ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਸਮਰਪਿਤ ਗੈਲਰੀ ਦਾ ਉਦਘਾਟਨ

ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਸਮਰਪਿਤ ਗੈਲਰੀ ਦਾ ਉਦਘਾਟਨ

ਅੰਮ੍ਰਿਤਸਰ ਵਿੱਚ ਸਾਰਾਗੜ੍ਹੀ ਯਾਦਗਾਰ ਗੈਲਰੀ ਵਿੱਚ ਬ੍ਰਿਟਿਸ਼ ਰਾਇਲ ਆਰਮੀ ਦੇ ਅਧਿਕਾਰੀਆਂ ਤੇ ਭਾਰਤੀ ਥਲ ਸੈਨਾ ਦੇ ਸਾਬਕਾ ਮੁਖੀ ਜੇ.ਜੇ. ਸਿੰਘ ਨਾਲ ਸ਼੍ਰੋਮਣੀ ਕਮੇਟੀ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ।  

ਅੰਮ੍ਰਿਤਸਰ/ਬਿਊਰੋ ਨਿਊਜ਼ :
ਸ਼੍ਰੋਮਣੀ ਕਮੇਟੀ ਨੇ ਨੌਜਵਾਨ ਪੀੜ੍ਹੀ ਨੂੰ ਸਿੱਖ ਧਰਮ ਤੇ ਵਿਰਸੇ ਨਾਲ ਜੋੜਨ ਲਈ ਸਿੱਖ ਫੌਜੀ ਜਰਨੈਲਾਂ ਸਬੰਧੀ ਸ਼ਹੀਦੀ ਦਿਹਾੜੇ ਮਨਾਉਣ ਦਾ ਐਲਾਨ ਕੀਤਾ ਹੈ। ਇਹ ਐਲਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਇੱਥੇ ਸਾਰਾਗੜੀ ਨਿਵਾਸ ਵਿੱਚ ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਸਮਰਪਿਤ ਗੈਲਰੀ ਦਾ ਉਦਘਾਟਨ ਕਰਦਿਆਂ ਕੀਤਾ। ਇਸ ਮੌਕੇ ਸਾਰਾਗੜੀ ਦੇ ਸ਼ਹੀਦਾਂ ਦੇ ਪਰਿਵਾਰਾਂ ਅਤੇ ਇੰਗਲੈਂਡ ਰਾਇਲ ਆਰਮੀ ਦੇ ਅਧਿਕਾਰੀਆਂ ਦਾ ਸਨਮਾਨ ਕੀਤਾ ਗਿਆ।
12 ਸਤੰਬਰ 1897 ਵਿੱਚ ਹੋਈ ਸਾਰਾਗੜੀ ਜੰਗ ਦੇ 120 ਸਾਲਾ ਯਾਦਗਾਰੀ ਸਮਾਗਮ ਦੇ ਸਬੰਧ ਵਿੱਚ ਇੱਥੇ ਸ਼੍ਰੋਮਣੀ ਕਮੇਟੀ ਵੱਲੋਂ ਉਸਾਰੇ ਸਾਰਾਗੜੀ ਨਿਵਾਸ ਵਿੱਚ ਬਣਾਈ ਗੈਲਰੀ ਵਿੱਚ 21 ਸਿੱਖ ਸ਼ਹੀਦਾਂ ਦੀਆਂ ਤਸਵੀਰਾਂ ਸਥਾਪਤ ਕੀਤੀਆਂ ਹਨ ਅਤੇ ਸਾਰਾਗੜੀ ਚੌਕੀ ਦਾ ਮਾਡਲ ਰੱਖਿਆ ਗਿਆ ਹੈ। ਸ਼ਹੀਦਾਂ ਦੀਆਂ ਇਹ ਤਸਵੀਰਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਹੁਲੀਏ ਦੇ ਆਧਾਰ ‘ਤੇ ਤਿਆਰ ਕੀਤੀਆਂ ਹਨ ਕਿਉਂਕਿ ਇਨ੍ਹਾਂ ਦੀਆਂ ਤਸਵੀਰਾਂ ਉਪਲਬਧ ਨਹੀਂ ਸਨ। ਇਹ ਤਸਵੀਰਾਂ ਤਰੁਣਬੀਰ ਸਿੰਘ ਬੈਨੀਪਾਲ ਤੇ ਜਗਦੀਪ ਸਿੰਘ ਨੇ ਤਿਆਰ ਕੀਤੀਆਂ ਹਨ, ਜਿਨ੍ਹਾਂ ਦਾ ਸ਼੍ਰੋਮਣੀ ਕਮੇਟੀ ਨੇ ਸਨਮਾਨ ਕੀਤਾ।
ਇਸ ਮੌਕੇ ਪ੍ਰੋ. ਬਡੂੰਗਰ ਨੇ ਆਖਿਆ ਕਿ 12 ਸਤੰਬਰ ਨੂੰ ਸਾਰਾਗੜ੍ਹੀ ਜੰਗ ਦੀ ਯਾਦ ਵਿੱਚ ਫ਼ਿਰੋਜ਼ਪੁਰ ਦੇ ਗੁਰਦੁਆਰਾ ਜਾਮਨੀ ਸਾਹਿਬ ਬਜੀਦ ਖੁਰਦ ਵਿੱਚ ਵਿਸ਼ੇਸ਼ ਸਮਾਗਮ ਕੀਤਾ ਜਾਵੇਗਾ, ਜਿਸ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ। ਇਸ ਮੌਕੇ ਸਾਬਕਾ ਥਲ ਸੈਨਾ ਮੁਖੀ ਜਨਰਲ ਜੇ.ਜੇ ਸਿੰਘ, ਬਰਤਾਨੀਆ ਰਾਇਲ ਆਰਮੀ ਦੇ ਅਧਿਕਾਰੀ ਡੁਨਕੈਨ ਕੈਂਪਸ, ਸਾਰਾਗੜ੍ਹੀ ਫਾਉਂਡੇਸ਼ਨ ਦੇ ਚੇਅਰਮੈਨ ਗੁਰਿੰਦਰਪਾਲ ਸਿੰਘ ਜੋਸਨ ਤੇ ਹੋਰਾਂ ਨੇ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਸਾਰਾਗੜ੍ਹੀ ਫਾਉਂਡੇਸ਼ਨ ਦੇ ਚੇਅਰਮੈਨ ਗੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਹੁਣ ਤੱਕ 21 ਸਿੱਖ ਸ਼ਹੀਦਾਂ ਵਿੱਚੋਂ 19 ਸ਼ਹੀਦਾਂ ਦੇ ਪਰਿਵਾਰਾਂ ਬਾਰੇ ਪਤਾ ਲੱਗ ਚੁੱਕਾ ਹੈ ਅਤੇ ਦੋ ਪਰਿਵਾਰ ਪਾਕਿਸਤਾਨ ਵਿੱਚ ਹਨ, ਜਿਨ੍ਹਾਂ ਦਾ ਪਤਾ ਲਾਉਣ ਲਈ ਯਤਨ ਜਾਰੀ ਹੈ। ਉਨ੍ਹਾਂ ਦੱਸਿਆ ਕਿ ਸਾਰਾਗੜ੍ਹੀ ਜੰਗ ਨੂੰ ਉਭਾਰਨ ਸਬੰਧੀ ਇਹ ਮਿਸ਼ਨ ਉਨ੍ਹਾਂ 1995 ਵਿੱਚ ਸ਼ੁਰੂ ਕੀਤਾ ਸੀ। ਇਸ ਮੌਕੇ ਇਕ ਕਿਤਾਬ ਵੀ ਜਾਰੀ ਕੀਤੀ ਗਈ।
ਸ਼ਹੀਦ ਸਿੱਖ ਫੌਜੀਆਂ ਈਸ਼ਰ ਸਿੰਘ, ਚੰਦਾ ਸਿੰਘ, ਬਖਤੌਰ ਸਿੰਘ, ਲਾਲ ਸਿੰਘ, ਗੁਰਮੁਖ ਸਿੰਘ, ਨੰਦ ਸਿੰਘ ਅਤੇ ਹੀਰਾ ਸਿੰਘ ਦੇ ਪਰਿਵਾਰਾਂ ਦੇ ਜੀਅ ਇੱਥੇ ਹਾਜ਼ਰ ਸਨ।