ਤੁਹਾਡੇ ਪਿੰਡ ਦਾ ਨਾਂ ਹੁਣ ‘ਪ੍ਰੇਮੀ’ ਹੈ ‘ਪ੍ਰੇਮੀ’!!

ਤੁਹਾਡੇ ਪਿੰਡ ਦਾ ਨਾਂ ਹੁਣ ‘ਪ੍ਰੇਮੀ’ ਹੈ ‘ਪ੍ਰੇਮੀ’!!

ਕਮਲ ਦੁਸਾਂਝ

ਤੁਹਾਡੇ ਪਿੰਡ ਦਾ ਨਾਂ ਹੁਣ ‘ਪ੍ਰੇਮੀ’ ਹੈ ‘ਪ੍ਰੇਮੀ’!!
ਪ੍ਰੇਮੀ-ਓ ਮੂਰਖ਼ੋ! ਥੋਨੂੰ ਪਤਾ ਨਹੀਂ, ਥੋਡੇ ਪਿੰਡ ਦਾ ਨਾਂ ਹੁਣ ‘ਕੋਟਲੀ’ ਨਹੀਂ ‘ਪ੍ਰੇਮੀ’ ਹੈ।
ਕੋਟਲੀ- ‘ਪ੍ਰੇਮੀ’! ਜੀ, ਇਹ ਕਦੋਂ ਤੋਂ ਹੋ ਗਿਆ….ਸਾਨੂੰ ਤਾਂ ਪਤਾ ਹੀ ਨਹੀਂ ਚੱਲਿਆ।
ਪ੍ਰੇਮੀ- ਮੂਰਖੋ, ਤੁਸੀਂ ਆਪ ਈ ਤਾਂ ਦਸਖ਼ਤ ਕੀਤੇ ਸੀ ਕਾਗਜ਼ਾਂ ਤੇ ਸਾਡੇ ਪਿੰਡ ਦਾ ਨਾਂ ‘ਪ੍ਰੇਮੀ’ ਧਰ ਦਿਓ।
ਕੋਟਲੀ- ਪਰ ਸਾਨੂੰ ਤਾਂ ਕੁਝ ਹੋਰ ਹੀ ਕਹਿ ਕੇ ਦਸਖ਼ਤ ਕਰਵਾਏ ਸੀ… ਪਰ ਇਹ ਕੀਤਾ ਕਿਉਂ?
ਪ੍ਰੇਮੀ- ਮੂਰਖ਼ੋ ਥੋਨੂੰ ਪਤਾ ਨਹੀਂ ਇਹ ਵਿਧਾਨ ਸਭਾ ਹਲਕਾ ਮੌੜਮੰਡੀ ਦਾ ਪਿੰਡ ਐ…ਵੋਟਾਂ ਨੇੜੇ ਆ ਰਹੀਆਂ ਨੇ…ਤੇ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਬਹੁਤ ਫ਼ਿਕਰਮੰਦ ਨੇ…ਥੋਡਾ ਕੀ ਐ…ਤੁਸੀਂ ਤਾਂ ਕਿਸੇ ਨੂੰ ਵੀ ਵੋਟ ਪਾ ਦਿਓ ਪਰ ਮੰਤਰੀ ਸਾਹਿਬ ਆ 20 ਫ਼ੀਸਦੀ ਵੋਟਾਂ ਕਿਉਂ ਛੱਡਣ? ਭਲਾ ਇਹ ਥੋੜ੍ਹੀਆਂ ਹੁੰਦੀਆਂ ਨੇ…? ਭਾਈ ਇਕ ਇਕ ਵੋਟ ਦੀ ਕੀਮਤ ਹੁੰਦੀ ਐ।
ਕੋਟਲੀ- ਅੱਛਾ! ਅੱਛਾ!! ਲਓ ਫੇਰ ਮੂਰਖ਼ਾਂ ਦੀ ਅਕਲਮੰਦੀ ਦੇਖ ਲਓ…ਆ ਚੁੱਕੋ 1800 ਬੰਦਿਆਂ ਦੇ ਦਸਖ਼ਤ…ਆ 400 ਬੰਦਾ ਡੇਰਾ ਪ੍ਰੇਮੀਆਂ ਦਾ ਐ ਨਾ…ਅਸੀਂ ਵੀ ਪਿੰਡ ਕੋਟਲੀ ਹੀ ਵਜਾ ਕੇ ਰਹਾਂਗੇ। ਤੁਸੀਂ ਜ਼ੋਰ ਲਾ ਲਓ ਜਿੰਨਾ ਮਰਜ਼ੀ, ਵੋਟ ਫੇਰ ਵੀ ਨੀਂ ਪੈਣੀ…। ਹੁਣ ਤਾਂ ਵੋਟਾਂ ਹੀ ਕਰਨਗੀਆਂ ਨਿਬੇੜਾ…।

ਆਓ ਜੀ ਆਓ!! ਥੋਡਾ ਵੀ ਸਵਾਗਤ ਐ!!
