ਹਵਾਈ ਫ਼ੌਜ ਦੇ ਇਕਲੌਤੇ ਮਾਰਸ਼ਲ ਅਰਜਨ ਸਿੰਘ ਨੇ ਲਈ ਦੁਨੀਆ ਤੋਂ ਆਖ਼ਰੀ ਸਲਾਮੀ

ਹਵਾਈ ਫ਼ੌਜ ਦੇ ਇਕਲੌਤੇ ਮਾਰਸ਼ਲ ਅਰਜਨ ਸਿੰਘ ਨੇ ਲਈ ਦੁਨੀਆ ਤੋਂ ਆਖ਼ਰੀ ਸਲਾਮੀ

ਜੰਗੀ ਨਾਇਕ ਨੂੰ ਫ਼ੌਜੀ ਸਨਮਾਨਾਂ ਨਾਲ ਦਿੱਤੀ ਅੰਤਿਮ ਵਿਦਾਇਗੀ
ਨਵੀਂ ਦਿੱਲੀ/ਬਿਊਰੋ ਨਿਊਜ਼ :
ਜੰਗੀ ਨਾਇਕ ਮਾਰਸ਼ਲ ਅਰਜਨ ਸਿੰਘ, ਜਿਨ੍ਹਾਂ ਨੇ 1965 ਭਾਰਤ-ਪਾਕਿਸਤਾਨ ਜੰਗ ਦੌਰਾਨ ਭਾਰਤੀ ਹਵਾਈ ਫ਼ੌਜ ਦੀ ਅਗਵਾਈ ਕੀਤੀ ਸੀ, ਇਸ ਦੁਨੀਆ ਤੋਂ ਹਮੇਸ਼ਾ ਲਈ ਰੁਖ਼ਸਤ ਹੋ ਗਏ ਹਨ। 98 ਸਾਲਾ ਮਾਰਸ਼ਲ ਅਰਜਨ ਸਿੰਘ ਭਾਰਤੀ ਹਵਾਈ ਫ਼ੌਜ ਦੇ ਇਕਲੌਤੇ ਅਫ਼ਸਰ ਸਨ, ਜਿਨ੍ਹਾਂ ਨੂੰ 5-ਸਟਾਰ ਰੈਂਕ ਤਕ ਤਰੱਕੀ ਮਿਲੀ ਸੀ। ਇਹ ਥਲ ਸੈਨਾ ਦੇ ਫੀਲਡ ਮਾਰਸ਼ਲ ਦੇ ਬਰਾਬਰ ਹੈ। ਦਿਲ ਦਾ ਦੌਰਾ ਪੈਣ ਬਾਅਦ ਉਨ੍ਹਾਂ ਨੂੰ ਫ਼ੌਜ ਦੇ ਰੀਸਰਚ ਐਂਡ ਰੈਫਰਲ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਸੀ, ਜਿੱਥੇ ਉਨ੍ਹਾਂ ਦਾ ਦੇਹਾਂਤ ਹੋ ਗਿਆ। ਮਾਰਸ਼ਲ ਅਰਜਨ ਸਿੰਘ ਨੂੰ ਫ਼ੌਜੀ ਸਨਮਾਨਾਂ ਤੇ ਹੰਝੂ ਭਰੀਆਂ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਮਰਹੂਮ ਮਾਰਸ਼ਲ ਨੂੰ ਲੜਾਕੂ ਜੈੱਟਜ਼ ਨਾਲ ‘ਫਲਾਈ ਪਾਸਟ’ ਤੇ 17 ਤੋਪਾਂ ਨਾਲ ਆਖ਼ਰੀ ਸਲਾਮ ਕੀਤਾ ਗਿਆ। ਦਿੱਲੀ ਛਾਉਣੀ ਇਲਾਕੇ ਦੇ ਬਰਾੜ ਸਕੁਏਅਰ ਸਥਿਤ ਸ਼ਮਸ਼ਾਨਘਾਟ ਵਿੱਚ ਕੀਤੇ ਅੰਤਿਮ ਸੰਸਕਾਰ ਮੌਕੇ ਸੀਨੀਅਰ ਸਿਆਸੀ ਆਗੂਆਂ ਤੋਂ ਇਲਾਵਾ ਭਾਰਤੀ ਫ਼ੌਜ ਦੇ ਸਿਖਰਲੇ ਅਧਿਕਾਰੀ ਮੌਜੂਦ ਸਨ। ਅਰਜਨ ਸਿੰਘ ਦੀ ਚਿਖਾ ਨੂੰ ਅੱਗ ਉਨ੍ਹਾਂ ਦੇ ਪੁੱਤ ਅਰਵਿੰਦ ਸਿੰਘ, ਜੋ ਐਰੀਜ਼ੋਨਾ (ਅਮਰੀਕਾ) ਰਹਿੰਦੇ ਹਨ, ਨੇ ਵਿਖਾਈ।
ਇਸ ਤੋਂ ਪਹਿਲਾਂ 98 ਸਾਲਾਂ ਦੇ ਅਰਜਨ ਸਿੰਘ ਦੇ ਸਸਕਾਰ ਮੌਕੇ ਗੁਰਬਾਣੀ ਦਾ ਪਾਠ ਕੀਤਾ ਗਿਆ। ਭਾਰਤੀ ਹਵਾਈ ਫ਼ੌਜ ਦੇ ਸੁਖੋਈ ਐਸਯੂ-30 ਐਮਕੇਆਈ ਲੜਾਕੂ ਜਹਾਜ਼ਾਂ ਨੇ 1965 ਦੀ ਭਾਰਤ ਪਾਕਿ ਜੰਗ ਦੇ ਹੀਰੋ ਨੂੰ ਸਰਧਾਂਜਲੀ ਵਜੋਂ ਫਲਾਈ ਪਾਸਟ ਦਿੱਤੀ। ਭਾਰਤੀ ਹਵਾਈ ਫ਼ੌਜ ਦੇ ਹੈਲੀਕਾਪਟਰਾਂ ਐਮਆਈ-17 ਵੀ5 ਨੇ ਵੀ ਇਸ ਪਾਸਟ ਵਿੱਚ ਹਿੱਸਾ ਲਿਆ। ਅਰਜਨ ਸਿੰਘ ਦੇ ਦੇਹਾਂਤ ਉੱਤੇ ਸ਼ੋਕ ਵਜੋਂ ਰਾਜਧਾਨੀ ਦਿੱਲੀ ਦੀਆਂ ਸਾਰੀਆਂ ਸਰਕਾਰੀ ਇਮਾਰਤਾਂ ‘ਤੇ ਲੱਗੇ ਤਿਰੰਗੇ ਝੰਡੇ ਅੱਧੇ ਲਹਿਰਾਏ ਗਏ। ਇਸ ਤੋਂ ਪਹਿਲਾਂ ਉਨ੍ਹਾਂ ਦੀ ਰਿਹਾਇਸ਼ 7 ਕੌਟਿੱਲਿਆ ਮਾਰਗ ਕੇਂਦਰੀ ਦਿੱਲੀ ਤੋਂ ਅਰਜਨ ਸਿੰਘ ਦੀ ਮ੍ਰਿਤਕ ਦੇਹ ਨੂੰ ਤਿਰੰਗੇ ਵਿੱਚ ਲਪੇਟ ਕੇ ਇੱਕ ਤੋਪ ਵਾਲੀ ਗੱਡੀ ਰਾਹੀਂ ਬਰਾੜ ਸਕੁਏਅਰ ਲਿਆਂਦਾ ਗਿਆ। ਇਸ ਮੌਕੇ ਮੁਲਕ ਦੀ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਤੇ ਫ਼ੌਜ ਦੇ ਤਿੰਨਾਂ ਅੰਗਾਂ ਦੇ ਮੁਖੀ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ, ਹਰਵਿੰਦਰ ਸਿੰਘ ਫੂਲਕਾ, ਵਿਧਾਇਕ ਜਰਨੈਲ ਸਿੰਘ ਤੇ ਸੁਰਿੰਦਰ ਸਿੰਘ ਕਮਾਂਡੋ, ਮਨਜੀਤ ਸਿੰਘ ਜੀ.