ਹਰਿਮੰਦਰ ਸਾਹਿਬ ਵਿਖੇ ਵਿਸਾਖੀ ਮੌਕੇ ਸੰਗਤਾਂ ਦਾ ਸੈਲਾਬ

ਹਰਿਮੰਦਰ ਸਾਹਿਬ ਵਿਖੇ ਵਿਸਾਖੀ ਮੌਕੇ ਸੰਗਤਾਂ ਦਾ ਸੈਲਾਬ

ਕੈਪਸ਼ਨ- ਵਿਸਾਖੀ ਮੌਕੇ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਆਇਆ ਸ਼ਰਧਾਲੂਆਂ ਦਾ ਸੈਲਾਬ।

ਅੰਮ੍ਰਿਤਸਰ/ਬਿਊਰੋ ਨਿਊਜ਼ :
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਹੋਰ ਇਤਿਹਾਸਕ ਗੁਰਦੁਆਰਾ ਸਾਹਿਬਾਨ ਵਿਖੇ ਖ਼ਾਲਸਾ ਸਾਜਨਾ ਦਿਵਸ (ਵਿਸਾਖੀ) ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਥੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿਚ ਆਈਆਂ ਸੰਗਤਾਂ ਨੇ ਦਰਸ਼ਨ-ਇਸ਼ਨਾਨ ਕੀਤੇ। ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਏ ਅੰਮ੍ਰਿਤ ਸੰਚਾਰ ਵਿਚ ਹਜ਼ਾਰ ਤੋਂ ਵੱਧ ਸਿੱਖਾਂ ਨੇ ਅੰਮ੍ਰਿਤ ਛੱਕਿਆ ਅਤੇ  ਗੁਰੂ ਵਾਲੇ ਬਣੇ।
ਸ਼ਰਧਾਲੂ ਰਾਤ ਨੂੰ ਹੀ ਇਥੇ ਪੁੱਜ ਗਏ ਸਨ, ਜਿਨ੍ਹਾਂ ਤੜਕੇ ਅੰਮ੍ਰਿਤ ਵੇਲੇ ਪਾਵਨ ਸਰੋਵਰ ਵਿਚ ਇਸ਼ਨਾਨ ਕੀਤਾ ਅਤੇ ਗੁਰੂ ਘਰ ਵਿਚ ਮੱਥਾ ਟੇਕਿਆ। ਪ੍ਰਬੰਧਕਾਂ ਅਨੁਸਾਰ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਦਰਸ਼ਨ ਇਸ਼ਨਾਨ ਲਈ ਆਏ। ਸ਼ਰਧਾਲੂਆਂ ਨੇ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਵਿੱਚ ਲੰਗਰ ਵੀ ਛਕਿਆ। ਸ਼ਰਧਾਲੂਆਂ ਦੀ ਭਾਰੀ ਆਮਦ ਕਾਰਨ ਸਾਰਾ ਦਿਨ ਹੀ ਪਰਿਕਰਮਾ ਵਿਚ ਅਤੇ ਦਰਸ਼ਨੀ ਡਿਓਢੀ ਵਿੱਚ ਭਾਰੀ ਭੀੜ ਰਹੀ। ਇਸੇ ਤਰ੍ਹਾਂ ਸ੍ਰੀ ਹਰਿਮੰਦਰ ਸਾਹਿਬ ਨੂੰ ਆਉਣ ਜਾਣ ਵਾਲੇ ਰਸਤਿਆਂ ਦੀ ਆਵਾਜਾਈ ਵੀ ਸ਼ਰਧਾਲੂਆਂ ਦੀ ਵੱਡੀ ਆਮਦ ਕਾਰਨ ਪ੍ਰਭਾਵਤ ਹੋਈ।
ਇਸ ਮੌਕੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਜਾਏ ਗਏ ਧਾਰਮਿਕ ਦੀਵਾਨ ਵਿੱਚ ਢਾਡੀ ਭਾਈ ਭੁਪਿੰਦਰ ਸਿੰਘ ਪ੍ਰੀਤ, ਭਾਈ ਹਰਭਜਨ ਸਿੰਘ ਤੇ ਬੀਬੀ ਪ੍ਰਕਾਸ਼ ਕੌਰ ਖਾਲਸਾ ਅਤੇ ਕਵੀਸ਼ਰ ਭਾਈ ਕੁਲਜੀਤ ਸਿੰਘ ਨੇ ਸੰਗਤਾਂ ਨੂੰ ਵਾਰਾਂ ਰਾਹੀਂ ਨਿਹਾਲ ਕੀਤਾ। ਕਵੀ ਦਰਬਾਰ ਵਿਚ ਵੱਖ ਵੱਖ ਕਵੀਆਂ ਨੇ ਸੰਗਤਾਂ ਨੂੰ ਵਿਸਾਖੀ ਦੇ ਇਤਿਹਾਸ ਤੋਂ ਜਾਣੂ ਕਰਵਾਇਆ। ਧਾਰਮਿਕ ਦੀਵਾਨ ਵੀ ਸਜਾਏ ਗਏ। ਸ਼ਾਮ ਸਮੇਂ ਮੁੱਖ ਇਮਾਰਤ ਉਪਰ ਦੀਪਮਾਲਾ ਵੀ ਕੀਤੀ ਗਈ ਜਦੋਕਿ ਬਾਕੀ ਥਾਵਾਂ ਤੇ ਆਧੁਨਿਕ ਰੋਸ਼ਨੀ ਨਾਲ ਦੀਪਮਾਲਾ ਕੀਤੀ ਗਈ।
ਆਨੰਦਪੁਰ ਸਾਹਿਬ ‘ਚ ਵੀ ਰਹੀਆਂ ਰੌਣਕਾਂ :
ਸ੍ਰੀ ਆਨੰਦਪੁਰ ਸਾਹਿਬ : ਵਿਸਾਖੀ ਮੌਕੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਖੂਬ ਰੌਣਕਾਂ ਲੱਗੀਆਂ ਤੇ ਖਾਲਸਾਈ ਸ਼ਾਨ ਦਾ ਪ੍ਰਤੀਕ ਇਹ ਤਿਓਹਾਰ ਪੂਰੀ ਖਾਲਸਾਈ ਚੜ੍ਹਦੀਕਲਾ ਨਾਲ ਮਨਾਇਆ ਗਿਆ। ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਪੰਥ ਦੀ ਚੜ੍ਹਦੀਕਲਾ ਦੀ ਅਰਦਾਸ ਕੀਤੀ ਗਈ। ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿਚ ਆਏ ਸ਼ਰਧਾਲੂਆਂ ਨੇ ਸਰੋਵਰ ਵਿੱਚ ਇਸ਼ਨਾਨ ਕਰਨ ਉਪਰੰਤ ਗੁਰਦੁਆਰਿਆਂ ਵਿਚ ਨਤਮਸਤਕ ਹੋ ਕੇ ਅਰਦਾਸ ਕੀਤੀ। ਇਸ ਦੌਰਾਨ ਮੇਲੇ ਵਿੱਚ ਗੁੰਮ ਹੋਏ 7 ਸਾਲ ਦੇ ਲੜਕੇ ਨੂੰ ਪੁਲੀਸ ਨੇ ਉਸ ਦੇ ਪਰਿਵਾਰ ਵਾਲਿਆਂ ਦੇ ਹਵਾਲੇ ਕੀਤਾ।