ਲੇਬਰ ਪਾਰਟੀ ਨੇ ਤ੍ਰਿਮਾਣ ਗਿੱਲ ਨੂੰ ਉਮੀਦਵਾਰ ਐਲਾਨਿਆ

ਲੇਬਰ ਪਾਰਟੀ ਨੇ ਤ੍ਰਿਮਾਣ ਗਿੱਲ ਨੂੰ ਉਮੀਦਵਾਰ ਐਲਾਨਿਆ

ਐਡੀਲੇਡ,  ਬਿਊਰੋ ਨਿਊਜ਼।
ਦੱਖਣੀ ਆਸਟਰੇਲੀਆ ਸੂਬੇ ਦੀ ਲੈਜਿਸਲੇਟਿਵ ਕੌਂਸਲ ਦੇ 11 ਮੈਂਬਰਾਂ ਦੀ ਚੋਣ ਲਈ ਲੇਬਰ ਪਾਰਟੀ ਦੀ ਹਾਈਕਮਾਂਡ ਨੇ ਆਸਟਰੇਲਿਆਈ ਪੰਜਾਬੀ ਮੂਲ ਦੇ ਤ੍ਰਿਮਾਣ ਸਿੰਘ ਗਿੱਲ ਨੂੰ ਉਮੀਦਵਾਰ ਐਲਾਨਿਆ ਹੈ। ਇਸ ਖ਼ਬਰ ਦੇ ਸੋਸ਼ਲ ਮੀਡੀਆ ਉੱਤੇ ਨਸ਼ਰ ਹੋਣ ‘ਤੇ ਵੱਡੀ ਗਿਣਤੀ ‘ਚ ਪੰਜਾਬੀਆਂ ਸਮੇਤ ਭਾਰਤੀ ਭਾਈਚਾਰੇ ਵੱਲੋਂ ਤ੍ਰਿਮਾਣ ਗਿੱਲ ਨੂੰ ਜਿੱਥੇ ਮੁਬਾਰਕਬਾਦ ਦਿੱਤੀ ਗਈ, ਉੱਥੇ ਉਨ੍ਹਾਂ ਦਾ ਖੁੱਲ੍ਹ ਕੇ ਸਮਰਥਨ ਵੀ ਕੀਤਾ ਗਿਆ। ਭਾਰਤੀ ਭਾਈਚਾਰੇ ਨੇ ਲੇਬਰ ਪਾਰਟੀ ਦੇ ਇਸ ਫ਼ੈਸਲੇ ਦਾ ਸੁਆਗਤ ਕਰਦਿਆਂ ਇਸ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ ਹੈ।
ਜਾਣਕਾਰੀ ਮੁਤਾਬਕ ਤ੍ਰਿਮਾਣ ਸਿੰਘ ਗਿੱਲ ਪੰਜਾਬ ਦੇ ਜ਼ਿਲ੍ਹਾ ਤਰਤ ਤਾਰਨ ਦੇ ਪਿੰਡ ਸ਼ਾਹਪੁਰਾ ਨਾਲ ਸਬੰਧਤ ਹਨ। ਉਹ ਪੰਜਾਬ ਤੋਂ ਐੱਮਬੀਏ ਕਰਨ ਉਪਰੰਤ ਸੁਨਹਿਰੀ ਭਵਿੱਖ ਲਈ ਐਡੀਲੇਡ ਆਏ ਸਨ। ਇੱਥੇ ਉਨ੍ਹਾਂ ਦੀ  ਟਰਾਂਸਪੋਰਟ ਦੇ ਕਾਰੋਬਾਰ ਦੇ ਨਾਲ ਸਮਾਜਿਕ ਕੰਮਾਂ ਵਿੱਚ ਦਿਲਚਸਪੀ ਹੋਣ ਕਾਰਨ ਉਹ ਪੰਜਾਬੀ/ਭਾਰਤੀ ਸਭਿਆਚਾਰਕ ਗਤੀਵਿਧੀਆਂ ਸਮੇਤ ਸਮਾਜਿਕ ਤੇ ਰਾਜਨੀਤਕ ਖੇਤਰ ਵਿੱਚ ਸਰਗਰਮੀ ਨਾਲ ਸੇਵਾਵਾਂ ਨਿਭਾਉਂਦੇ ਆ ਰਹੇ ਹਨ। ਇੱਥੋਂ ਦੀਆਂ ਵੱਖ-ਵੱਖ ਸੰਸਥਾਵਾਂ ਵਿੱਚ ਅਹੁਦੇਦਾਰ ਵਜੋਂ ਮਿਲੀ ਜ਼ਿੰਮੇਵਾਰੀ ਨੂੰ ਸਫ਼ਲਤਾਪੂਰਵਕ ਨਿਭਾਉਣ ਕਾਰਨ ਲੋਕਾਂ ਵਿੱਚ ਉਨ੍ਹਾਂ ਦਾ ਅਕਸ ਕਾਫ਼ੀ ਚੰਗਾ ਹੈ। ਤ੍ਰਿਮਾਣ ਗਿੱਲ ਨੇ ਭਾਰਤੀਆਂ ਸਮੇਤ ਪਰਵਾਸੀ ਭਾਈਚਾਰੇ ਨੂੰ ਲੇਬਰ ਪਾਰਟੀ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕਰਦਿਆਂ ਭਰੋਸਾ ਦਿੱਤਾ ਕਿ ਉਹ ਭਾਰਤੀਆਂ ਸਮੇਤ ਪਰਵਾਸੀ ਭਾਈਚਾਰੇ ਦੀਆਂ ਮੁਸ਼ਕਲਾਂ ਤੇ ਹੋਰ ਮਸਲਿਆਂ ਨੂੰ ਗੰਭੀਰਤਾ ਨਾਲ ਵਿਚਾਰਦਿਆਂ ਪਾਰਟੀ ਤੇ ਸਰਕਾਰ ਤੱਕ ਪਹੁੰਚਾਉਣ ਲਈ ਹਮੇਸ਼ਾਂ ਯਤਨਸ਼ੀਲ ਰਹਿਣਗੇ।