ਕੇ. ਤੇ ਮਨਜਿੰਦਰ ਸਿੰਘ ਸਿਰਸਾ, ਕੇਂਦਰੀ ਰਾਜ ਮੰਤਰੀ ਹਰਦੀਪ ਸਿੰਘ ਪੁਰੀ, ਅਦਾਕਾਰਾ ਮੰਦਿਰਾ ਬੇਦੀ ਤੇ ਹੋਰ ਅਧਿਕਾਰੀ, ਸਿਆਸੀ ਆਗੂ, ਰਿਸ਼ਤੇਦਾਰ ਅਤੇ ਦੋਸਤ ਮਿੱਤਰ ਹਾਜ਼ਰ ਸਨ।
ਜ਼ਿਕਰਯੋਗ ਹੈ ਕਿ ਮੁਲਕ ਦੇ ਫ਼ੌਜੀ ਇਤਿਹਾਸ ਦੇ ਧਰੂ-ਤਾਰੇ ਅਰਜਨ ਸਿੰਘ ਨੇ 1965 ਦੀ ਹਿੰਦ-ਪਾਕਿ ਜੰਗ ਸਮੇਂ ਤਜਰਬੇ ਵਿਹੂਣੀ ਭਾਰਤੀ ਹਵਾਈ ਫ਼ੌਜ ਦੀ ਅਗਵਾਈ ਕੀਤੀ ਸੀ ਅਤੇ ਉਹ ਮਹਿਜ਼ 44 ਸਾਲਾਂ ਦੇ ਸਨ। ਪਾਕਿਸਤਾਨ ਨੇ ਜੰਮੂ ਕਸ਼ਮੀਰ ਦੇ ਬੇਹੱਦ ਅਹਿਮ ਸ਼ਹਿਰ ਅਖ਼ਨੂਰ ਉਤੇ ਅਪਰੇਸ਼ਨ ਗਰੈਂਡ ਸਲੈਮ ਤਹਿਤ ਧਾਵਾ ਬੋਲਿਆ ਤਾਂ ਉਨ੍ਹਾਂ ਨੇ ਹੌਸਲੇ, ਦਲੇਰੀ, ਦ੍ਰਿੜ੍ਹਤਾ ਅਤੇ ਪੇਸ਼ੇਵਰ ਹੁਨਰ ਦਾ ਮੁਜ਼ਾਹਰਾ ਕੀਤਾ। ਲੜਾਕੂ ਪਾਇਲਟ ਅਰਜਨ ਸਿੰਘ ਨੂੰ 1965 ਵਿੱਚ ਦੂਜੇ ਸਭ ਤੋਂ ਵੱਡੇ ਨਾਗਰਿਕ ਸਨਮਾਨ ‘ਪਦਮ ਵਿਭੂਸ਼ਨ’ ਪੁਰਸਕਾਰ ਨਾਲ ਸਨਮਾਨਿਆ ਗਿਆ। ਉਹ ਪਹਿਲੀ ਅਗਸਤ, 1964 ਤੋਂ 15 ਜੁਲਾਈ, 1969 ਤਕ ਭਾਰਤੀ ਹਵਾਈ ਫ਼ੌਜ ਦੇ ਮੁਖੀ ਰਹੇ। ਦੱਸਣਯੋਗ ਹੈ ਕਿ ਫੀਲਡ ਮਾਰਸ਼ਲ ਸੈਮ ਮਾਨਕਸ਼ਾਅ ਅਤੇ ਫ਼ੌਜ ਦੇ ਕੇ ਐਮ ਕੈਰੀਅੱਪਾ ਦੋ ਹੋਰ ਅਫ਼ਸਰ ਸਨ, ਜੋ 5-ਸਟਾਰ ਰੈਂਕ ਤਕ ਪਹੁੰਚੇ।
ਭਾਰਤ ਨੇ ਫੌਜ ਦਾ ਮਹਾਨ ਨਾਇਕ ਗੁਆ ਦਿੱਤਾ ਹੈ। ਭਾਰਤੀ ਹਵਾਈ ਸੈਨਾ ਦੇ ਇੱਕਲੌਤੇ ਪੰਜ ਤਾਰਾ ਜਨਰਲ ਭਾਰਤੀ ਹਵਾਈ ਸੈਨਾ ਦੇ ਡੀਐਫਸੀ ਮਾਰਸ਼ਲ ਅਰਜਨ ਸਿੰਘ ਇੱਕ ਫੌਜੀ ਤੇ ਕੂਟਨੀਤਕ ਹੋਣ ਦੇ ਨਾਲ ਨਾਲ ਭੱਦਰਪੁਰਸ਼ ਵੀ ਸਨ। ਉਹ ਜੰਗ ਤੇ ਅਮਨ ਦੋਵਾਂ ਸਮਿਆਂ ਵਿਚ ਨਾਇਕ ਵਾਂਗ ਹੀ ਵਿਚਰੇ ਤੇ ਉਨ੍ਹਾਂ ਸਮਾਜ ਸੇਵਾ ਲਈ ਵੀ ਮਿਸਾਲੀ ਕੰਮ ਕੀਤੇ। ਲੜਾਕੂ ਜਹਾਜ਼ ਦੇ ਫੁਰਤੀਲੇ ਪਾਇਲਟ ਅਰਜਨ ਸਿੰਘ ਨੂੰ ਆਮ ਫੌਜੀਆਂ ਦੇ ਜਨਰਲ ਵਜੋਂ ਜਾਣਿਆ ਜਾਂਦਾ ਸੀ ਤੇ ਉਹ ਇੱਕ ਕਾਮਯਾਬ ਕੂਟਨੀਤਕ ਵੀ ਸਨ। ਉਹ ਆਪਣੇ ਮਜ਼ਬੂਤ ਜੁੱਸੇ ਤੇ ਤਿੱਖੀ ਨਜ਼ਰ ਕਾਰਨ ਸਖ਼ਤ ਸ਼ਖ਼ਸੀਅਤ ਦੇ ਮਾਲਕ ਦਿਖਾਈ ਦਿੰਦੇ ਸਨ, ਪਰ ਜਦ ਉਹ ਗੱਲਬਾਤ ਕਰਦੇ ਤਾਂ ਆਮ ਲੋਕਾਂ ਨੂੰ ਬਹੁਤ ਸਹਿਜ ਮਹਿਸੂਸ ਕਰਾਉਂਦੇ ਸਨ। ਉਹ ਦਿਲੋਂ ਬਹੁਤ ਸਾਦੇ ਵਿਅਕਤੀ ਸਨ, ਪਰ ਉਨ੍ਹਾਂ ਦੇ ਕਾਰਨਾਮੇ ਵਿਲੱਖਣ ਸਨ। ਰਿਸਾਲਦਾਰ-ਮੇਜਰ ਭਗਵਾਨ ਸਿੰਘ ਦੇ ਪੋਤੇ ਅਰਜਨ ਸਿੰਘ ਦਾ ਜਨਮ 15 ਅਪ੍ਰੈਲ 1919 ਨੂੰ ਲਾਇਲਪੁਰ (ਹੁਣ ਪਾਕਿਸਤਾਨ ਵਿਚ) ਦੇ ਪਿੰਡ ਕੋਹਾਲੀ ਵਿਚ ਪਿਤਾ ਕਿਸ਼ਨ ਸਿੰਘ ਤੇ ਮਾਤਾ ਕਰਤਾਰ ਕੌਰ ਦੇ ਘਰ ਹੋਇਆ। ਪੁੱਤਰ ਦੇ ਜਨਮ ਤੋਂ ਕੁਝ ਸਮਾਂ ਬਾਅਦ ਕਿਸ਼ਨ ਸਿੰਘ ਇੰਜਨੀਅਰਿੰਗ ਦੀ ਪੜ੍ਹਾਈ ਲਈ ਐਡਿਨਬ੍ਰਾ ਯੂਨੀਵਰਸਿਟੀ ਚਲੇ ਗਏ ਤੇ ਸਿਲੋਨ ਰੇਲਵੇ ਨਾਲ ਕੰਮ ਸ਼ੁਰੂ ਕਰ ਦਿੱਤਾ। ਅਰਜਨ ਸਿੰਘ ਨੇ ਪਹਿਲਾਂ ਮਿੰਟਗੁਮਰੀ ਦੇ ਸਰਕਾਰੀ ਸਕੂਲ ਤੇ ਬਾਅਦ ਵਿੱਚ ਲਾਹੌਰ ਦੇ ਸਰਕਾਰੀ ਕਾਲਜ ਵਿਚ ਪੜ੍ਹਾਈ ਕੀਤੀ। ਚੌਥੇ ਸਾਲ ਵਿੱਚ ਉਹ ਭਾਰਤੀ ਹਵਾਈ ਸੈਨਾ ਲਈ ਚੁਣੇ ਗਏ। ਉਨ੍ਹਾਂ ਇੰਗਲੈਂਡ ਵਿਚ ਸਿਖਲਾਈ ਲਈ ਅਤੇ ਜਨਵਰੀ 1940 ਨੂੰ ਅੰਬਾਲਾ ਵਿਚ ਨੰ. 