ਕੌਮਾਂਤਰੀ ਮੁੱਕੇਬਾਜ਼ੀ : ਵਿਕਾਸ ਤੇ ਸ਼ਿਵ ਦੀ ਹੋਈ ਚੋਣ

ਕੌਮਾਂਤਰੀ ਮੁੱਕੇਬਾਜ਼ੀ : ਵਿਕਾਸ ਤੇ ਸ਼ਿਵ ਦੀ ਹੋਈ ਚੋਣ

ਨਵੀਂ ਦਿੱਲੀ/ਬਿਊਰੋ ਨਿਊਜ਼ :
ਵਿਸ਼ਵ ਚੈਂਪੀਅਨਸ਼ਿਪ ਵਿਚ ਕਾਂਸੀ ਦਾ ਤਗ਼ਮਾ ਜੇਤੂ ਵਿਕਾਸ ਕ੍ਰਿਸ਼ਨ (75 ਕਿਲੋ) ਅਤੇ ਸ਼ਿਵ ਥਾਪਾ (60 ਕਿਲੋ) ਉਨ੍ਹਾਂ ਸੱਤ ਭਾਰਤੀਆਂ ਵਿਚ ਸ਼ਾਮਲ ਹਨ ਜਿਨ੍ਹਾਂ ਨੂੰ ਅਪ੍ਰੈਲ ਮਹੀਨੇ ਬੈਂਕਾਕ ਵਿੱਚ ਹੋਣ ਵਾਲੇ ਥਾਈਲੈਂਡ ਕੌਮਾਂਤਰੀ ਟੂਰਨਾਮੈਂਟ ਲਈ ਚੁਣਿਆ ਗਿਆ ਹੈ।
ਪਿਛਲੇ ਸਾਲ ਰੀਓ ਓਲੰਪਿਕ ਦੇ ਕੁਆਰਟਰ ਫਾਈਨਲ ਵਿਚ ਹਾਰਨ ਮਗਰੋਂ ਵਿਕਾਸ ਆਪਣੇ ਪਹਿਲੇ ਟੂਰਨਾਮੈਂਟ ਵਿਚ ਭਾਗ ਲੈ ਰਿਹਾ ਹੈ ਜੋ 2011 ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗ਼ਮਾ ਜੇਤੂ ਹੈ। ਪਿਛਲੇ ਸਾਲ ਏਆਈਬੀਏ ਦੇ ਸਾਲਾਨਾ ਪੁਰਸਕਾਰ ਸਮਾਰੋਹ ਵਿਚ ਸਰਵੋਤਮ ਮੁੱਕੇਬਾਜ਼ ਦਾ ਪੁਰਸਕਾਰ ਹਾਸਲ ਕਰਨ ਵਾਲਾ ਇਹ 24 ਸਾਲਾ ਮੁੱਕੇਬਾਜ਼ ਅਮਰੀਕਾ ਤੋਂ ਮੁੜਨ ਮਗਰੋਂ ਹਾਲ ਹੀ ਵਿੱਚ ਕੌਮੀ ਕੈਂਪ ਨਾਲ ਜੁੜਿਆ ਹੈ। ਏਸ਼ਿਆਈ ਖੇਡਾਂ ਦਾ ਇਹ ਸਾਬਕਾ ਸੋਨ ਤਗ਼ਮਾ ਜੇਤੂ ਪਿਛਲੇ ਤਿੰਨ ਮਹੀਨੇ ਤੋਂ ਟਰੇਨਿੰਗ ਲੈ ਰਿਹਾ ਹੈ। ਉਸ ਨੇ ਇਸ ਸਾਲ ਦੇ ਅਖੀਰ ਤੱਕ ਪੇਸ਼ੇਵਰ ਮੁੱਕੇਬਾਜ਼ ਬਣਨ ਦੇ ਵੀ ਸੰਕੇਤ ਦਿੱਤੇ ਹਨ। ਸਾਬਕਾ ਏਸ਼ਿਆਈ ਚੈਂਪੀਅਨ ਸ਼ਿਵ ਨੇ ਪਿਛਲੇ ਸਾਲ ਦਸੰਬਰ ਵਿਚ ਬੈਂਥਮਵੇਟ (56 ਕਿਲੋ) ਤੋਂ ਵਧ ਵਜ਼ਨ ਵਰਗ ਵਿਚ ਆਉਣ ਦਾ ਫ਼ੈਸਲਾ
