‘ਟੋਪੀ ਆਲਿਆਂ’ ਦੀ ਟੈਂ ਟੈਂ ਈ ਪਿੱਛਾ ਨੀਂ ਛਡਦੀ !

‘ਟੋਪੀ ਆਲਿਆਂ’ ਦੀ ਟੈਂ ਟੈਂ ਈ ਪਿੱਛਾ ਨੀਂ ਛਡਦੀ !

ਕਮਲ ਦੁਸਾਂਝ

‘ਟੋਪੀ ਆਲਿਆਂ’ ਦੀ ਟੈਂ ਟੈਂ ਈ ਪਿੱਛਾ ਨੀਂ ਛਡਦੀ !
ਕੈਪਟਨ ਅਮਰਿੰਦਰ-ਆਹ ‘ਆਪ’ ਵਾਲਿਆਂ ਨੇ ਮੇਰੇ ਨੱਕ ‘ਚ ਦਮ ਕੀਤਾ ਹੋਇਐ!
ਸੁਥਰਾ- ਰਾਜਾ ਸਾਹਿਬ ਇਹ ਤਾਂ ਸਿਆਸਤ ਐ, ਉਨ੍ਹਾਂ ਭਲਾ ਤੁਹਾਨੂੰ ਅਜਿਹਾ ਕੀ ਕਹਿ ਦਿੱਤਾ।
ਕੈਪਟਨ- ਸੁਥਰਿਆ ਟਿਕਣ ਹੀ ਨਹੀਂ ਦਿੰਦੇ…ਪਹਿਲਾਂ ਕਹੀ ਗਏ ਕਿ ਕੈਪਟਨ ਤੇ ਬਾਦਲ ਤਾਂ ਰਲੇ ਹੋਏ ਨੇ…ਇਹ ਮਿਲ ਕੇ ਚੋਣਾਂ ਲੜ ਰਹੇ ਨੇ…ਹਿੰਮਤ ਐ ਤਾਂ ਕੈਪਟਨ ਬਾਦਲ ਖ਼ਿਲਾਫ਼ ਚੋਣ ਲੜ ਕੇ ਦਿਖਾਉਣ।
ਸੁਥਰਾ- ਸਾਹਿਬ ਬਹਾਦਰ, ਉਂ ਤਾਂ ਇਹਦੇ ‘ਚ ਸ਼ੱਕ ਕੋਈ ਨਹੀਂ, ਪਰ ਤੁਸੀਂ ਤਾਂ ਹੁਣ ਵੱਡੇ ਬਾਦਲ ਖ਼ਿਲਾਫ਼ ਮੈਦਾਨ ਵਿਚ ਨਿਤਰ ਹੀ ਪਏ ਹੋ, ਹੁਣ ਕਾਹਦਾ ਗਿਲਾ।
ਕੈਪਟਨ- ਨਾ ਸੁਥਰਿਆ, ਗਿਲਾ ਮੈਨੂੰ ਕਾਹਦਾ, ਭੁੜਕੀ ਤਾਂ ‘ਆਪ’ ਵਾਲੇ ਜਾਂਦੇ ਨੇ…ਕਿਸੇ ਪਾਸੇ ਜੀਣ ਨਹੀਂ ਦਿੰਦੇ। ਹੁਣ ਕਹਿੰਦੇ-ਅਖੇ, ‘ਕੈਪਟਨ ਨੇ ਤਾਂ ਬਾਦਲ ਦਾ ਪੱਖ ਪੂਰਿਐ…ਬਾਦਲ ਡਰ ਗਿਆ ਸੀ ਤੇ ਉਹਨੇ ਕੈਪਟਨ ਨੂੰ ਸੱਦ ਲਿਆ ਕੇ ਵੀਰ ਆ ਕੇ ਬਚਾ…ਹੁਣ ਵੋਟਾਂ ਵੰਡੀਆਂ ਜਾਣਗੀਆਂ ਤੇ ਇਹਦਾ ਲਾਹਾ ਬਾਦਲ ਨੂੰ ਹੋ ਜਾਉ…। ਭਲਾ ਇਨ੍ਹਾਂ ਨੂੰ ਪੁਛੇ ਜੇ ਮੈਂ ਹਾਰ ਗਿਆ ਤਾਂ ਨੱਕ ਤਾਂ ਮੇਰਾ ਵਢਿਆ ਜਾਉ, ਬਈ ਬੜੀਆਂ ਡੀਂਗਾਂ ਮਾਰਦਾ ਸੀ ਕਿ ਬਾਦਲਾਂ ਦੇ ਫੱਟੇ ਚੁੱਕ ਦੂੰ ਤੇ ਆਖ਼ਰੀ ਚੋਣ ਹਾਰ ਗਿਆ। ਕੀ ਕਰਾਂ ਮੈਂ ਇਨ੍ਹਾਂ ਟੋਪੀ ਵਾਲਿਆਂ ਦੀ ਟੈਂ ਟੈਂ  ਦਾ?!!!
ਅੱਛੇ ਦਿਨ ਹੋਏ ਗੁੱਲ!!
ਜਦੋਂ ਬੁਰਾ ਵਕਤ ਆਉਂਦੈ, ਉਦੋਂ ਪਰਛਾਵਾਂ ਵੀ ਸਾਥ ਛੱਡ ਦਿੰਦੈ। ਇਨ੍ਹੀਂ ਦਿਨੀਂ ਪੰਜਾਬ ਵਿਚ ਸੱਤਾ ਵਿਰੋਧੀ ਲਹਿਰ ਦੇ ਚਲਦਿਆਂ ਬਾਦਲਾਂ ਦੇ ਵੀ ‘ਅੱਛੇ ਦਿਨ’ ਲੱਦ ਗਏ ਲਗਦੇ ਹਨ। ਹੁਣ ਤਕ ਜਿਹੜੇ ਦਾਅਵੇ ਕੀਤੇ ਜਾ ਰਹੇ ਸਨ, ਉਹ ਵੀ ਮੂੰਹ ਚਿੜਾਉਂਦੇ ਪ੍ਰਤੀਤ ਹੋ ਰਹੇ ਹਨ। ਲੁਧਿਆਣਾ ਦੇ ਸੁਨੇਤ ਇਲਾਕੇ ਵਿਚ ਰੈਲੀ ਨੂੰ ਸੰਬੋਧਨ ਕਰਦਿਆਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਆਪਣੇ ਰਾਜ ਦੀਆਂ ਡੀਂਗਾਂ ਮਾਰ ਰਹੇ ਸਨ। ਉਨ੍ਹਾਂ ਬੜੇ ਜੋਸ਼ੀਲੇ ਅੰਦਾਜ਼ ਵਿਚ ਕਿਹਾ-‘ਭਰਾਵੋ ਅਸੀਂ ਜੋ ਕਿਹਾ ਸੀ, ਕਰਕੇ ਦਿਖਾ ‘ਤਾ, ਪੰਜਾਬ ‘ਚ ਬਿਜਲੀ ਸਰਪਲਸ ਕੀਤੀ।’ ਇਸ ਤੋਂ ਪਹਿਲਾਂ ਕਿ ਅਗਲਾ ਵਾਕ ਬੋਲਦੇ, ਬਿਜਲੀ ਗੁੱਲ ਹੋ ਗਈ। ਲਗਦਾ ਬਿਜਲੀ ਵੀ ਉਨ੍ਹਾਂ ਦੇ ਝੂਠੇ ਲਾਅਰਿਆਂ, ਦਾਅਵਿਆਂ ਤੋਂ ਤੰਗ ਆ ਕੇ ਨਾਰਾਜ਼ ਹੋ ਗਈ-ਉਹਨੇ ਵੀ ਅੱਗੋਂ ਆਪਣਾ ਜਲਵਾ ਦਿਖਾ ਦਿੱਤਾ-”ਭਰਾਵਾ ਪਹਿਲਾਂ ਲੋਕਾਂ ਦੇ ਘਰੇ ਲਾਟੂ ਬਲਦੇ ਤਾਂ ਕਰਦੇ, ਫੇਰ ਸਰਪਲਸ ਬਿਜਲੀ ਦਾ ਰਾਗ ਅਲਾਪੀਂ।”!!

