ਭਾਰਤ ਤੇ ਚੀਨ ਆਪਸੀ ਦੋਸਤੀ ਵਧਾਉਣ ਬਾਰੇ ਸਹਿਮਤ

ਭਾਰਤ ਤੇ ਚੀਨ ਆਪਸੀ ਦੋਸਤੀ ਵਧਾਉਣ ਬਾਰੇ ਸਹਿਮਤ

ਕੈਪਸ਼ਨ : ਬਰਿੱਕਸ ਸੰਮੇਲਨ ਦੌਰਾਨ ਹੱਥ ਮਿਲਾਉਂਦੇ ਹੋਏ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ।

ਸ਼ਿਆਮਨ/ਬਿਊਰੋ ਨਿਊਜ਼:
ਡੋਕਲਾਮ ਸਰਹੱਦੀ ਵਿਵਾਦ ਨੂੰ ਪਿੱਛੇ ਛੱਡਦਿਆਂ ਭਾਰਤ ਅਤੇ ਚੀਨ ਨੇ ਅੱਜ ਆਪਸੀ ਸਬੰਧਾਂ ਨੂੰ ਅੱਗੇ ਵਧਾਉਣ ਲਈ  ਅਪਸੀ ਸਹਿਮਤੀ ਦਾ ਪ੍ਰਗਟਾਵਾ ਕਰਦਿਆਂ ਖਿੱਤੇ ਵਿੱਚ ਸਥਿਰਤਾ, ਸਹਿਯੋਗ ਅਤੇ ਸਰਹੱਦ ਉੱਤੇ ਸ਼ਾਂਤੀ ਬਣਾਈ ਰੱਖਣ ਉੱਤੇ ਜ਼ੋਰ ਦਿੱਤਾ। ਇਹ ਸਹਿਮਤੀ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਕਾਰ ਮੀਟਿੰਗ ਦੌਰਾਨ ਉਭਰ ਕੇ ਸਾਹਮਣੇ ਆਈ। ਸ੍ਰੀ ਸ਼ੀ ਨੇ  ਕਿਹਾ ਕਿ ਚੀਨ ਭਾਰਤ ਨਾਲ ਆਪਣੇ ਸਬੰਧਾਂ ਨੂੰ ਲੀਹ ਉੱਤੇ ਲਿਆਉਣ ਦਾ ਚਾਹਵਾਨ ਹੈ।
ਲੰਬਾ ਚੱਲੇ ਡੋਕਲਾਮ ਵਿਵਾਦ ਤੋਂ ਬਾਅਦ ਮੰਗਲਵਾਰ ਨੂੰ ਬਰਿਕਸ ਸੰਮੇਲਨ ਦੌਰਾਨ ਦੋਵਾਂ ਆਗੂਆਂ ਵਿੱਚ ਇੱਕ ਘੰਟਾ ਲੰਬੀ ਗੱਲਬਾਤ ਚੱਲੀ। ਗੱਲਬਾਤ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਭਕਾਰੀ ਦੱਸਿਆ ਹੈ। ਦੋਵਾਂ ਆਗੂਆਂ ਨੇ ਮੀਟਿੰਗ ਦੌਰਾਨ ਅਪਸੀ ਸਬੰਧਾਂ ਨੂੰ ਮਜ਼ਬੂਤ ਬਣਾਉਣ ਲਈ ਵਧੇਰੇ ਯਤਨ ਕਰਨ ਉੱਤੇ ਜ਼ੋਰ ਦੇਣ ਲਈ ਸਹਿਮਤੀ ਪ੍ਰਗਟ ਕਰਨ ਦੇ ਨਾਲ – ਨਾਲ ਦੁਵੱਲੇ ਮਿਲਟਰੀ ਸਹਿਯੋਗ ਉੱਤੇ ਵੀ ਜ਼ੋਰ ਦਿੱਤਾ ਤਾਂ ਜੋ ਭਵਿੱਖ ਵਿੱਚ ਡੋਕਲਾਮ ਵਿਵਾਦ ਵਰਗੀਆਂ ਘਟਨਾਵਾਂ ਬਚਿਆ ਜਾ ਸਕੇ।
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੀ ਦੇ ਨਾਲ ਮੀਟਿੰਗ ਤੋਂ ਬਾਅਦ ਟਵੀਟ ਕਰਕੇ ਦੱਸਿਆ ਕਿ ਉਹ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਮਿਲੇ ਅਤੇ ਭਾਰਤ ਅਤੇ ਚੀਨ ਵਿੱਚ ਦੁਵੱਲੇ ਸਬੰਧਾਂ ਉੱਤੇ ਲਾਭਕਾਰੀ ਗੱਲਬਾਤ ਕੀਤੀ।
ਮੀਟਿੰਗ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦਿਆਂ ਭਾਰਤ ਦੇ ਵਿਦੇਸ਼ ਸਕੱਤਰ ਐੱਸ ਜੈਸ਼ੰਕਰ ਨੇ ਮੀਟਿੰਗ ਨੂੰ ਉਸਾਰੂ ਦੱਸਦਿਆਂ ਕਿਹਾ ਕਿ ਦੋਵਾਂ ਆਗੂਆਂ ਦੀ ਪਹੁੰਚ ਆਪਸੀ ਸਬੰਧਾਂ ਨੂੰ ਅੱਗੇ ਵਧਾਉਣ ਵਾਲੀ ਸੀ। ਦੋਵਾਂ ਆਗੂਆਂ ਨੇ ਸਰਹੱਦ ਉੱਤੇ ਕਿਸੇ ਕਿਸਮ ਦੇ ਵਿਵਾਦ ਤੋਂ ਬਚਣ ਲਈ ਆਪਸੀ ਸਹਿਯੋਗ ਉੱਤੇ ਜ਼ੋਰ ਦਿੱਤਾ। ਦੋਵਾਂ ਆਗੂਆਂ ਨੇ ਸਰਕਾਰੀ ਪੱਧਰ ਉੱਤੇ ਸਾਂਝੇ ਆਰਥਿਕ ਗਰੁੱਪ, ਸਕਿਊਰਟੀ ਗਰੁੱਪ ਅਤੇ ਕੂਟਨੀਤਕ ਗਰੁੱਪ ਕਾਇਮ ਕਰਨ ਬਾਰੇ ਵਿਚਾਰ ਵਿਟਾਂਦਰਾ ਕੀਤਾ। ਦੋਵਾਂ ਆਗੂਆਂ ਨੇ ਦੋਵਾਂ ਦੇਸ਼ਾਂ ਵਿੱਚ ਆਪਸੀ ਵਿਸ਼ਵਾਸ ਵਧਾਉਣ ਲਈ ਵੀ ਕਦਮ ਚੁੱਕਣ ਬਾਰੇ ਗੱਲਬਾਤ ਕੀਤੀ।
ਸ੍ਰੀ ਜੈਸ਼ੰਕਰ ਨੇ ਦੱਸਆ ਕਿ ਦੋਵਾਂ ਆਗੂਆਂ ਨੇ ਹੀ ਮਹਿਸੂਸ ਕੀਤਾ ਹੈ ਕਿ ਡੋਕਲਾਮ ਵਰਗੇ ਵਿਵਾਦਾਂ ਤੋਂ ਭਵਿੱਖ ਵਿੱਚ ਬਚਣ ਲਈ ਫੌਜੀ ਪੱਧਰ ਉੱਤੇ ਮਜ਼ਬੂਤ ਸਹਿਯੋਗ ਅਤੇ ਸੰਚਾਰ ਕਾਇਮ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਦੋ ਗਵਾਂਢੀ ਦੇਸ਼ਾਂ ਜਾਂ ਵੱਡੀਆਂ ਸ਼ਕਤੀਆਂ ਵਿੱਚ ਆਪਸੀ ਮੱਤਭੇਦ ਉਪਜਣੇ ਲਾਜ਼ਮੀ ਹਨ ਅਤੇ ਇਹ ਆਪਸੀ ਸਮਝਦਾਰੀ ਨਾਲ ਇੱਕ ਦੂਜੇ ਦਾ ਸਤਿਕਾਰ ਕਰਦਿਆਂ ਸਾਂਝੇ ਤੌਰ ਉਤੇ ਹੀ ਨਜਿੱਠੇ ਜਾਣੇ ਚਾਹੀਦੇ ਹਨ। ਉਨ੍ਹਾਂ ਦੱਸਿਆ ਕਿ ਦੋਵਾਂ ਦੇਸ਼ਾਂ ਨੇ ਮੱਤਭੇਦਾਂ ਨੂੰ ਵਿਵਾਦ ਬਣਨ ਤੋਂ ਰੋਕਣ ਲਈ ਵੀ ਆਪਸੀ ਸਹਿਯੋਗ ਉੱਤੇ ਜ਼ੋਰ ਦਿੱਤਾ।

