ਪੰਜਾਬ ‘ਵਰਸਿਟੀ ‘ਚ ਹਾਕੀ ਉਲੰਪੀਅਨ ਬਲਬੀਰ ਸਿੰਘ ਸੀਨੀਅਰ ਦੇ ਨਾਂ ‘ਤੇ ਚੇਅਰ ਕਾਇਮ

ਪੰਜਾਬ ‘ਵਰਸਿਟੀ ‘ਚ ਹਾਕੀ ਉਲੰਪੀਅਨ ਬਲਬੀਰ ਸਿੰਘ ਸੀਨੀਅਰ ਦੇ ਨਾਂ ‘ਤੇ ਚੇਅਰ ਕਾਇਮ

ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਮਹੱਤਵਪੂਰਨ ਫ਼ੈਸਲਾ ਲੈਂਦਿਆਂ ਹਾਕੀ  ਉਲੰਪੀਅਨ ਬਲਬੀਰ ਸਿੰਘ ਸੀਨੀਅਰ ਦੇ ਨਾਂ ‘ਤੇ ਚੇਅਰ ਕਾਇਮ ਕਰ ਦਿੱਤੀ ਹੈ। ਚੇਅਰ ਦੇ ਮੁਖੀ ਦੀ ਜ਼ਿੰਮੇਵਾਰੀ ਸ਼ੂਟਰ ਅਭਿਨਵ ਬਿੰਦਰਾ ਨੂੰ ਦੇਣ ਬਾਰੇ ਵਿਚਾਰ ਵਿਟਾਂਦਰਾ ਹੋਇਆ ਹੈ। ਸਿੰਡੀਕੇਟ ਵੱਲੋਂ ਯੂਨੀਵਰਸਿਟੀ ਦੇ ਫ਼ੈਸਲੇ ‘ਤੇ ਮੋਹਰ ਲਾ ਦਿੱਤੀ ਗਈ ਹੈ। ਉਲੰਪੀਅਨ ਬਲਬੀਰ ਸਿੰਘ ਪਹਿਲੀ ਸ਼ਖ਼ਸੀਅਤ ਹਨ, ਜਿਨ੍ਹਾਂ ਨੂੰ ਆਪਣੇ ਨਾਂ ‘ਤੇ  ਸਥਾਪਤ ਹੋਈ ਚੇਅਰ ਦੇਖਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਯੂਨੀਵਰਸਿਟੀ ਵੱਲੋਂ ਪਿਛਲੀ ਮੀਟਿੰਗ ਦੌਰਾਨ ਮਹਾਰਾਜਾ ਰਣਜੀਤ ਸਿੰਘ ਦੇ ਨਾਂ ‘ਤੇ ਚੇਅਰ ਕਾਇਮ ਕੀਤੀ ਗਈ ਸੀ, ਜਿਸ ਦੇ ਚੇਅਰਪਰਸਨ ਦੇ ਅਹੁਦੇ ਦੀ ਪੇਸ਼ਕਸ਼ ਲੈਫਟੀਨੈਂਟ ਜਨਰਲ (ਸੇਵਾਮੁਕਤ) ਕੇ.ਜੇ. ਸਿੰਘ ਨੂੰ ਕੀਤੀ ਗਈ ਸੀ। ਇਸ ਤੋਂ ਪਹਿਲਾਂ ਜਵਾਹਰਲਾਲ ਨਹਿਰੂ ਦੇ ਨਾਂ ‘ਤੇ ਸਥਾਪਤ ਚੇਅਰ ਦਾ ਮੁਖੀ ਸਾਬਕਾ ਪ੍ਰਧਾਨ ਮੰਤਰੀ ਅਤੇ ਉੱਘੇ  ਅਰਥਸ਼ਾਸਤਰੀ ਡਾਕਟਰ ਮਨਮੋਹਨ ਸਿੰਘ ਨੂੰ ਲਾਇਆ ਗਿਆ ਹੈ। ਫਿਲਮ ਜਗਤ ਦੀ ਉੱਘੀ ਹਸਤੀ ਗੁਲਜ਼ਾਰ ਨੂੰ ਰਬਿੰਦਰਨਾਥ ਟੈਗੋਰ ਚੇਅਰ ਦੇ ਮੁਖੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਯੂਨੀਵਰਿਸਟੀ ਵੱਲੋਂ ਚੇਅਰਾਂ ਦੇ  ਮੁਖੀਆਂ ਨੂੰ ਇੱਥੇ ਫੇਰੀ ਲਈ ਜਹਾਜ਼ ਦਾ ਕਿਰਾਇਆ, ਪੰਜ ਹਜ਼ਾਰ ਰੁਪਏ ਨਗਦ ਅਤੇ ਗੈਸਟ ਹਾਊਸ ਵਿੱਚ ਮੁਫ਼ਤ ਰਹਿਣ ਦੀ ਸਹੂਲਤ ਦਿੱਤੀ ਜਾਂਦੀ ਹੈ। ਸਿੰਡੀਕੇਟ ਨੇ ਬਲਬੀਰ ਸਿੰਘ ਸੀਨੀਅਰ ਦੇ ਨਾਂ ‘ਤੇ ਚੇਅਰ ਕਾਇਮ ਕਰਨ ਦੀ ਰਸਮੀ ਪ੍ਰਵਾਨਗੀ ਲਈ 9 ਅਕਤੂਬਰ ਨੂੰ ਮੀਟਿੰਗ ਰੱਖੀ ਗਈ ਹੈ।  ਸਿੰਡੀਕੇਟ ਦੀ ਮੀਟਿੰਗ ਵਿੱਚ ਯੂਨੀਵਰਸਿਟੀ ਦੇ ਚੀਫ਼ ਸਕਿਉਰਿਟੀ ਅਫ਼ਸਰ ਦੀ ਰੈਗੂਲਰ ਭਰਤੀ ਕਰਨ ਤੋਂ ਨਾਂਹ ਕਰ ਦਿੱਤੀ ਹੈ। ਅਗਲਾ ਫ਼ੈਸਲਾ ਲਏ ਜਾਣ ਤਕ ਪ੍ਰੋ. ਜਤਿੰਦਰ ਗਰੋਵਰ ਇਸ ਅਹੁਦੇ ‘ਤੇ ਬਣੇ ਰਹਿਣਗੇ