ਕੀਤਾ ਸੀ। ਅਜੇ ਤੱਕ ਉਸ ਨੂੰ ਇਸ ਵਿਚ ਰਲਵੇਂ-ਮਿਲਵੇਂ ਨਤੀਜੇ ਮਿਲੇ ਹਨ। ਅਸਾਮ ਦੇ ਇਸ ਮੁੱਕੇਬਾਜ਼ ਨੇ ਆਪਣੇ ਨਵੇਂ ਵਜ਼ਨ 60 ਕਿਲੋ ਗਰਾਮ ਵਿਚ ਕੌਮੀ ਚੈਂਪੀਅਨਸ਼ਿੱਪ ਜਿੱਤੀ ਸੀ, ਪਰ ਉਹ ਪਿਛਲੇ ਸਾਲ ਬੁਲਗਾਰੀਆ ਵਿਚ 68ਵੀਂ ਸਟ੍ਰਾਨਦਜਾ ਯਾਦਗਾਰੀ ਟੂਰਨਾਮੈਂਟ ਦੇ ਸ਼ੁਰੂਆਤੀ ਦੌਰ ਵਿਚ ਬਾਹਰ ਹੋ ਗਿਆ ਸੀ। ਰਾਸ਼ਟਰ-ਮੰਡਲ ਖੇਡਾਂ ਵਿਚ ਚਾਂਦੀ ਦਾ ਤਗ਼ਮਾ ਜੇਤੂ ਐਲ ਦੇਵੇਂਦਰੋ ਸਿੰਘ (52 ਕਿਲੋ) ਆਪਣੇ ਨਵੇਂ ਵਜ਼ਨ ਵਰਗ ਵਿਚ ਕੌਮਾਂਤਰੀ ਮੁੱਕੇਬਾਜ਼ੀ ਦੀ ਸ਼ੁਰੂਆਤ ਕਰੇਗਾ। ਇਹ ਮਣੀਪੁਰੀ ਖਿਡਾਰੀ ਵੀ ਏਸ਼ਿਆਈ ਚੈਂਪੀਅਨਸ਼ਿਪ ਦਾ ਚਾਂਦੀ ਦਾ ਤਗ਼ਮਾ ਜੇਤੂ ਹੈ।
ਟੀਮ ਦੇ ਇੱਕ ਹੋਰ ਮੈਂਬਰ ਕੇ ਸ਼ਿਆਮ ਕੁਮਾਰ (49 ਕਿਲੋ) ਨੇ ਕਿੰਗਜ਼ ਕੱਪ ਕਹੇ ਜਾਣ ਵਾਲੇ ਟੂਰਨਾਮੈਂਟ ਦੇ 2015 ਗੇੜ ਦਾ ਸੋਨ ਤਗ਼ਮਾ ਜਿੱਤਿਆ ਹੈ। ਬੈਂਥਮਵੇਟ ਵਜ਼ਨ ਵਰਗ ‘ਚ ਮੁਹੰਮਦ ਹੁਸਾਮੁੱਦੀਨ ਸ਼ਾਮਲ ਹੈ ਜਿਨ੍ਹਾਂ ਪਿਛਲੇ ਮਹੀਨੇ ਬੁਲਗਾਰੀਆ ਵਿਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਰਾਸ਼ਟਰ ਮੰਡਲ ਖੇਡਾਂ ਦੇ ਸਾਬਕਾ ਸੋਨ ਤਗ਼ਮਾ ਜੇਤੂ ਮੁੱਕੇਬਾਜ਼ ਮਨੋਜ ਕੁਮਾਰ ਨੂੰ ਵੈਨਟਰਵੇਟ 69 ਕਿਲੋਗਰਾਮ ਵਰਗ ਵਿਚ ਚੁਣਿਆ ਗਿਆ ਹੈ। ਥਾਈਲੈਂਡ ਕੌਮਾਂਤਰੀ ਟੂਰਨਾਮੈਂਟ ਇੱਕ ਤੋਂ ਸੱਤ ਅਪਰੈਲ ਤੱਕ ਖੇਡਿਆ ਜਾਵੇਗਾ   ਜਿਸ ‘ਚ ਸਿਰਫ਼ ਸੱਤ ਹੀ ਵਜ਼ਨ ਵਰਗ ਹਨ।