1 ਸਕੁਐਰਡਨ ਵਿਚ ਨਿਯੁਕਤੀ ਹਾਸਲ ਕੀਤੀ। ਉਨ੍ਹਾਂ ਹਾਅਕਰ ਔਡੈਕਸ ਉਡਾਇਆ ਜਿਸ ਨੂੰ ਬਾਅਦ ਵਿਚ ਐਨਡਬਲਿਊਐਫਪੀ ਵਿਚ ਪਠਾਣਾਂ ਨੇ ਮਾਰ ਸੁੱਟਿਆ ਤੇ ਇਸ ਵਿਚ ਉਨ੍ਹਾਂ ਦਾ ਗੰਨਰ ਜ਼ਖ਼ਮੀ ਹੋ ਗਿਆ।
ਸਾਲ 1943 ਵਿਚ ਸਕੁਐਡਰਨ ਲੀਡਰ ਅਰਜਨ ਸਿੰਘ ਇੱਕ ਮੀਟਿੰਗ ਲਈ ਦਿੱਲੀ ਵਿਚ ਸਨ ਜਦੋਂ ਉਨ੍ਹਾਂ ਦੀ ਮੁਲਾਕਾਤ ਖੂਬਸੂਰਤ ਤੇਜੀ ਨਾਲ ਹੋਈ। ਉਨ੍ਹਾਂ ਦੋਹਾਂ ਦਾ ਵਿਆਹ ਸਾਲ 1948 ਵਿਚ ਜਨਪਥ ਸਥਿਤ ਖੁਸ਼ਵੰਤ ਸਿੰਘ ਦੇ ਪਿਤਾ ਸੋਭਾ ਸਿੰਘ ਦੇ ਘਰ ਵਿਚ ਹੋਇਆ। ਉਨ੍ਹਾਂ ਨੂੰ ਆਪਣੇ ਜੀਵਨ ਵਿਚ ਕਈ ਤਰੱਕੀਆਂ ਤੇ ਐਵਾਰਡ ਵੀ ਮਿਲੇ। ਅਰਜਨ ਸਿੰਘ ਨੂੰ ਦੂਜੀ ਸੰਸਾਰ ਜੰਗ ਸਮੇਂ ਇੰਫਾਲ ਘਾਟੀ ਦੀ ਹਿਫ਼ਾਜ਼ਤ ਲਈ ਦਿਖਾਈ ਬਹਾਦੁਰੀ ਬਦਲੇ ਜੂਨ 1944 ਵਿਚ ਲੌਰਡ ਲੂਈ ਮਾਉੂਂਟਬੈਟਨ ਵੱਲੋਂ ਡਿਸਟਿੰਗੁਇਸ਼ਡ ਫਲਾਈਂਗ ਕਰਾਸ (ਡੀਐਫਸੀ) ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਆਜ਼ਾਦੀ ਤੋਂ ਬਾਅਦ ਉਨ੍ਹਾਂ ਭਾਰਤੀ ਹਵਾਈ ਸੈਨਾ ਨੂੰ ਨਵੇਂ ਸਿਰੇ ਤੋਂ ਖੜ੍ਹਾ ਕੀਤਾ ਤੇ ਤਿੰਨਾਂ ਜੰਗਾਂ ਵਿਚ ਹਵਾਈ ਸੈਨਾ ਨੇ ਅਹਿਮ ਭੂਮਿਕਾ ਨਿਭਾਈ। ਉਹ ਭਾਰਤੀ ਹਵਾਈ ਸੈਨਾ ਦੇ ਪਹਿਲੇ ਏਅਰ ਚੀਫ ਮਾਰਸ਼ਲ ਸਨ। 