ਪੰਜਾਬ ਚੋਣਾਂ, ਸਿਆਸੀ ਨਿਵਾਣਾਂ ਤੇ ਬੇਚੈਨ ਲੋਕ

ਪੰਜਾਬ ਚੋਣਾਂ, ਸਿਆਸੀ ਨਿਵਾਣਾਂ ਤੇ ਬੇਚੈਨ ਲੋਕ

ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਕੱਲ੍ਹ ਮਾਹੌਲ ਵਿਚ ਅਜੀਬ ਜਿਹੀ ਬੇਚੈਨੀ ਫੈਲੀ ਹੋਈ ਹੈ। ਸਿਆਸਤਦਾਨ ਸੱਤਾ ਹਾਸਲ ਕਰਨ ਲਈ ਬੇਚੈਨ ਹਨ ਤੇ ਲੋਕ ਸਿਆਸਤ ਦੀ ਨਿਘਰੀ ਹਾਲਤ ਕਾਰਨ ਬੇਚੈਨ ਹਨ। ਵਾਰੋ-ਵਾਰ ਸੱਤਾ ‘ਤੇ ਕਾਬਜ਼ ਹੁੰਦੀਆਂ ਆਈਆਂ ਅਕਾਲੀ-ਭਾਜਪਾ ਤੇ ਕਾਂਗਰਸ ਦੀ ਬੇਚੈਨੀ ਤਾਂ ਆਮ ਆਦਮੀ ਪਾਰਟੀ ਨੇ ਵਧਾਈ ਹੈ। ਪਿੰਡਾਂ ਦੀਆਂ ਸੱਥਾਂ ਹੋਣ ਜਾਂ ਸ਼ਹਿਰੀ ਨੁੱਕੜ ਹਰ ਥਾਂ ਰਵਾਇਤੀ ਪਾਰਟੀਆਂ ਤੋਂ ਅੱਕੀ ਲੋਕਾਂ ਦੀ ਸੁਰ ਉੱਚੀ ਹੋ ਰਹੀ ਹੈ। ਭਾਵੇਂ ਆਮ ਆਦਮੀ ਪਾਰਟੀ ਤੋਂ ਵੀ ਕੋਈ ਭਲੇ ਦੀਆਂ ਉਮੀਦਾਂ ਨਹੀਂ ਪਰ ਰਵਾਇਤੀ ਪਾਰਟੀਆਂ ਨੂੰ ਸਬਕ ਸਿਖਾਉਣ ਲਈ ਪੰਜਾਬੀ ਉਤਾਵਲੇ ਨਜ਼ਰ ਆ ਰਹੇ ਹਨ।
ਸਿਆਸੀ ਪਾਰਟੀਆਂ ਦੀ ਬੇਚੈਨੀ ਦੀ ਹਾਲਤ ਇਹ ਹੈ ਕਿ ਲੋਕ-ਭਰਮਾਉ ਵਾਅਦੇ ਤੇ ਵਾਅਦੇ ਹੋ ਰਹੇ ਹਨ। ਉਨ੍ਹਾਂ ਦੀ ਸਿਆਸੀ ਨੀਅਤ ਦਾ ਨਿਸ਼ਾਨਾ ਕਦੇ ਕਿਸਾਨ-ਮਜ਼ਦੂਰ ਬਣ ਰਿਹਾ ਹੈ, ਕਦੇ ਵਿਦਿਆਰਥੀ, ਕਦੇ ਵਪਾਰੀ ਤੇ ਕਦੇ ਧਾਰਮਿਕ ਅਕੀਦਾ ਰੱਖਣ ਵਾਲੇ ਲੋਕ। ਰਵਾਇਤੀ ਪਾਰਟੀਆਂ ਦੇ ਐਲਾਨਨਾਮਿਆਂ ਤੋਂ ਤਾਂ ਪੰਜਾਬੀ ਬਾਖ਼ੂਬੀ ਵਾਕਫ਼ ਹਨ ਪਰ ਆਮ ਆਦਮੀ ਪਾਰਟੀ ਇਨ੍ਹਾਂ ਤੋਂ ਵੀ ਚਾਰ ਕਦਮ ਅੱਗੇ ਨਿਕਲਦੀ ਪ੍ਰਤੀਤ ਹੋ ਰਹੀ ਹੈ। ਪਿਛਲੇ ਦਿਨੀਂ ਪੰਜਾਬ ਫੇਰੀ ‘ਤੇ ਆਏ ‘ਆਪ’ ਮੁਖੀ ਅਰਵਿੰਦ ਕੇਜਰੀਵਾਲ ਨੇ ਕਿਸਾਨਾਂ-ਮਜ਼ਦੂਰਾਂ ਲਈ ਗੱਫ਼ਿਆਂ ਦਾ ਐਲਾਨ ਕਰਨ ਮਗਰੋਂ ਵਪਾਰੀਆਂ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਐਲਾਨ ਕੀਤਾ ਕਿ ਪੰਜਾਬ ਦੀ ਸੱਤਾ ‘ਤੇ ਆਉਂਦਿਆਂ ਹੀ ਵਪਾਰੀਆਂ ‘ਤੇ ਅਚਨਚੇਤ ਛਾਪੇ ਨਹੀਂ ਪੈਣਗੇ। ਉਨ੍ਹਾਂ ‘ਤੇ ਟੈਕਸਾਂ ਦੀ ਮਾਰ ਘਟਾਈ ਜਾਵੇਗੀ। ਕੇਜਰੀਵਾਲ ਦੇ ਐਲਾਨ ਨਾਲ ਹੀ ਬਾਦਲ ਸਰਕਾਰ ਨੇ ਵੀ ਕਈ ਚੀਜ਼ਾਂ ਤੋਂ ਵੈਟ ਹਟਾਉਣ ਦਾ ਮਨ ਬਣਾ ਲਿਆ ਹੈ ਜਿਸ ਦਾ ਜਲਦੀ ਹੀ ਐਲਾਨ ਕਰ ਦਿੱਤਾ ਜਾਵੇਗਾ।
ਹੋਰ ਤਾਂ ਹੋਰ ਧਾਰਮਿਕ ਡੇਰਿਆਂ ‘ਤੇ ਵੀ ਸਾਰੀਆਂ ਪਾਰਟੀਆਂ ਦੇ ਗੇੜੇ ਵੱਧ ਗਏ ਹਨ। ਹਾਸੋਹੀਣੀ ਗੱਲ ਤਾਂ ਉਦੋਂ ਵਾਪਰੀ ਜਦੋਂ ਕੇਜਰੀਵਾਲ ਦੇ ਡੇਰਾ ਬਿਆਸ ਪੁੱਜਣ ਤੋਂ ਪਹਿਲਾਂ ਹੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪੁੱਜ ਗਏ। ਸ. ਬਾਦਲ ਗੇਟ ਤੋਂ ਬਾਹਰ ਨਿਕਲ ਰਹੇ ਸਨ ਤੇ ਕੇਜਰੀਵਾਲ ਦਾਖ਼ਲ ਹੋ ਰਹੇ ਸਨ। ਇਨ੍ਹਾਂ ਦੋਹਾਂ ਨੇਤਾਵਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਬਾਜ਼ੀ ਮਾਰ ਗਏ। ਉਹ ਕਈ ਦਿਨ ਪਹਿਲਾਂ ਹੀ ਡੇਰੇ ਦਾ ਚੱਕਰ ਲਾ ਆਏ ਸਨ। ਅਕਾਲੀ ਦਲ ਤੇ ਭਾਜਪਾ ਦੀ ਆਪੋ ਵਿਚੀਂ ਕਿਸੇ ਮਸਲੇ ‘ਤੇ ਸੁਰ ਨਹੀਂ ਮਿਲ ਰਹੀ। ਆਰ.ਐਸ.ਐਸ. ਦੇ ਨੇਤਾ ਜਗਦੀਸ਼ ਗਗਨੇਜਾ ਦੀ ਹੱਤਿਆ ਤੋਂ ਬਾਅਦ ਇਨ੍ਹਾਂ ਦੇ ਰਿਸ਼ਤੇ ਹੋਰ ਵੀ ਖ਼ਰਾਬ ਹੋਏ ਹਨ। ਭਾਜਪਾ ਨੇ ਵੀ ਪੰਜਾਬ ਦੀ ਵਿਗੜੀ ਹਾਲਤ ਲਈ ਆਪਣੀ ਭਾਈਵਾਲ ਅਕਾਲੀ ਦਲ ਨੂੰ ਜ਼ਿੰਮੇਵਾਰ ਠਹਿਰਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਵਾਰ ਮੰਤਰੀ ਮੰਡਲ ਦੀ ਹੋਈ ਮੀਟਿੰਗ ਵਿਚ ਤਾਂ ਇਕ ਵੀ ਭਾਜਪਾ ਦਾ ਨੇਤਾ ਨਹੀਂ ਪੁੱਜਾ। ਦੋ ਦਿਨ ਪਹਿਲਾਂ ਲੁਧਿਆਣਾ ਦੇ ਲਾਡੋਵਾਲ ਵਿਚ ਫੂਡ ਪਾਰਕ ਦਾ ਉਦਘਾਟਨ ਕਰਨ ਪੁੱਜੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਪੰਜਾਂ ਮਿੰਟਾਂ ਵਿਚ ਆਪਣਾ ਭਾਸ਼ਣ ਖ਼ਤਮ ਕਰਨਾ ਪਿਆ ਕਿਉਂਕਿ ਪੰਡਾਲ ਬਿਲਕੁਲ ਖ਼ਾਲੀ ਹੋ ਗਿਆ ਸੀ।
ਉਧਰ ਕਾਂਗਰਸ ਨੇ ਵੀ ਆਪਣੀਆਂ ਸਰਗਰਮੀਆਂ ਤੇਜ਼ ਕੀਤੀਆਂ ਹੋਈਆਂ ਹਨ। ਪੰਜਾਬ ਭਰ ਵਿਚ ‘ਪੰਜਾਬ ਬਚਾਓ, ਕਾਂਗਰਸ ਲਿਆਓ’ ਮੁਹਿੰਮ ਵਿੱਢੀ ਹੋਈ ਹੈ। ਪਰ ਹਾਲਤ ਉਸ ਦੀ ਵੀ ਕੋਈ ਚੰਗੀ ਨਹੀਂ। ਲਗਭਗ 50 ਹਲਕਿਆਂ ਵਿਚ ਦੁਚਿੱਤੀ ਦਾ ਮਾਹੌਲ ਬਣਿਆ ਹੋਇਆ ਹੈ ਕਿ ਕਿਹੜੇ ਆਗੂ ਨੇ ਮੁਹਿੰਮ ਚਲਾਉਣੀ ਹੈ ਤੇ ਵਰਕਰਾਂ ਨੂੰ ਕਿਹੜੇ ਆਗੂ ਦੇ ਲੜ ਲਾਇਆ ਜਾਵੇ। ਪਾਰਟੀ ਵਲੋਂ ਉਮੀਦਵਾਰਾਂ ਦਾ ਫ਼ੈਸਲਾ ਨਾ ਕੀਤੇ ਜਾਣ ਕਾਰਨ ਵਰਕਰ ਇਕਜੁੱਟ ਨਹੀਂ।
ਦੂਜੇ ਪਾਸੇ ‘ਆਪ’ ਵਿਚੋਂ ਕੱਢੇ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਹਾਲੇ ਤੱਕ ਆਪਣੀ ਕੋਈ ਸਿਆਸੀ ਪਾਰਟੀ ਨਹੀਂ ਐਲਾਨ ਸਕੇ। ਉਹ ਪੰਜਾਬ ਭਰ ਵਿਚ ਘੁੰਮ ਕੇ ਆਪਣੇ ਪਰ੍ਹ ਤੋਲਣ ਦੇ ਯਤਨ ਕਰ ਰਹੇ ਹਨ। ਇਹਦੇ ਨਾਲ ਨਵਜੋਤ ਸਿੰਘ ਸਿੱਧੂ, ਬੈਂਸ ਭਰਾਵਾਂ ਤੇ ਪਰਗਟ ਸਿੰਘ ਦਾ ਚੌਥਾ ਫ਼ਰੰਟ ‘ਆਵਾਜ਼-ਏ-ਪੰਜਾਬ’ ਸਿਆਸੀ ਪਾਰਟੀ ਵੱਲ ਨਹੀਂ ਵਧ ਸਕਿਆ। ਕੋਈ ਸਿਆਸੀ ਜ਼ਮੀਨ ਨਾ ਮਿਲਣ ਕਾਰਨ ਹੁਣ ਚੌਥਾ ਸਿਆਸੀ ਫ਼ਰੰਟ ਕਾਂਗਰਸ ਦਾ ਹੱਥ ਫੜਨ ਜਾਂ ‘ਆਪ’ ਦਾ ਝਾੜੂ ਫੜਨ ਦੀ ਤਾਕ ਵਿਚ ਹੈ। ਕੈਪਟਨ ਅਮਰਿੰਦਰ ਸਿੰਘ ਨੇ ਤਾਂ ਚੌਥੇ ਫ਼ਰੰਟ ਲਈ ਆਪਣੇ ਦਰ ਖੋਲ੍ਹ ਦਿੱਤੇ ਹਨ। ਚੋਣਾਂ ਹੋਣ ਤੱਕ ਹਾਲੇ ਬਹੁਤ ਕੁਝ ਦੇਖਣਾ ਬਾਕੀ ਹੈ। ਚੋਣ ਨਤੀਜੇ ਹੀ ਪੰਜਾਬ ਦਾ ਭਵਿੱਖ ਤੈਅ ਕਰਨਗੇ।