ਆਈਪੀਐਲ ਲਈ ਖਿਡਾਰੀਆਂ ਦੀ ਹੋਈ ਨਿਲਾਮੀ

ਆਈਪੀਐਲ ਲਈ ਖਿਡਾਰੀਆਂ ਦੀ ਹੋਈ ਨਿਲਾਮੀ

ਇੰਗਲੈਂਡ ਦਾ ਬੈੱਨ ਸਟੋਕਸ 14.50 ਕਰੋੜ ਵਿਚ ਵਿਕਿਆ 
ਚੇਤੇਸ਼ਵਰ ਪੁਜਾਰਾ ਅਤੇ ਇਸ਼ਾਂਤ ਸ਼ਰਮਾ ਨੂੰ ਕਿਸੇ ਨਾ ਖ਼ਰੀਦਿਆ
ਅਫ਼ਗ਼ਾਨ ਖਿਡਾਰੀਆਂ ਦਾ ਵੀ ਪਿਆ ਚੰਗਾ ਮੁੱਲ
ਬੰਗਲੌਰ/ਬਿਊਰੋ ਨਿਊਜ਼ :
ਇੰਗਲੈਂਡ ਦੇ ਹਰਫਨਮੌਲਾ ਬੈੱਨ ਸਟੋਕਸ ਨੇ ਆਈਪੀਐਲ ਦੇ 10ਵੇਂ ਸੀਜ਼ਨ ਲਈ ਹੋਈ ਖਿਡਾਰੀਆਂ ਦੀ ਨਿਲਾਮੀ ਵਿੱਚ ਮੇਲਾ ਲੁੱਟ ਲਿਆ। ਰਾਈਜ਼ਿੰਗ ਪੁਣੇ ਸੁਪਰਜਾਇੰਟਸ ਨੇ ਇੰਗਲਿਸ਼ ਖਿਡਾਰੀ ਨੂੰ 14.50 ਕਰੋੜ ਵਿੱਚ ਖਰੀਦਿਆ। ਇੰਗਲੈਂਡ ਦੇ ਹੀ ਇਕ ਹੋਰ ਖਿਡਾਰੀ ਤੇਜ਼ ਗੇਂਦਬਾਜ਼ ਟਾਈਮਲ ਮਿਲਸ ਦਾ ਰਾਇਲ ਚੈਲੰਜਰਜ਼ ਬੰਗਲੌਰ ਨੇ 12 ਕਰੋੜ ਮੁੱਲ ਪਾਇਆ। ਅਫ਼ਗ਼ਾਨਿਸਤਾਨ ਦੇ ਨੌਜਵਾਨ ਲੈੱਗ ਸਪਿੰਨਰ ਰਾਸ਼ਿਦ ਖਾਨ ਅਰਮਾਨ ਨੂੰ ਸਨਰਾਈਜ਼ਰਜ ਹੈਦਰਾਬਾਦ ਨੇ ਚਾਰ ਕਰੋੜ ਰੁਪਏ ਦਾ ਮੁੱਲ ਪਾ ਕੇ ਖਰੀਦਿਆ, ਜਦੋਂ ਕਿ ਸਪਿੰਨਰ ਮੁਹੰਮਦ ਨਬੀ ਵੀ ਸਨਰਾਈਜ਼ਰਜ਼ ਦੀ ਝੋਲੀ ਪਿਆ। ਉਸ ਦਾ ਮੁੱਲ 30 ਲੱਖ ਰੁਪਏ ਪਿਆ। ਭਾਰਤ ਦੇ ਉੱਭਰਦੇ ਖਿਡਾਰੀਆਂ ਵਿੱਚੋਂ ਤਾਮਿਲਨਾਡੂ ਦੇ ਤੇਜ਼ ਗੇਂਦਬਾਜ਼ ਨਟਰਾਜਨ ਨੂੰ ਕਿੰਗਜ਼ ਇਲੈਵਨ ਪੰਜਾਬ ਨੇ ਉਸ ਦੀ ਰਾਖਵੀਂ ਕੀਮਤ (ਦਸ ਲੱਖ ਰੁਪਏ) ਤੋਂ ਤੀਹ ਗੁਣਾ ਮੁੱਲ ਭਾਵ ਤਿੰਨ ਕਰੋੜ ਰੁਪਏ ਵਿੱਚ ਖਰੀਦਿਆ। ਦੂਜੇ ਪਾਸੇ ਚੇਤੇਸ਼ਵਰ ਪੁਜਾਰਾ ਅਤੇ ਇਸ਼ਾਂਤ ਸ਼ਰਮਾ ਵਰਗੇ ਸੀਨੀਅਰ ਟੈਸਟ ਖਿਡਾਰੀਆਂ ਨੂੰ ਕੋਈ ਖਰੀਦਦਾਰ ਨਹੀਂ ਜੁੜਿਆ। ਦੋਵਾਂ ਦੀ ਅਧਾਰ ਕੀਮਤ ਕ੍ਰਮਵਾਰ 50 ਲੱਖ ਅਤੇ ਦੋ ਕਰੋੜ ਰੁਪਏ ਸੀ।
