ਤੂੰ ਮੇਰਾ ਬਾਈ, ਮੈਂ ਤੇਰਾ ਬਾਈ…!

ਤੂੰ ਮੇਰਾ ਬਾਈ, ਮੈਂ ਤੇਰਾ ਬਾਈ…!

ਲਓ! ਕਰ ਲੋ ਗੱਲ!!
ਕਮਲ ਦੁਸਾਂਝ
ਮੈਂ ਤਾਂ ਫਕੀਰ ਆਂ!!
ਦਿਨ ਵਿਚ ਦਸ ਵਾਰ ਪੁਸ਼ਾਕਾਂ ਬਦਲਣ ਵਾਲੇ ਮੋਦੀ ਸਾਹਿਬ ਦਾ ਕਹਿਣਾ ਹੈ-‘ਮਿੱਤਰਜਨੋ, ਮੈਂ ਤਾਂ ਫ਼ਕੀਰ ਆਂ।’ ਸ਼ੁਕਰ ਐ, ਮੋਦੀ ਜੀ ਫ਼ਕੀਰ ਨੇ, ਜੇ ‘ਸ਼ਾਹ’ ਹੁੰਦੇ ਤਾਂ ‘ਇਨ੍ਹਾਂ ਮਿੱਤਰਜਨਾਂ’ ਦੇ ਰਹਿੰਦੇ-ਖੂੰਹਦੇ ਕੱਪੜੇ ਵੀ ਲੁਹਾ ਲੈਂਦੇ। ਉਨ੍ਹਾਂ ਤਾਂ ਇਹ ਵੀ ਕਿਹੈ ਕਿ ਮੈਂ ਤਾਂ ਥੋਡੇ ਭਲੇ ਲਈ ਨੋਟਬੰਦੀ ਕੀਤੀ ਐ…ਜੇ ਲੋੜ ਪਈ ਤਾਂ ਆਪਣਾ ਝੋਲਾ ਚੁੱਕ ਕੇ ‘ਪਿਛਲੇ ਦਰਵਾਜ਼ਿਓਂ’ ਨਿਕਲ ਜਾਉਂਗਾ। ਜੇ ਜਨਤਾ ਨੂੰ ਏਸੇ ਤਰ੍ਹਾਂ ਨੰਗਾ ਕਰਦੇ ਰਹੇ ਤਾਂ ਜਨਤਾ ਨੇ ਝੋਲਾ ਚੁੱਕਣ ਦਾ ਵੀ ਮੌਕਾ ਨਹੀਂ ਦੇਣਾ। ਪਰ ਜਦੋਂ ਤਕ ਮੋਦੀ ਸਾਹਿਬ ਸੱਤਾ ਛੱਡਣਗੇ, ਉਦੋਂ ਤਕ ਤਾਂ ਜਨਤਾ ਦਾ ਦੀਵਾਲਾ ਨਿਕਲ ਜੂ। ਕਰੋੜਾਂ ਦੀਆਂ ਪੁਸ਼ਾਕਾਂ, ਸਵੇਰ ਦਾ ਨਾਸ਼ਤਾ ਦੁਬਈ, ਦੁਪਹਿਰ ਦਾ ਲੰਡਨ ਤੇ ਰਾਤਰੀ ਭੋਜ ਅਮਰੀਕਾ ਵਿਚ ਕਰਨ ਵਾਲੇ ਮੋਦੀ ਜੀ ਜੇ ਫ਼ਕੀਰੀ ਇਹ ਐ ਤਾਂ ਆਪਣੀ ਜਨਤਾ ਨੂੰ ਵੀ ਫ਼ਕੀਰ ਹੋਣ ਦਾ ‘ਸਰਾਪ’ ਦੇ ਹੀ ਦਿਓ…ਸ਼ਾਇਦ ਲੋਕਾਂ ਦੀਆਂ ਦੁਆਵਾਂ ਨਾਲ ਥੋਨੂੰ ਹੋਰ ਕੱਪੜੇ ਮਿਲ ਜਾਣ।

ਤੂੰ ਮੇਰਾ ਬਾਈ, ਮੈਂ ਤੇਰਾ ਬਾਈ…!