ਹੁਣ ਤਾਂ ਮੂੰਹ ‘ਚ ਬੁਰਕੀਆਂ ਪਾਵਾਂਗੇ!!
ਸ਼੍ਰੋਮਣੀ ਅਕਾਲੀ ਦਲ ਨੇ ਵੀ ਆਖ਼ਰ ਆਪਣਾ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ। ਹੁਣ ਤਕ ਪੰਜਾਬ ਵਿਚ ਬੱਜਰੀ, ਰੇਤੇ, ਟਰਾਂਸਪੋਰਟ ਤੋਂ ਲੈ ਕੇ ਹਰ ਚੀਜ਼ ਦੀ ਲੁੱਟ ਮੱਚੀ ਰਹੀ…ਬਜਟ ਵਿਚ ਲੋਕਾਂ ਨੂੰ ਠੇਂਗਾ ਮਿਲਦਾ ਰਿਹਾ…ਵਿਧਾਇਕਾਂ-ਮੰਤਰੀਆਂ ਦੀਆਂ ਤਨਖ਼ਾਹਾਂ ਵਧਦੀਆਂ ਰਹੀਆਂ, ਮਹਿੰਗੀਆਂ ਗੱਡੀਆਂ ਮਿਲਦੀਆਂ ਰਹੀਆਂ, ਜਾਇਦਾਦਾਂ ਵਧਦੀਆਂ ਗਈਆਂ ਉਦੋਂ ਬਾਦਲ ਸਰਕਾਰ ਨੂੰ ਲੋਕਾਂ ਦਾ ਧਿਆਨ ਨਾ ਆਇਆ। ਜੋ ਕੁਝ ਬਜਟ ‘ਚ ਨਹੀਂ ਦਿੱਤਾ, ਹੁਣ ਚੋਣ ਮੈਨੀਫੈਸਟੋ ਵਿਚ ਦੇ ਰਹੇ ਨੇ…। ਆਟਾ, ਘਿਓ, ਚ9ਨੀ, ਪ੍ਰੈੱਸ਼ਰ ਕੁੱਕਰ ਤਕ ਦੇ ਵਾਅਦੇ ਹੋ ਰਹੇ ਨੇ, ਲਗਦੈ ਬਾਦਲ ਪਿਓ-ਪੁੱਤ ਹੁਣ ਲੋਕਾਂ ਦੇ ਮੂੰਹ ‘ਚ ਜਾ ਕੇ ਬੁਰਕੀਆਂ ਪਾਉਣਗੇ। ਇਨ੍ਹਾਂ ਨੂੰ ਪੁਛੇ, ਬਈ ਦਸ ਸਾਲ ਤਾਂ ਤੁਸੀਂ ਲੋਕਾਂ ਲਈ ਖਜ਼ਾਨਾ ਖਾਲੀ ਰੱਖਿਆ, ਜੇ ਦੁਬਾਰਾ ਸੱਤਾ ਵਿਚ ਆ ਗਏ ਤਾਂ ਕਿਹੜਾ ਡਾਕਾ ਮਾਰ ਕੇ ਲੋਕਾਂ ਨਾਲ ਕੀਤੇ ਵਾਅਦੇ ਪੂਰਨੇ ਆ…। ਇਨ੍ਹਾਂ ਦੇ ਸੁੱਖ-ਵਿਲਾਸ ਦੇ ਚੱਕਰ ‘ਚ ਲੋਕਾਂ ਦੀਆਂ ਕੱਚੀਆਂ ਕੰਧਾਂ ਤਕ ਢਹਿ ਗਈਆਂ…ਹੁਣ ਕਿ ਉਹ ਸੁੱਖ ਵਿਲਾਸ ਢਾਹ ਕੇ ਕੱਚੇ ਕੋਠੇ ਉਸਾਰਨਗੇ!!!

