ਲੰਡਨ ‘ਚ ਲੱਗੇਗਾ ਮਹਾਰਾਜਾ ਰਣਜੀਤ ਸਿੰਘ ਦੀ ਪੋਤਰੀ ਦਾ ਬੁੱਤ

ਲੰਡਨ ‘ਚ ਲੱਗੇਗਾ ਮਹਾਰਾਜਾ ਰਣਜੀਤ ਸਿੰਘ ਦੀ ਪੋਤਰੀ ਦਾ ਬੁੱਤ

ਸੰਸਦ ਭਵਨ ਦੇ ਸਾਹਮਣੇ ਲੱਗਣ ਵਾਲੇ ਇਸ ਬੁੱਤ ‘ਤੇ ਦਰਜ 
ਹੋਵੇਗੀ ਰਾਜਕੁਮਾਰੀ ਸੋਫੀਆ ਦਲੀਪ ਸਿੰਘ ਦੀ ਜੀਵਨੀ
ਜਲੰਧਰ/ਬਿਊਰੋ ਨਿਊਜ਼:
ਯੂ.ਕੇ. ਵਿਚ ਔਰਤਾਂ ਨੂੰ ਵੋਟ ਦਾ ਹੱਕ ਮਿਲੇ ਨੂੰ 100 ਸਾਲ ਹੋ ਗਏ ਹਨ। ਇਸ ਹੱਕ ਨੂੰ ਦਿਵਾਉਣ ਵਾਲੀ ਮਹਾਰਾਜਾ ਰਣਜੀਤ ਸਿੰਘ ਦੀ ਪੋਤਰੀ ਰਾਜਕੁਮਾਰੀ ਸੋਫੀਆ ਦਲੀਪ ਸਿੰਘ ਦਾ ਜਲਦੀ ਹੀ ਲੰਡਨ ਵਿਚ ਸੰਸਦ ਭਵਨ ਦੇ ਸਾਹਮਣੇ ਬੁੱਤ ਲਗਾਇਆ ਜਾਵੇਗਾ। ਇਸ ‘ਤੇ ਉਨ੍ਹਾਂ ਦੀ ਜੀਵਨੀ ਦਰਜ ਹੋਵੇਗੀ। ਉੱਥੇ ਯੂ.ਕੇ.ੇ ਸਰਕਾਰ ਨੇ ਰਾਜਕੁਮਾਰੀ ਸੋਫੀਆ ਦੇ ਨਾਂ ‘ਤੇ ਬੀਤੇ ਦਿਨੀਂ ਡਾਕ ਟਿਕਟ ਵੀ ਜਾਰੀ ਕੀਤੀ ਸੀ।

ਪ੍ਰਧਾਨ ਮੰਤਰੀ ਦੀ ਕਾਰ ਅੱਗੇ ਲੰਮੀ ਪੈ ਗਈ ਸੀ ਸੋਫੀਆ
ਲੰਡਨ ਦੇ ਪਾਰਲੀਮੈਂਟ ਸਕਵੇਅਰ ਵਿਚ ਹਾਲੇ ਤੱਕ ਸਿਰਫ਼ ਪੁਰਸ਼ਾਂ ਦੇ ਹੀ ਬੁੱਤ ਲੱਗੇ ਹਨ, ਜਿਸ ਵਿਚ ਮਹਾਤਮਾ ਗਾਂਧੀ ਦਾ ਬੁੱਤ ਵੀ ਸ਼ਾਮਲ ਹੈ। ਯੂ.ਕੇ. ਦੇ ਇਤਿਹਾਸ ਵਿਚ ਸੋਫੀਆ ਦਲੀਪ ਸਿੰਘ ਦੇ ਸੰਘਰਸ਼ ਦੀ ਦਾਸਤਾਨ ਦਰਜ ਹੈ। ਉਸ ਨੇ ਔਰਤਾਂ ਨਾਲ ਜ਼ੁਲਮ ਕਰਨ ਵਾਲੇ ਯੂਕੇ ਦੇ ਪੁਲੀਸ ਅਧਿਕਾਰੀਆਂ ਦੇ ਨਾਲ ਪੂਰਾ ਸਾਹਮਣਾ ਕੀਤਾ।
