ਥਲ ਸੈਨਾ ਮੁਖੀ ਨੇ ਜਵਾਨਾਂ ਨੂੰ ਆਪਣੀਆਂ ਮੁਸ਼ਕਲਾਂ ਵਾਸਤੇ ਸਿੱਧਾ ਸੰਪਰਕ ਕਰਨ ਲਈ ਕਿਹਾ

ਥਲ ਸੈਨਾ ਮੁਖੀ ਨੇ ਜਵਾਨਾਂ ਨੂੰ ਆਪਣੀਆਂ ਮੁਸ਼ਕਲਾਂ ਵਾਸਤੇ ਸਿੱਧਾ ਸੰਪਰਕ ਕਰਨ ਲਈ ਕਿਹਾ

ਨਵੀਂ ਦਿੱਲੀ/ਬਿਊਰੋ ਨਿਊਜ਼ :
ਥਲ ਸੈਨਾ ਦੇ ਜਵਾਨ ਸਮੇਤ ਹੋਰ ਸੁਰੱਖਿਆ ਕਰਮੀਆਂ ਵੱਲੋਂ ਸੋਸ਼ਲ ਮੀਡੀਆ ਰਾਹੀਂ ਆਪਣੀਆਂ ਤਕਲੀਫ਼ਾਂ ਦੱਸੇ ਜਾਣ ਤੋਂ ਬਾਅਦ ਥਲ ਸੈਨਾ ਮੁਖੀ ਜਨਰਲ ਬਿਪਿਨ ਰਾਵਤ ਨੇ ਜਵਾਨਾਂ ਨੂੰ ਕਿਹਾ ਕਿ ਉਹ ਸੁਝਾਅ ਅਤੇ ਆਪਣੇ ਦੁਖੜੇ ਸਿੱਧੇ ਉਨ੍ਹਾਂ ਨਾਲ ਸਾਂਝੇ ਕਰਨ। ਜਵਾਨਾਂ ਦੀਆਂ ਤਕਲੀਫ਼ਾਂ ਸੁਣਨ ਲਈ ਬਕਸੇ ਲਾਏ ਜਾਣਗੇ। ਉਨ੍ਹਾਂ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਥਲ ਸੈਨਾ ਦੇ ਇਕ ਜਵਾਨ ਨੇ ਸੋਸ਼ਲ ਮੀਡੀਆ ‘ਤੇ ਆਪਣਾ ਵੀਡੀਓ ਪਾਇਆ ਜਿਸ ਵਿਚ ਅਫ਼ਸਰਾਂ ਵੱਲੋਂ ਜਵਾਨਾਂ ਨੂੰ ‘ਸਹਾਇਕ’ ਵਜੋਂ ਕੰਮ ਲਏ ਜਾਣ ਦੀ ਨੁਕਤਾਚੀਨੀ ਕੀਤੀ ਗਈ ਹੈ। ਉਂਜ ਜਨਰਲ ਰਾਵਤ ਨੇ ਸਪਸ਼ਟ ਕੀਤਾ ਹੈ ਕਿ ‘ਸਹਾਇਕ’ ਜਾਂ ‘ਬੱਡੀ’ ਪ੍ਰਬੰਧ ਸੈਨਾ ਦਾ ਅਹਿਮ ਹਿੱਸਾ ਹੈ ਪਰ ਉਹ ਸਰਕਾਰ ਨਾਲ ਅਮਨੋ ਅਮਾਨ ਵਾਲੇ ਸਥਾਨਾਂ ‘ਤੇ ਇਨ੍ਹਾਂ ਦੀ ਤਾਇਨਾਤੀ ਨੂੰ ਖ਼ਤਮ ਕਰਨ ਦੀ ਸੰਭਾਵਨਾ ਬਾਰੇ ਵਿਚਾਰਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਵਾਨਾਂ ਨੂੰ ਅਸਿੱਧੇ ਤਰੀਕਿਆਂ ਨਾਲ ਆਪਣੀਆਂ ਸ਼ਿਕਾਇਤਾਂ ਨਸ਼ਰ ਕੀਤੇ ਜਾਣ ਦੀ ਬਜਾਏ ਸੈਨਾ ਵਿਚ ਮੌਜੂਦ ਵਧੀਆ ਸ਼ਿਕਾਇਤ ਨਿਵਾਰਣ ਪ੍ਰਣਾਲੀ ਦੀ ਵਰਤੋਂ ਕਰਨੀ ਚਾਹੀਦੀ ਹੈ। ਜਨਰਲ ਰਾਵਤ ਨੇ ਸੋਸ਼ਲ ਮੀਡੀਆ ਨੂੰ ‘ਦੋ-ਧਾਰੀ’ ਹਥਿਆਰ ਦੱਸਿਆ ਜਿਸ ਦੀ ਵਰਤੋਂ ਆਪਣੇ ਹਿਸਾਬ ਨਾਲ ਕੀਤੀ ਜਾ ਸਕਦੀ ਹੈ ਪਰ ਇਹ ਨੁਕਸਾਨਦੇਹ ਸਾਬਿਤ ਹੋ ਸਕਦਾ ਹੈ। ਸਾਲਾਨਾ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, ”ਮੈਂ ਹੁਕਮ ਜਾਰੀ ਕੀਤੇ ਹਨ ਕਿ ਹਰੇਕ ਸੈਨਾ ਹੈੱਡਕੁਆਰਟਰ ਵਿਚ ਵੱਖ ਵੱਖ ਥਾਵਾਂ ‘ਤੇ ਅਸੀਂ ਫ਼ੌਜ ਮੁਖੀ ਨੂੰ ਭੇਜੇ ਜਾਣ ਲਈ ਸੁਝਾਅ ਜਾਂ ਸ਼ਿਕਾਇਤਾਂ ਦੇ ਬਕਸੇ ਰੱਖੇ ਜਾਣ।” ਜਨਰਲ ਰਾਵਤ ਨੇ ਕਿਹਾ ਕਿ ਪੱਤਰਾਂ ਵਿਚ ਜਵਾਨ ਆਪਣਾ ਨਾਮ ਲਿਖ ਸਕਦੇ ਹਨ ਅਤੇ ਕਾਰਵਾਈ ਸਮੇਂ ਉਨ੍ਹਾਂ ਦੇ ਨਾਮ ਦਾ ਕੋਈ ਜ਼ਿਕਰ ਨਹੀਂ ਹੋਏਗਾ। ਉਧਰ ਥਲ ਸੈਨਾ ਵਿਚ ਮਹਿਲਾਵਾਂ ਨੂੰ ਲੜਾਕੂ ਸੈਨਿਕ ਵਜੋਂ ਭੂਮਿਕਾ ਦੇਣ ਵਿਚ ਜੰਗ ਦੇ ਮੈਦਾਨ ਵਿਚ ਸਖ਼ਤ ਹਾਲਾਤ ਨੂੰ ਵੱਡਾ ਸੰਕਟ ਦਸਦਿਆਂ ਜਨਰਲ ਰਾਵਤ ਨੇ ਕਿਹਾ ਕਿ ਇਹ ਫ਼ੈਸਲਾ ਮਹਿਲਾਵਾਂ ਨੇ ਹੀ ਕਰਨਾ ਹੈ ਕਿ ਉਹ ਮੁਸ਼ਕਲ ਇਲਾਕਿਆਂ ਵਿਚ ਕੰਮ ਕਰਨ ਨੂੰ ਤਿਆਰ ਹਨ ਜਾਂ ਨਹੀਂ। ਉਨ੍ਹਾਂ ਕਿਹਾ ਕਿ ਇੰਜਨੀਅਰਿੰਗ ਅਤੇ ਸਿਗਨਲ ਕੋਰ ਵਿਚ ਮਹਿਲਾਵਾਂ ਤਾਇਨਾਤ ਹਨ ਪਰ ਉਨ੍ਹਾਂ ਦੀ ਤਾਇਨਾਤੀ ਅਗਾਊਂ ਮੋਰਚਿਆਂ ‘ਤੇ ਨਹੀਂ ਹੈ। ਉਨ੍ਹਾਂ ਕਿਹਾ ਕਿ ਮਹਿਲਾ ਸੈਨਿਕਾਂ ਨੂੰ ਮਰਦ ਸੈਨਿਕਾਂ ਦੇ ਬਰਾਬਰ ਜ਼ਿੰਮੇਵਾਰੀ ਨਿਭਾਉਣੀ ਪਏਗੀ।
ਜਵਾਨ ਖ਼ਿਲਾਫ਼ ਹੀ ਜਾਂਚ ਸ਼ੁਰੂ :
ਨਵੀਂ ਦਿੱਲੀ: ਦੇਹਰਾਦੂਨ ਵਿਚ 42 ਇਨਫੈਂਟਰੀ ਬ੍ਰਿਗੇਡ ਵਿਚ ਤਾਇਨਾਤ ਲਾਂਸ ਨਾਇਕ ਯਗਿਆ ਪ੍ਰਤਾਪ ਸਿੰਘ ਨੇ ਵੀਡੀਓ ਵਿਚ ਕਿਹਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ, ਰਾਸ਼ਟਰਪਤੀ ਅਤੇ ਸੁਪਰੀਮ ਕੋਰਟ ਨੂੰ ਪਿਛਲੇ ਸਾਲ ਜੂਨ ਵਿਚ ਪੱਤਰ ਲਿਖਣ ਤੋਂ ਬਾਅਦ ਉਸ ਦੀ ਬ੍ਰਿਗੇਡ ਨੂੰ ਪੀਐਮਓ ਤੋਂ ਮੁਸ਼ਕਲਾਂ ਦੀ ਤਹਿਕੀਕਾਤ ਦਾ ਸੁਨੇਹਾ ਮਿਲਿਆ। ਉਸ ਨੇ ਕਿਹਾ ਕਿ ਜਾਂਚ ਹੋਣ ਦੀ ਬਜਾਏ ਉਸ ਦੇ ਅਫ਼ਸਰਾਂ ਨੇ ਉਸ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਖ਼ਿਲਾਫ਼ ਹੀ ਜਾਂਚ ਬਿਠਾ ਦਿੱਤੀ ਜਿਸ ਨਾਲ ਉਸ ਦਾ ਕੋਰਟ ਮਾਰਸ਼ਲ ਹੋ ਸਕਦਾ ਹੈ।
ਬੀਐਸਐਫ ਜਵਾਨ ਦੇ ਦੋਸ਼ਾਂ ‘ਤੇ ਸੁਣਵਾਈ 16 ਨੂੰ :
ਨਵੀਂ ਦਿੱਲੀ: ਬੀਐਸਐਫ ਜਵਾਨ ਤੇਜ ਬਹਾਦਰ ਯਾਦਵ ਵੱਲੋਂ ਕੰਟਰੋਲ ਰੇਖਾ ‘ਤੇ ਖ਼ਰਾਬ ਭੋਜਨ ਦਿੱਤੇ ਜਾਣ ਦੇ ਦੋਸ਼ਾਂ ਖ਼ਿਲਾਫ਼ ਦਿੱਲੀ ਹਾਈ ਕੋਰਟ ਵਿਚ ਦਾਖ਼ਲ ਜਨਹਿੱਤ ਪਟੀਸ਼ਨ ‘ਤੇ 16 ਜਨਵਰੀ ਨੂੰ ਸੁਣਵਾਈ ਕੀਤੀ ਜਾਵੇਗੀ।