ਪਿੰਡ ਵਸਿਆ ਨਹੀਂ…!!
ਇਕ ਕਹਾਵਤ ਮਸ਼ਹੂਰ ਹੈ ਕਿ ‘ਪਿੰਡ ਵਸਿਆ ਨਹੀਂ, ਮੰਗਤੇ ਪਹਿਲਾਂ ਆ ਗਏ।’ ਠੀਕ ਇਹੀ ਹਾਲ ਅੱਜ ਕੱਲ੍ਹ ਕਾਂਗਰਸ ਪਾਰਟੀ ਅੰਦਰ ਦਿਖਾਈ ਦੇ ਰਿਹਾ ਹੈ। ਜਿੱਤ ਦਾ ਹਾਲ ਪਤਾ ਨਹੀਂ ਪਰ ਇਹਦੇ ਆਗੂਆਂ ਨੇ ਅਹੁਦੇ ਵੀ ਮੰਗਣੇ ਸ਼ੁਰੂ ਕਰ ਦਿੱਤੇ ਹਨ। ਅਕਾਲੀ ਦਲ ਛੱਡ ਕੇ ਆਏ ਮਨਪ੍ਰੀਤ ਬਾਦਲ ਨੇ ਆਪਣਾ ਪਸੰਦੀਦਾ ਵਿਤ ਮੰਤਰਾਲੇ ਮੰਗ ਲਿਆ ਤੇ ਅੱਗੋਂ ਕੈਪਟਨ ਅਮਰਿੰਦਰ ਸਿੰਘ ਨੇ ਵੀ ਪੰਜਾਬ ਦੇ ਖਜ਼ਾਨੇ, ਜਿਹੜਾ ਬਾਦਲਾਂ ਦੀ ਮੇਹਰਬਾਨੀ ਕਾਰਨ ਭਾਂ-ਭਾਂ ਕਰਦਾ ਹੈ, ਦੀਆਂ ਚਾਬੀਆਂ ਉਸਨੂੰ ਦੇਣ ਦੀ ਹਾਮੀ ਭਰ ਦਿੱਤੀ ਹੈ। ਅਕਾਲੀ ਸਰਕਾਰ ਵੇਲੇ ਵਿਤ ਮੰਤਰੀ ਰਹਿੰਦਿਆਂ ਮਨਪ੍ਰੀਤ ਬਾਦਲ ਨੇ ਕਿਸਾਨਾਂ ਨੂੰ ਸਬਸਿਡੀਆਂ ਦੇਣ ਦਾ ਵਿਰੋਧ ਕੀਤਾ ਸੀ, ਹੁਣ ਜੇ ਵਿਤ ਮੰਤਰੀ ਬਣ ਗਏ ਤਾਂ ਪਤਾ ਨਹੀਂ ਕੀ ਕੀ ਬੰਦ ਹੋਵੇਗਾ। ਉਂਜ ਵੀ ਅਕਾਲੀਆਂ ਨੇ ਖਜ਼ਾਨਾ ਤਾਂ ਪਹਿਲਾਂ ਹੀ ਖਾਲੀ ਕਰ ਦਿੱਤਾ ਹੈ ਤੇ ਜਿਹੜੀ ਵੀ ਸਰਕਾਰ ਸੱਤਾ ਵਿਚ ਆਈ, ਉਹਦੇ ਲਈ ਇਹ ਬਹਾਨਾ ਚੰਗਾ ਹੋਵੇਗਾ ਕਿ ਅਸੀਂ ਭਲਾ ਕੀ ਦੇ ਸਕਦੇ ਆਂ, ਖਜ਼ਾਨਾ ਤਾਂ ਖਾਲੀ ਐ। ਦੇਖੋ, ਖਜ਼ਾਨਾ ਭਰਨ ਲਈ ਪੰਜਾਬੀਆਂ ‘ਤੇ ਹੋਰ ਕਿੰਨੇ ਟੈਕਸਾਂ ਦੀ ਮਾਰ ਪਊ!!