ਆਮ ਆਦਮੀ ਪਾਰਟੀ ਪੰਜਾਬ ਵਿਚ ਜਿੱਤ ਦੇ ਇਰਾਦੇ ਨਾਲ ਪੂਰੀ ਤਰ੍ਹਾਂ ਸਰਗਰਮ ਹੈ। ਉਹ ਅਜਿਹਾ ਕੋਈ ਵੀ ਸਿਆਸੀ ਪੈਂਤੜਾ ਨਹੀਂ ਛੱਡ ਰਹੀ, ਜਿਸ ਨਾਲ ਜਿੱਤ ਵਿਚ ਰੁਕਾਵਟ ਆਵੇ। ਉਹਨੂੰ ਤਾਂ ਨਸ਼ਿਆਂ ਦਾ ਤੇ ਕਿਸਾਨਾਂ ਦੀ ਖ਼ੁਦਕੁਸ਼ੀ ਤਾਂ ਤੱਤਾ ਤੱਤਾ ਮੁੱਦਾ ਤਾਂ ਚਾਂਦੀ ਦੀ ਥਾਲੀ ਵਿਚ ਪਰੋਸ ਕੇ ਮਿਲਿਆ ਹੈ। ਜਿੱਥੇ ਕਿਤੇ ਪਤਾ ਲੱਗੇ ਸਹੀ ਕਿ ਫਲਾਣਾ ਬੰਦਾ ਬਾਦਲ ਸਰਕਾਰ ਤੋਂ ਔਖੈ, ‘ਆਪ’ ਆਗੂ ਝੱਟ ਦੇਣੀ ਉਥੇ ਪਹੁੰਚ ਜਾਂਦੇ ਨੇ। ਨਸ਼ਿਆਂ ਖ਼ਿਲਾਫ਼ ਮੁਹਿੰਮ ਵਿੱਢੀ ਸੀ ਤਾਂ ਬੈਠੇ ਬਠਾਏ ਸ਼ਰਾਬ ਮਾਫ਼ੀਏ ਸ਼ਿਵ ਲਾਲ ਡੋਡਾ ਦਾ ਮੁੱਦਾ ਹੱਥ ਵਿਚ ਆ ਗਿਆ। ਸ਼ਰਾਬ ਮਾਫ਼ੀਏ ਹੱਥੋਂ ਮਾਰੇ ਗਏ ਨੌਜਵਾਨਾਂ ਦੇ ਪੀੜਤਾਂ ਨੂੰ ਹੌਸਲਾ ਦੇਣ ਪੁੱਜ ਗਏ ‘ਆਪ’ ਆਗੂ। ਬੜੀ ਹਮਦਰਦੀ ਜਤਾਈ ਤੇ ਭਰੋਸਾ ਦਿੱਤਾ ਕਿ ਸਰਕਾਰ ਆਉਣ ‘ਤੇ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਂਜ ਵੀ ‘ਆਪ’ ਬਾਦਲ ਦੋਖੀਆਂ ਨੂੰ ਧੜਾ-ਧੜ ਆਪਣੀ ਪਾਰਟੀ ਵਿਚ ਸ਼ਾਮਲ ਕਰਨ ‘ਤੇ ਲੱਗੀ ਹੋਈ ਹੈ, ਕਈ ਵਾਰ ਤਾਂ ਉਹਨੂੰ ਇਹ ਵੀ ਪਤਾ ਨਹੀਂ ਹੁੰਦਾ ਕਿ ਇਹ ਬਾਦਲ ਦੋਖੀ ਐ ਜਾਂ ਬਾਦਲ ਪ੍ਰੇਮੀ। ਤਾਜ਼ਾ ਤਾਜ਼ਾ ਕਾਰਵਾਈ ਹੀ ਸੁਣ ਲਓ। ਇਕ ਪਾਸੇ ਸ਼ਰਾਬ ਮਾਫ਼ੀਏ ਨੂੰ ਜੇਲ੍ਹ ਵਿਚ ਸੁੱਟਣ ਦੇ ਦਾਅਵੇ ਤੇ ਦੂਜੇ ਪਾਸੇ ਸ਼ਿਵ ਲਾਲ ਡੋਡਾ ਦੇ ਸਿਆਸੀ ਸਲਾਹਕਾਰ ਓਮ ਪ੍ਰਕਾਸ਼ ਕੌਸ਼ਿਕ ਨੂੰ ਪਾਰਟੀ ਵਿਚ ਸ਼ਾਮਲ ਕਰ ਲਿਆ। ਲਓ ਜੀ! ਆ ਕੀ ਗੱਲ ਬਣੀ। ਸੱਤਾ ਵਿਚ ਆਏ ਤਾਂ ਭਲਾ ਸਜ਼ਾ ਕਿਹਨੂੰ ਦਿਓਂਗੇ…ਅਪਰਾਧੀਆਂ ਨੂੰ ਕਿ ਲੋਕਾਂ ਨੂੰ? ਇਹ ਤਾਂ ‘ਆਪ’ ਵਾਲੇ ਹੀ ਦੱਸ ਸਕਦੇ ਨੇ…। ਉਂਜ ਚਾਰੇ ਪਾਸੇ ਕਿਰਕਰੀ ਹੋਣ ‘ਤੇ ਨਾਲੋ-ਨਾਲ ਓਮ ਪ੍ਰਕਾਸ਼ ਕੌਸ਼ਿਕ ਨੂੰ ਪਾਰਟੀ ‘ਚੋਂ ਮੁਅੱਤਲ ਵੀ ਕਰ ਦਿੱਤਾ ਗਿਆ। ਹੈ ਨਾ ‘ਆਪ’ ਦਾ ਕਮਾਲ!!!

ਨਾ ਮੈਂ ਟਰੰਪ ਨਾ ਹਿਲੇਰੀ!!
ਕੈਪਟਨ ਅਮਰਿੰਦਰ ਸਿੰਘ ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਆਪਣੀ ਪੂਰੀ ਜਿੰਦ-ਜਾਨ ਲਾ ਰਹੇ ਹਨ। ਪ੍ਰਚਾਰ ਦੇ ਨਵੇਂ ਨਵੇਂ ਤਰੀਕੇ ਵੀ ਵਰਤ ਰਹੇ ਹਨ। ਪਰ ਉਹ ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਦਾਅਵੇਦਾਰਾਂ ਡੋਨਾਲਡ ਟਰੰਪ ਤੇ ਹਿਲੇਰੀ ਕਲਿੰਟਨ ਵਾਂਗ ਦਾ ਬਿਲਕੁਲ ਹੀ ਬਹਿਸਣਾ ਨਹੀਂ ਚਾਹੁੰਦੇ। ਉਂਜ ਉਹ ਕਦੇ ਬਾਦਲ ਸਾਹਿਬ ਨੂੰ ਤੇ ਕਦੇ ਅਰਿਵੰਦ ਕੇਜਰੀਵਾਲ ਨੂੰ ਖੁੱਲ੍ਹੀ ਬਹਿਸ ਦਾ ਸੱਦਾ ਦਿੰਦੇ ਰਹਿੰਦੇ ਹਨ। ਭਲਾ ਉਨ੍ਹਾਂ ਨੂੰ ਟਰੰਪ ਤੇ ਹਿਲੇਰੀ ਵਾਂਗ ਬਹਿਸ ਤੋਂ ਕਿਉਂ ਡਰ ਲਗਦੈ? ਉਨ੍ਹਾਂ ਨੂੰ ਇਹ ਡਰ ਤਾਂ ਨਹੀਂ ਕਿ ਜੇ ਟਰੰਪ ਵਾਂਗ ਉਨ੍ਹਾਂ ਦੀ ਵੀ ‘ਰੌਣਕੀ ਤਬੀਅਤ’ ਬਾਰੇ ਬਹਿਸ ਛਿੜ ਗਈ ਤਾਂ ਕਿਤੇ ਲੈਣੇ ਦੇ ਦੇਣੇ ਨਾ ਪੈ ਜਾਣ। ਭਲਾ ਏਸੇ ‘ਚ ਐ, ਬੱਸ ਤੁਸੀਂ ‘ਖੁੱਲ੍ਹੀ ਬਹਿਸ’ ‘ਖੁੱਲ੍ਹੀ ਬਹਿਸ’ ਦਾ ਢੰਡੋਰਾ ਪਿਟੀ ਜਾਓ…ਓਨੇ ਨੂੰ ਚੋਣਾਂ ਦਾ ਸਮਾਂ ਆਜੂ’ਗਾ। ਐਵੇਂ ਟਰੰਪ ਤੇ ਹਿਲੇਰੀ ਬਣ ਕੇ ਕੀ ਲੈਣੈ?!!