ਉੱਥੇ ਰਾਜਕੁਮਾਰੀ ਸੋਫੀਆ ਨੇ ਯੂ. ਕੇ. ਦੀ ਜਨਤਾ ਵਿਚ ਇਹ ਲਹਿਰ ਪੈਦਾ ਕਰ ਦਿੱਤੀ ਕਿ ਜੇਕਰ ਵੋਟ ਦਾ ਹੱਕ ਨਹੀਂ, ਤਾਂ ਟੈਕਸ ਵੀ ਨਹੀਂ। ਔਰਤਾਂ ਨੂੰ ਵੋਟ ਪਾਉਣ ਦਾ ਹੱਕ ਦਿਵਾਉਣ ਲਈ ਸੋਫੀਆ ਦਲੀਪ ਸਿੰਘ ਏਨਾ ਜ਼ਬਰਦਸਤ ਸੰਘਰਸ਼ ਕਰ ਰਹੀ ਸੀ ਕਿ ਉਸ ਨੇ ਇੱਕ ਵਾਰ ਪ੍ਰਧਾਨ ਮੰਤਰੀ ਦੀ ਕਾਰ ਦੇ ਅੱਗੇ ਲੰਮੇ ਪੈ ਕੇ ਇਸ ਦਾ ਪ੍ਰਦਰਸ਼ਨ ਕੀਤਾ ਸੀ। ਸੋਫੀਆ ਦਲੀਪ ਸਿੰਘ ਦੇ ਸੰਘਰਸ਼ ਦੀ ਸਾਰੀ ਕਹਾਣੀ ਯੂ.ਕੇ. ਦੇ ਇਤਿਹਾਸ ਵਿਚ ਦਰਜ ਹੈ।
ਸਰਕਾਰ ਦਾ ਸ਼ਲਾਘਾਯੋਗ ਕਦਮ : ਸਾਂਸਦ ਢੇਸੀ
ਯੂ.ਕੇ. ਦੇ ਸਲ੍ਹੋ ਹਲਕੇ ਤੋਂ ਸਾਂਸਦ ਤਨਮਨਜੀਤ ਸਿੰਘ ਢੇਸੀ ਦਾ ਕਹਿਣਾ ਹੈ ਕਿ ਸੋਫੀਆ ਦਲੀਪ ਸਿੰਘ ਦੀ ਜੀਵਨੀ ਨੂੰ ਸਾਹਮਣੇ ਲਿਆਉਣਾ ਤੇ ਉਨ੍ਹਾਂ ਦੇ ਨਾਂ ਨਾਲ ਡਾਕ ਟਿਕਟ ਜਾਰੀ ਕਰਨਾ ਇੱਕ ਸ਼ਲਾਘਾਯੋਗ ਕਦਮ ਹੈ। ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ 100 ਸਾਲ ਪਹਿਲਾਂ ਸੋਫੀਆ ਦਲੀਪ ਸਿੰਘ ਨੇ ਔਰਤਾਂ ਲਈ ਕੀ ਕੀਤਾ ਸੀ। ਹਾਲੇ ਤੱਕ ਤਾਂ ਕਾਫੀ ਲੋਕ ਸੋਫੀਆ ਬਾਰੇ ਜਾਣਦੇ ਤੱਕ ਨਹੀਂ ਹਨ।
ਸੰਸਦ ‘ਚ ਵਧੀ ਔਰਤਾਂ ਦੀ ਗਿਣਤੀ
ਬ੍ਰਿਟੇਨ ਦੀ ਸੰਸਦ ਵਿਚ ਇਸ ਵਾਰ ਔਰਤਾਂ ਦੀ ਗਿਣਤੀ ਪਹਿਲਾਂ ਨਾਲੋਂ ਵੱਧੀ ਹੈ। ਇਹੀ ਨਹੀਂ, ਇਸ ਸਮੇਂ ਬ੍ਰਿਟੇਨ ਦੀ ਪ੍ਰਧਾਨ ਮੰਤਰੀ (ਥੈਰੇਸਾ ਮੇ) ਵੀ ਇੱਕ ਔਰਤ ਹੀ ਹੈ। ਉੱਥੇ ਪਹਿਲੀ ਸਿੱਖ ਸਾਂਸਦ ਔਰਤ ਪ੍ਰੀਤ ਕੌਰ ਸ਼ੇਰਗਿਲ ਨੂੰ ਹਾਲੇ ਸ਼ੈਡੋ ਮੰਤਰੀ ਦਾ ਦਰਜਾ ਦਿੱਤਾ ਗਿਆ ਹੈ। ਬ੍ਰਿਟਿਸ਼ ਦੀ ਸੰਸਦ ਵਿਚ 208 ਔਰਤਾਂ ਮੈਂਬਰ ਹਨ, ਜਿਨ੍ਹਾਂ ਵਿਚ ਕੰਜਰਵੇਟਿਵ ਪਾਰਟੀ ਦੀਆਂ 67, ਲੇਬਰ ਪਾਰਟੀ ਦੀਆਂ 119, ਐੱਸਐੱਨਪੀ ਦੀਆਂ 12, ਲਿਬਰਲ ਡੈਮੋਕ੍ਰੇਟਿਕ ਪਾਰਟੀ ਦੀਆਂ 4, ਗਰੀਨ ਪਾਰਟੀ ਦੀ ਇੱਕ ਸਾਂਸਦ ਹੈ, ਜਦ ਕਿ ਉੱਚ ਸਦਨ ਹਾਊਸ ਆਫ ਲਾਰਡ ਵਿਚ ਵੀ 176 ਔਰਤਾਂ ਮੈਂਬਰ ਹਨ।
