ਹਿੰਦ ਸਰਕਾਰ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਭਾਈ ਲੱਖੀ ਸ਼ਾਹ ਵਣਜਾਰਾ ਦਾ 444ਵਾਂ ਜਨਮ ਦਿਹਾੜਾ ਮਨਾਇਆ ਗਿਆ

ਹਿੰਦ ਸਰਕਾਰ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਭਾਈ ਲੱਖੀ ਸ਼ਾਹ ਵਣਜਾਰਾ ਦਾ 444ਵਾਂ ਜਨਮ ਦਿਹਾੜਾ ਮਨਾਇਆ ਗਿਆ

ਵੱਖ-ਵੱਖ ਸੂਬਿਆਂ ਤੋਂ ਆਏ ਵਣਜਾਰਾ ਸਮਾਜ ਦੇ ਕਲਾਕਾਰਾਂ ਵੱਲੋਂ ਆਪਣੀ ਸਭਿਅਤਾ ਨਾਲ ਜੁੜੇ ਕਈ ਸਭਿਆਚਾਰਕ ਅਤੇ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤੇ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ, 10 ਅਗਸਤ (ਮਨਪ੍ਰੀਤ ਸਿੰਘ ਖਾਲਸਾ): ਹਿੰਦ ਸਰਕਾਰ ਦੇ ਸੰਸਕ੍ਰਿਤੀ ਮੰਤਰਾਲੇ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਖਿਲ ਭਾਰਤੀ ਵਣਜਾਰਾ ਸਮਾਜ ਦੇ ਸਹਿਯੋਗ ਨਾਲ ਭਾਈ ਲੱਖੀਸ਼ਾਹ ਵਣਜਾਰਾ ਦਾ 444ਵਾਂ ਜਨਮ ਦਿਹਾੜਾ ਅੱਜ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿਖੇ ਵੱਡੇ ਪੱਧਰ ’ਤੇ ਮਨਾਇਆ ਗਿਆ । ਦਿਨ ਭਰ ਚੱਲੇ ਸਮਾਗਮ ਦੀ ਅਰੰਭਤਾ ਸਵੇਰੇ ਹੋਈ ਜਿਸ ’ਚ ਕਰਨਾਟਕਾ, ਰਾਜਸਥਾਨ ਸਣੇ ਵੱਖ-ਵੱਖ ਸੂਬਿਆਂ ਤੋਂ ਆਏ ਵਣਜਾਰਾ ਸਮਾਜ ਦੇ ਕਲਾਕਾਰਾਂ ਵੱਲੋਂ ਆਪਣੀ ਸਭਿਅਤਾ ਨਾਲ ਜੁੜੇ ਕਈ ਸਭਿਆਚਾਰਕ ਅਤੇ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤੇ ਗਏ ।

ਪਟਿਆਲਾ ਯੂਨੀਵਰਸਿਟੀ ਪੰਜਾਬ ਵੱਲੋਂ ਭਾਈ ਲੱਖੀ ਸ਼ਾਹ ਵਣਜਾਰਾ ਦੇ ਜੀਵਨ ਕਾਲ ’ਤੇ ਆਧਾਰਿਤ ਪੇਸ਼ਕਾਰੀ ਇਸ ਸਮਾਗਮ ਦਾ ਮੁੱਖ ਆਕਰਸ਼ਣ ਦਾ ਕੇਂਦਰ ਰਹੀ, ਜਿਸ ’ਚ ਕਈ ਕਲਾਕਾਰਾਂ ਵੱਲੋਂ ਆਪਣੇ ਅਭਿਨੈ ਦੇ ਮਾਧਿਅਮ ਨਾਲ ਭਾਈ ਲੱਖੀ ਸ਼ਾਹ ਵਣਜਾਰਾ ਵੱਲੋਂ ਔਰੰਗਜ਼ੇਬ ਦੇ ਹੁਕਮਾਂ ’ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਦਿੱਲੀ ’ਚ ਸ਼ਹੀਦ ਕੀਤੇ ਜਾਣ ਅਤੇ ਇਸ ਤੋਂ ਬਾਅਦ ਭਾਈ ਲੱਖੀ ਸ਼ਾਹ ਵਣਜਾਰਾ ਵੱਲੋਂ ਗੁਰੂ ਸਾਹਿਬ ਦੀ ਪਾਵਨ ਦੇਹ ਨੂੰ ਰੂਈ ਦੇ ਗੱਡੇ ’ਚ ਲੁਕੋ ਕੇ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਸਥਿਤ ਆਪਣੇ ਘਰ ਤਕ ਲਿਆਉਣ ਅਤੇ ਇਥੇ ਆਪਣੇ ਘਰ ਨੂੰ ਅੱਗ ਲਗਾ ਕੇ ਗੁਰੂ ਸਾਹਿਬ ਦੀ ਪਾਵਨ ਦੇਹ ਦਾ ਅੰਤਮ ਸਸਕਾਰ ਕੀਤੇ ਜਾਣ ਨੂੰ ਦਰਸ਼ਾਇਆ ਗਿਆ ਸੀ । ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਸਿਹਤ ਖਰਾਬ ਹੋਣ ਕਾਰਨ ਸਮਾਗਮ ’ਚ ਹਾਜ਼ਰੀ ਨਹੀਂ ਭਰ ਸਕੇ ਅਤੇ ਉਨ੍ਹਾਂ ਦੀ ਜਗ੍ਹਾ ਭਾਈ ਲੱਖੀ ਸ਼ਾਹ ਵਣਜਾਰਾ ਪ੍ਰਤੀ ਸੰਦੇਸ਼ ਲੈ ਕੇ ਕੇਂਦਰੀ ਮੰਤਰੀ ਅਰਜੁਨ ਮੁੰਡਾ ਨੇ ਸ਼ਿਰਕਤ ਕੀਤੀ ।

ਇਸ ਮੌਕੇ ਜੀ. ਕਿਸ਼ਨ ਰੇਡੀ ਕੇਂਦਰੀ ਮੰਤਰੀ ਨੇ ਸੰਬੋਧਨ ਕਰਦੇ ਹੋਏ ਜਿੱਥੇ ਭਾਈ ਲੱਖੀ ਸ਼ਾਹ ਵਣਜਾਰਾ ਦੀ ਸ਼ਹਾਦਤ ਨੂੰ ਸਿਜਦਾ ਕੀਤਾ ਉਥੇ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਸਮਾਜ ਵੱਲੋਂ ਦੁਨੀਆਂ ਭਰ ’ਚ ਮਨੁੱਖਤਾ ਦੀ ਸੇਵਾ ਕਰਨ ਦੀ ਸ਼ਲਾਘਾ ਕੀਤੀ । ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਹੋਵੇ ਮੁਗਲ ਹਕੂਮਤ ਵੱਲੋਂ ਜਬਰੀ ਧਰਮ ਬਦਲੀ ਖਿਲਾਫ ਲੜਾਈ ਹਰ ਮੈਦਾਨ ’ਚ ਸਿੱਖ ਕੌਮ ਨੇ ਡੱਟ ਕੇ ਸਾਹਮਣਾ ਕੀਤਾ ਅਤੇ ਸ਼ਹਾਦਤਾਂ ਦਿੱਤੀਆਂ ਹਨ।

ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ ਨੇ ਭਾਈ ਲੱਖੀ ਸ਼ਾਹ ਵਣਜਾਰਾ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪ੍ਰਤੀ ਕੀਤੀ ਸੇਵਾ ਨੂੰ ਨਮਨ ਕਰਦਿਆਂ ਦੱਸਿਆ ਕਿ ਵਣਜਾਰਾ ਸਮਾਜ ਸ਼ੁਰੂ ਤੋਂ ਹੀ ਸਿੱਖ ਗੁਰੂ ਸਾਹਿਬਾਨ ਦਾ ਸ਼ਰਧਾਲੂ ਰਿਹਾ ਹੈ ਅਤੇ ਸਿੱਖ ਧਰਮ ਦੀ ਆਸਥਾ ਦਾ ਸਤਿਕਾਰ ਕਰਦਾ ਹੈ । ਇਸ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਵਣਜਾਰਾ ਸਮਾਜ ਨੂੰ ਬਣਦਾ ਸਤਿਕਾਰ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਹਰ ਖੇਤਰ ’ਚ ਹਮੇਸ਼ਾਂ ਸਹਿਯੋਗ ਦਿੰਦੀ ਰਹੇਗੀ । ਸ. ਕਾਲਕਾ ਨੇ ਭਾਈ ਲੱਖੀ ਸ਼ਾਹ ਵਣਜਾਰਾ ਜੀ ਦਾ 444ਵਾਂ ਜਨਮ ਦਿਹਾੜਾ ਇੰਨੇ ਵੱਡੇ ਪੱਧਰ ’ਤੇ ਮਨਾਉਣ ਲਈ ਹਿੰਦ ਸਰਕਾਰ ਦਾ ਵੀ ਧੰਨਵਾਦ ਕੀਤਾ ।

ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਭਾਈ ਲੱਖੀ ਸ਼ਾਹ ਵਣਜਾਰਾ ਜੀ ਆਪਣੇ ਸਮੇਂ ’ਚ ਇੰਨੇ ਵੱਡੇ ਧੰਨਵਾਨ ਵੱਪਾਰੀ ਸਨ ਕਿ ਉਹ ਜਿੱਥੇ ਵੀ ਜਾਂਦੇ ਸਨ ਉਥੇ ਲੋਕਾਂ ਦੀ ਭਲਾਈ ਲਈ ਖੂਹ ਅਤੇ ਰੈਨ-ਬਸੇਰੇ, ਸਰਾਵਾਂ ਸਥਾਪਤ ਕਰਦੇ ਰਹੇ । ਉਨ੍ਹਾਂ ਕਿਹਾ ਕਿ ਕੋਈ ਵੀ ਵੱਪਾਰੀ ਜਾਂ ਧੰਨਵਾਨ ਕਦੇ ਕਿਸੇ ਜ਼ਾਲਮ ਨਾਲ ਲੜਨ ਦੀ ਹਿੰਮਤ ਨਹੀਂ ਕਰ ਸਕਦਾ ਕਿਉਂਕਿ ਅਜਿਹਾ ਕਰਨ ’ਤੇ ਉਸ ਨੂੰ ਆਪਣੀਆਂ ਸੁੱਖ-ਸੁਵਿਧਾਵਾਂ, ਪਰਿਵਾਰ ਮਿਟਣ ਦਾ ਖਤਰਾ ਮਹਿਸੂਸ ਹੁੰਦਾ ਹੈ ਪਰੰਤੂ ਭਾਈ ਲੱਖੀ ਸ਼ਾਹ ਵਣਜਾਰਾ ਜੀ ਨੇ ਇਕ ਧੰਨਵਾਨ ਵੱਪਾਰੀ ਹੋਣ ਦੇ ਬਾਵਜ਼ੂਦ ਜ਼ਾਲਮ ਔਰੰਗਜ਼ੇਬ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਦਿੱਲੀ ਦੇ ਚਾਂਦਨੀ ਚੌਂਕ ’ਚ ਅਕਹੇ ਤਸੀਹੇ ਦੇ ਕੇ ਸ਼ਹੀਦ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਦੀ ਪਾਵਨ ਪਵਿੱਤਰ ਦੇਹ ਨੂੰ ਮੁਗਲ ਫੌਜ਼ੀਆਂ ਨੂੰ ਚਕਮਾ ਦੇ ਕੇ ਉਥੋਂ ਚੁੱਕ ਕੇ ਰਾਇਸੀਨਾ ਹਿਲਸ ਸਥਿਤ ਆਪਣੇ ਘਰ (ਜਿੱਥੇ ਹੁਣ ਗੁਰਦੁਆਰਾ ਰਕਾਬ ਗੰਜ ਸਾਹਿਬ ਮੌਜ਼ੂਦ ਹੈ) ਉਥੇ ਲਿਆ ਕੇ ਆਪਣੇ ਘਰ ਨੂੰ ਅੱਗ ਲਗਾ ਕੇ ਉਨ੍ਹਾਂ ਦਾ ਅੰਤਮ ਸਸਕਾਰ ਕੀਤਾ । ਸਿੱਖ ਗੁਰੂ ਸਾਹਿਬਾਨ ਪ੍ਰਤੀ ਅਜਿਹੀ ਸੇਵਾ ਅਤੇ ਕੁਰਬਾਨੀ ਦੀ ਮਿਸਾਲ ਕਿਤੇ ਹੋਰ ਨਹੀਂ ਮਿਲਦੀ ।

ਦਿੱਲੀ ਕਮੇਟੀ ਦੇ ਜਨਰਲ ਸਕੱਤਰ ਸ. ਜਗਦੀਪ ਸਿੰਘ ਕਾਹਲੋਂ ਨੇ ਮੰਚ ਸੰਚਾਲਕ ਦੀ ਸੇਵਾ ਨਿਭਾਉਂਦੇ ਹੋਏ ਆਏ ਹੋਏ ਸਭ ਮੁੱਖ ਮਹਿਮਾਨਾਂ ਅਤੇ ਹਿੰਦ ਸਰਕਾਰ ਦੇ ਸੰਸਕ੍ਰਿਤੀ ਮੰਤਰਾਲੇ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਭਾਈ ਲੱਖੀ ਸ਼ਾਹ ਵਣਜਾਰਾ ਵਰਗੀ ਸ਼ਖ਼ਸੀਅਤ ਦੇ ਸਨਮਾਨ ’ਚ ਦਿੱਲੀ ’ਚ ਇਨ੍ਹਾਂ ਵਿਸ਼ਾਲ ਸਮਾਗਮ ਕਰਵਾ ਕੇ ਭਾਰਤ ਸਰਕਾਰ ਨੇ ਸਿੱਖਾਂ ਪ੍ਰਤੀ ਆਪਣੀ ਸੱਚੀ ਨਿਸ਼ਠਾ ਦਾ ਪ੍ਰਗਟਾਵਾ ਕੀਤਾ ਹੈ । ਉਨ੍ਹਾਂ ਕਿਹਾ ਕਿ ਦਿੱਲੀ ਸਿੱਖ ਗੁਰੁਦਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਬਦਲੀ ਖਿਲਾਫ ਅਤੇ ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਲਈ ਜੋ ਸੇਵਾ ਆਰੰਭ ਕੀਤੀ ਗਈ ਹੈ ਵਣਜਾਰਾ ਸਮਾਜ ਉਸ ’ਚ ਵੱਧ ਤੋਂ ਵੱਧ ਸਹਿਯੋਗ ਕਰੇ ਕਿਉਂਕਿ ਇਸ ਸਮਾਜ ਦੇ ਲੋਕਾਂ ਦੀ ਪਹੁੰਚ ਸ਼ਹਿਰਾਂ ਅਤੇ ਦੂਰ-ਦਰਾਡੇ ਦੇ ਇਲਾਕਿਆਂ ਤਕ ਹੈ ।