ਮਿਆਂਮਾਰ ‘ਚ ਮੋਦੀ ਦਾ ਸਵਾਗਤ
ਨੇ ਪਾਈ ਤਾਵ, (ਮਿਆਂਮਾਰ): ਬਰਿੱਕਸ ਸੰਮੇਲਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿੱਧਾ ਮਿਆਂਮਾਰ ਪੁੱਜੇ। ਉਨ੍ਹਾਂ ਮਿਆਂਮਾਰ ਦੇ ਰਾਸ਼ਟਰਪਤੀ ਹਤਿਨ ਕਾਈਆ ਨਾਲ ਇਤਿਹਾਸਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਵਿਚਾਰ ਵਿਟਾਂਦਰਾ ਕੀਤਾ। ਵਿਦੇਸ਼ ਵਿਭਾਗ ਦੇ ਬੁਲਾਰੇ ਰਵੀਸ਼ ਕੁਮਾਰ ਨੇ ਪ੍ਰਧਾਨ ਮੰਤਰੀ ਦੇ ਨੇ ਪਾਈ ਤਾਵ ਪੁੱਜਣ ਮੌਕੇ ਮਿਆਂਮਾਰ ਦੇ ਰਾਸ਼ਟਰਪਤੀ ਵੱਲੋਂ ਕੀਤੇ ਸਵਾਗਤ ਦੀਆਂ ਤਸਵੀਰਾਂ ਟਵੀਟ ਕੀਤੀਆਂ ਹਨ। ਇਸ ਮੌਕੇ ਦੋਵਾਂ ਆਗੂਆਂ ਨੇ ਗਾਰਡ ਆਫ ਆਨਰ ਦਾ ਵੀ ਮੁਆਇਨਾ ਕੀਤਾ। ਸ੍ਰੀ ਮੋਦੀ ਭਲਕੇ ਮਿਆਂਮਾਰ ਦੀ ਸਟੇਟ ਕੌਂਸਲਰ ਆਂਗ ਸਾਂਗ ਸੂ ਕੀ ਨਾਲ ਵੀ ਵੀਡੀਓ ਕਾਨਫਰੰਸ ਰਾਹੀਂ ਗੱਲਬਾਤ ਕਰਨਗੇ। ਮੋਦੀ ਪਹਿਲੀ ਵਾਰ ਦੁਵੱਲੇ ਦੌਰੇ ਉੱਤੇ ਮਿਆਂਮਾਰ ਗਏ ਹਨ। ਮਿਆਂਮਾਰ ਦੇ ਰਾਸ਼ਟਰਪਤੀ ਪਿਛਲੇ ਸਾਲ ਭਾਰਤ ਦੌਰੇ ਉੱਤੇ ਆਏ ਸਨ ਅਤੇ ਉਨ੍ਹਾਂ ਮੋਦੀ ਮਿਆਂਮਾਰ ਆਉਣ ਦਾ ਸੱਦਾ ਦਿੱਤਾ ਸੀ।

