ਬਰਤਾਨੀਆ ਵਿਚ ਔਰਤਾਂ ਨੂੰ ਵੋਟ ਪਾਉਣ ਦੇ ਅਧਿਕਾਰ ਵਾਲੇ ਸੰਘਰਸ਼ ਲਈ ਯਾਦ ਕੀਤਾ ਜਾਂਦਾ ਹੈ ਰਾਜਕੁਮਾਰੀ ਸੋਫੀਆ ਦਲੀਪ ਸਿੰਘ ਨੂੰ

ਬਰਤਾਨੀਆ ਵਿਚ ਔਰਤਾਂ ਨੂੰ ਵੋਟ ਪਾਉਣ ਦੇ ਅਧਿਕਾਰ ਵਾਲੇ ਸੰਘਰਸ਼ ਲਈ ਯਾਦ ਕੀਤਾ ਜਾਂਦਾ ਹੈ ਰਾਜਕੁਮਾਰੀ ਸੋਫੀਆ ਦਲੀਪ ਸਿੰਘ ਨੂੰ

ਲੰਡਨ/ਬਿਊਰੋ ਨਿਊਜ਼ :
ਮਹਾਰਾਜਾ ਰਣਜੀਤ ਸਿੰਘ ਨੂੰ ਅੱਜ ਨਿਰਪੱਖ ਅਤੇ ਹਰ ਸ਼ਹਿਰੀ ਨੂੰ ਬਰਾਬਰਤਾ ਵਾਲਾ ਨਿਆਂ ਦੇਣ ਵਾਲੇ ਮਹਾਰਾਜੇ ਵਜੋਂ ਚੇਤੇ ਕੀਤਾ ਜਾਂਦਾ ਹੈ। ਇਥੇ ਹੀ ਬੱਸ ਨਹੀਂ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਮਨੁੱਖਤਾ ਲਈ ਕੰਮਾਂ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਨੇ ਅੱਗੋਂ ਵੀ ਜਾਰੀ ਰੱਖਿਆ ਹੈ। ਭਾਵੇਂ ਮਹਾਰਾਜਾ ਦਲੀਪ ਸਿੰਘ ਨੂੰ ਅੰਗਰੇਜ਼ ਹਕੂਮਤ ਨੇ ਇੰਗਲੈਂਡ ਲਿਆ ਕੇ ਗੁੰਮਰਾਹ ਕਰਕੇ ਉਸ ਦਾ ਰਾਜ ਭਾਗ ਹੀ ਨਹੀਂ ਬਲਕਿ ਬਚਪਨਾ ਅਤੇ ਜਵਾਨੀ ਵੀ ਖੋਹ ਲਈ ਸੀ ਪਰ ਰਾਜਿਆਂ ਵਾਲੀ ਉਸ ਦੀ ਸੋਚ ਅਤੇ ਉਸ ਦੇ ਬੱਚਿਆਂ ਅੰਦਰ ਮਹਾਂਰਾਜਿਆਂ ਵਾਲੀ ਸੋਚ ਨੂੰ ਕੋਈ ਦਬਾਅ ਨਹੀਂ ਸਕਿਆ। ਅੱਜ ਬਰਤਾਨੀਆ ਦੇ ਇਤਿਹਾਸ ਵਿਚ ਔਰਤਾਂ ਨੂੰ ਵੋਟ ਪਾਉਣ ਦੇ ਅਧਿਕਾਰ ਵਾਲੇ ਸੰਘਰਸ਼ ਨੂੰ ਜਦੋਂ ਯਾਦ ਕੀਤਾ ਜਾਂਦਾ ਹੈ, ਤਾਂ ਮਹਾਰਾਜਾ ਦਲੀਪ ਸਿੰਘ ਦੀ ਬੇਟੀ ਰਾਜਕੁਮਾਰੀ ਸੋਫੀਆ ਦਲੀਪ ਸਿੰਘ ਦਾ ਨਾਂਅ ਵੀ ਮੂਹਰੀ ਕਤਾਰ ਵਿਚ ਆਉਂਦਾ ਹੈ। ਸੋਫੀਆ ਦਲੀਪ ਸਿੰਘ ਨੇ 1911 ਦੀ ਜਨਗਨਣਾ ਵਿਚ ਆਪਣੇ ਆਪ ਨੂੰ ਦਰਜ ਕਰਵਾਉਣ ਵਿਚ ਇਸ ਕਰਕੇ ਨਾਂਹ ਕਰ ਦਿੱਤੀ ਸੀ, ਕਿਉਂਕਿ ਉਸ ਨੂੰ ਇਕ ਔਰਤ ਹੋਣ ਕਰਕੇ ਵੋਟ ਪਾਉਣ ਦਾ ਅਧਿਕਾਰ ਨਹੀਂ ਸੀ। ਇਤਿਹਾਸਕ ਦਸਤਾਵੇਜ਼ਾਂ ਨੂੰ ਸੰਗ੍ਰਹਿ ਕਰਨ ਵਾਲੇ ਅਮਨਦੀਪ ਸਿੰਘ ਮਾਦਰਾ ਵੱਲੋਂ ਅਜਿਹਾ ਹੀ ਇਕ ਦਸਤਾਵੇਜ਼ ਜਾਰੀ ਕੀਤਾ ਗਿਆ ਹੈ ਜਿਸ ਵਿਚ ਰਾਜਕੁਮਾਰੀ ਸੋਫੀਆ ਦਲੀਪ ਸਿੰਘ ਨੇ ਸਪਸ਼ਟ ਲਿਖਿਆ ਹੈ ਕਿ ‘ਨੋ ਵੋਟ ਨੋ ਸੈਨਸਸ’, ਭਾਵ ਜੇਕਰ ਇਕ ਔਰਤ ਹੋਣ ਦੇ ਨਾਤੇ ਮੈਨੂੰ ਗਿਣਿਆ ਨਹੀਂ ਜਾਂਦਾ, ਤਾਂ ਜਨਗਣਨਾ ਦਾ ਹਿੱਸਾ ਕਿਉਂ ਬਣਾਂ? ਮੇਰੀ ਜ਼ਮੀਰ ਇਜਾਜ਼ਤ ਨਹੀਂ ਦਿੰਦੀ ਕਿ ਇਸ ਫਾਰਮ ਨੂੰ ਭਰਾਂ।’ ਇਹ ਫਾਰਮ 1911 ਵਿਚ ਬਰਤਾਨੀਆ ਦੀ ਮਰਦਮਸ਼ੁਮਾਰੀ ਮੌਕੇ ਜਾਰੀ ਕੀਤਾ ਗਿਆ ਸੀ। ਜਿਸ ਉੱਪਰ ਇਹ ਸ਼ਬਦ ਲਿਖ ਕੇ ਰਾਜਕੁਮਾਰੀ ਸੋਫੀਆ ਦਲੀਪ ਸਿੰਘ ਨੇ ਦਸਤਖ਼ਤ ਕੀਤੇ ਹਨ। ਜ਼ਿਕਰਯੋਗ ਹੈ ਕਿ ਔਰਤਾਂ ਦੇ ਵੋਟ ਪਾਉਣ ਦਾ ਅਧਿਕਾਰ ਹਾਸਲ ਕਰਨ ਲਈ ਬਰਤਾਨੀਆ ਵਿਚ ਲੰਮਾਂ ਸੰਘਰਸ਼ ਚੱਲਿਆ ਸੀ। 1918 ਵਿਚ ਪਹਿਲੀ ਵਾਰ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਮਿਲਿਆ ਸੀ, ਜਿਸ ਅਨੁਸਾਰ ਔਰਤ ਦੀ ਘੱਟੋ-ਘੱਟ ਉਮਰ 30 ਸਾਲ ਮਿਥੀ ਗਈ ਸੀ। ਜਦਕਿ 1928 ਵਿਚ ਕਾਨੂੰਨ ਵਿਚ ਮੁੜ ਸੋਧ ਕਰਦਿਆਂ ਮਰਦਾਂ ਦੇ ਬਾਰਾਬਰ 21 ਸਾਲ ਦੀ ਉਮਰ ਵਾਲੀ ਹਰ ਔਰਤ ਨੂੰ ਵੋਟ ਬਣਾਉਣ ਦਾ ਅਧਿਕਾਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਸੋਫੀਆ ਦਲੀਪ ਸਿੰਘ ਦਾ ਜਨਮ 8 ਅਗਸਤ 1876 ਨੂੰ ਐਲਵੀਡਨ ਹਾਲ ਸਫਲਕ ਵਿਖੇ ਮਹਾਰਾਜਾ ਦਲੀਪ ਸਿੰਘ ਦੀ ਪਹਿਲੀ ਪਤਨੀ ਬੰਬਾ ਮੁਲਰ ਦੀ ਕੁੱਖੋਂ ਹੋਇਆ ਸੀ, ਜਦਕਿ ਉਨ੍ਹਾਂ ਦਾ ਦਿਹਾਂਤ 22 ਅਗਸਤ 1948 ਨੂੰ 72 ਸਾਲ ਦੀ ਉਮਰ ਵਿਚ ਟੇਲਰਸ ਗਰੀਨ, ਬਕਿੰਘਮਸ਼ਾਇਰ ਇੰਗਲੈਂਡ ਵਿਚ ਹੋਇਆ। ਉਨ੍ਹਾਂ ਦਾ ਪੂਰਾ ਨਾਮ ਸੋਫੀਆ ਅਲੈਗਜ਼ੈਂਡਰ ਦਲੀਪ ਸਿੰਘ ਸੀ। ਬਰਤਾਨੀਆ ਦੀ ਸੰਸਦ ਵਿਚ ਪਹਿਲੀ ਔਰਤ ਐਮ.ਪੀ. ਕਨਸਟੈਂਸ ਮਾਰਕਇਵਕਜ਼ 1918 ਦੀਆਂ ਆਮ ਚੋਣਾਂ ਮੌਕੇ ਚੁਣੀ ਗਈ ਸੀ, ਪਰ ਸਹੁੰ ਨਾ ਚੁੱਕਣ ਕਰਕੇ ਉਹ ਆਪਣੀ ਸੀਟ ਹਾਸਲ ਨਹੀਂ ਕਰ ਸਕੀ। ਇਸ ਤੋਂ ਬਾਅਦ ਨੈਨਸੀ ਐਸਟਰ ਦਸੰਬਰ 1919 ਵਿਚ ਪੌਲੀਮਾਊਥ ਸੁਟਨ ਹਲਕੇ ਤੋਂ ਕੰਜ਼ਰਵੇਟਿਵ ਪਾਰਟੀ ਵੱਲੋਂ ਚੁਣੀ ਗਈ, ਜਿਸ ਨੂੰ ਅਧਿਕਾਰਤ ਤੌਰ ‘ਤੇ ਪਹਿਲੀ ਬਰਤਾਨਵੀ ਸੰਸਦ ਔਰਤ ਐਮ.ਪੀ. ਵਜੋਂ ਜਾਣਿਆਂ ਜਾਂਦਾ ਹੈ। ਜਦਕਿ 1918 ਤੋਂ 2015 ਤੱਕ ਕੁਲ 450 ਔਰਤਾਂ ਸੰਸਦ ਮੈਂਬਰ ਬਣ ਚੁੱਕੀਆਂ ਹਨ ਜਦਕਿ ਮਰਦ ਮੈਂਬਰਾਂ ਦੀ ਗਿਣਤੀ 459 ਹੈ। 2015 ਵਿਚ ਕੁਲ 191 ਮਹਿਲਾ ਸੰਸਦ ਮੈਂਬਰ ਸਨ। ਜ਼ਿਕਰਯੋਗ ਹੈ ਕਿ ਬਰਤਾਨੀਆ ਦੀਆਂ 8 ਜੂਨ ਨੂੰ ਆਮ ਚੋਣਾਂ ਹੋਣ ਜਾ ਰਹੀਆਂ ਹਨ।