ਆਪਣੀਆਂ ਆਪਣੀਆਂ ਸਟੇਜਾਂ ‘ਤੇ ਇਕ-ਦੂਜੇ ਨੂੰ ਪਾਣੀ ਪੀ ਪੀ ਕੇ ਕੋਸਣ ਵਾਲੇ, ਲਲਕਾਰੇ ਮਾਰਨ ਵਾਲੇ, ਅਭੱਦਰ ਸ਼ਬਦ ਵਰਤਣ ਵਾਲੇ ਕੈਪਟਨ ਅਮਰਿੰਦਰ ਸਿੰਘ ਤੇ ਸੁਖਬੀਰ ਸਿੰਘ ਬਾਦਲ ਜਦੋਂ ਆਹਮੋ-ਸਾਹਮਣੇ ਹੋਏ ਤਾਂ ਇਕ-ਦੂਜੇ ਦੀਆਂ ਤਰੀਫ਼ਾਂ ਦੇ ਕਸੀਦੇ ਕੱਢਣ ਲੱਗੇ। ਮੌਕਾ ਸੀ ਦਿੱਲੀ ਵਿਚ ‘ਹਿੰਦੂਸਤਾਨ ਟਾਈਮਜ਼’ ਵਲੋਂ ਕਰਵਾਏ ਰੂਬਰੂ ਸਮਾਗਮ ਦਾ। ਕੈਪਟਨ ਅਮਰਿੰਦਰ ਨੇ ਸੁਖਬੀਰ ਬਾਦਲ ਦੀ ਤਾਰੀਫ਼ ਕਰਦਿਆਂ ਕਿਹਾ, ‘ਬਈ ਕਾਕਾ ਬਹੁਤ ਸਿਆਣੈ…ਵਾਅਦੇ ਦਾ ਪੱਕੈ…ਜੋ ਕਹਿੰਦਾ, ਕਰਕੇ ਦਿਖਾਉਂਦੈ।’ ਕੈਪਟਨ ਸਾਹਿਬ ਜੇ ਵਾਅਦੇ ਦਾ ਪੱਕੈ ਤਾਂ ਲੋਕਾਂ ਨਾਲ ਕੀਤੇ ਵਾਅਦੇ ਦਸ ਸਾਲ ਬਾਅਦ ਵੀ ਕਿਉਂ ਨਾ ਪੂਰੇ ਹੋਏ। ਲੱਗਦੈ ਸੁਖਬੀਰ ਹੋਰਾਂ ਨੇ ਸ਼ਾਇਦ ਥੋਨੂੰ ਓ ਵਾਧੂ ਸੰਪਤੀ ਮਾਮਲੇ ‘ਚੋਂ ਬਰੀ ਕਰਾਉਣ ਦਾ ਵਾਅਦਾ ਕੀਤਾ ਸੀ ਤੇ ਉਹੀ ਜ਼ੋਰ-ਸ਼ੋਰ ਨਿਭਾਉਣ ਵਿਚ ਲੱਗੇ ਲਗਦੇ ਨੇ…ਠੀਕ ਐ, ਭਾਈ! ਹੁਣ ਤਾਰੀਫ਼ ਤਾਂ ਕਰਨੀ ਬਣਦੀ ਐ। ਆਪਣੇ ਸੁਖਬੀਰ ਸਾਹਿਬ ਵੀ ਘੱਟ ਨਹੀਂ-ਉਹ ਕਹਿੰਦੇ, ‘ਕੈਪਟਨ ਸਾਹਿਬ ਕਮਾਲ ਦੇ ਬੰਦੇ ਨੇ…ਇਨ੍ਹਾਂ ਕਰਕੇ ਤਾਂ ਕਾਂਗਰਸ ਇਕਜੁਟ ਐ।’ ਇਹਦਾ ਤਾਂ ਆ ਦੋ-ਚਾਰ ਦਿਨਾਂ ਵਿਚ ਹੀ ਪਤਾ ਲੱਗ ਜਦੋਂ ਟਿਕਟਾਂ ਦਾ ਐਲਾਨ ਹੋਇਆ…ਦੇਖਦੇ ਆਂ ਕਿਹੜੇ ਕਿਹੜੇ ‘ਵਫ਼ਾਦਾਰ’ ਪਾਰਟੀ ਛੱਡ ਕੇ ਜਾਂਦੇ ਨੇ। ਉਂਜ ਦੋਹਾਂ ਦੀ ਗੱਲ ਤਾਂ ਸਹੀ ਐ…ਜੇ ‘ਕੱਠੇ ਹੋ ਜਾਣ ਤਾਂ ਇਕ ਆਪਣੇ ਵਾਅਦੇ ਨਿਭਾਉ ਤੇ ਦੂਜਾ ਪਾਰਟੀ ਜੋੜ ਕੇ ਰੱਖੂ…ਫੇਰ ਤਾਂ ਪੰਜਾਬ ਦਾ ਭਲਾ ਹੋਇਆ ਕੇ ਹੋਇਆ…।

ਓਹਨੂੰ ਤਾਂ ਮੈਂ ਜੇਲ੍ਹ ਦੀ ਹਵਾ ਖਵਾ ਦੂੰ…!!
