‘ਅਪਣੀਆਂ ਸਿਆਸੀ ਛੁਰਲੀਆਂ ‘ਚ ਘਿਰ ਗਿਐ ਮੋਦੀ’

‘ਅਪਣੀਆਂ ਸਿਆਸੀ ਛੁਰਲੀਆਂ ‘ਚ ਘਿਰ ਗਿਐ ਮੋਦੀ’

ਪ੍ਰਧਾਨ ਮੰਤਰੀ ਝੂਠ ਬੋਲਣ ਬਦਲੇ ਦੇਸ਼ ਤੋਂ ਮੰਗੇ ਮੁਆਫ਼ੀ : ਮਨਮੋਹਨ ਸਿੰਘ
ਸਾਬਕਾ ਪ੍ਰਧਾਨ ਮੰਤਰੀ ਨੇ ਮੋਦੀ ਨੂੰ ਕਰਾਰੇ ਹੱਥੀਂ ਲਿਆ

ਨਵੀਂ ਦਿੱਲੀ/ਬਿਊਰੋ ਨਿਊਜ਼:
ਅਪਣੀਆਂ ਸਿਆਸੀ ਛੁਰਲੀਆਂ ਲਈ ਜਾਣੇ ਜਾਂਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਬਕਾ ਪ੍ਰਧਾਨ ਮੰਤਰੀ ਬਾਰੇ ਬੇਤੁਕੀ ਟਿਪਣੀ ਕਰਨ ਕਾਰਨ ਵਿਵਾਦਾਂ ‘ਚ ਘਿਰ ਗਏ ਹਨ ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੁਜਰਾਤ ਦੀਆਂ ਚੋਣਾਂ ‘ਚ ਪਾਕਿਸਤਾਨ ਨਾਲ ਮਿਲ ਕੇ ਸਾਜ਼ਸ਼ ਦੀ ਟਿਪਣੀ ‘ਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਤਿੱਖਾ ਪਲਟਵਾਰ ਕਰਦਿਆਂ ਕਿਹਾ ਕਿ ਮੋਦੀ ਇਤਰਾਜ਼ਯੋਗ ਉਦਾਹਰਣ ਸਥਾਪਤ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਦੇਸ਼ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਮੋਦੀ ਆਪਣੀ ‘ਕੁਲਹਿਣੀ ਸੋਚ’ ਨਾਲ ‘ਖ਼ਤਰਨਾਕ ਪਿਰਤ’ ਪਾ ਰਹੇ ਹਨ।
ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਲਛਮਣ ਰੇਖਾ ਨੂੰ ਬਿਨਾਂ ਵਿਚਾਰੇ ਲੰਘਣ ਕਰ ਕੇ ਗ਼ਲਤ ਪਰੰਪਰਾ ਕਾਇਮ ਕਰ ਰਹੇ ਹਨ। ਉਨ੍ਹਾਂ ਇਸ ਦੋਸ਼ ਨੂੰ ਮਨਘੜਤ ਅਤੇ ਝੂਠ ਕਹਿ ਕੇ ਖ਼ਾਰਜ ਕਰ ਦਿਤਾ। ਉਨ੍ਹਾਂ ਕਿਹਾ ਕਿ ਮਣੀਸ਼ੰਕਰ ਅਈਅਰ ਵਲੋਂ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਖੁਰਸ਼ੀਦ ਕਸੂਰੀ ਲਈ ਦਿਤੇ ਰਾਤਰੀਭੋਜ ‘ਚ ਉਨ੍ਹਾਂ ਨੇ ਕਿਸੇ ਨਾਲ ਵੀ ਗੁਜਰਾਤ ਚੋਣਾਂ ਬਾਰੇ ਵਿਚਾਰ-ਵਟਾਂਦਰਾ ਨਹੀਂ ਕੀਤਾ ਸੀ।