ਅਤਿਵਾਦ ਵਿਰੋਧੀ ਐਲਾਨਨਾਮਾ ਬੇਮਾਅਨਾ-ਪਾਕਿਸਤਾਨ
ਇਸਲਾਮਾਬਾਦ: ਅਤਿਵਾਦੀ ਜਥੇਬੰਦੀਆਂ ਵਿਰੁੱਧ ਕਾਰਵਾਈ ਲਈ ਪੈ ਰਹੇ ਭਾਰੀ ਦਬਾਅ ਦੇ ਚੱਲਦਿਆਂ ਪਾਕਿਸਤਾਨ ਨੇ ਬਰਿੱਕਸ ਐਲਾਨਨਾਮੇ ਨੂੰ ਰੱਦ ਕਰਦਿਆਂ ਕਿਹਾ ਕਿ ਪਾਕਿਸਤਾਨ ਵਿੱਚ ਅਤਿਵਾਦੀਆਂ ਲਈ ਕੋਈ ਸੁਰੱਖਿਅਤ ਥਾਂ ਨਹੀ ਹੈ। ਪਾਕਿਸਤਾਨ ਦੇ ਰੱਖਿਆ ਮੰਤਰੀ ਖ਼ੁਰਮ ਦਸਤਗੀਰ ਨੇ ਕਿਹਾ ਹੈ ਕਿ ਪਾਕਿਸਤਾਨ ਅਤਿਵਾਦੀਆਂ ਦੀ ਪਨਾਹਗਾਹ ਨਹੀ ਹੈ। ਜ਼ਿਕਰਯੋਗ ਹੈ ਕਿ ਕੱਲ੍ਹ ਬਰਿੱਕਸ ਸੰਮੇਲਨ ਵਿੱਚ ਬਰਾਜ਼ੀਲ, ਦੱਖਣੀ ਅਫਰੀਕਾ, ਅਰਜਨਟੀਨਾ, ਭਾਰਤ ਅਤੇ ਚੀਨ ਨੇ ਹਰ ਤਰ੍ਹਾਂ ਦੇ ਅਤਿਵਾਦ ਦੀ ਨਿਖੇਧੀ ਕਰਦਿਆਂ ਪਾਕਿਸਤਾਨ ਵਿਚਲੀਆਂ ਅਤਿਵਾਦੀ ਜਥੇਬੰਦੀਆਂ ਲਸ਼ਕਰ ਏ ਤੌਇਬਾ, ਹਕਾਨੀ ਗਰੁੱਪ, ਤਹਿਰੀਕ ਏ ਤਾਲਿਬਾਨ ਬਾਰੇ ਚਿੰਤਾ ਪ੍ਰਗਟਾਈ ਸੀ।