਡੀ ਰੋਕੀ :
ਨਿਹਾਲ ਸਿੰਘ ਵਾਲਾ ਰੈਲੀ ਵਾਲੀ ਥਾਂ ‘ਤੇ ਪਹੁੰਚਣ ਤੋਂ ਪਹਿਲਾਂ ਰਸਤੇ ਵਿਚ ਵੀ ਕੇਜਰੀਵਾਲ ਦੀ ਗੱਡੀ ਪਾਰਟੀ ਤੋਂ ਖ਼ਫ਼ਾ ਵਰਕਰਾਂ ਨੇ ਘੇਰ ਲਈ। ਕਾਰ ਉਤੇ ਮੁੱਕੇ ਤੇ ਲੱਤਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਉਥੇ ਮੌਜੂਦ ਪੁਲੀਸ ਵਾਲਿਆਂ ਨੇ ਉਨ੍ਹਾਂ ਨੂੰ ਹਟਾਇਆ। ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਡੀ.ਜੀ.ਪੀ. ਸੁਰੇਸ਼ ਅਰੋੜ ਨੇ ਮੋਗਾ ਦੇ ਐਸ.ਐਸ.ਪੀ. ਤੋਂ 24 ਘੰਟਿਆਂ ਅੰਦਰ ਰਿਪੋਰਟ ਮੰਗੀ ਹੈ।

ਬੈਂਸ ਭਰਾਵਾਂ ਨੂੰ ਲੈ ਕੇ ‘ਆਪ’ ਵਿਚ ਬਗ਼ਾਵਤ
ਲੁਧਿਆਣਾ/ਬਿਊਰੋ ਨਿਊਜ਼ :
ਬੈਂਸ ਭਰਾਵਾਂ ਦੇ ਆਮ ਆਦਮੀ ਪਾਰਟੀ ਦੇ ਗਠਜੋੜ ਖ਼ਿਲਾਫ਼ ਵੀ ਬਗ਼ਾਵਤ ਸ਼ੁਰੂ ਹੋ ਗਈ ਹੈ। ‘ਆਪ’ ਦੇ ਸੂਬਾਈ ਮੀਤ ਪ੍ਰਧਾਨ ਸੇਵਾਮੁਕਤ ਕਰਨਲ ਸੀ.ਐਮ. ਲਖਣਪਾਲ ਸਿੰਘ ਨੇ ਸਾਫ਼ ਕਿਹਾ ਕਿ ਬੈਂਸ ਭਰਾਵਾਂ ਨੂੰ ਪਾਰਟੀ ਵਿਚ ਲਿਆਉਣ ਖ਼ਿਲਾਫ਼ ਉਹ ਸ਼ੁਰੂ ਤੋਂ ਵਿਰੋਧ ਦਰਜ ਕਰਵਾਉਂਦੇ ਰਹੇ ਹਨ। ਵਾਲੰਟੀਅਰਾਂ ਦੇ ਜਜ਼ਬਾਤ ਨੂੰ ਲੈ ਕੇ ਇਕ ਕਮੇਟੀ ਤਿਆਰ ਕੀਤੀ ਗਈ ਹੈ ਜੋ ਕਿ ਆਉਣ ਵਾਲੇ ਦਿਨਾਂ ਵਿਚ ਪਾਰਟੀ ਦੇ ਸੀਨੀਅਰ ਨੇਤਾਵਾਂ ਨੂੰ ਮਿਲ ਕੇ ਇਸ ਫ਼ੈਸਲੇ ਨੂੰ ਵਾਪਸ ਲੈਣ ਲਈ ਕਹਿਣਗੇ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਉਹ ਪਾਰਟੀ ਲਈ ਕੰਮ ਨਹੀਂ ਕਰਨ ਦੀ ਬਜਾਏ ਚੁੱਪਚਾਪ ਘਰ ਬੈਠਣਾ ਜ਼ਿਆਦਾ ਪਸੰਦ ਕਰਨਗੇ। ਕਿਉਂਕਿ ਬੈਂਸ ਭਰਾਵਾਂ ਦੇ ਸਿਧਾਂਤ ਆਮ ਆਦਮੀ ਪਾਰਟੀ ਦੇ ਸਿਧਾਂਤਾਂ ਨਾਲ ਮੇਲ ਨਹੀਂ ਖਾਂਦੇ।