ਕੋਈ ਮਾਂ ਦਾ ਲਾਲ ਸਾਨੂੰ ਨਹੀਂ ਰੋਕ ਸਕਦਾ!!
ਭਾਰਤ ਵਿਚ ਇਨ੍ਹੀਂ ਦਿਨੀਂ ਐਮਰਜੈਂਸੀ ਵਰਗੇ ਤਾਂ ਹਾਲਾਤ ਨੇ…ਤਾਜ਼ਾ ਘਟਨਾ ਐਨ.ਡੀ.ਟੀ.ਵੀ ‘ਤੇ ਪਾਬੰਦੀ ਲਾਉਣ ਦੀ ਹੈ। ਉਂਜ ਵੀ ਰੋਜ਼ ਹੀ ਕਦੇ ਗਊ ਰਕਸ਼ਕ ਤੇ ਭਗਵਾਂ ਭਗਤ ਸੜਕਾਂ ‘ਤੇ ਹੜਦੁੰਗ ਮਚਾਉਂਦੇ ਫਿਰ ਰਹੇ ਹਨ… ਹੁਣ ਤਕ ਕਿਸੇ ਦੋਸ਼ੀ ਨੂੰ ਸਜ਼ਾ ਨਹੀਂ ਹੋਈ…ਵੱਕਾਰੀ ਅਹੁਦੇ ਵੀ ਭਗਵਾਂ ਭਗਤਾਂ ਨੂੰ ਦਿੱਤੇ ਜਾ ਰਹੇ ਹਨ…ਕਾਲਾ ਧਨ ਵਾਪਸ ਨਹੀਂ ਆਇਆ…ਵਗੈਰਾ…ਵਗੈਰਾ….। ਪਰ ਹਿੰਮਤ ਤਾਂ ਦੇਖੋ ਕੇਂਦਰੀ ਮੰਤਰੀ ਰਾਜਨਾਥ ਸਿੰਘ ਦੀ। ਉਨ੍ਹਾਂ ਉਤਰ ਪ੍ਰਦੇਸ਼ ਦੀਆਂ ਅਗਾਮ ਚੋਣਾਂ ਦੇ ਮੱਦੇਨਜ਼ਰ ਇਕ ਹੋਰ ਜੁਮਲਾ ਛੱਡਿਆ ਹੈ-ਕਿਸੇ ਮਾਂ ਦੇ ਲਾਲ ਦੀ ਹਿੰਮਤ ਨਹੀਂ ਕਿ ਕਿਸੇ ਨੂੰ ਇਨਸਾਫ਼ ਲੈਣ ਤੋਂ ਰੋਕ ਸਕੇ!! ਲਗਦੈ, ਉਨ੍ਹਾਂ ਦੀ ਜ਼ੁਬਾਨ ਫਿਸਲ ਗਈ, ਉਹ ਸ਼ਾਇਦ ਕਹਿਣਾ ਚਾਹੁੰਦੇ ਸਨ ਕਿ ਕਿਹੜੀ ਮਾਂ ਦੇ ਲਾਲ ਵਿਚ ਏਨੀ ਹਿੰਮਤ ਹੈ ਜੋ ਸਾਨੂੰ ਰੋਕ ਸਕੇ!!!