ਲੀਡਰ ਵੀ ਬੜੀ ਚਾਲੂ ਸ਼ੈਅ ਨੇ…ਜਦੋਂ ਈ ਚੋਣਾਂ ਨੇੜੇ ਹੁੰਦਿਆਂ ਨੇ ਤਾਂ ਗਰਜ ਗਰਜ ਕੇ ਕਹਿਣਗੇ ਫਲਾਣੇ ਨੂੰ ਤਾਂ ਮੈਂ ਅਦਾਲਤ ‘ਚ ਘੜੀਸੂੰ…ਫਲਾਣੇ ਨੂੰ ਤਾਂ ਮੈਂ ਜੇਲ੍ਹ ‘ਚ ਬੰਦ ਕਰਾ ਕੇ ਰਹੂੰ…। ਪਰ ਅੱਜ ਤਕ ਕਿਸੇ ਨੂੰ ਜੇਲ੍ਹ ਹੋਈ ਤਾਂ ਹੈ ਨਹੀਂ…ਜੇ ਹੋਈ ਵੀ ਤਾਂ ਪੰਦਰਾਂ ਮਿੰਟਾਂ ਵਿਚ ਜ਼ਮਾਨਤ ‘ਤੇ ਬਾਹਰ। ਇਨ੍ਹਾਂ ਤਾਂ ਬੱਸ ਬੋਲ ਬੋਲ ਕੇ ਲੋਕਾਂ ‘ਚ ਜੋਸ਼ ਭਰਨਾ ਹੁੰਦੈ…। ਜਿਨ੍ਹਾਂ ਖ਼ਿਲਾਫ਼ ਕੇਸ ਚੱਲ ਰਹੇ ਹੁੰਦੇ ਨੇ, ਉਹ ਖਾਰਜ ਕਰਾਉਣ ਦੀਆਂ ਤਿਆਰ ਹੋ ਰਹੀਆਂ ਹੁੰਦੀਆਂ ਨੇ ਤੇ ਲੋਕਾਂ ਨੂੰ ਮੂਰਖ਼ ਬਣਾਉਣ ਲਈ ਕੋਈ ਹੋਰ ਕੇਸ ਠੋਕ ਦਿੱਤਾ ਜਾਂਦੈ। ਇਕ ਪਾਸੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਮਾਲ ਮੰਤਰੀ ਬਿਕਰਮ ਮਜੀਠੀਆ ਵਿਚਾਲੇ ਪੇਚਾ ਪਿਆ ਹੋਇਐ…ਕੇਸ ਦੀ ਤਰੀਕ ਘੱਟ, ਸ਼ਕਤੀ ਪ੍ਰਦਰਸ਼ਨ ਕਰਨ ਈ ਆਉਂਦੇ ਨੇ…ਦੋਵੇਂ ਬਾਹਾਂ ਚੜ੍ਹਾਉਂਦੇ…ਫੁੰਕਾਰੇ ਮਾਰਦੇ…ਇਕ-ਦੂਜੇ ਨੂੰ ਜੇਲ੍ਹ ‘ਚ ਸੁੱਟਣ ਦੇ ਲਲਕਾਰੇ ਮਾਰਦੇ ਨਿਕਲ ਜਾਂਦੇ ਨੇ…ਤੇ ਜਦੋਂ ਮੌਕਾ ਆਉਣੈ, ਹੋਣਾ ਕੱਖ ਵੀ ਨਹੀਂ। ਆ ਹੁਣ ਕੈਪਟਨ ਅਮਰਿੰਦਰ ਖ਼ਿਲਾਫ਼ ਵਿਦੇਸ਼ਾਂ ਵਿਚ ਸੰਪਤੀ ਹੋਣ ਦਾ ਕੇਸ ਕੀ ਹੋਇਆ, ਉਨ੍ਹਾਂ ਕੇਂਦਰੀ ਮੰਤਰੀ ਅਰੁਣ ਜੇਤਲੀ ਨੂੰ ਧਮਕੀ ਦੇ ਮਾਰੀ, ‘ਪੰਜਾਬ ‘ਚ ਆ ਕੇ ਦਿਖਾਓ, ਅੰਮ੍ਰਿਤਸਰ ਤੋਂ ਲੜ ਕੇ ਦਿਖਾਓ ਚੋਣ, ਮੈਂ ਤਾਂ ਆਦਲਤ ਦਾ ਮੂੰਹ ਦਿਖਾ ਕੇ ਰਹੂੰ ਥੋਨੂੰ।’ ਭਲਾ ਕੈਪਟਨ ਸਾਹਿਬ ਨੂੰ ਪੁਛੇ, ਜੀ, ਅਦਾਲਤਾਂ ਐਨੀਆਂ ਮਾੜੀਆਂ ਨੇ, ਜਿਹਦਾ ਮੂੰਹ ਦੇਖ ਕੇ ਜੇਤਲੀ ਸਾਹਿਬ ਬੇਹੋਸ਼ ਹੋ ਜਾਣਗੇ…। ਉਂਜ ਗੱਲ ਤਾਂ ਉਨ੍ਹਾਂ ਦੀ ਸਹੀ ਈ ਐ…ਅਦਾਲਤਾਂ ਤਾਂ ਗ਼ਰੀਬ-ਗੁਰਬਿਆਂ ਲਈ ਬਣੀਆਂ ਨੇ…ਜਿਹੜੇ ਤੜਕੇ ਈ ਪਸੀਨੋ-ਪਸੀਨੀਂ ਹੋਈ ਜੱਜ ਦੇ ਕਮਰੇ ਦੇ ਬਾਹਰ ਹੱਥ ਜੋੜੀ ਖੜ੍ਹੇ ਰਹਿੰਦੇ ਨੇ…ਲੀਡਰਾਂ ਦਾ ਤਾਂ ਵਕੀਲਾਂ ਨਾਲ ਸਰ ਜਾਂਦੈ ਤੇ ਜੇ ਕਦੇ ਆਉਣਾ ਪੈ ਜਾਵੇ ਤਾਂ ਉਨ੍ਹਾਂ ਨੂੰ ਨਰਕ ਵਾਂਗ ਲਗਦਾ ਹੋਣੈ…ਤਾਂਹੀਓਂ ਤਾਂ ਉਹ ਧਮਕੀ ਦੇ ਰਹੇ ਲਗਦੇ ਨੇ…। ਖ਼ੈਰ! ਲੀਡਰਾਂ ਦਾ ਤੋਰੀ-ਫੁਲਕਾ ਤਾਂ ਇਨ੍ਹਾਂ ‘ਲਲਕਾਰਿਆਂ’ ਨਾਲ ਈ ਚਲਦੈ…।

ਜਿਹੋ ਜਿਹੇ ਆਲੇ, ਉਹੋ ਜਿਹੇ ਕੁੱਜੇ!!!
ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹਥਿਆਰਾਂ ਨੂੰ ਲੈ ਕੇ ਗੰਭੀਰ ਹਨ…ਸੱਚਮੁਚ ਇਸ ਵਾਰ ਗੰਭੀਰ ਹਨ…ਸ਼ਾਇਦ ਮੌੜ ਮੰਡੀ ਵਿਚ ਵਿਆਹ ਦੌਰਾਨ ਡਾਂਸਰ ਦੀ ਮੌਤ ਦੀ ਤਾਜ਼ਾ ਤਾਜ਼ਾ ਘਟਨਾ ਵਾਪਰੀ ਹੈ, ਇਸ ਕਰਕੇ…ਉਂਜ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਸਮੇਤ ਬਹੁਤੇ ਲੀਡਰਾਂ ਨੂੰ ਹਥਿਆਰਾਂ ਦਾ ਸ਼ੌਕ ਹੈ। ਅੱਗੋਂ ਇਨ੍ਹਾਂ ਦੇ ਚੇਲੇ-ਬਾਲਕੇ ਵੀ ਘੱਟ ਨਹੀਂ…ਤੇ ਇਨ੍ਹਾਂ ਦੇ ਪਾਲੇ ਗੈਂਗਸਟਰਾਂ ਦਾ ਤਾਂ ਹਾਲ ਈ ਨਾ ਪੁਛੋ…ਉਹ ਤਾਂ ਸ਼ਰੇਆਮ ਜੇਲ੍ਹਾਂ ਵਿਚ ਬੈਠੇ ਫੇਸਬੁੱਕ ‘ਤੇ ਹਥਿਆਰਾਂ ਨਾਲ ਫੋਟੋ ਪਾ ਰਹੇ ਨੇ ਤੇ ਭਾਰੀ ਸੁਰੱਖਿਆ ਦੇ ਬਾਵਜੂਦ ਹਥਿਆਰ ਜੇਲ੍ਹਾਂ ਵਿਚ ਜਾ ਰਹੇ ਨੇ। ਵਿਆਹਾਂ ਵਿਚ ਵੀ ਸਿਆਸੀ ਪਾਰਟੀਆਂ ਦੇ ਫੁਕਰੇ ਕਾਕੇ ਹੀ ਹਥਿਆਰਾਂ ਨਾਲ ਆਉਂਦੇ ਵੀ ਨੇ ਤੇ ਸ਼ਰੇਆਮ ਗੋਲੀਆਂ ਵੀ ਚਲਾਉਂਦੇ ਨੇ…। ਨਾਲੇ ਪੈਲੇਸਾਂ ਵਿਚ ਹਥਿਆਰ ਲਿਜਾਉਣ ‘ਤੇ ਤਾਂ ਪਹਿਲਾਂ ਹੀ ਪਾਬੰਦੀ ਹੈ…ਫੇਰ ਨਵੇਂ ਫਰਮਾਨ ਕੀਹਦੇ ਲਈ……। ਆਮ ਬੰਦਾ ਤਾਂ ਹਥਿਆਰ ਰੱਖਣ ਦੀ ਜੁਰੱਅਤ ਨਹੀਂ ਕਰਦਾ…। ਬਾਦਲ ਸਾਹਿਬ, ਇਹ ਕਹੋ ਕਿ ਸਖ਼ਤੀ ਨਾਲ ਅਮਲ ਕਦੋਂ ਹੋਊ?!! ਸਰਕਾਰਾਂ ਈ ਤਾਂ ਹੱਥਾਂ ਵਿਚ ਹਥਿਆਰ ਫੜਾਉਂਦੀਆਂ ਨੇ, ਫੇਰ ਇਨ੍ਹਾਂ ਤੋਂ ਹਥਿਆਰ ਖੋਹਣ ਦੀ ਹਿੰਮਤ ਕੌਣ ਕਰੇ? ਜਿਨ੍ਹਾਂ ਕੋਲ ਹਥਿਆਰ ਨੇ, ਉਹ ਤਾਂ ਦਿਖਾਉਣਗੇ ਵੀ ਤੇ ਚਲਾਉਣਗੇ ਵੀ…ਥੋਡੀ ਗੰਭੀਰ ਪਾਬੰਦੀ ਨੂੰ ਇਹੀ ਚੁਣੌਤੀ ਦੇਣਗੇ!!

ਟੈਂਕੀਆਂ ਹੋਰ ਬਣਾਉਣੀਆਂ ਪੈਣਗੀਆਂ!!!
ਸੁਖਬੀਰ ਬਾਦਲ ਜੀ ਨੇ ਫਰਮਾਇਆ ਹੈ ਕਿ ਉਹ ਅਗਲੇ ਪੰਜ ਸਾਲਾਂ ਦੌਰਾਨ ਦਸ ਲੱਖ ਨੌਜਵਾਨਾਂ ਨੂੰ ਨੌਕਰੀਆਂ ਦੇਣਗੇ…! ਹੈਰਾਨ ਹੋਣ ਵਾਲੀ ਕਿਹੜੀ ਗੱਲ ਐ…? ਹੁਣੇ ਹੁਣੇ ਤਾਂ ਥੋਨੂੰ ਦੱਸਿਐ ਕਿ ਉਨ੍ਹਾਂ ਦੇ ਕੱਟੜ ਵਿਰੋਧੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਸੁਖਬੀਰ ਦੇ ਵਾਅਦੇ ਦਾ ਪੱਕਾ ਹੋਣ ਦਾ ਤਾਈਦ ਕੀਤੀ ਐ…।
ਨਾ ਅਮਲੀਆ ਤੂੰ ਕਾਹਤੋਂ ਦੰਦ ਕੱਢੀ ਜਾਣੈ…? ਤੈਨੂੰ ਯਕੀਨ ਨੂੰ ਬਾਦਲ ਸਾਹਿਬ ‘ਤੇ।
ਨਾ ਜੀ ਨਾ, ਮੈਨੂੰ ਤਾਂ ਯਕੀਨ ਐ…ਮੈਂ ਤਾਂ ਸੋਚਦਾ ਸੀ ਪਾਣੀ ਵਾਲੀਆਂ ਟੈਂਕੀਆਂ ਹੋਰ ਬਣਾਉਣੀਆਂ ਪੈਣਗੀਆਂ!
ਭਲਾ ਓ ਕਿਉਂ?
ਲਓ! ਜੀ ਕਰ ਲੋ ਗੱਲ!! ਆ ਜਿਨ੍ਹਾਂ ਨੂੰ ਪਹਿਲਾਂ ਨੌਕਰੀਆਂ ਦਿੱਤੀਆਂ ਸੀ, ਜਾਂ ਤਾਂ ਮਿਲੀਆਂ ਹੀ ਨਹੀਂ, ਜੇ ਮਿਲੀਆਂ ਤਾਂ ਪੱਕੇ ਨੀਂ ਕੀਤਾ…ਜਾਂ ਤਨਖ਼ਾਹਾਂ ਨੀਂ ਮਿਲੀਆਂ…ਹੱਥਾਂ ‘ਚ ਫੈਲਾਂ ਚੁੱਕੀ ਟੱਕਰਾਂ ਮਾਰਦੇ ਫਿਰਦੇ ਨੇ…ਜੇ ਕਿਤੇ ਦਾਲ ਨੀਂ ਗਲਦੀ ਤਾਂ ਟੈਂਕੀਆਂ ‘ਤੇ ਜਾ ਚੜ੍ਹਦੇ ਨੇ…।
ਤੂੰ ਵੀ ਨਾ ਅਮਲੀਆ, ਕੋਈ ਨਾ ਕੋਈ ਪੱਤਾ ਸੁੱਟ ਈ ਦਿੰਦੈ…।
ਨਾ ਭਲਾ ਮੈਨੂੰ ਪੱਤਾ ਕਿਥੇ ਸੁੱਟਣਾ ਆਉਂਦੈ…ਚਾਲਾਂ ‘ਤੇ ਇਹੀ ਚਲਦੇ ਆ…ਮੈਨੂੰ ਤਾਂ ਲਗਦੈ, ਬਈ ਥਾਂ ਥਾਂ ਮੋਬੈਲ ਟਾਵਰ ਲੱਗਣੈ…ਹੁਣ ਪਾਣੀ ਵਾਲੀਆਂ ਟੈਂਕੀਆਂ ਵੀ ਕਿੰਨਾ ਭਾਰ ਝੱਲਣਗੀਆਂ…ਜੇ ਸੱਤਾ ‘ਚ ਬਾਦਲ ਸਾਹਿਬ ਨਾ ਆਏ ਤਾਂ ਤਾਂ ਠੀਕ ਜੇ ਆ ਗਏ ਤਾਂ ਖਜ਼ਾਨਾ ਤਾਂ ਪਹਿਲਾਂ ਈ ਖ਼ਾਲੀ ਐ…ਦਸ ਲੱਖ ਭਰਤੀ ਕਰਕੇ ਤਨਖ਼ਾਹਾਂ ਕਿਥੋਂ ਦੇਣੀਆਂ ਨੇ…ਉਂ ਵੈਸੇ ਛੁਰਲੀ ਛੱਡਣ ‘ਚ ਕੀ ਜਾਂਦੈ!!!