ਧੋਨੀ ਕੋਲੋਂ ਰਾਈਜ਼ਿੰਗ ਪੁਣੇ ਦੀ ਕਪਤਾਨੀ ਖੁੱਸੀ

ਧੋਨੀ ਕੋਲੋਂ ਰਾਈਜ਼ਿੰਗ ਪੁਣੇ ਦੀ ਕਪਤਾਨੀ ਖੁੱਸੀ

ਕੋਲਕਾਤਾ/ਬਿਊਰੋ ਨਿਊਜ਼ :
ਮਹਿੰਦਰ ਸਿੰਘ ਧੋਨੀ ਨੂੰ ਆਈਪੀਐਲ ਫਰੈਂਚਾਇਜ਼ੀ ਰਾਈਜ਼ਿੰਗ ਪੁਣੇ ਸੁਪਰਜਾਇੰਟਸ ਦੇ ਕਪਤਾਨ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਅਤੇ ਉਸ ਦੀ ਥਾਂ ‘ਤੇ ਆਸਟਰੇਲਿਆਈ ਟੀਮ ਦੇ ਕਪਤਾਨ 27 ਸਾਲਾ ਸਟੀਵ ਸਮਿੱਥ ਨੂੰ ਟੀਮ ਦੀ ਕਪਤਾਨੀ ਸੌਂਪੀ ਗਈ ਹੈ। ਇਸ ਤਰ੍ਹਾਂ ਧੋਨੀ ਦੀ ਕੌਮਾਂਤਰੀ ਤੇ ਫਰੈਂਚਾਇਜ਼ੀ ਕ੍ਰਿਕਟ ਦੋਵਾਂ ਤੋਂ ਕਪਤਾਨੀ ਵਜੋਂ ਪਾਰੀ ਸਮਾਪਤ ਹੋ ਗਈ ਹੈ।
ਧੋਨੀ ਨੇ ਇਸ ਸਾਲ ਦੇ ਸ਼ੁਰੂ ਵਿੱਚ ਭਾਰਤ ਦੀ ਸੀਮਿਤ ਓਵਰਾਂ ਦੀ ਟੀਮ ਦੀ ਕਪਤਾਨੀ ਛੱਡ ਦਿੱਤੀ ਸੀ ਪਰ ਉਹ ਟੀਮ ਵਿੱਚ ਅਜੇ ਕਾਇਮ ਹੈ। ਇਸੇ ਤਰ੍ਹਾਂ ਉਹ ਪੁਣੇ ਫਰੈਂਚਾਇਜ਼ੀ ਵੱਲੋਂ ਇਕ ਖਿਡਾਰੀ ਦੇ ਰੂਪ ਵਿੱਚ ਖੇਡਦਾ ਰਹੇਗਾ। ਰਾਈਜ਼ਿੰਗ ਪੁਣੇ ਦੇ ਮਾਲਕ ਸੰਜੀਵ ਗੋਇੰਕਾ ਨੇ ਕਿਹਾ ਕਿ ਧੋਨੀ ਨੇ ਅਸਤੀਫਾ ਨਹੀਂ ਦਿੱਤਾ ਬਲਕਿ ਉਨ੍ਹਾਂ ਨੇ ਆਗਾਮੀ ਸੈਸ਼ਨ ਲਈ ਸਟੀਵ ਸਮਿੱਥ ਨੂੰ ਕਪਤਾਨ ਨਿਯੁਕਤ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸਲ ਵਿੱਚ ਪਿਛਲਾ ਸੈਸ਼ਨ ਉਨ੍ਹਾਂ ਲਈ ਚੰਗਾ ਨਹੀਂ ਰਿਹਾ, ਇਸ ਵਾਸਤੇ ਉਹ ਚਾਹੁੰਦੇ ਸਨ ਕਿ ਕੋਈ ਨੌਜਵਾਨ ਖਿਡਾਰੀ ਟੀਮ ਦੀ ਅਗਵਾਈ ਕਰੇ ਅਤੇ ਉਨ੍ਹਾਂ ਨੇ ਆਗਾਮੀ ਸੈਸ਼ਨ ਤੋਂ ਪਹਿਲਾਂ ਟੀਮ ਵਿੱਚ ਬਦਲਾਅ ਕਰ ਦਿੱਤੇ। ਇਹ ਪਹਿਲਾ ਮੌਕਾ ਹੈ ਜਦੋਂ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਭਾਰਤੀ ਟੀਮ ਦੀ ਕਪਤਾਨੀ ਛੱਡਣ ਵਾਲੇ ਧੋਨੀ ਨੂੰ ਉਸ ਦੇ ਅਹੁਦੇ ਤੋਂ ਹਟਾਇਆ ਗਿਆ ਹੈ।
ਗੋਇੰਕਾ ਨੇ ਕਿਹਾ ਕਿ ਉਹ ਇਕ ਕਪਤਾਨ ਤੇ ਇਨਸਾਨ ਦੇ ਰੂਪ ਵਿੱਚ ਧੋਨੀ ਦਾ ਪੂਰਾ ਸਨਮਾਨ ਕਰਦੇ ਹਨ। ਧੋਨੀ ਉਨ੍ਹਾਂ ਦੀ ਟੀਮ ਦਾ ਹਿੱਸਾ ਬਣਿਆ ਰਹੇਗਾ। ਫਰੈਂਚਾਇਜ਼ੀ ਦੇ ਹਿੱਤ ਵਿੱਚ ਲਏ ਗਏ ਇਸ ਫੈਸਲੇ ਦਾ ਉਨ੍ਹਾਂ ਸਮਰਥਨ ਕੀਤਾ ਹੈ। ਜ਼ਿਕਰਯੋਗ ਹੈ ਧੋਨੀ 2008 ਵਿੱਚ ਸ਼ੁਰੂ ਹੋਏ ਇਸ ਟੂਰਨਾਮੈਂਟ ਦੇ ਸਭ ਤੋਂ ਮਹਿੰਗੇ ਖਿਡਾਰੀਆਂ ਵਿਚੋਂ ਇਕ ਹੈ ਅਤੇ ਉਹ ਸਭ ਤੋਂ ਸਫ਼ਲ ਵੀ ਰਿਹਾ ਹੈ। ਉਹ 2008 ਤੋਂ 2015 ਤੱਕ ਚੇਨੱਈ ਸੁਪਰਕਿੰਗਜ਼ ਟੀਮ ਦਾ ਕਪਤਾਨ ਵੀ ਰਿਹਾ ਅਤੇ ਉਸ ਨੇ ਟੀਮ ਨੂੰ 2010 ਤੇ 2011 ਵਿੱਚ ਚੈਂਪੀਅਨਜ਼ ਲੀਗ ਟੀ-20 ਟੂਰਨਾਮੈਂਟ ਦਾ ਖ਼ਿਤਾਬ ਵੀ ਦਿਵਾਇਆ।