ਉੱਘੀ ਅਦਾਕਾਰਾ ਸ੍ਰੀਦੇਵੀ ਦੀ ਮੌਤ ਬਣੀ ਭੇਦ

ਉੱਘੀ ਅਦਾਕਾਰਾ ਸ੍ਰੀਦੇਵੀ ਦੀ ਮੌਤ ਬਣੀ ਭੇਦ

ਪਹਿਲਾਂ ਕਿਹਾ ‘ਦਿਲ ਦਾ ਦੌਰਾ’ ਹੁਣ ਕਹਿੰਦੇ ‘ਬਾਥ ਟੱਬ ਵਿੱਚ ਡੁੱਬਣ ਕਾਰਨ ਵਾਪਰਿਆ ਦੁਖਾਂਤ

ਸ੍ਰੀਦੇਵੀ ਦੇ ਇੰਤਕਾਲ ਮਗਰੋਂ ਮੁੰਬਈ ‘ਚ ਅਨਿਲ ਕਪੂਰ ਦੀ ਰਿਹਾਇਸ਼ ‘ਤੇ ਸੋਮਵਾਰ ਨੂੰ ਅਫ਼ਸੋਸ ਪ੍ਰਗਟਾਉਣ ਜਾਂਦੇ ਹੋਏ ਮਾਧੁਰੀ ਦੀਕਸ਼ਿਤ ਅਤੇ ਉਸ ਦਾ ਪਤੀ ਸ੍ਰੀਰਾਮ ਨੇਨੇ।