1965 ਦੀ ਜੰਗ ਵਿਚ ਭਾਰਤੀ ਹਵਾਈ ਸੈਨਾ ਵੱਲੋਂ ਨਿਭਾਈ ਗਈ ਭੂਮਿਕਾ ਮਗਰੋਂ ਉਨ੍ਹਾਂ ਦਾ ਅਹੁਦਾ ਚੀਫ ਆਫ ਏਅਰ ਸਟਾਫ ਤੋਂ ਵਧਾ ਕੇ ਏਅਰ ਚੀਫ ਮਾਰਸ਼ਲ ਕਰ ਦਿੱਤਾ ਗਿਆ। ਇਸੇ ਸਾਲ ਉਨ੍ਹਾਂ ਨੂੰ ਪਦਮ ਵਿਭੂਸ਼ਨ ਦਿੱਤਾ ਗਿਆ। ਉਹ 1969 ਵਿਚ ਬਤੌਰ ਏਅਰ ਚੀਫ ਮਾਰਸ਼ਲ ਸੇਵਾਮੁਕਤ ਹੋ ਗਏ। ਦੋ ਸਾਲ ਬਾਅਦ ਉਹ ਸਵਿਟਜ਼ਰਲੈਂਡ ਤੇ ਵੈਟੀਕਨ ਵਿਚ ਭਾਰਤ ਦੇ ਰਾਜਦੂਤ ਨਿਯੁਕਤ ਹੋਏ। ਉਹ ਕੀਨੀਆ ਦੇ ਹਾਈ ਕਮਿਸ਼ਨਰ ਵੀ ਰਹੇ। 1980 ਉਹ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਬਣੇ ਤੇ 1989 ਵਿਚ ਦਿੱਲੀ ਦੇ ਲੈਫਟੀਨੈਂਟ ਗਵਰਨਰ ਵਜੋਂ ਸੇਵਾਵਾਂ ਨਿਭਾਈਆਂ। 2002 ਦੇ ਆਜ਼ਾਦੀ ਦਿਹਾੜੇ ਮੌਕੇ ਉਨ੍ਹਾਂ ਭਾਰਤੀ ਹਵਾਈ ਸੈਨਾ ਦੇ ਮਾਰਸ਼ਲ ਦੇ ਰੈਂਕ ਨਾਲ ਨਿਵਾਜਿਆ ਗਿਆ। ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਸੀ ਕਿ ਉਨ੍ਹਾਂ ਦੇ ਨਾਂ ਨਾਲ ਸੇਵਾਮੁਕਤੀ ਸ਼ਬਦ ਕਦੀ ਨਹੀਂ ਲੱਗੇਗਾ, ਕਿਉਂਕਿ ਫੀਲਡ ਮਾਰਸ਼ਲ ਦਾ ਰੈਂਕ ਉਮਰ ਭਰ ਦੀ ਨਿਯੁਕਤੀ ਹੈ।
ਅਰਜਨ ਸਿੰਘ ਦੇ ਤਿੰਨ ਬੱਚੇ ਹਨ। ਬੇਟਾ ਅਰਵਿੰਦ ਅਮਰੀਕਾ ਦੀ ਯੂਨੀਵਰਸਿਟੀ ਵਿਚ ਪੜ੍ਹਾਉਂਦਾ ਹੈ। ਵੱਡੀ ਬੇਟੀ 1999 ਵਿਚ ਕਾਰ ਹਾਦਸੇ ਵਿਚ ਮਾਰੀ ਗਈ ਤੇ ਉਸ ਦਾ ਪਤੀ ਤੇ ਬੱਚੇ ਅਤੇ ਉਨ੍ਹਾਂ ਦੀ ਛੋਟੀ ਬੇਟੀ ਆਸ਼ਾ ਦਿੱਲੀ ਵਿਚ ਰਹਿੰਦੇ ਹਨ। ਸਾਲ 2011 ਵਿਚ ਅਰਜਨ ਸਿੰਘ ਦੇ ਹਰ ਦੁੱਖ-ਸੁੱਖ ਦੀ ਸਾਥੀ ਉਨ੍ਹਾਂ ਦੀ ਪਤਨੀ ਤੇਜੀ ਦਾ ਦੇਹਾਂਤ ਹੋ ਗਿਆ। ਪਤਨੀ ਦੇ ਦੇਹਾਂਤ ਤੋਂ ਬਾਅਦ ਵੀ ਉਨ੍ਹਾਂ ਆਪਣਾ ਜੀਵਨ ਫੌਜੀ ਵਾਂਗ ਬਤੀਤ ਕੀਤਾ ਤੇ ਉਨ੍ਹਾਂ ਹਰ ਮਹੱਤਵਪੂਰਨ ਸਮਾਗਮ ਤੇ ਭਾਰਤੀ ਹਵਾਈ ਸੈਨਾ ਨਾਲ ਸਬੰਧਤ ਤੇ ਕੌਮੀ ਸਮਾਗਮਾਂ ਵਿਚ ਸਰਗਰਮੀ ਨਾਲ ਹਾਜ਼ਰੀ ਲੁਆਈ।
ਬੀਤੇ ਦਿਨ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦੇ ਗ੍ਰਹਿ ਵਿਖੇ ਜਾ ਕੇ ਜੰਗ ਦੇ ਨਾਇਕ ਨੂੰ ਸ਼ਰਧਾਂਜਲੀ ਭੇਟ ਕੀਤੀ ਸੀ। ਸ੍ਰੀ ਅਰਜਨ ਸਿੰਘ ਦੇਸ਼ ਦੇ ਪਹਿਲੇ ਅਜਿਹੇ ਫ਼ੌਜੀ ਅਧਿਕਾਰੀ ਸਨ ਜਿਨ੍ਹਾਂ ਨੂੰ ਹਵਾਈ ਫ਼ੌਜ ਦੀ ਸਰਵੋਤਮ ਉਪਾਧੀ 5 ਸਿਤਾਰਾ ਏਅਰ ਮਾਰਸ਼ਲ ਨਾਲ ਨਿਵਾਜਿਆ ਗਿਆ ਸੀ। ਇਹ ਉਪਾਧੀ ਥਲ ਸੈਨਾ ਦੇ ਫੀਲਡ ਮਾਰਸ਼ਲ ਦੇ ਬਰਾਬਰ ਹੈ।
ਇਸ ਦੌਰਾਨ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਨੇ ਉਨ੍ਹਾਂ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਇਕਲੌਤੇ ਮਹਾ ਨਾਇਕ ਹਨ ਜਿਨ੍ਹਾਂ ਦੇ ਨਾਮ ‘ਤੇ ਪਾਨਾਗੜ੍ਹ ਏਅਰ ਬੇਸ ਦਾ ਨਾਮ ਰੱਖਿਆ ਗਿਆ ਹੈ। ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੇ ਉਨ੍ਹਾਂ ਨੂੰ ਫ਼ੌਜ ਦੀ ਮਸ਼ਾਲ ਦੱਸਿਆ ਜੋ ਹੁਣ ਬੁਝ ਗਈ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਉਨ੍ਹਾਂ ਨੂੰ ਜ਼ਬਰਦਸਤ ਫ਼ੌਜੀ ਅਤੇ ਕੂਟਨੀਤਕ ਦੱਸਿਆ ਹੈ ਜਿਨ੍ਹਾਂ ਦੇ ਦੇਹਾਂਤ ਨਾਲ ਦੇਸ਼ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ।

