ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਵਿੱਚ ਭਾਜਪਾ ਨੂੰ ਮਿਲਿਆ ਭਾਰੀ ਬਹੁਮਤ

ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਵਿੱਚ ਭਾਜਪਾ ਨੂੰ ਮਿਲਿਆ ਭਾਰੀ ਬਹੁਮਤ

ਅਖਿਲੇਸ਼-ਰਾਹੁਲ ਜੋੜੀ ਨੂੰ ਮਿਲੀ ਹਾਰ
ਨਵੀਂ ਦਿੱਲੀ/ਬਿਊਰੋ ਨਿਊਜ਼ :
ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਵਿੱਚ ਭਾਜਪਾ ਸ਼ਾਨਦਾਰ ਬਹੁਮਤ ਨਾਲ ਸੱਤਾ ਵਿੱਚ ਪਰਤ ਆਈ। ਦੂਜੇ ਪਾਸੇ ਕਾਂਗਰਸ ਵੀ ਜਿੱਥੇ ਪੰਜਾਬ ਵਿਚ ਭਾਰੀ ਬਹੁਮਤ ਹਾਸਲ ਕਰਨ ਵਿਚ ਸਫਲ ਰਹੀ, ਉਥੇ ਇਹ ਗੋਆ ਤੇ ਮਨੀਪੁਰ ਵਿੱਚ ਸਭ ਤੋਂ ਵੱਡੀ ਪਾਰਟੀ ਵਜੋਂ ਉਭਰਨ ਵਿਚ ਸਫਲ ਰਹੀ, ਜਿਥੇ ਕਿਸੇ ਇਕ ਪਾਰਟੀ ਜਾਂ ਗਠਜੋੜ ਨੂੰ ਬਹੁਮਤ ਨਹੀਂ ਮਿਲਿਆ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਵੱਲੋਂ ਕੀਤੀ ਸਖ਼ਤ ਮਿਹਨਤ ਅਤੇ ਯੂਪੀ ਵਿੱਚ ਡੇਰੇ ਲਾਏ ਜਾਣ ਸਦਕਾ ਪਾਰਟੀ ਨੂੰ ਉਤਰ ਪ੍ਰਦੇਸ਼ ਤੇ ਗੁਆਂਢੀ ਸੂਬੇ ਉੱਤਰਾਖੰਡ ਵਿੱਚ ਭਾਰੀ ਬਹੁਮਤ ਹਾਸਲ ਹੋਇਆ। ਉੱਤਰਾਖੰਡ ਵਿੱਚ ਤਾਂ ਭਾਜਪਾ ਤਿੰਨ-ਚੌਥਾਈ ਬਹੁਮਤ ਹਾਸਲ ਕਰਨ ਵਿੱਚ ਸਫਲ ਰਹੀ। ਉਥੇ ਕਾਂਗਰਸ ਖਿਲਾਫ਼ ਚੱਲੀ ਸੱਤਾ ਵਿਰੋਧੀ ਲਹਿਰ ਵਿੱਚ ਮੁੱਖ ਮੰਤਰੀ ਹਰੀਸ਼ ਰਾਵਤ ਤੱਕ ਉਡ ਗਏ, ਜਿਨ੍ਹਾਂ ਨੂੰ ਦੋਵੇਂ ਹਲਕਿਆਂ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ।
ਸਿਆਸੀ ਪੱਖੋਂ ਦੇਸ਼ ਦੇ ਸਭ ਤੋਂ ਅਹਿਮ ਸੂਬੇ ਯੂਪੀ ਵਿੱਚ ਭਾਜਪਾ ਦੀ 15 ਸਾਲਾਂ ਬਾਅਦ ਸੱਤਾ ਵਿੱਚ ਵਾਪਸੀ ਹੋਈ ਹੈ। ਜਦੋਂਕਿ ਸੂਬੇ ਦੀ ਹਾਕਮ ਸਪਾ ਤੇ ਕਾਂਗਰਸ ਦੇ ਗਠਜੋੜ ਅਤੇ ਮੁੱਖ ਵਿਰੋਧੀ ਬਸਪਾ ਨੂੰ ਵੋਟਰਾਂ ਨੇ ਬੁਰੀ ਤਰ੍ਹਾਂ ਨਕਾਰ ਦਿੱਤਾ। ਭਾਜਪਾ ਨੇ ਇਸ ਨੂੰ ਸ੍ਰੀ ਮੋਦੀ ਦੀ ਮਕਬੂਲੀਅਤ ਤੇ ਨੋਟਬੰਦੀ ਦੇ ਹੱਕ ਵਿੱਚ ਫ਼ਤਵਾ ਕਰਾਰ ਦਿੱਤਾ ਹੈ। ਦੂਜੇ ਪਾਸੇ ਗੋਆ ਤੇ ਮਨੀਪੁਰ ਵਿੱਚ ਕਿਸੇ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ। ਇਨ੍ਹਾਂ ਦੋਵਾਂ ਸੂਬਿਆਂ ਵਿੱਚ ਕਾਂਗਰਸ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ ਤੇ ਭਾਜਪਾ ਦੂਜੇ ਸਥਾਨ ਉਤੇ ਰਹੀ। ਉਂਜ ਮਨੀਪੁਰ ਵਿੱਚ ਭਾਜਪਾ ਨੇ ਚੰਗੀ ਕਾਰਗੁਜ਼ਾਰੀ ਦਿਖਾਈ ਹੈ ਪਰ ਗੋਆ ਵਿੱਚ ਇਸ ਨੂੰ ਸੱਤਾ ਵਿਰੋਧੀ ਮਾਰ ਝੱਲਣੀ ਪਈ। ਦੂਜੇ ਪਾਸੇ ਗੋਆ ਵਿੱਚ ਸਰਕਾਰ ਬਣਾਉਣ ਦੇ ਦਾਅਵੇ ਕਰ ਰਹੀ ਆਮ ਆਦਮੀ ਪਾਰਟੀ ਬੁਰੀ ਤਰ੍ਹਾਂ ਨਾਕਾਮ ਰਹੀ।
ਨੋਟਾ ਨੂੰ ਪਈਆਂ ਵੋਟਾਂ : ਪੰਜ ਸੂਬਿਆਂ ਵਿਚਲੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਵਿੱਚ ਖੁਲਾਸਾ ਹੋਇਆ ਹੈ ਕਿ ਗੋਆ ਵਿੱਚ ਸਭ ਤੋਂ ਵਧ ਵੋਟਰਾਂ ਨੇ ਨੋਟਾ ਦੀ ਵਰਤੋਂ ਕੀਤੀ, ਜਦੋਂ ਕਿ ਉਤਰਾਖੰਡ ਦੂਜੇ ਨੰਬਰ ‘ਤੇ ਰਿਹਾ। ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਗੋਆ ਵਿੱਚ 1.2 ਫੀਸਦ , ਉਤਰਾਖੰਡ ਵਿੱਚ 1 ਫੀਸਦੀ ਵੋਟਰਾਂ ਨੇ ਨੋਟਾ ਦੀ ਵਰਤੋਂ ਕੀਤੀ। ਉੱਤਰ ਪ੍ਰਦੇਸ਼ ਵਿੱਚ 0.9 ਫੀਸਦੀ, ਪੰਜਾਬ ਵਿੱਚ 0.7 ਫੀਸਦੀ ਅਤੇ ਮਨੀਪੁਰ ਵਿੱਚ 0.5 ਫੀਸਦੀ ਵੋਟਰਾਂ ਨੇ ਨੋਟਾ ਦੀ ਵਰਤੋਂ ਕੀਤੀ।

ਸ਼ਾਹ ਬੋਲੇ-ਮੋਦੀ ਦੀਆਂ ਨੀਤੀਆਂ ਦੀ ਜਿੱਤ :
ਨਵੀਂ ਦਿੱਲੀ : ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਪਾਰਟੀ ਦੀ ਜ਼ੋਰਦਾਰ ਜਿੱਤ ਦਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਰ ਬੰਨ੍ਹਦਿਆਂ ਆਖਿਆ ਕਿ ਪਾਰਟੀ ਦੀ ਜਿੱਤ ਦਾ ਇਕੋ-ਇਕ ਕਾਰਨ ਸ੍ਰੀ ਮੋਦੀ ਦੀ ‘ਸਰਕਾਰ ਦੀ ਕਾਰਗੁਜ਼ਾਰੀ’ ਹੈ। ਉਨ੍ਹਾਂ ਇਥੇ ਇਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਇਨ੍ਹਾਂ ਨਤੀਜਿਆਂ ਨੇ ਸ੍ਰੀ ਮੋਦੀ ਨੂੰ ਆਜ਼ਾਦੀ ਤੋਂ ਬਾਅਦ ਦੇਸ਼ ਦਾ ‘ਸਭ ਤੋਂ ਵੱਡਾ ਆਗੂ’ ਬਣਾ ਦਿੱਤਾ ਹੈ।