ਸਟੋਕਸ ਸਭ ਤੋਂ ਮਹਿੰਗਾ ਖਿਡਾਰੀ ਰਿਹਾ, ਜਦੋਂ ਕਿ ਮਿਲਸ ਵੀ ਉਸ ਦੇ ਕਰੀਬ ਪਹੁੰਚ ਗਿਆ। ਦੋਵੇਂ ਖਿਡਾਰੀ ਨਿਲਾਮੀ ਦੌਰਾਨ ਮਿਲੀਅਨ ਡਾਲਰ ਕ੍ਰਿਕਟਰ ਬਣ ਗਏ। ਇੰਗਲੈਂਡ ਦੇ ਕ੍ਰਿਸ ਵੋਕਸ ਲਈ ਕੋਲਕਾਤਾ ਨਾਈਟਰਾਈਡਰਜ਼ ਨੇ 4.20 ਕਰੋੜ ਦੀ ਬੋਲੀ ਲਾਈ। ਪੁਣੇ ਟੀਮ ਦੇ ਮਾਲਕ ਸੰਜੀਵ ਗੋਇਨਕਾ ਨੇ ਦੱਸਿਆ ਕਿ ਸਟੋਕਸ 14 ਮੈਚਾਂ ਲਈ ਹੀ ਉਪਲੱਬਧ ਹੋਵੇਗਾ। ਟੀਮ ਨੇ 13 ਕਰੋੜ ਰੁਪਏ ਨਾਲ ਸ਼ੁਰੂਆਤ ਕੀਤੀ ਅਤੇ ਮੁੰਬਈ ਇੰਡੀਅਨਜ਼, ਦਿੱਲੀ ਡੇਅਰ ਡੈਵਿਲਜ਼, ਰੌਇਲ ਚੈਲੰਜਰਜ਼ ਬੰਗਲੌਰ ਅਤੇ ਸਨਰਾਈਜ਼ਰਜ਼ ਹੈਦਰਾਬਾਦ ਨੂੰ ਪਛਾਣ ਕੇ ਸਟੋਕਸ ਨੂੰ ਆਪਣੀ ਟੀਮ ਨਾਲ ਜੋੜਿਆ। ਇੰਗਲੈਂਡ ਦੀ ਸੀਮਤ ਓਵਰਾਂ ਦੇ ਕਪਤਾਨ ਇਓਨ ਮੋਰਗਨ ਨੂੰ ਕਿੰਗਜ਼ ਇਲੈਵਨ ਪੰਜਾਬ ਨੇ ਉਸ ਦੀ ਆਧਾਰ ਕੀਮਤ ਦੋ ਕਰੋੜ ਰੁਪਏ ਵਿੱਚ ਖਰੀਦਿਆ। ਹਰਫਨਮੌਲਾ ਸਟੋਕਸ ਨੂੰ ਖਰੀਦਣ ਲਈ ਪੰਚ ਫਰੈਂਚਾਇਜ਼ੀਆਂ ਨੇ ਬੋਲੀਆਂ ਲਾਈਆਂ। ਸਟੋਕਸ ਨੇ ਹਾਲੇ ਤਕ ਫਰੈਂਚਾਇਜ਼ੀ ਕ੍ਰਿਕਟ ਨਹੀਂ ਖੇਡੀ। ਉਸ ਦਾ 77 ਟੀ-20 ਮੈਚਾਂ ਵਿੱਚ 134 ਤੋਂ ਵੱਧ ਦਾ ਸਟਰਾਈਕ ਔਸਤ ਹੈ, ਜਦੋਂ ਕਿ ਗੇਂਦਬਾਜ਼ੀ ਇਕੌਨਮੀ ਦਰ 8.60 ਹੈ। ਹੋਰਨਾਂ ਕੌਮਾਂਤਰੀ ਖਿਡਾਰੀਆਂ ਵਿੱਚ ਨਿਊਜ਼ੀਲੈਂਡ ਦੇ ਹਰਫਨਮੌਲਾ ਕੋਰੀ ਐਂਡਰਸਨ ਅਤੇ ਸ੍ਰੀਲੰਕਾ ਦੇ ਕਪਤਾਨ ਐਂਜਲੋ ਮੈਥਿਊਜ਼ ਨੂੰ ਦਿੱਲੀ ਡੇਅਰ ਡੈਵਿਲਜ਼ ਨੇ ਉਨ੍ਹਾਂ ਦੇ ਅਧਾਰ ਮੁੱਲ ਕ੍ਰਮਵਾਰ ਇਕ ਕਰੋੜ ਅਤੇ ਦੋ ਕਰੋੜ ਵਿੱਚ ਖਰੀਦਿਆ। ਦਿੱਲੀ ਡੇਅਰ ਡੈਵਿਲਜ਼ ਨੇ ਦੱਖਣ ਅਫਰੀਕਾ ਦੇ ਤੇਜ਼ ਗੇਂਦਬਾਜ਼ ਕਾਗਿਸੋ ਰਬਾਡਾ ਨੂੰ ਪੰਜ ਕਰੋੜ ਜਦੋਂਕਿ ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਟਰੈਂਟ ਬੋਲਟ ਲਈ ਕੇਕੇਆਰ ਨੇ ਪੰਜ ਕਰੋੜ ਰੁਪਏ ਖਰਚੇ।