ਦਰਬਾਰ ਸਾਹਿਬ ਵਿਚ ਤੇਜਾ ਸਿੰਘ ਸਮੁੰਦਰੀ ਹਾਲ ਨੂੰ ਨਵਾਂ ਰੰਗ ਰੋਗਨ

ਦਰਬਾਰ ਸਾਹਿਬ ਵਿਚ ਤੇਜਾ ਸਿੰਘ ਸਮੁੰਦਰੀ ਹਾਲ ਨੂੰ ਨਵਾਂ ਰੰਗ ਰੋਗਨ

ਕੈਪਸ਼ਨ-ਸ੍ਰੀ ਹਰਿਮੰਦਰ ਸਾਹਿਬ ਸਮੂਹ ਦੇ ਮੁੱਖ ਦਰਵਾਜ਼ੇ ‘ਤੇ ਵੱਜੀਆਂ ਗੋਲੀਆਂ ਦੇ ਨਿਸ਼ਾਨ, ਜਿਨ੍ਹਾਂ ਨੂੰ ਸਾਕਾ ਨੀਲਾ ਤਾਰਾ ਦੀ ਯਾਦ ਵਜੋਂ ਸਾਂਭ ਕੇ ਰੱਖਿਆ ਹੋਇਆ ਹੈ। 

ਅੰਮ੍ਰਿਤਸਰ/ਬਿਊਰੋ ਨਿਊਜ਼ :
ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿੱਚ ਸਥਾਪਤ ਤੇਜਾ ਸਿੰੰਘ ਸਮੁੰਦਰੀ ਹਾਲ ਨੂੰ ਨਵਾਂ ਰੰਗ ਰੋਗਨ ਕਰਵਾਉਣ ਮਗਰੋਂ ਹੁਣ ਇੱਥੇ ਅਕਾਲ ਤਖਤ ਨੇੜੇ ਸਿਰਫ਼ ਇਕ ਡਿਓਢੀ ਹੀ ਜੂਨ 1984 ਦੇ ਫੌਜੀ ਹਮਲੇ ਦੀ ਯਾਦ ਬਚੀ ਹੈ ਜਦਕਿ ਬਾਕੀ ਇਮਾਰਤਾਂ ‘ਤੇ ਰੰਗ ਰੋਗਨ ਹੋ ਚੁੱਕੇ ਹਨ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ 6 ਜੂਨ ਨੂੰ ਹੋਣ ਵਾਲੇ ਸ਼ਹੀਦੀ ਸਮਾਗਮ ਲਈ ਇੱਥੇ ਅਖੰਡ ਪਾਠ ਆਰੰਭ ਕੀਤੇ ਗਏ ਹਨ। 33 ਸਾਲ ਪਹਿਲਾਂ ਹੋਏ ਇਸ ਫੌਜੀ ਹਮਲੇ ਦੀਆਂ ਯਾਦਾਂ ਵਜੋਂ ਸ਼੍ਰੋਮਣੀ ਕਮੇਟੀ ਵੱਲੋਂ ਸੰਭਾਲ ਕੇ ਰੱਖੀਆਂ ਇਮਾਰਤਾਂ ਵਿਚੋਂ ਸਿਰਫ ਇਕ ਡਿਓਢੀ ਹੀ ਜਿਵੇਂ ਦੀ ਤਿਵੇਂ ਰੱਖੀ ਹੋਈ ਹੈ। ਅਕਾਲ ਤਖ਼ਤ ਨੇੜੇ ਬਣੀ ਇਸ ਡਿਓਢੀ ਨੂੰ ਆਟਾ ਮੰਡੀ ਵੱਲ ਜਾਂਦੀ ਡਿਓਢੀ ਤੇ ਸ਼੍ਰੋਮਣੀ ਕਮੇਟੀ ਵੱਲੋਂ ਖਜ਼ਾਨਾ ਡਿਓਢੀ ਆਖਿਆ ਜਾਂਦਾ ਰਿਹਾ ਹੈ। ਇਸ ਇਮਾਰਤੀ ਹਿੱਸੇ ‘ਤੇ ਉਸ ਵੇਲੇ ਦੀ ਗੋਲੀਬਾਰੀ ਦੇ ਨਿਸ਼ਾਨ ਅੱਜ ਵੀ ਦੇਖੇ ਜਾ ਸਕਦੇ ਹਨ। ਉਸ ਵੇਲੇ ਫੌਜ ਦਾ ਮੁੱਖ ਨਿਸ਼ਾਨਾ ਅਕਾਲ ਤਖ਼ਤ ਸੀ, ਜਿਸ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਤੇ ਉਨ੍ਹਾਂ ਦੇ ਹੋਰ ਸਾਥੀ ਹਾਜ਼ਰ ਸਨ। ਉਸ ਵੇਲੇ ਗੋਲੀਬਾਰੀ ਨਾਲ ਅਕਾਲ ਤਖ਼ਤ ਦੀ ਸਮੁੱਚੀ ਇਮਾਰਤ ਨੁਕਸਾਨੀ ਗਈ ਸੀ, ਜਿਸ ਨੂੰ ਬਾਅਦ ਵਿਚ ਮੁੜ ਉਸਾਰਿਆ ਗਿਆ ਸੀ ਪਰ ਇਸ ਇਮਾਰਤ ਦੇ ਥੜ੍ਹੇ ਨੂੰ ਗੁਰੂ ਵੇਲੇ ਦੀ ਨਿਸ਼ਾਨੀ ਵਜੋਂ ਸੰਭਾਲ ਲਿਆ ਗਿਆ ਸੀ। ਇਸੇ ਤਰ੍ਹਾਂ ਪਰਿਕਰਮਾ, ਦਰਸ਼ਨੀ ਡਿਓਢੀ, ਲੰਗਰ ਹਾਲ, ਰਾਮਗੜ੍ਹੀਆ ਬੂੰਗੇ ‘ਤੇ ਤਾਂ ਪਹਿਲਾਂ ਹੀ ਰੋਗਨ ਹੋ ਗਿਆ ਸੀ ਪਰ ਇਨ੍ਹਾਂ ਵਿਚੋਂ ਕਈ ਇਮਾਰਤਾਂ ‘ਤੇ ਗੋਲੀਆਂ ਦੇ ਨਿਸ਼ਾਨ ਸੰਭਾਲ ਕੇ ਰੱਖੇ ਹੋਏ ਹਨ। ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਦੀ ਇਮਾਰਤ ਜਿਸ ਉੱਪਰ ਗੋਲੀਆਂ ਦੇ ਨਿਸ਼ਾਨ ਵੀ ਹਨ ਅਤੇ ਇਸ ਵਿੱਚ ਅੱਗ ਵੀ ਲਗ ਗਈ ਸੀ, ਦੀ ਬਾਹਰੀ ਦਿੱਖ ਨੂੰ ਸੰਭਾਲ ਕੇ ਰੱਖਿਆ ਹੋਇਆ ਸੀ। ਮੁਰੰਮਤ ਦੌਰਾਨ ਇਸ ਇਮਾਰਤ ‘ਤੇ ਲੱਗੇ ਗੋਲੀਆਂ ਦੇ ਨਿਸ਼ਾਨ ਸਾਂਭ ਲਏ ਗਏ ਹਨ।
ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਅਤੇ ਪ੍ਰਧਾਨ ਦੇ ਨਿੱਜੀ ਸਕੱਤਰ ਸੁਖਦੇਵ ਸਿੰਘ ਭੂਰਾਕੋਨਾ ਨੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੇ ਹਵਾਲੇ ਨਾਲ ਦੱਸਿਆ ਕਿ ਇਸ ਡਿਓਢੀ ਨੂੰ ਜਿਵੇਂ ਦੀ ਤਿਵੇਂ ਸੰਭਾਲ ਕੇ ਰੱਖਣ ਲਈ ਇਸ ਦੇ ਦੁਆਲੇ ਸ਼ੀਸ਼ਾ ਲਗਵਾਇਆ ਜਾਵੇਗਾ। ਇਸੇ ਤਰ੍ਹਾਂ ਸ੍ਰੀ ਹਰਿਮੰਦਰ ਸਾਹਿਬ ਦੀ ਮੁੱਖ ਇਮਾਰਤ ਤੇ ਹੋਰਨਾਂ ਇਮਾਰਤਾਂ ‘ਤੇ ਲੱਗੀਆਂ ਗੋਲੀਆਂ ਦੇ ਨਿਸ਼ਾਨ ਵੀ ਸਾਂਭੇ ਜਾਣ ਦੀ ਯੋਜਨਾ ਹੈ।