ਮੀਟਿੰਗ ਵਿਚ ਹਲਕਾ ਸੈਂਟਰ, ਦੱਖਣੀ, ਆਤਮ ਨਗਰ, ਪੂਰਬ, ਪੱਛਮ ਤੇ ਉਤਰ ਤੋਂ ਵਾਲੰਟੀਅਰ ਪਹੁੰਚੇ ਸਨ। ਸਾਰਿਆਂ ਨੇ ਕਿਹਾ, ਪਾਰਟੀ ਨੇ ਇਹ ਫ਼ੈਸਲਾ ਗ਼ਲਤ ਕੀਤਾ ਹੈ। ਦਿੱਲੀ ਤੋਂ ਆਉਣ ਵਾਲੇ ਨੇਤਾਵਾਂ ਨੇ ਸਾਫ਼ ਕਿਹਾ ਸੀ ਕਿ ਉਮੀਦਵਾਰ ਪਾਰਟੀ ਤੋਂ ਹੀ ਹੋਵੇਗਾ। ਹੁਣ ਪਾਰਟੀ ਕਿਉਂ ਬੈਂਸ ਭਰਾਵਾਂ ਨੂੰ ਆਪਣੇ ਨਾਲ ਜੋੜ ਰਹੀ ਹੈ। ਜੇਕਰ ਪਾਰਟੀ ਨੇ ਫ਼ੈਸਲਾ ਨਾ ਬਦਲਿਆ ਤਾਂ ਜਿਥੇ ਬੈਂਸ ਭਰਾਵਾਂ ਅਤੇ ਉਨ੍ਹਾਂ ਦੇ ਉਮੀਦਵਾਰ ਚੋਣ ਮੈਦਾਨ ਵਿਚ ਉਤਰਨਗੇ, ਉਨ੍ਹਾਂ ਸੀਟਾਂ ‘ਤੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨਗੇ।

ਅਕਾਲੀ ਵਿਧਾਇਕ ਮਹੇਸ਼ਇੰਦਰ ਸਿੰਘ ਨੇ ਦਿੱਤਾ ਅਸਤੀਫ਼ਾ
ਮੋਗਾ/ਬਿਊਰੋ ਨਿਊਜ਼ :
ਬਾਘਾਪੁਰਾਣਾ ਤੋਂ ਅਕਾਲੀ ਵਿਧਾਇਕ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਨੇ ਆਪਣੇ ਹਮਾਇਤੀਆਂ ਸਮੇਤ ਪਾਰਟੀ ਵਿੱਚੋਂ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਦੇ ਨਾਲ ਅਸਤੀਫ਼ਾ ਦੇਣ ਵਾਲਿਆਂ ਵਿਚ ਨਗਰ ਪੰਚਾਇਤ ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਇੰਦਰਜੀਤ ਜੌਲੀ ਗਰਗ, ਜ਼ਿਲ੍ਹਾ ਬਾਰ ਐਸੋਸੀਏਸ਼ਨ ਪ੍ਰਧਾਨ ਤੇ ਅਕਾਲੀ ਕੌਂਸਲਰ ਨਸੀਬ ਬਾਵਾ, ਮੋਗਾ ਕੇਂਦਰੀ ਸਹਿਕਾਰੀ ਬੈਂਕ ਦੇ ਡਾਇਰੈਕਟਰ ਸੁਖਦੇਵ ਸਿੰਘ ਖੋਸਾ ਤੇ ਉਨ੍ਹਾਂ ਦੇ ਹੋਰ ਸਮਰਥਕ ਸ਼ਾਮਲ ਹਨ।
ਇਥੇ ਸੱਦੀ ਪ੍ਰੈਸ ਕਾਨਫਰੰਸ ਵਿੱਚ ਅਕਾਲੀ ਵਿਧਾਇਕ ਮਹੇਸ਼ ਇੰਦਰ ਸਿੰਘ ਨਿਹਾਲ ਸਿੰਘ ਵਾਲਾ ਨੇ ਦੱਸਿਆ ਕਿ ਉਨ੍ਹਾਂ ਦੀ ਰਿਹਾਇਸ਼ ‘ਤੇ ਤੜਕਸਾਰ ਸਥਾਨਕ ਪੁਲੀਸ ਨੇ ਛਾਪਾ ਮਾਰਿਆ ਤੇ ਗੈਂਗਸਟਰਾਂ ਨਾਲ ਸਬੰਧਾਂ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕਰਨ ਦੀ ਧਮਕੀ ਦਿੱਤੀ। ਪੁਲੀਸ ਨੇ ਉਨ੍ਹਾਂ ਨੂੰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨਾਲ ਗੱਲਬਾਤ ਕਰਨ ਲਈ ਵੀ ਕਿਹਾ ਤੇ ਸਾਫ਼ ਕਰ ਦਿੱਤਾ ਕਿ ਜੇ ਅਕਾਲੀ ਦਲ ਛੱਡਿਆ ਤਾਂ ਉਨ੍ਹਾਂ ਦਾ ਵੱਡਾ ਨੁਕਸਾਨ ਹੋ ਸਕਦਾ ਹੈ। ਵਿਧਾਇਕ ਨੇ ਕਿਹਾ ਕਿ ਉਨ੍ਹਾਂ ਨੇ ਪਾਰਟੀ ਟਿਕਟ ਕੱਟਣ ਦੇ ਰੋਸ ਵਜੋਂ ਨਹੀਂ, ਬਲਕਿ ਘਰੇ ਪੁਲੀਸ ਭੇਜ ਕੇ ਬੇਇਜ਼ਤ ਕਰਨ ਦੇ ਰੋਸ ਵਜੋਂ ਛੱਡੀ ਹੈ। ਵਿਧਾਇਕ ਨੇ ਕਿਹਾ ਕਿ ਉਹ ਭਵਿੱਖੀ ਰਣਨੀਤੀ ਬਾਰੇ ਜਲਦੀ ਹੀ ਫ਼ੈਸਲਾ ਲੈਣਗੇ। ਉਧਰ ਹਲਕਾ ਨਿਹਾਲ ਸਿੰਘ ਵਾਲਾ ਰਾਖਵਾਂ ਤੋਂ ਵਿਧਾਇਕਾ ਰਾਜਵਿੰਦਰ ਕੌਰ ਭਾਗੀਕੇ, ਜਿਨ੍ਹਾਂ ਦੀ ਟਿਕਟ ਕੱਟ ਦਿੱਤੀ ਗਈ ਹੈ, ਨੇ ਵੀ ਅਕਾਲੀ ਦਲ ਨੂੰ ਅਲਟੀਮੇਟਮ ਦਿੱਤਾ ਹੋਇਆ ਹੈ। ਇਸੇ ਦੌਰਾਨ ਥਾਣਾ ਨਿਹਾਲ ਸਿੰਘ ਵਾਲਾ ਦੇ ਇੰਸਪੈਕਟਰ ਦਲਬੀਰ ਸਿੰਘ ਨੇ ਅਕਾਲੀ ਵਿਧਾਇਕ ਮਹੇਸ਼ਇੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਨ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਥਾਣਾ ਫੂਲ ਮੁਖੀ ਮੋਹਣ ਲਾਲ ਉਨ੍ਹਾਂ ਨੂੰ ਨਾਲ ਲੈ ਕੇ ਵਿਧਾਇਕ ਦੇ ਘਰ ਮਿਲਣ ਗਏ ਸਨ।

ਬੈਂਸ ਭਰਾਵਾਂ ਨਾਲ ਗਠਜੋੜ ਤੋਂ ਜਗਮੀਤ ਬਰਾੜ ਨਾਖ਼ੁਸ਼
ਚੰਡੀਗੜ੍ਹ/ਬਿਊਰੋ ਨਿਊਜ਼ :
‘ਆਪ’ ਵੱਲੋਂ ਲੁਧਿਆਣੇ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ ਦੀ ਲੋਕ ਇਨਸਾਫ਼ ਪਾਰਟੀ ਨਾਲ ਗਠਜੋੜ ਕਰਨ ਕਾਰਨ ਪਾਰਟੀ ਅੰਦਰ ਹੀ ‘ਘੁਸਰ-ਮੁਸਰ’ ਸ਼ੁਰੂ ਹੋ ਗਈ ਹੈ। ਪਾਰਟੀ ਲੀਡਰਸ਼ਿਪ ਪਹਿਲਾਂ ਪੀਪੀਪੀ ਦੇ ਮੁਖੀ ਮਨਪ੍ਰੀਤ ਬਾਦਲ ਅਤੇ ਸਾਬਕਾ ਕਾਂਗਰਸੀ ਆਗੂ ਜਗਮੀਤ ਬਰਾੜ ਨਾਲ ਚੋਣ ਗਠਜੋੜ ਕਰਨ ਲਈ ਤਿਆਰ ਨਹੀਂ ਹੋਈ ਸੀ।