ਔਰਤਾਂ ਦੇ ਇਸ ਮੁਕਾਮ ‘ਤੇ ਪੁੱਜਣ ਦੀ ਪਹਿਲੀ ਪੌੜੀ ਸੋਫੀਆ ਦਲੀਪ ਸਿੰਘ ਨੇ ਤਿਆਰ ਕੀਤੀ ਸੀ। ਇਹੀ ਕਾਰਨ ਹੈ ਕਿ ਉਨ੍ਹਾਂ ਦੀ ਯਾਦ ਵਿਚ ਇਹ ਸਭ ਕੀਤਾ ਜਾ ਰਿਹਾ ਹੈ।

ਭਾਰਤ ਦਾ 227 ਮੈਂਬਰੀ ਦਲ ਰਾਸ਼ਟਰ ਮੰਡਲ ਖੇਡਾਂ ਵਿਚ ਲਵੇਗਾ ਭਾਗ
ਨਵੀਂ ਦਿੱਲੀ/ਬਿਊਰੋ ਨਿਊਜ਼:
ਭਾਰਤ ਦਾ 227 ਮੈਂਬਰੀ ਵੱਡਾ ਭਾਰਤੀ ਦਲ ਆਸਟ੍ਰੇਲੀਆ ਦੇ ਗੋਲਡ ਕੋਸਟ ਵਿਚ 4 ਤੋਂ 15 ਅਪ੍ਰੈਲ ਤਕ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਵਿਚ ਉਤਰੇਗਾ। ਭਾਰਤੀ ਓਲੰਪਿਕ ਸੰਘ (ਆਈ. ਓ. ਏ.) ਦੇ ਮੁਖੀ ਡਾ. ਨਰਿੰਦਰ ਬੱਤਰਾ ਨੇ ਕੇਂਦਰੀ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ ਤੇ ਖਿਡਾਰੀਆਂ ਦੀ ਮੌਜੂਦਗੀ ਵਿਚ ਇਥੇ ਇਕ ਪ੍ਰੋਗਰਾਮ ਵਿਚ ਇਹ ਐਲਾਨ ਕੀਤਾ।
ਇਸ ਪ੍ਰੋਗਰਾਮ ਵਿਚ ਰੇਮੰਡ ਨੂੰ ਭਾਰਤੀ ਦਲ ਦਾ ਅਧਿਕਾਰਤ ਸਟਾਈਲ ਪਾਰਟਨਰ ਤੇ ਸ਼ਿਵ ਨਰੇਸ਼ ਸਪੋਰਟਸ ਨੂੰ ਅਧਿਕਾਰਤ ਕਿੱਟ ਪਾਰਟਨਰ ਐਲਾਨ ਕੀਤਾ ਗਿਆ। ਭਾਰਤੀ ਦਲ ਵਿਚ ਐਥਲੈਟਿਕਸ ਵਿਚ ਸਭ ਤੋਂ ਵੱਧ 37 ਤੇ ਹਾਕੀ ਵਿਚ 36 ਖਿਡਾਰੀ ਹੋਣਗੇ। ਆਈ. ਓ. ਏ. ਮੁਖੀ ਨੇ ਕਿਹਾ, ”2014 ਵਿਚ ਪਿਛਲੀਆਂ ਗਲਾਸਗੋ ਰਾਸ਼ਟਰਮੰਡਲ ਖੇਡਾਂ ਵਿਚ ਅਸੀਂ 64 ਤਮਗੇ ਜਿੱਤੇ ਸਨ ਪਰ ਇਸ ਵਾਰ ਪੂਰੀ ਉਮੀਦ ਹੈ ਕਿ ਗੋਲਡ ਕੋਸਟ ਵਿਚ ਤਮਗਿਆਂ ਦੀ ਗਿਣਤੀ ਗਲਾਸਗੋ ਤੋਂ ਵੱਧ ਹੋਵੇਗੀ।”