ਸਮਾਗਮ ’ਚ ਸ੍ਰੀ ਜੀ. ਕਿਸ਼ਨ ਰੇਡੀ ਕੇਂਦਰੀ ਮੰਤਰੀ, ਸ੍ਰੀ ਅਰਜੁਨ ਰਾਮ ਮੇਘਵਾਲ ਕੇਂਦਰੀ ਮੰਤਰੀ, ਸ੍ਰੀ ਅਰਜੁਨ ਮੁੰਡਾ ਕੇਂਦਰੀ ਮੰਤਰੀ, ਸ੍ਰੀ ਰਾਮਦਾਸ ਅਠਾਵਲੇ ਕੇਂਦਰੀ ਮੰਤਰੀ, ਸ੍ਰੀ ਬਾਲਕ ਨਾਥ ਯੋਗੀ ਸਾਂਸਦ, ਸ੍ਰੀ ਉਮੇਸ਼ ਯਾਦਵ ਸਾਂਸਦ, ਸ੍ਰੀ ਸਤੀਸ਼ ਉਪਾਧਿਆਏ ਭਾਜਪਾ ਪ੍ਰਧਾਨ ਦਿੱਲੀ ਸਟੇਟ, ਸ੍ਰੀ ਹਵਾ ਮਲਿਕਾਨਾਥ ਮਹਾਰਾਜ (ਜੈ ਮਾਤਾ ਟ੍ਰਸੱਟ, ਨਵੀਂ ਦਿੱਲੀ), ਸ੍ਰੀ ਪ੍ਰਕਾਸ਼ ਰਾਠੌੜ ਚੀਫ ਵਿਹਿਪ ਕਰਨਾਟਕਾ, ਸ੍ਰੀ ਚਰਨ ਸਿੰਘ ਤੇਲੰਗਾਨਾ ਭਾਜਪਾ, ਸ੍ਰੀ ਸ਼ੰਕਰ ਪਵਾਰ ਪ੍ਰਧਾਨ ਏਆਈਬੀਐਸਐਸ, ਸ੍ਰੀ ਮੁਕੇਸ਼ ਸਭਾਨਾ ਪ੍ਰਧਾਨ ਬਾਬਾ ਲੱਖੀ ਸ਼ਾਹ ਵੇਲਕਮ ਕਮੇਟੀ, ਸਚਿਨ ਸਭਾਨਾ ਯੂਥ ਨੇਤਾ, ਸ੍ਰੀ ਬਾਬੂ ਸਿੰਘ ਸੰਤ ਪੋਹਰਾ ਦੇਵੀ, ਡਾ. ਸਿਧੇਸ਼ਵਰ ਸ਼ਿਵਾਚਾਰੀਆ ਸਵਾਮੀ ਜੀ, ਸ੍ਰੀ ਓਮ ਪ੍ਰਕਾਸ਼ ਨਾਇਕ ਮੈਂਬਰ ਐਸ.ਸੀ. ਕਮਿਸ਼ਨ,ਸ੍ਰੀਮਤੀ ਕਵਿਤਾ ਰਾਠੌੜ, ਸ੍ਰੀਮਤੀ ਮਮਤਾ ਰਾਠੌੜ ਸਾਬਕਾ ਕੌਂਸਲਰ ਅਤੇ ਦਿੱਲੀ ਗੁਰਦੁਆਰਾ ਕਮੇਟੀ ਤੋਂ ਸ. ਆਤਮਾ ਸਿੰਘ ਲੁਬਾਣਾ ਮੀਤ ਪ੍ਰਧਾਨ, ਜਸਮੇਨ ਸਿੰਘ ਨੋਨੀ ਸਕੱਤਰ ਅਤੇ ਮੈਂਬਰਾਨ ਸ. ਐਮ.ਪੀ.ਐਸ. ਚੱਢਾ, ਸ. ਗੁਰਪ੍ਰੀਤ ਸਿੰਘ ਜੱਸਾ, ਸ. ਗੁਰਦੇਵ ਸਿੰਘ, ਸ. ਸੁਖਬੀਰ ਸਿੰਘ ਕਾਲੜਾ, ਸ. ਗੁਰਮੀਤ ਸਿੰਘ ਭਾਟੀਆ, ਸ. ਹਰਜੀਤ ਸਿੰਘ ਪੱਪਾ, ਸ. ਨਿਸ਼ਾਨ ਸਿੰਘ ਮਾਨ, ਸ. ਭੁਪਿੰਦਰ ਸਿੰਘ ਗਿੰਨੀ, ਸ. ਦਲਜੀਤ ਸਿੰਘ ਸਰਨਾ, ਸ. ਸੁਰਜੀਤ ਸਿੰਘ ਜੀਤੀ, ਸ. ਅਮਰਜੀਤ ਸਿੰਘ ਪਿੰਕੀ, ਸ. ਪਰਵਿੰਦਰ ਸਿੰਘ ਲੱਕੀ ਆਦਿ ਮੌਜ਼ੂਦ ਸਨ ।