ਮੋਦੀ ਕਹਿੰਦਾ : ਭਾਰਤ ਦੀ ਏਕਤਾ ਨੂੰ ਚੁਣੌਤੀ ਬਰਦਾਸ਼ਤ ਨਹੀ ਕਰਾਂਗੇ

ਮੋਦੀ ਕਹਿੰਦਾ : ਭਾਰਤ ਦੀ ਏਕਤਾ ਨੂੰ ਚੁਣੌਤੀ ਬਰਦਾਸ਼ਤ ਨਹੀ ਕਰਾਂਗੇ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਸਾਂਝੀ ਪ੍ਰੈਸ ਕਾਨਫਰੰਸ
ਮੌਕੇ ਧਰਮ ਨੂੰ ਸਿਆਸੀ ਟੀਚਿਆਂ ਲਈ ਵਰਤਣ ਵਿਰੁਧ ਚਿਤਾਵਨੀ
ਨਵੀਂ ਦਿੱਲੀ/ਬਿਊਰੋ ਨਿਊਜ਼:
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁਕਰਵਾਰ ਨੂੰ ਇਥੇ ਆਪਣੇ ਕੈਨੇਡੀਅਨ ਹਮਰੁਤਬਾ ਜਸਟਿਨ ਟਰੂਡੋ ਨਾਲ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਦ੍ਰਿੜ੍ਹ ਸੁਨੇਹਾ ਦਿੰਦਿਆਂ ਆਖਿਆ ਕਿ ਭਾਰਤ ਦੀ ਪ੍ਰਭੂਤਾ ਤੇ ਏਕਤਾ ਲਈ ਚੁਣੌਤੀ ਪੈਦਾ ਕਰਨ ਵਾਲਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੀ ਇਸ ਟਿੱਪਣੀ ਨੂੰ ਕੈਨੇਡਾ ਦੇ ਖ਼ਾਲਿਸਤਾਨੀਆਂ ਪ੍ਰਤੀ ਨਰਮ ਰੁਖ਼ ‘ਤੇ ਤਿੱਖੀ ਚੋਟ ਵਜੋਂ ਦੇਖਿਆ ਜਾ ਰਿਹਾ ਹੈ।
ਇਸ ਤੋਂ ਪਹਿਲਾਂ ਦੋਵਾਂ ਪ੍ਰਧਾਨ ਮੰਤਰੀਆਂ ਨੇ ਵੱਖ-ਵੱਖ ਮੁੱਦਿਆਂ ‘ਤੇ ਵਿਆਪਕ ਗੱਲਬਾਤ ਕੀਤੀ। ਰਾਸ਼ਟਰਪਤੀ ਭਵਨ ਵਿੱਚ ਸ੍ਰੀ ਟਰੂਡੋ ਦਾ ਰਸਮੀ ਸਵਾਗਤ ਕੀਤਾ ਗਿਆ, ਜਿਸ ਦੌਰਾਨ ਸ੍ਰੀ ਮੋਦੀ ਨੇ ਉਨ੍ਹਾਂ ਦਾ ਗਲਵੱਕੜੀ ਪਾ ਕੇ ਨਿੱਘਾ ਸਵਾਗਤ ਕੀਤਾ। ਸ੍ਰੀ ਮੋਦੀ ਨੇ ਆਖਿਆ, ”ਧਰਮ ਨੂੰ ਸਿਆਸੀ ਟੀਚਿਆਂ ਲਈ ਵਰਤਣ ਤੇ ਫੁੱਟ ਪਾਉਣ ਵਾਲਿਆਂ ਲਈ ਸਮਾਜ ਵਿੱਚ ਕੋਈ ਥਾਂ ਨਹੀਂ ਹੋਣੀ ਚਾਹੀਦੀ। ਜੋ ਵੀ ਸਾਡੇ ਮੁਲਕਾਂ ਦੀ ਪ੍ਰਭੂਤਾ, ਏਕਤਾ ਤੇ ਅਖੰਡਤਾ ਨੂੰ ਵੰਗਾਰਨਗੇ, ਉਨ੍ਹਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।” ਗੱਲਬਾਤ ਤੋਂ ਬਾਅਦ ਦੋਵਾਂ ਧਿਰਾਂ ਨੇ ਊਰਜਾ, ਸੂਚਨਾ ਤਕਨਾਲੋਜੀ, ਵਪਾਰ, ਸਾਇੰਸ ਤੇ ਖੇਡਾਂ ਆਦਿ ਵਿੱਚ ਸਹਿਯੋਗ ਵਧਾਉਣ ਲਈ ਛੇ ਸਮਝੌਤਿਆਂ ‘ਤੇ ਵੀ ਸਹੀ ਪਾਈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਵੀ ਸ੍ਰੀ ਟਰੂਡੋ ਨਾਲ ਗੱਲਬਾਤ ਕੀਤੀ।
ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਤੇ ਸ੍ਰੀ ਟਰੂਡੋ ਦਰਮਿਆਨ  ਦਹਿਸ਼ਤਗਰਦੀ ਤੇ ਵੱਖਵਾਦ ਦੇ ਟਾਕਰੇ ਲਈ ਰਜ਼ਾਮੰਦੀ ਬਣੀ ਹੈ। ਦੋਵਾਂ ਮੁਲਕਾਂ ਦੇ ਕੌਮੀ ਸਲਾਮਤੀ ਸਲਾਹਕਾਰਾਂ ਨੇ ‘ਦਹਿਸ਼ਤਗਰਦੀ ਅਤੇ ਹਿੰਸਕ ਵੱਖਵਾਦ ਦੇ ਟਾਕਰੇ ਲਈ ਸਹਿਯੋਗ ਸਬੰਧੀ ਰੂਪ-ਰੇਖਾ’ ਨੂੰ ਅੰਤਿਮ ਰੂਪ ਦਿੱਤਾ ਹੈ। ਇਸ ਦਸਤਾਵੇਜ਼ ਵਿੱਚ ਬੱਬਰ ਖ਼ਾਲਸਾ ਇੰਟਰਨੈਸ਼ਨਲ, ਸਿੱਖ ਯੂਥ ਫੈਡਰੇਸ਼ਨ ਤੋਂ ਇਲਾਵਾ ਲਸ਼ਕਰੇ-ਤੋਇਬਾ ਅਤੇ ਆਧਾਰਤ ਜੈਸ਼-ਏ-ਮੁਹੰਮਦ ਆਦਿ ਤੋਂ ਦਰਪੇਸ਼ ਦਹਿਸ਼ਤੀ ਖ਼ਤਰਿਆਂ ਨੂੰ ਨਾਕਾਮ ਕਰਨ ਦਾ ਅਹਿਦ ਕੀਤਾ ਹੈ। ਇਸ ਦੌਰਾਨ ਕੈਨੇਡੀਅਨ ਮੀਡੀਆ ਰਿਪੋਰਟਾਂ ਮੁਤਾਬਕ ਕੈਨੇਡਾ ਦੀ ਖ਼ੁਫ਼ੀਆ ਏਜੰਸੀ ਨੂੰ ਜਸਪਾਲ ਅਟਵਾਲ ਵੱਲੋਂ ਸ੍ਰੀ ਟਰੂਡੋ ਦੇ ਸਮਾਗਮਾਂ ਵਿੱਚ ਸ਼ਮੂਲੀਅਤ ਕੀਤੇ ਜਾਣ ਦੇ ਮਾੜੇ ਸਿੱਟਿਆਂ ਬਾਰੇ ਖ਼ਬਰਦਾਰ ਕੀਤਾ ਗਿਆ ਸੀ। ਗ਼ੌਰਤਲਬ ਹੈ ਕਿ ਸਜ਼ਾਯਾਫ਼ਤਾ ਖ਼ਾਲਿਸਤਾਨੀ ਅਟਵਾਲ ਨੂੰ ਬੀਤੇ ਦਿਨ ਇਥੇ ਕੈਨੇਡੀਅਨ ਹਾਈ ਕਮਿਸ਼ਨ ਵਿੱਚ ਰਾਤਰੀ ਭੋਜ ਲਈ ਸੱਦਾ ਦਿੱਤੇ ਜਾਣ ਕਾਰਨ ਵਿਵਾਦ ਪੈਦਾ ਹੋ ਗਿਆ ਸੀ। ਰਿਪੋਰਟਾਂ ਮੁਤਾਬਕ ਅਟਵਾਲ ਬਾਰੇ ਕੈਨੇਡੀਅਨ ਸਕਿਉਰਿਟੀ ਇੰਟੈਲੀਜੈਂਸ ਸਰਵਿਸ (ਸੀਐਸਆਈਐਸ) ਨੂੰ ਇਹ ਜਾਣਕਾਰੀ 17 ਫਰਵਰੀ ਨੂੰ ਦਿੱਤੀ ਗਈ ਸੀ।