ਕੇਂਦਰੀ ਸਿੱਖ ਅਜਾਇਬ ਘਰ ‘ਚ ਲਾਈ ਜਾਵੇਗੀ ਮਾਰਸ਼ਲ ਅਰਜਨ ਸਿੰਘ ਦੀ ਤਸਵੀਰ
ਅੰਮ੍ਰਿਤਸਰ/ਬਿਊਰੋ ਨਿਊਜ਼ :
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਮਾਰਸ਼ਲ ਅਰਜਨ ਸਿੰਘ ਦੇ ਅਕਾਲ ਚਲਾਣੇ ‘ਤੇ ਦੁੱਖ ਦਾ ਇਜ਼ਹਾਰ ਕਰਦਿਆਂ ਉਨ੍ਹਾਂ ਦੀ ਤਸਵੀਰ ਸ੍ਰੀ ਦਰਬਾਰ ਸਾਹਿਬ ਸਮੂਹ ਅੰਦਰ ਸਥਿਤ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮਾਰਸ਼ਲ ਨੇ 1965 ਦੀ ਜੰਗ ਵਿਚ ਭਾਰਤੀ ਹਵਾਈ ਫ਼ੌਜ ਦੀ ਅਗਵਾਈ ਕਰਕੇ ਦੇਸ਼ ਦੀ ਰੱਖਿਆ ਵਿਚ ਵੱਡਮੁੱਲਾ ਯੋਗਦਾਨ ਪਾਇਆ ਸੀ। ਉਨ੍ਹਾਂ ਨੇ ਅਰਜਨ ਸਿੰਘ ਨੂੰ ਸਿੱਖ ਕੌਮ ਦਾ ਮਾਣ ਅਤੇ ਭਾਰਤੀ ਹਵਾਈ ਫੌਜ ਦੀ ਸ਼ਾਨ ਦੱਸਿਆ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ।  ਉਨ੍ਹਾਂ ਕਿਹਾ ਕਿ 1965 ਦੀ ਜੰਗ ਦੇ ਨਾਇਕ ਮਾਰਸ਼ਲ ਅਰਜਨ ਸਿੰਘ, ਜਨਰਲ ਹਰਬਖ਼ਸ਼ ਸਿੰਘ ਅਤੇ 1971 ਦੀ ਜੰਗ ਦੇ ਨਾਇਕ ਲੈਫਟੀਨੈਂਟ ਜਨਰਲ ਜਗਜੀਤ ਸਿੰਘ ਅਰੋੜਾ ਸਿੱਖ ਕੌਮ ਦੇ ਅਨਮੋਲ ਹੀਰੇ ਹਨ। ਸ਼੍ਰੋਮਣੀ ਕਮੇਟੀ ਵੱਲੋਂ ਜਨਰਲ ਹਰਬਖ਼ਸ਼ ਸਿੰਘ ਅਤੇ ਜਗਜੀਤ ਸਿੰਘ ਅਰੋੜਾ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਾਉਣ ਦਾ ਪਹਿਲਾਂ ਹੀ ਫੈਸਲਾ ਕੀਤਾ ਜਾ ਚੁੱਕਾ ਹੈ। ਇਸ ਦੌਰਾਨ ਇਥੇ ਖੰਨਾ ਸਮਾਰਕ ਵਿਖੇ ਭਾਜਪਾ ਵੱਲੋਂ ਮਾਰਸ਼ਲ ਅਰਜਨ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।