ਗੌਂਡਰ ਨੇ ਪੇਸ਼ੀ ਤੋਂ ਪਰਤ ਰਹੇ ਤਿੰਨ ਗੈਂਗਸਟਰਾਂ ਨੂੰ ਮੌਤ ਦੇ ਘਾਟ ਉਤਾਰਿਆ
ਗੁਰਦਾਸਪੁਰ/ਬਿਊਰੋ ਨਿਊਜ਼ :
ਨਾਭਾ ਜੇਲ੍ਹ ਵਿਚੋਂ ਫ਼ਰਾਰ ਗੈਂਗਸਟਰ ਵਿੱਕੀ ਗੌਂਡਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਸ਼ਹਿਰ ਦੇ ਕਾਹਨੂੰਵਾਨ ਚੌਕ ਵਿੱਚ ਆਪਣੇ ਵਿਰੋਧੀ ਗੈਂਗਸਟਰ ਹਰਪ੍ਰੀਤ ਸਿੰਘ ਉਰਫ਼ ਸੂਬੇਦਾਰ ਅਤੇ ਉਸ ਦੇ ਸਾਥੀਆਂ ਉੱਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਇਸ ਕਾਰਨ ਦੋ ਜਣਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂਕਿ ਇੱਕ ਦੀ ਹਾਲਤ ਨਾਜ਼ੁਕ ਹੋਣ ਕਰਕੇ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ, ਜਿੱਥੇ ਉਹ ਵੀ ਦਮ ਤੋੜ ਗਿਆ। ਵਿੱਕੀ ਗੌਂਡਰ ਤੇ ਸਾਥੀ ਮੌਕੇ ਤੋਂ ਫ਼ਰਾਰ ਹੋ ਗਏ। ਇਸ ਹਮਲੇ ਦੌਰਾਨ ਮਾਰੇ ਗੈਂਗਸਟਰਾਂ ਦੀ ਪਛਾਣ ਹਰਪ੍ਰੀਤ ਸਿੰਘ ਉਰਫ਼ ਸੂਬੇਦਾਰ ਵਾਸੀ ਮੁਸਤਫਾਬਾਦ ਜੱਟਾਂ ਅਤੇ ਸੁਖਚੈਨ ਸਿੰਘ ਉਰਫ਼ ਜੱਟ ਸਥਾਨਕ ਮੁੱਹਲਾ ਸੰਗਲਪੁਰਾ ਰੋਡ ਵਜੋਂ ਹੋਈ ਹੈ। ਹੈਪੀ ਪੁੱਤਰ ਗੁਰਦੇਵ ਸਿੰਘ ਵਾਸੀ ਤਿੱਬੜੀ ਪੁਲ ਅੰਮ੍ਰਿਤਸਰ ਹਸਪਤਾਲ ਦਾਖ਼ਲ ਹੈ। ਇਸ ਦੌਰਾਨ ਕਾਰ ਚਲਾ ਰਿਹਾ ਦਮਨ ਦਾਮਨ ਸਥਾਨਕ ਕਾਦਰੀ ਮੁਹੱਲਾ ਅਤੇ ਪ੍ਰਿੰਸ ਵਾਸੀ ਝਾਵਰ ਵਾਲ-ਵਾਲ ਬਚ ਗਏ। ਜਾਣਕਾਰੀ ਅਨੁਸਾਰ ਸੂਬੇਦਾਰ ਦੇ ਕੇਂਦਰੀ ਜੇਲ੍ਹ ਅੰਦਰ ਬੰਦ ਸਾਥੀ ਭੱਟੀ ਦੀ ਅਦਾਲਤ ਵਿੱਚ ਪੇਸ਼ੀ ਸੀ। ਉਸ ਨੂੰ ਮਿਲਣ ਤੋਂ ਬਾਅਦ ਉਹ ਸਾਰੇ ਕਾਰ ਵਿੱਚ ਸਵਾਰ ਹੋ ਕੇ ਪਿੰਡ ਔਜਲਾ ਕਿਸੇ ਦੋਸਤ ਦੇ ਘਰ ਜਾ ਰਹੇ ਸਨ। ਇਸ ਸ਼ਹਿਰ ਦੇ ਕਾਹਨੂੰਵਾਨ ਚੌਕ ਵਿੱਚ ਪੈਂਦੇ ਫਲਾਈਓਵਰ ਦੇ ਹੇਠੋਂ ਲੰਘਣ ਸਮੇਂ ਉਨ੍ਹਾਂ ਅੱਗੇ ਇੱਕ ਕਾਰ ਆ ਲੱਗੀ ਤੇ ਕਾਰ ਸਵਾਰਾਂ ਨੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਸੂਬੇਦਾਰ ਅਤੇ ਜੱਟ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ, ਜਦੋਂਕਿ ਹੈਪੀ ਜ਼ਖ਼ਮੀ ਹੋ ਗਿਆ। ਕਾਰ ਵਿੱਚ ਬੈਠਾ ਪ੍ਰਿੰਸ ਭੱਜ ਕੇ ਖੇਤਾਂ ਵਿੱਚ ਲੁਕ ਗਿਆ। ਸੂਚਨਾ ਮਿਲਦਿਆਂ ਹੀ ਐਸਐਸਪੀ ਭੁਪਿੰਦਰ ਸਿੰਘ ਵਿਰਕ, ਇੰਸਪੈਕਟਰ ਗੁਰਦੀਪ ਸਿੰਘ ਤੇ ਥਾਣਾ ਸਿਟੀ ਅਤੇ ਸਦਰ ਦੇ ਐਸਐਚਓ ਪੁਲੀਸ ਟੀਮ ਸਣੇ ਮੌਕੇ ‘ਤੇ ਪੁੱਜੇ। ਪੁਲੀਸ ਹਮਲੇ ਵਿੱਚ ਮਰਨ ਵਾਲਿਆਂ ਦੇ ਇੱਕ ਸਾਥੀ ਦਮਨ ਦਾਮਨ ਨੂੰ ਆਪਣੇ ਨਾਲ ਲੈ ਗਈ ਤੇ ਪੁੱਛਗਿੱਛ ਸ਼ੁਰੂ ਕਰ ਦਿੱਤੀ। ਇਸ ਦੌਰਾਨ ਆਈਜੀ ਨੌਨਿਹਾਲ ਸਿੰਘ ਵੀ ਗੁਰਦਾਸਪੁਰ ਪੁੱਜ ਗਏ ਤੇ ਘਟਨਾ ਬਾਰੇ ਜਾਣਕਾਰੀ ਲਈ। ਪੁਲੀਸ ਨੇ ਵਿੱਕੀ ਗੌਂਡਰ ਸਮੇਤ ਪੰਜ ਜਣਿਆਂ ਖਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਦੌਰਾਨ ਐਸਐਸਪੀ ਗੁਰਦਾਸਪੁਰ ਭੁਪਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਵਿੱਕੀ ਗੌਂਡਰ ਗੈਂਗ ਵੱਲੋਂ ਸੂਬੇਦਾਰ ਅਤੇ ਸਾਥੀਆਂ ਨੂੰ ਮਾਰਨ ਲਈ 32 ਕੇ ਪਿਸਤੌਲ ਦੀ ਵਰਤੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਮਗਰੋਂ ਵਿੱਕੀ ਗੌਂਡਰ, ਹੈਰੀ ਮਜੀਠੀਆ, ਗਿਆਨ ਖਰਵਾਂ, ਸੁੱਖ ਭਿਖਾਰੀਵਾਲ ਤੇ ਗੋਪੀ ਖਿਲਾਫ਼ ਧਾਰਾ 302 ਤਹਿਤ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੂਬੇਦਾਰ ਦੀ ਵਿੱਕੀ ਗੌਂਡਰ ਨਾਲ ਨਹੀਂ, ਸੁੱਖ ਭਿਖਾਰੀਵਾਲ ਨਾਲ ਪੁਰਾਣੀ ਰੰਜ਼ਿਸ਼ ਸੀ।
Comments (0)