ਖ਼ੁਫੀਆ ਰਿਪੋਰਟਾਂ ਮੁਤਾਬਕ ਡੇਰਾ ਪ੍ਰੇਮੀ ਤੇ ਹਿੰਦੂ ਆਗੂ ਹੋ ਸਕਦੇ ਹਨ ਹਮਲਿਆਂ ਦਾ ਸ਼ਿਕਾਰ

ਖ਼ੁਫੀਆ ਰਿਪੋਰਟਾਂ ਮੁਤਾਬਕ ਡੇਰਾ ਪ੍ਰੇਮੀ ਤੇ ਹਿੰਦੂ ਆਗੂ ਹੋ ਸਕਦੇ ਹਨ ਹਮਲਿਆਂ ਦਾ ਸ਼ਿਕਾਰ

ਪਟਿਆਲਾ/ਬਿਊਰੋ ਨਿਊਜ਼ :
ਪੰਜਾਬ ਵਿੱਚ ਅਗਲੇ ਦਿਨਾਂ ਵਿਚ ਕੁਝ ਹਿੰਦੂ ਆਗੂਆਂ ਅਤੇ ਡੇਰਾ ਸਿਰਸਾ ਦੇ ਆਗੂਆਂ ਸਮੇਤ ਡੇਰਾ ਪ੍ਰੇਮੀਆਂ ‘ਤੇ ਹਮਲਿਆਂ ਦਾ ਖ਼ਦਸ਼ਾ ਹੈ। ਅਜਿਹੀਆਂ ਰਿਪੋਰਟਾਂ ਪੰਜਾਬ ਦੀਆਂ ਖ਼ੁਫ਼ੀਆ ਏਜੰਸੀਆਂ ਨੂੰ ਮਿਲੀਆਂ ਹਨ। ਇਸ ਤਹਿਤ ਪੰਜਾਬ ਪੁਲੀਸ ਦੇ ਹੈੱਡਕੁਆਰਟਰ ਵੱਲੋਂ ਪੰਜਾਬ ਭਰ ਦੇ ਆਈਜੀ, ਡੀਆਈਜੀ,  ਪੁਲੀਸ ਕਮਿਸ਼ਨਰਾਂ ਤੇ ਐਸਐਸਪੀਜ਼ ਨੂੰ ਆਪੋ-ਆਪਣੇ  ਇਲਾਕਿਆਂ ਵਿੱਚ ਚੌਕਸੀ ਰੱਖਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਪੁਲੀਸ ਹੈੱਡਕੁਆਰਟਰ ਤੋਂ ਜਾਰੀ ਪੱਤਰ ਰਾਹੀਂ ਇਸ ਪੱਖੋਂ ਵੀ ਚੌਕਸ ਕੀਤਾ ਗਿਆ ਹੈ ਹਮਲਾਵਰ ਪੁਲੀਸ ਜਾਂ ਫ਼ੌਜੀ ਵਰਦੀ ਪਾ ਕੇ ਦੋ ਪਹੀਆ ਵਾਹਨਾਂ ਰਾਹੀਂ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਸਕਦੇ ਹਨ। ਖੁਫ਼ੀਆ ਰਿਪੋਰਟਾਂ ਦੇ ਆਧਾਰ ‘ਤੇ ਹੀ ਟੁੱਟੀ ਜਾਂ ਕਿਸੇ ਵੀ ਢੰਗ-ਤਰੀਕੇ ਲੁਕਾਈ ਨੰਬਰ ਪਲੇਟ ਵਾਲੇ ਵਾਹਨਾਂ ‘ਤੇ ਵੀ ਨਜ਼ਰ ਰੱਖਣ ਲਈ ਕਿਹਾ ਗਿਆ ਹੈ। ਇਸ ਤਰ੍ਹਾਂ ਪੰਜਾਬ ਭਰ ਦੀ ਪੁਲੀਸ ਨੂੰ ਅਜਿਹੇ ਪੱਖਾਂ ਸਮੇਤ ਹਿੰਦੂ ਨੇਤਾਵਾਂ, ਖਾਸ ਕਰਕੇ ਧਮਕੀਆਂ ਦਾ ਸਾਹਮਣਾ ਕਰ ਰਹੇ ਆਰਐਸਐਸ ਨਾਲ ਸਬੰਧਤ ਆਗੂਆਂ ਅਤੇ ਅਜਿਹੇ ਹੀ ਹਾਲਾਤਾਂ ਵਿਚੋਂ ਵਿਚਰ ਰਹੇ ਡੇਰਾ ਸਿਰਸਾ ਨਾਲ ਸਬੰਧਤ ਮੋਹਤਬਰ ਆਗੂਆਂ ਨਾਲ ਵੀ ਸੁਰੱਖਿਆ ਦੇ ਪੱਖ ਤੋਂ ਤਾਲਮੇਲ ਬਣਾ ਕੇ ਰੱਖਣ ਲਈ ਕਿਹਾ ਗਿਆ ਹੈ। ਇਸ ਦੌਰਾਨ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਅਧੀਨ ਆਉਂਦੇ ਸਮੂਹ ਪੁਲੀਸ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਚੌਕਸ ਕਰਨ।
ਦੱਸਣਯੋਗ ਹੈ ਕਿ ਖੰਨਾ ਨੇੜੇ ਇੱਕ ਨਾਮ ਚਰਚਾ ਘਰ ਵਿਚਲੀ ਕੰਟੀਨ ਚਲਾਉਣ ਵਾਲੇ ਪਿਓ-ਪੁੱਤ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਤੋਂ ਪਹਿਲਾਂ ਆਰਐਸਐਸ ਆਗੂ ਬ੍ਰਿਗੇਡੀਅਰ ਜਗਦੀਸ਼ ਗਗਨੇਜਾ ਅਤੇ ਇੱਕ ਹੋਰ ਹਿੰਦੂ ਆਗੂ ਦੀ ਹੱਤਿਆ ਕੀਤੀ ਜਾ ਚੁੱਕੀ ਹੈ। ਡੇਰਾ ਪ੍ਰੇਮੀਆਂ ਦੇ ਕਾਤਲਾਂ ਦੀ ਸੂਹ ਦੇਣ ਵਾਲੇ ਨੂੰ ਪੰਜਾਹ ਲੱਖ ਦੇ ਇਨਾਮ ਸਮੇਤ ਸਬ ਇੰਸਪੈਕਟਰ ਦੀ ਨੌਕਰੀ ਦੇਣ ਦਾ ਐਲਾਨ ਕਰਨਾ ਵੀ ਇਸੇ ਹੀ ਕੜੀ ਦਾ ਹਿੱਸਾ ਮੰਨਿਆ ਜਾ ਰਿਹਾ ਹੈ ਤਾਂ ਜੋ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ। ਸਮਝਿਆ ਜਾ ਰਿਹਾ ਹੈ ਕਿ ਕਤਲਾਂ ਦੀਆਂ ਇਨ੍ਹਾਂ ਘਟਨਾਵਾਂ ਵਿੱਚ ਕੋਈ ਇੱਕੋ ਹੀ ਗਰੋਹ ਸ਼ਾਮਲ ਹੈ। ਉਧਰ ਪੰਜਾਬ ਭਰ ਦੇ ਨਾਮ ਚਰਚਾ ਘਰਾਂ ਵਿੱਚ ਪਹਿਲਾਂ ਤੋਂ ਹੀ ਪੁਲੀਸ ਤਾਇਨਾਤ ਹੈ ਤੇ ਹੁਣ ਚੌਕਸੀ  ਵਧਾਈ ਜਾ ਰਹੀ ਹੈ। ਪੰਜਾਬ ਦੇ ਆਈਪੀਐਸ ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਜ਼ਿਕਰਯੋਗ ਹੈ ਕਿ ਭਾਵੇਂ ਫੈਡਰੇਸ਼ਨ ਆਧਾਰਤ ਇੱਕ ਜਥੇਬੰਦੀ ਵੱਲੋਂ ਦੋਵੇਂ ਡੇਰਾ ਪ੍ਰੇਮੀਆਂ ਦੀ ਹੱਤਿਆ ਦੀ ਜ਼ਿੰਮੇਵਾਰੀ ਲਈ ਗਈ ਹੈ ਪਰ ਅਜੇ ਪੁਲੀਸ ਨੂੰ ਸਪਸ਼ਟ ਨਹੀਂ ਹੋਇਆ ਕਿ ਜ਼ਿੰਮੇਵਾਰੀ ਆਧਾਰਤ ਪੱਤਰ ਅਸਲੀ ਹੈ ਜਾਂ ਨਹੀਂ।