ਉਨ੍ਹਾਂ ਦੋਸ਼ ਲਾਇਆ ਕਿ ਗੁਜਰਾਤ ਚੋਣ ‘ਚ ਦਿਸ ਰਹੀ ਅਪਣੀ ਪਾਰਟੀ ਦੀ ਹਾਰ ਨੂੰ ਵੇਖਦਿਆਂ ਪ੍ਰਧਾਨ ਮੰਤਰੀ ਹਰ ਤਰ੍ਹਾਂ ਦੇ ਹੋਛੇ ਸ਼ਬਦਾਂ ਦਾ ਪ੍ਰਯੋਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਵਲੋਂ ਸਿਆਸੀ ਲਾਭ ਲੈਣ ਲਈ ਜੋ ਝੂਠ ਅਤੇ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ ਉਸ ਤੋਂ ਉਹ ਪੀੜਤ ਅਤੇ ਨਿਰਾਸ਼ ਹਨ।
ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਪੂਰੀ ਉਮੀਦ ਹੈ ਕਿ ਪ੍ਰਧਾਨ ਮੰਤਰੀ ਗ਼ਲਤ ਢੰਗ ਨਾਲ ਵਿਚਾਰ ਕੀਤੇ ਬੇਤੁਕੇ ਨੁਕਤਿਆਂ ‘ਤੇ ਅਪਣਾ ਅੱਡੀ ਚਟੀ ਦਾ ਜੋਰ ਲਾਉਣ ਦੀ ਬਜਾਏ ਅਪਣੇ ਉੱਚ ਅਹੁਦੇ ਦੇ ਅਨੁਸਾਰ ਸੰਜੀਦਗੀ ਵਿਖਾਉਣਗੇ।
ਉਨ੍ਹਾਂ ਕਿਹਾ ਕਿ ਨਾ ਤਾਂ ਕਾਂਗਰਸ ਪਾਰਟੀ ਅਤੇ ਨਾ ਹੀ ਉਨ੍ਹਾਂ ਨੂੰ ਦੇਸ਼ਭਗਤੀ ‘ਤੇ ਅਜਿਹੇ ਪ੍ਰਧਾਨ ਮੰਤਰੀ ਜਾਂ ਇਕ ਅਜਿਹੀ ਪਾਰਟੀ ਤੋਂ ਉਪਦੇਸ਼ ਚਾਹੀਦਾ ਹੈ ਜਿਨ੍ਹਾਂ ਦਾ ਅਤਿਵਾਦ ਨਾਲ ਲੜਨ ਦਾ ਰੀਕਾਰਡ ਢਿੱਲਾ-ਮੱਠਾ ਰਿਹਾ ਹੋਵੇ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਨੂੰ ਯਾਦ ਰਖਣਾ ਚਾਹੀਦਾ ਹੈ ਕਿ ਉਹ ਊਧਮਪੁਰ ਅਤੇ ਗੁਰਦਾਸਪੁਰ ਦੇ ਅਤਿਵਾਦੀ ਹਮਲਿਆਂ ਦੇ ਬਾਵਜੂਦ ਬਿਨਾਂ ਸੱਦੇ ਪਾਕਿਸਤਾਨ ਗਏ ਸਨ। ਉਨ੍ਹਾਂ ਕਿਹਾ, ”ਕੀ ਮੋਦੀ ਜੀ ਦੇਸ਼ ਨੂੰ ਦੱਸਣਗੇ ਕਿ ਕਿਨ੍ਹਾਂ ਕਾਰਨਾਂ ਕਰ ਕੇ ਉਨ੍ਹਾਂ ਪਾਕਿਸਤਾਨ ‘ਚ ਰਚੇ ਗਏ ਪਠਾਨਕੋਟ ਹਮਲੇ ਤੋਂ ਬਾਅਦ ਪਾਕਿਸਤਾਨ ਦੀ ਬਦਨਾਮ ਖ਼ੁਫ਼ੀਆ ਏਜੰਸੀ ਆਈ.ਐਸ.ਆਈ. ਨੂੰ ਸੁਰੱਖਿਆ ਦੀ ਦ੍ਰਿਸ਼ਟੀ ਨਾਲ ਮਹੱਤਵਪੂਰਨ ਪਠਾਨਕੋਟ ਹਵਾਈ ਅੱਡੇ ‘ਤੇ ਜਾਂਚ ਲਈ ਸਦਿਆ ਸੀ?”