ਵਿਦੇਸ਼ੀ ਸਿੱਖਾਂ ਨੂੰ ਟਰੂਡੋ ਦੇ ਦੌਰੇ ਤੋਂ ਵੱਡੀਆਂ ਆਸਾਂ
ਅੰਮ੍ਰਿਤਸਰ/ਬਿਊਰੋ ਨਿਊਜ਼:
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਅਤੇ ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਿੱਘਾ ਸਵਾਗਤ ਕੀਤੇ ਜਾਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੂੰ ਆਸ ਹੈ ਕਿ ਇਹ ਦੌਰਾ ਵਿਸ਼ਵ ਭਰ ਵਿੱਚ ਵਸਦੇ ਸਿੱਖ ਭਾਈਚਾਰੇ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਮਦਦਗਾਰ ਸਾਬਤ ਹੋਵੇਗਾ। ਕਮੇਟੀ ਨੂੰ ਆਸ ਹੈ ਕਿ ਇਸ ਦੌਰੇ ਨਾਲ ਸਿੱਖ ਸਬੰਧਾਂ ਬਾਰੇ ਚਰਚਾ ਦਾ ਦੌਰ ਸ਼ੁਰੂ ਹੋਵੇਗਾ, ਜਿਸ ਨਾਲ ਸਿੱਖ ਧਰਮ ਅਤੇ ਕੌਮ ਬਾਰੇ ਵੀ ਪ੍ਰਚਾਰ ਹੋਵੇਗਾ।  ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕਿਹਾ ਕਿ ਇਸ ਦੌਰੇ ਨਾਲ ਵਿਸ਼ਵ ਪੱਧਰ ‘ਤੇ ਸਿੱਖਾਂ ਬਾਰੇ ਚਰਚਾ ਹੋਵੇਗੀ ਜਿਸ ਨਾਲ ਸਿੱਖ ਪਛਾਣ ਦੀ ਸਮੱਸਿਆ ਹੱਲ ਕਰਨ ‘ਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਜਦੋਂ ਸੂਚਨਾ ਕੇਂਦਰ ਵਿੱਚ ਪ੍ਰਧਾਨ ਮੰਤਰੀ ਟਰੂਡੋ ਨੂੰ ਸਨਮਾਨਿਤ ਕੀਤਾ ਜਾ ਰਿਹਾ ਸੀ ਤਾਂ ਉਸ ਵੇਲੇ ਉਨ੍ਹਾਂ ਦੇ ਦੋ ਬੱਚਿਆਂ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਮਾਡਲ ਦਿੱਤੇ ਗਏ। ਇਸ ਮੌਕੇ ਪ੍ਰਧਾਨ ਮੰਤਰੀ ਨੇ ਖ਼ੁਦ ਆਪਣੇ ਤੀਜੇ ਬੱਚੇ ਲਈ ਵੀ ਮਾਡਲ ਦੇਣ ਦੀ ਮੰਗ ਕੀਤੀ। ਉਨ੍ਹਾਂ ਆਪਣੇ ਬੱਚਿਆਂ ਨੂੰ ਆਖਿਆ ਕਿ ਉਹ ਘਰ ਪਰਤ ਕੇ ਆਪਣੇ ਸਕੂਲ ਅਤੇ ਹੋਰ ਸਾਥੀਆਂ ਨੂੰ ਇਸ ਬਾਰੇ ਜ਼ਰੂਰ ਦੱਸਣ। ਉਨ੍ਹਾਂ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਨੂੰ ਸ੍ਰੀ ਸਾਹਿਬ ਭੇਟ ਕਰਨ ਦਾ ਫ਼ੈਸਲਾ ਕੀਤਾ ਗਿਆ ਤਾਂ ਉਸ ਵੇਲੇ ਸੁਰੱਖਿਆ ਅਮਲੇ ਵੱਲੋਂ ਕ੍ਰਿਪਾਨ ਦੀ ਮਹੱਤਤਾ ਬਾਰੇ ਪੁੱਛਿਆ ਗਿਆ, ਜਿਸ ਨਾਲ ਉਨ੍ਹਾਂ ਨੂੰ ਸਿੱਖ ਧਰਮ ਵਿੱਚ ਸ੍ਰੀ ਸਾਹਿਬ ਦੀ ਮਹੱਤਤਾ ਬਾਰੇ ਪਤਾ ਲੱਗਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਆਪਣੇ ਨਿੱਜੀ ਫੇਸਬੁੱਕ ਖਾਤੇ ‘ਤੇ ਵੀ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਦਿੱਤੇ ਗਏ ਮਾਣ-ਸਨਮਾਨ ਦਾ ਜ਼ਿਕਰ ਕੀਤਾ ਹੈ।

ਟਰੂਡੋ ਨੇ ਤੋਹਫੇ ਵਜੋਂ ਦਿੱਤਾ ਯਾਦਗਾਰੀ ਸਿੱਕਾ
ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਆਏ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਇੱਕ ਯਾਦਗਾਰੀ ਸਿੱਕਾ ਯਾਦਗਾਰੀ ਸਿੱਕਾ ਤੋਹਫ਼ੇ ਵਜੋਂ ਦਿੱਤਾ ਹੈ। ਇਹ ਸੁਨਹਿਰੀ ਸਿੱਕਾ ਪ੍ਰਧਾਨ ਮੰਤਰੀ ਨੇ ਸ੍ਰੀ ਲੌਂਗੋਵਾਲ ਨੂੰ ਉਸ ਵੇਲੇ ਦਿੱਤਾ ਜਦੋਂ ਸ਼੍ਰੋਮਣੀ ਕਮੇਟੀ ਵੱਲੋਂ ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿੱਚ ਸਨਮਾਨਿਤ ਕੀਤਾ ਜਾ ਰਿਹਾ ਸੀ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਇਸ ਸੁਨਹਿਰੀ ਸਿੱਕੇ ‘ਤੇ ਮੈਪਲ ਦਰੱਖ਼ਤ ਉਕਰਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਸ ਯਾਦਗਾਰੀ ਸਿੱਕੇ ਨੂੰ ਕੇਂਦਰੀ ਸਿੱਖ ਅਜਾਇਬਘਰ ਵਿੱਚ ਰੱਖਣ ਦਾ ਆਦੇਸ਼ ਕੀਤਾ ਹੈ ਅਤੇ ਇਸ ਕਾਰਜ ਲਈ ਉਨ੍ਹਾਂ ਇਹ ਸਿੱਕਾ ਆਪਣੇ ਨਿੱਜੀ ਸਹਾਇਕ ਜਗਜੀਤ ਸਿੰਘ ਜੱਗੀ ਨੂੰ ਸੌਂਪ ਦਿੱਤਾ ਹੈ।