ਦੁਬਈ/ਬਿਊਰੋ ਨਿਊਜ਼
ਬਾਲੀਵੁੱਡ ਅਦਾਕਾਰਾ ਸ੍ਰੀਦੇਵੀ ਦੀ ਮੌਤ ਦੀ ਘਟਨਾ ਨੂੰ ਨਵਾਂ ਮੋੜ ਦਿੰਦਿਆਂ ਸੰਯੁਕਤ ਅਰਬ ਅਮੀਰਾਤ (ਯੂਏਈ) ਸਰਕਾਰ ਨੇ ਅੱਜ ਕਿਹਾ ਕਿ 54 ਸਾਲਾ ਅਦਾਕਾਰਾ ਦੀ ਮੌਤ ਬੇਹੋਸ਼ੀ ਦੇ ਆਲਮ ਵਿੱਚ ਬਾਥ ਟੱਬ ਵਿੱਚ ਡੁੱਬ ਜਾਣ ਕਾਰਨ ਹੋਈ ਹੈ। ਇਹ ਜਾਣਕਾਰੀ ਦੁਬਈ ਪੁਲੀਸ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਉਤੇ ਦਿੱਤੀ ਹੈ। ਪੁਲੀਸ ਨੇ ਕਿਹਾ ਕਿ ਇਸ ਕਾਰਨ ਕੇਸ ਦੀ ਜਾਂਚ ‘ਦੁਬਈ ਪਬਲਿਕ ਪ੍ਰਾਸੀਕਿਊਸ਼ਨ’ ਹਵਾਲੇ ਕਰ ਦਿੱਤੀ ਗਈ ਹੈ, ਜਿਸ ਦੇ ਸਿੱਟੇ ਵਜੋਂ ਲਾਸ਼ ਨੂੰ ਭਾਰਤ ਲਿਆਉਣ ਦੀ ਕਾਰਵਾਈ ਵਿੱਚ ਦੇਰ ਹੋ ਸਕਦੀ ਹੈ।
ਯੂਏਈ ਸਰਕਾਰ ਦੇ ਮੀਡੀਆ ਦਫ਼ਤਰ ਨੇ ਆਪਣੀ ਟਵੀਟ ਵਿੱਚ ਕਿਹਾ, ”ਪੋਸਟਮਾਰਟਮ  ਮੁਕੰਮਲ ਹੋਣ ਤੋਂ ਬਾਅਦ ਦੁਬਈ ਪੁਲੀਸ ਹੈੱਡਕੁਆਰਟਰ ਨੇ ਅੱਜ ਦੱਸਿਆ ਕਿ ਭਾਰਤੀ ਅਦਾਕਾਰਾ  ਸ੍ਰੀਦੇਵੀ ਦੀ ਮੌਤ ਆਪਣੇ ਹੋਟਲ ਦੇ ਕਮਰੇ ਵਿੱਚ ਬੇਹੋਸ਼ੀ ਕਾਰਨ ਬਾਥ ਟੱਬ ਵਿੱਚ ਡੁੱਬ ਜਾਣ  ਕਾਰਨ ਹੋਈ ਹੈ।” ਹਾਲੇ ਇਹ ਸਾਫ਼ ਨਹੀਂ ਹੋ ਸਕਿਆ ਕਿ ਬੇਹੋਸ਼ ਹੋਣ ਦਾ ਕੀ ਕਾਰਨ ਸੀ ਤੇ ਕੀ ਅਦਾਕਾਰਾ ਨੂੰ ਦਿਲ ਦਾ ਦੌਰਾ ਪੈਣ ਦੀ ਪਹਿਲੀ ਰਿਪੋਰਟ ਕਿਥੇ ਖੜ੍ਹੀ ਹੈ। ਅਜਿਹੀਆਂ ਰਿਪੋਰਟਾਂ ਕਾਰਨ ਅਦਾਕਾਰਾ ਦੀ ਮੌਤ ਸਬੰਧੀ ਪਹਿਲਾਂ ਹੀ ਬਣਿਆ ਭੇਤ ਗਹਿਰਾ ਗਿਆ ਹੈ। ਭਾਰਤੀ ਫਿਲਮ ਸਨਅਤ ਦੀ ਪਹਿਲੀ ਮਹਿਲਾ ਸੁਪਰਸਟਾਰ ਮੰਨੀ ਜਾਂਦੀ ਸ੍ਰੀਦੇਵੀ (54) ਦੀ ਸ਼ਨਿੱਚਰਵਾਰ ਰਾਤ ਨੂੰ ਮੌਤ ਹੋ ਗਈ ਸੀ। ਇਕ ਅਖ਼ਬਾਰ ਮੁਤਾਬਕ ਜਦੋਂ ਘਟਨਾ ਵਾਪਰੀ, ਉਹ ਰਾਤ ਦੇ ਖਾਣੇ ‘ਤੇ ਆਉਣ ਲਈ ਤਿਆਰ ਹੋ ਰਹੀ ਸੀ। ਦੁਬਈ ਆਧਾਰਤ ਰੋਜ਼ਨਾਮਾ ‘ਗਲਫ਼ ਨਿਊਜ਼’ ਨੇ ਆਪਣੀ ਰਿਪੋਰਟ ਵਿੱਚ ਲਿਖਿਆ ਹੈ ਕਿ ਅਦਾਕਾਰਾ ਨੇ ਉਸ ਵਕਤ ਸ਼ਰਾਬ ਪੀਤੀ ਹੋਈ ਸੀ। ਉਹ ਬਾਥ ਟੱਬ ਵਿੱਚ ਡਿੱਗ ਕੇ ਡੁੱਬ ਗਈ। ਇਸ ਨਾਲ ਯੂਏਈ (ਸੰਯੁਕਤ ਅਰਬ ਅਮੀਰਾਤ) ਸਰਕਾਰ ਦੀ ਫੋਰੈਂਸਿਕ ਰਿਪੋਰਟ ਵੀ ਦਿੱਤੀ ਗਈ ਹੈ, ਜਿਸ ਵਿੱਚ ਮੌਤ ਦਾ ਕਾਰਨ ‘ਅਚਾਨਕ ਡੁੱਬਣਾ’ ਲਿਖਿਆ ਗਿਆ ਹੈ। ਇਸ ‘ਤੇ ਯੂਏਈ ਦੇ ਸਿਹਤ ਮੰਤਰਾਲੇ ਦੀ ਮੋਹਰ ਲੱਗੀ ਹੋਈ ਹੈ। ਇਸ ‘ਤੇ ਉਸ ਦਾ ਪੂਰਾ ਨਾਂ ‘ਸ੍ਰੀਦੇਵੀ ਬੋਨੀ ਕਪੂਰ ਅਈਅੱਪਨ’ ਤੇ ਹੋਰ ਵੇਰਵੇ ਵੀ ਲਿਖੇ ਹਨ।
ਇਸ ਦੌਰਾਨ ਸ੍ਰੀਦੇਵੀ ਦਾ ਪਰਿਵਾਰ ਤੇ ਭਾਰਤੀ ਅਧਿਕਾਰੀ ਅੱਜ ਯੂਏਈ ਅਧਿਕਾਰੀਆਂ ਤੋਂ ਉਸ ਦੀ ਮੌਤ ਨਾਲ ਸਬੰਧਤ ਦਸਤਾਵੇਜ਼ਾਂ ਦੀ ਉਡੀਕ ਕਰਦੇ ਰਹੇ, ਪਰ ਖ਼ਬਰ ਲਿਖੇ ਜਾਣ ਤੱਕ ਉਨ੍ਹਾਂ ਨੂੰ ਦਸਤਾਵੇਜ਼ ਨਹੀਂ ਸਨ ਮਿਲੇ। ਇਸ ਕਾਰਨ ਉਸ ਦੀ ਲਾਸ਼ ਨੂੰ ਭਾਰਤ ਲਿਆਉਣ ਵਿੱਚ ਵੀ ਦੇਰੀ ਹੋ ਗਈ। ਇਥੇ ਸਥਿਤ ਭਾਰਤੀ ਕੌਂਸਲਖ਼ਾਨੇ ਦੇ ਇਕ ਅਧਿਕਾਰੀ ਨੇ ਕਿਹਾ, ”ਸਾਨੂੰ ਮ੍ਰਿਤਕ ਦੇਹ ਲਿਜਾਣ ਤੋਂ ਪਹਿਲਾਂ ਫੋਰੈਂਸਿਕ ਸਰਟੀਫਿਕੇਟ, ਮੌਤ ਦੇ ਸਰਟੀਫਿਕੇਟ ਅਤੇ ਲਾਸ਼ ਨੂੰ ਲੇਪ ਲਾਉਣ ਸਬੰਧੀ ਸਰਟੀਫਿਕੇਟ ਦੀ ਲੋੜ ਹੈ।”