ਇਸ ਬਾਰੇ ਸਥਿਤੀ ਸਪੱਸ਼ਟ ਕਰਦਿਆਂ ਅਤੇ ਮੋਦੀ ਦੇ ਦਾਅਵਿਆਂ ਨੂੰ ਖ਼ਾਰਜ ਕਰਦਿਆਂ ਮਨਮੋਹਨ ਸਿੰਘ ਨੇ ਕਿਹਾ, ”ਸ੍ਰੀ ਮਣੀਸ਼ੰਕਰ ਅਈਅਰ ਵਲੋਂ ਦਿਤੇ ਰਾਤਰੀਭੋਜ ‘ਚ ਮੈਂ ਗੁਜਰਾਤ ਚੋਣਾਂ ਬਾਰੇ ਨਾ ਤਾਂ ਕਿਸੇ ਵਿਅਕਤੀ ਨਾਲ ਚਰਚਾ ਕੀਤੀ ਅਤੇ ਨਾ ਹੀ ਗੁਜਰਾਤ ਦਾ ਮੁੱਦਾ ਕਿਸੇ ਤਰ੍ਹਾਂ ਨਾਲ ਚਰਚਾ ‘ਚ ਆਇਆ। ਚਰਚਾ ਸਿਰਫ਼ ਭਾਰਤ-ਪਾਕਿ ਰਿਸ਼ਤਿਆਂ ਤਕ ਸੀਮਤ ਰਹੀ।”
ਜ਼ਿਕਰਯੋਗ ਹੈ ਕਿ ਕਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਚੋਣ ਸਭਾ ਨੂੰ ਸੰਬੋਧਨ ਕਰਦਿਆਂ ਸੁਝਾਅ ਦਿਤਾ ਸੀ ਕਿ ਪਾਕਿਸਤਾਨ, ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ ਨੂੰ ਪ੍ਰਭਾਵਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਸੀ ਕਿ ਪਾਕਿਸਤਾਨੀ ਅਧਿਕਾਰੀ ਅਤੇ ਮਨਮੋਹਨ ਸਿੰਘ ਦੀ ਕਾਂਗਰਸ ਆਗੂ ਮਣੀਸ਼ੰਕਰ ਅਈਅਰ ਦੇ ਘਰ ਛੇ ਦਸੰਬਰ ਨੂੰ ਬੈਠਕ ਹੋਈ ਸੀ। ਇਸ ਤੋਂ ਇਕ ਦਿਨ ਬਾਅਦ ਹੀ ਅਈਅਰ ਨੇ ਮੋਦੀ ਨੂੰ ਅਪਣੀ ਟਿਪਣੀ ‘ਚ ਨੀਚ ਆਦਮੀ ਕਿਹਾ ਸੀ।
ਮਨਮੋਹਨ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਅਤੇ ਸਾਬਕਾ ਉਪ-ਰਾਸ਼ਟਰਪਤੀ ਹਾਮਿਦ ਅੰਸਾਰੀ ਤੋਂ ਇਲਾਵਾ ਅਈਅਰ ਵਲੋਂ ਕਸੂਰੀ ਦੇ ਮਾਣ ‘ਚ ਦਿਤੇ ਰਾਤਰੀਭੋਜ ‘ਚ ਪਾਕਿਸਤਾਨ ਦੇ ਸਫ਼ੀਰ, ਨਟਵਰ ਸਿੰਘ, ਕੇ.ਐਸ. ਵਾਜਪਾਈ, ਅਜੈ ਸ਼ੁਕਲਾ, ਸ਼ਰਦ ਸੱਭਰਵਾਲ, ਜਨਰਲ ਦੀਪਕ ਕਪੂਰ, ਟੀ.