ਭਾਰਤੀ ਮੁੱਕੇਬਾਜ਼ਾਂ ਨੂੰ ਨਹੀਂ ਮਿਲਿਆ ਵੀਜ਼ਾ :
ਨਵੀਂ ਦਿੱਲੀ: ਭਾਰਤੀ ਮੁੱਕੇਬਾਜ਼ ਸਹੀ ਸਮੇਂ ‘ਤੇ ਵੀਜ਼ਾ ਨਾ ਮਿਲਣ ਕਾਰਨ ਜਰਮਨੀ ਵਿਚ ਹੋਣ ਵਾਲੇ ਕੈਮਿਸਟਰੀ ਕੱਪ ਨਹੀਂ ਖੇਡ ਸਕਣਗੇ। ਹਾਲਾਂਕਿ ਕੌਮੀ ਫੈਡਰੇਸ਼ਨ ਨੇ ਭਰੋਸਾ ਦਿੱਤਾ ਹੈ ਕਿ ਮੁੱਕੇਬਾਜ਼ਾਂ ਨੂੰ ਜਲਦ ਹੀ ਇੱਕ ਹੋਰ ਟੂਰਨਾਮੈਂਟ ਲਈ ਬਾਹਰ ਭੇਜ ਕੇ ਇਸ ਦੀ ਭਰਪਾਈ ਕੀਤੀ ਜਾਵੇਗੀ। ਦੋ ਏਸ਼ਿਆਈ ਤਗ਼ਮਾ ਜੇਤੂ ਨੌਜਵਾਨ ਖਿਡਾਰੀਆਂ ਵਾਲੀ ਇਸ ਦਸ ਮੈਂਬਰੀ ਟੀਮ ਨੇ ਅੱਜ ਰਾਤ ਜਰਮਨੀ ਦੇ ਹਾਲੇ ਲਈ ਰਵਾਨਾ ਹੋਣਾ ਸੀ, ਪਰ ਵੀਜ਼ਾ ਨਾ ਮਿਲਣ ਕਾਰਨ ਇਹ ਯੋਜਨਾ ਰੱਦ ਹੋ ਗਈ। ਭਾਰਤੀ ਮੁੱਕੇਬਾਜ਼ੀ ਫੈਡਰੇਸ਼ਨ ਦੇ ਪ੍ਰਧਾਨ ਅਜੈ ਸਿੰਘ ਨੇ ਕਿਹਾ ਕਿ ਵੀਜ਼ਾ ਨਾ ਮਿਲ ਸਕਣ ਬਾਰੇ ਉਨ੍ਹਾਂ ਨੂੰ ਕਾਫੀ ਬਾਅਦ ਵਿੱਚ ਪਤਾ ਲੱਗਿਆ। ਹੁਣ ਉਹ ਧਿਆਨ ਰੱਖਣਗੇ ਕਿ ਵੀਜ਼ਾ ਹਾਸਲ ਕਰਨ ਦੀ ਪ੍ਰਕਿਰਿਆ 15 ਦਿਨ ਪਹਿਲਾਂ ਸ਼ੁਰੂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਮੁੱਕੇਬਾਜ਼ਾਂ ਨੂੰ ਇੱਥੋਂ ਵਾਪਸ ਭੇਜਿਆ ਗਿਆ ਹੈ, ਉਨ੍ਹਾਂ ਨੂੰ ਜਲਦੀ ਹੀ ਇੱਕ ਹੋਰ ਟੂਰਨਾਮੈਂਟ ਲਈ ਭੇਜਿਆ ਜਾਵੇਗਾ।