ਪਾਰਟੀ ਨੇ ਜਦੋਂ ਸ੍ਰੀ ਬਰਾੜ ਨਾਲ ਗਠਜੋੜ ਕੀਤਾ ਸੀ ਤਾਂ ਉਸ ਵੇਲੇ ਕਿਹਾ ਸੀ ਕਿ ਇਹ ਗਠਜੋੜ ਮਹਿਜ਼ ਮੁੱਦਿਆਂ ‘ਤੇ ਆਧਾਰਤ ਹੈ ਕਿਉਂਕਿ ‘ਆਪ’ ਦੇ ਸੰਵਿਧਾਨ ਮੁਤਾਬਕ ਉਹ ਕੋਈ ਸਿਆਸੀ ਗਠਜੋੜ ਨਹੀਂ ਕਰ ਸਕਦੀ। ਜਗਮੀਤ ਬਰਾੜ ਨੇ ਦੱਸਿਆ ਕਿ ਉਨ੍ਹਾਂ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਰਾਹੀਂ ‘ਆਪ’ ਨਾਲ ਹੱਥ ਮਿਲਾਇਆ ਹੈ। ਉਨ੍ਹਾਂ ਕਿਹਾ ਕਿ ਮਮਤਾ ਬੈਨਰਜੀ ਨੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਗੱਲਬਾਤ ਕਰਨ ਤੋਂ ਬਾਅਦ ਉਨ੍ਹਾਂ (ਬਰਾੜ) ਨੂੰ ਸੁਨੇਹਾ ਦਿੱਤਾ ਸੀ ਕਿ ਉਹ ‘ਆਪ’ ਨਾਲ ਗਠਜੋੜ ਕਰ ਕੇ ਆਪਣੇ 8-10 ਆਗੂਆਂ ਨੂੰ ਚੋਣ ਲੜਾਉਣ ਲਈ ਤਿਆਰ ਕਰ ਲੈਣ। ਜਦੋਂ ਉਨ੍ਹਾਂ ਨੇ ‘ਆਪ’ ਨਾਲ ਸਾਂਝ ਪਾਈ ਸੀ ਤਾਂ ਉਸ ਵੇਲੇ ਸੰਸਦ ਮੈਂਬਰ ਭਗਵੰਤ ਮਾਨ ਸਮੇਤ ਹੋਰ ਆਗੂਆਂ ਨੇ ਕਿਹਾ ਸੀ ਕਿ ਸਿਧਾਂਤਾਂ ਅਨੁਸਾਰ ਕਿਸੇ ਧਿਰ ਨਾਲ ਸਿਆਸੀ ਗਠਜੋੜ ਕਰਨਾ ਸੰਭਵ ਨਹੀਂ ਹੈ। ਸ੍ਰੀ ਬਰਾੜ ਨੇ ਕਿਹਾ ਕਿ ਉਹ ਹੁਣ ਵੀ ‘ਆਪ’ ਨੂੰ ਬਿਨਾਂ ਸ਼ਰਤ ਹਮਾਇਤ ਦਿੰਦੇ ਰਹਿਣਗੇ। ਦੂਜੇ ਪਾਸੇ ਪਤਾ ਲੱਗਿਆ ਹੈ ਕਿ ਸ੍ਰੀ ਬਰਾੜ ਜਿਹੜੇ ਹਲਕਿਆਂ ਤੋਂ ਸੀਟਾਂ ਚਾਹੁੰਦੇ ਸਨ, ਉਨ੍ਹਾਂ ਵਿੱਚੋਂ 80 ਫ਼ੀਸਦ ਦੇ ਕਰੀਬ ਐਲਾਨੀਆਂ ਜਾ ਚੁੱਕੀਆਂ ਹਨ। ਹਲਕਾ ਸ਼ੁਤਰਾਣਾ ਤੋਂ ਟਿਕਟ ਦੇ ਦਾਅਵੇਦਾਰ ਪਰਮਜੀਤ ਸਿੰਘ ਕੈਂਥ ਨੇ ਪਟਿਆਲਾ ਜ਼ਿਲ੍ਹੇ ਵਿੱਚ ‘ਆਪ’ ਵਿਰੁੱਧ ਮੁਹਿੰਮ ਛੇੜ ਦਿੱਤੀ ਹੈ। ਉਹ ਦੋਸ਼ ਲਾ ਰਹੇ ਹਨ ਕਿ ‘ਆਪ’ ਦੇ ਸੀਨੀਅਰ ਆਗੂ ਆਪਣੀ ਮਰਜ਼ੀ ਮੁਤਾਬਕ ਉਮੀਦਵਾਰਾਂ ਨੂੰ ਟਿਕਟਾਂ ਦੇ ਕੇ ਆਪਣੀਆਂ ਉਂਗਲਾਂ ‘ਤੇ ਨਚਾਉਣਾ ਚਾਹੁੰਦੇ ਹਨ। ਇਸੇ ਦੌਰਾਨ ਪੰਜਾਬ ਵਿੱਚ ‘ਆਪ’ ਦੇ ਕਨਵੀਨਰ ਗੁਰਪ੍ਰੀਤ ਵੜੈਚ ਨੇ ਕਿਹਾ ਕਿ ਪਾਰਟੀ ਦੇ ਸੰਵਿਧਾਨ ਵਿੱਚ ਕਿਸੇ ਧਿਰ ਨਾਲ ਸਿਆਸੀ ਗਠਜੋੜ ਕਰਨ ਦੀ ਕੋਈ ਬੰਦਿਸ਼ ਨਹੀਂ ਹੈ।