ਸੀ.ਏ. ਰਾਘਵਨ, ਸਤਿੰਦਰ ਕੇ. ਲਾਂਬਾ, ਐਮ.ਕੇ. ਭੱਦਰਕੁਮਾਰ, ਸੀ.ਆਰ. ਗਰੇਖਾਨ, ਪ੍ਰੇਮਸ਼ੰਕਰ ਝਾ, ਸਲਮਾਨ ਹੈਦਰ ਅਤੇ ਰਾਹੁਲ ਸਿੰਘ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ‘ਚੋਂ ਕਿਸੇ ‘ਤੇ ਵੀ ਦੇਸ਼ਧ੍ਰੋਹ ਦਾ ਇਲਜ਼ਾਮ ਲਾਉਣਾ ਸਰਾਸਰ ਝੂਠ ਅਤੇ ਅਧਰਮ ਹੋਵੇਗਾ।
ਸਾਬਕਾ ਸਫ਼ੀਰ ਲਾਂਬਾ ਅਤੇ ਸਾਬਕਾ ਸਫ਼ੀਰ ਗਰੇਖਾਨ ਨੇ ਕਿਹਾ ਕਿ ਉਸ ਰਾਤਰੀਭੋਜ ‘ਚ ਭਾਰਤ-ਪਾਕਿ ਰਿਸ਼ਤਿਆਂ ‘ਤੇ ਆਮ ਚਰਚਾ ਹੋਈ ਸੀ। ਗਰੇਖਾਨ ਨੇ ਇਕ ਸਮਾਚਾਰ ਚੈਨਲ ਨੂੰ ਕਿਹਾ ਕਿ ਇਸ ‘ਚ ਕਿਸੇ ਵੀ ਤਰ੍ਹਾਂ ਦੀ ਸਿਆਸੀ ਚਰਚਾ ਨਹੀਂ ਹੋਈ। ਸਾਬਕਾ ਫ਼ੌਜ ਮੁਖੀ ਜਨਰਲ ਕਪੂਰ ਦੇ ਹਵਾਲੇ ਨਾਲ ਵੀ ਕਿਹਾ ਗਿਆ ਕਿ ਇਸ ਰਾਤਰੀਭੋਜ ‘ਚ ਗੁਜਰਾਤ ਚੋਣਾਂ ਬਾਰੇ ਬਿਲਕੁਲ ਚਰਚਾ ਨਹੀਂ ਹੋਈ। ਇਸ ਦੌਰਾਨ ਕਾਂਗਰਸ ਦੇ ਬੁਲਾਰੇ ਆਨੰਦ ਸ਼ਰਮਾ ਅਤੇ ਸੀਨੀਅਰ ਆਗੂ ਪੀ. ਚਿਦੰਬਰਮ ਨੇ ਵੀ ਪ੍ਰਧਾਨ ਮੰਤਰੀ ਵਲੋਂ ਮਾਫ਼ੀ ਮੰਗਣ ਦੀ ਮੰਗ ਕੀਤੀ।

ਜੇਤਲੀ ਕਹਿੰਦਾ : ਕਾਹਦੇ ਲਈ ਰੱਖੀ ਸੀ ਮੀਟਿੰਗ
ਨਵੀਂ ਦਿੱਲੀ: ਸਰਕਾਰ ਨੇ ਪਾਕਿ ਅਧਿਕਾਰੀਆਂ ਨਾਲ ਮੀਟਿੰਗ ਲਈ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਉਤੇ ਹਮਲਾ ਕਰਦਿਆਂ ਇਸ ਬੈਠਕ ਦੇ ਪ੍ਰਸੰਗ ਬਾਰੇ ਪੁੱਛਿਆ ਹੈ। ਪ੍ਰਧਾਨ ਮੰਤਰੀ ਮੋਦੀ ਤੋਂ ਮੁਆਫ਼ੀ ਦੀ ਮੰਗ ਨੂੰ ਰੱਦ ਕਰਦਿਆਂ ਵਿੱਤ ਮੰਤਰੀ ਅਰੁਣ ਜੇਤਲੀ ਨੇ ਮਨਮੋਹਨ ਸਿੰਘ ‘ਤੇ ਕੌਮੀ ਨੀਤੀ ਦੀ ਉਲੰਘਣਾ ਦਾ ਦੋਸ਼ ਲਾਇਆ। ਉਨ੍ਹਾਂ ਨੇ ਮਨੀ ਸ਼ੰਕਰ ਅਈਅਰ ਵੱਲੋਂ ਆਪਣੇ ਘਰ ਪਾਕਿਸਤਾਨੀ ਹਸਤੀਆਂ ਲਈ ਰੱਖੇ ਰਾਤਰੀ ਭੋਜ ‘ਚ ਸ਼ਾਮਲ ਹੋਣ ਦੇ ਪ੍ਰਸੰਗ, ਸਾਰਥਿਕਤਾ ਅਤੇ ਲੋੜ ਬਾਰੇ ਪੁੱਛਿਆ। ਇਸ ਮੀਟਿੰਗ ਨੂੰ ‘ਸਿਆਸੀ ਦੁਰਘਟਨਾ’ ਕਰਾਰ ਦਿੰਦਿਆਂ ਸ੍ਰੀ ਜੇਤਲੀ ਨੇ ਕਿਹਾ ਕਿ ਮੁਲਕ ਦੀ ਕੌਮੀ ਨੀਤੀ ਹੈ ਕਿ ਅਤਿਵਾਦ ਤੇ ਗੱਲਬਾਤ ਨਾਲ ਨਾਲ ਨਹੀਂ ਚੱਲ ਸਕਦੇ। ਇਸ ਦਾ ਮੁੱਖ ਵਿਰੋਧੀ ਧਿਰ ਵੱਲੋਂ ਵੀ ਪਾਲਣ ਕੀਤੇ ਜਾਣ ਦੀ ਉਮੀਦ ਕੀਤੀ ਜਾਂਦੀ ਹੈ।

ਸਾਨੂੰ ਅਪਣੀ ਸਿਆਸਤ ‘ਚ ਨਾ ਘੜੀਸੋ: ਪਾਕਿਸਤਾਨ
ਇਸਲਾਮਾਬਾਦ: ਪ੍ਰਧਾਨ ਮੰਤਰੀ ਮੋਦੀ ਵੱਲੋਂ ਪਾਕਿਸਤਾਨ ‘ਤੇ ਗੁਜਰਾਤ ਚੋਣਾਂ ‘ਚ ਦਖ਼ਲ ਦੇਣ ਬਾਰੇ ਲਾਏ ਦੋਸ਼ਾਂ ਦੇ ਇਕ ਦਿਨ ਬਾਅਦ ਅੱਜ ਪਾਕਿਸਤਾਨ ਨੇ ਇਸ ਨੂੰ ਭਾਰਤੀ ਸਿਆਸਤਦਾਨਾਂ ਦਾ ਉਸ ਨੂੰ ਘਰੇਲੂ ਸਿਆਸਤ ‘ਚ ਘੜੀਸਣ ਦਾ ‘ਨਿਰਆਧਾਰ ਤੇ ਗ਼ੈਰਜ਼ਿੰਮੇਵਾਰ’ ਯਤਨ ਦੱਸਿਆ ਹੈ। ਸ੍ਰੀ ਮੋਦੀ ਦੀਆਂ ਟਿੱਪਣੀਆਂ ‘ਤੇ ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਦੇ ਤਰਜਮਾਨ ਮੁਹੰਮਦ ਫੈਸਲ ਨੇ ਟਵੀਟ ਕੀਤਾ, ‘ਭਾਰਤ ਵੱਲੋਂ ਪਾਕਿਸਤਾਨ ਨੂੰ ਆਪਣੀ ਚੋਣ ਬਹਿਸ ਵਿੱਚ ਨਹੀਂ ਘੜੀਸਿਆ ਜਾਣਾ ਚਾਹੀਦਾ ਅਤੇ ਸਾਜ਼ਿਸ਼ਾਂ ਘੜਨ ਬਜਾਏ ਆਪਣੇ ਦਮ ‘ਤੇ ਜਿੱਤ ਪ੍ਰਾਪਤ ਕਰਨੀ ਚਾਹੀਦੀ।’