ਇੰਟਰਨੈਂਸ਼ਨਲ ਕਬੱਡੀ ਕੱਪ ਬੇ-ਏਰੀਏ ਦੀ ਟੀਮ ਨੇ ਆਪਣੇ ਨਾਂਅ ਕੀਤਾ

ਇੰਟਰਨੈਂਸ਼ਨਲ ਕਬੱਡੀ ਕੱਪ ਬੇ-ਏਰੀਏ ਦੀ ਟੀਮ ਨੇ ਆਪਣੇ ਨਾਂਅ ਕੀਤਾ

ਬੈਸਟ ਰੇਡਰ ਕਮਲ ਨਵਾਂ ਪਿੰਡ ਅਤੇ ਬੈਸਟ ਜਾਫੀ ਖੁਸ਼ੀ ਦਿੜਵਾ ਬਣੇ
ਫਰਿਜ਼ਨੋ/ਨੀਟਾ ਮਾਛੀਕੇ/ਕੁਲਵੰਤ ਧਾਲੀਆਂ :
ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਫਰਿਜ਼ਨੋ ਅਤੇ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਸਿਲਮਾ ਵੱਲੋਂ ਕੈਲੀਫੋਰਨੀਆ ਕਬੱਡੀ ਫੈਡਰੇਸ਼ਨ ਯੂ.ਐਸ.ਏ. ਦੇ ਅਸੂਲਾਂ ਮੁਤਾਬਕ ਇੰਟਰਨੈਸ਼ਨਲ ਕਬੱਡੀ ਕੱਪ 2016 ਚੱਕਚਾਂਸੀ ਪਾਰਕ ਫਰਿਜ਼ਨੋ ਵਿਖੇ ਲੰਘੇ ਐਤਵਾਰ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਸ਼ਾਮਲ ਹੋਣ ਲਈ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਪਹੁੰਚੇ ਹੋਏ ਸਨ। ਪਤਵੰਤੇ ਸੱਜਣਾਂ ਨੇ ਖਿਡਾਰੀਆਂ ਨਾਲ ਜਾਣ ਪਹਿਚਾਣ ਕੀਤੀ ਅਤੇ ਪ੍ਰਬੰਧਕਾ ਵੱਲੋਂ ਬਹੁਤ ਸਾਰੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਟੂਰਨਾਮੈਂਟ ਦੇ ਸਾਰੇ ਮੈਚ ਹੀ ਬਹੁਤ ਕਮਾਲ ਦੇ ਸਨ, ਖਿਡਾਰੀਆਂ ਨੇ ਜੀਅ-ਜਾਨ ਲਾ ਕੇ ਆਪਣੀ ਖੇਡ ਦਾ ਮੁਜ਼ਾਹਰਾ ਕੀਤਾ। ਬਹੁਤ ਹੀ ਫਸਵੇਂ ਮੁਕਾਬਲੇ ਵਿੱਚ ਬੇ-ਏਰੀਆ ਦੀ ਟੀਮ ਨੇ ਫਾਇਨਲ ਮੈਚ ਵਿੱਚ ਸੈਂਟਰਲ ਵੈਲੀ ਦੀ ਟੀਮ ਨੂੰ ਹਰਾ ਕੇ ਪਹਿਲੇ ਸਥਾਨ ‘ਤੇ ਕਬਜ਼ਾ ਕੀਤਾ ਅਤੇ ਕੱਪ ਆਪਣੇ ਨਾਂ ਕਰ ਲਿਆ। ਸੈਮੀ-ਫਾਇਨਲ ਮੈਚ ਫਤਿਹ ਸਪੋਰਟਸ ਕਲੱਬ ਤੋਂ ਹਾਰਨ ਪਿਛੋਂ ਫਰਿਜ਼ਨੋ ਦੀ ਟੀਮ ਨੂੰ ਚੌਥੇ ਸਥਾਨ ‘ਤੇ ਹੀ ਸਬਰ ਕਰਨਾ ਪਿਆ। ਅੰਡਰ ਟਵੰਟੀ ਵੰਨ ਦੇ ਕਬੱਡੀ ਮੈਚ ਵੀ ਬਹੁਤ ਰੌਚਿਕ ਰਹੇ। ਇਨ੍ਹਾਂ ਮੈਚਾਂ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਸੈਕਰਾਮੈਂਟੋ ਦੀ ਟੀਮ ਯੂਬਾ ਸਿਟੀ ਦੀ ਟੀਮ ਨੂੰ ਹਰਾ ਕੇ ਜੇਤੂ ਰਹੀ। ਇਨ੍ਹਾਂ ਮੈਚਾਂ ਦੌਰਾਨ ਕਬੱਡੀ ਪ੍ਰੇਮੀਆਂ ਨੇ ਇੱਕ ਇੱਕ ਜੱਫੇ ‘ਤੇ ਖੜ੍ਹੇ ਹੋ ਕੇ ਤਾੜੀਆਂ ਮਾਰੀਆਂ। ਇਸ ਟੂਰਨਾਮੈਂਟ ਦੇ ਬੈਸਟ ਰੇਡਰ ਕਮਲ ਨਵਾਂ ਪਿੰਡ ਅਤੇ ਬੈਸਟ ਜਾਫੀ ਖੁਸ਼ੀ ਦਿੜਵਾ ਐਲਾਨੇ ਗਏ। ਸਭ ਤੋਂ ਵਧੀਆ ਗੱਲ ਇਸ ਟੂਰਨਾਮੈਂਟ ਵਿੱਚ ਇਹ ਰਹੀ ਕਿ ਸੱਟ ਲੱਗਣ ‘ਤੇ ਖਿਡਾਰੀਆਂ ਲਈ ਫਸਟ ਏਡ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ। ਕਬੱਡੀ ਕੁਮੈਂਟੇਟਰਾਂ ਨੂੰ ਖਾਸ ਹਦਾਇਤਾ ਸੀ ਕਿ ਕੁਮੈਂਟਰੀ ਦੌਰਾਨ ਸਿਰਫ਼ ਕਬੱਡੀ ਦੀ ਗੱਲ ਹੋਵੇ ਅਤੇ ਅਵਾਗੌਣ ਨਾਮ ਬੋਲਣ ਤੋਂ ਸਕੋਚ ਰਹੇ ਅਤੇ ਇਸ ਖੇਡ ਮੇਲੇ ਦੌਰਾਨ ਕਬੱਡੀ ਫ਼ੈਡਰੇਸ਼ਨ ਦੇ ਨਿਯਮਾਂ ਨੂੰ ਪੂਰਨ ਤੌਰ ‘ਤੇ ਲਾਗੂ ਕੀਤਾ ਗਿਆ, ਚੰਗੇ ਪ੍ਰਬੰਧਾਂ ਲਈ ਟੂਰਨਾਮੈਂਟ ਕਮੇਟੀ ਵਧਾਈ ਦੀ ਪਾਤਰ ਹੈ ਅਤੇ ਇਸ ਟੂਰਨਾਮੈਂਟ ਨੂੰ ਕਾਮਯਾਬ ਬਣਾਉਣ ਦਾ ਸਿਹਰਾ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਫਰਿਜ਼ਨੋ ਅਤੇ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਸਿਲਮਾ ਦੇ ਅਣਥੱਕ ਮੈਂਬਰਾ ਸਿਰ ਜਾਂਦਾ ਹੈ। ਕਬੱਡੀ ਕੁਮੈਂਟੇਟਰ ਇਕਬਾਲ ਗਾਲਬ, ਮੱਖਣ ਅਲੀ, ਸੁਰਜੀਤ ਕੁਕਰਾਲੀ ਅਤੇ ਕਾਲਾ ਰਸ਼ੀਨ ਨੇ ਸ਼ਾਨਦਾਰ ਕੁਮੈਂਟਰੀ ਕਰਕੇ ਗਰਾਊਂਡ ਵਿੱਚ ਖੂਬ ਰੰਗ ਬੰਨ੍ਹਿਆ। ਸਟੇਜ ਸੰਚਾਲਨ ਆਸ਼ਾ ਸ਼ਰਮਾ ਨੇ ਬਾਖੂਬੀ ਕੀਤਾ।