ਬਾਦਲਾਂ ਨੂੰ ਫ਼ਿਕਰ ਪਿਆ!!
ਪੰਜਾਬ ਵਿਧਾਨ ਸਭਾ ਚੋਣਾਂ ਵਿਚ ਇਸ ਵਾਰ ਸੱਤਾ ਵਿਰੋਧੀ ਲਹਿਰ ਸਾਫ਼ ਸਾਫ਼ ਦਿਖਾਈ ਦੇ ਰਹੀ ਹੈ, ਇਸੇ ਲਈ ਬਾਦਲਾਂ ਨੂੰ ਫ਼ਿਕਰ ਵੱਢ ਵੱਢ ਖਾ ਰਿਹੈ। ਹਾਲਤ ਪਤਲੀ ਹੋਣ ਦੇ ਡਰੋਂ, ਉਹ ਆਪਣੇ ਪਿੰਡ ਵਿਚ ਸਥਿਤੀ ਮਜ਼ਬੂਤ ਕਰਨ ਵਿਚ ਲੱਗੇ ਹੋਏ ਨੇ ਕਿ ਕਿਤੇ ਇਥੋਂ ਹੀ ਨਾ ਹਾਰ ਮਿਲ ਜਾਏ…ਦੇਖੋ, ਬਈ ਹੁਣ ਆਪਣੇ ਪਿੰਡ ਤਾਂ ਇੱਜ਼ਤ ਬਚਾ ਕੇ ਰੱਖਣੀ ਚਾਹੀਦੀ ਹੈ…ਇਹਦੇ ਲਈ ਭਾਵੇਂ ਕੁਝ ਵੀ ਕਰਨਾ ਪਵੇ। ਸੀਨਾ ਜ਼ੋਰੀ ਤਾਂ ਉਂਜ ਵੀ ਸੱਤਾਧਾਰੀਆਂ ਦਾ ਸ਼ੌਕ ਹੈ। ਆ ਬਾਦਲਾਂ ਨੂੰ ਹੀ ਦੇਖ ਲਓ…ਜਿਹੜੇ ਕਰੋੜਾਂ ਦੇ ਫ਼ੰਡ ਸ਼ਹਿਰੀ ਵਿਕਾਸ ਲਈ ਸਨ, ਉਹ ਉਨ੍ਹਾਂ ਪਿੰਡ ‘ਤੇ ਲਾ ਧਰੇ, ਉਹ ਵੀ ਆਪਣੇ ਪਿੰਡ ਬਾਦਲ ‘ਤੇ। ਭਲਾ ਸ਼ਹਿਰ ਆਲਿਆਂ ਦਾ ਕੀ ਭਰੋਸਾ ਵੋਟ ਪਾਉਣ ਜਾਂ ਨਾ, ਪਰ ਪਿੰਡ ਆਲੇ ਤਾਂ ਆਖ਼ਰ ਆਪਣੇ ਈ ਐ। ‘ਕਰ ਭਲਾ…ਹੋ ਭਲਾ’!!!  ਪਰ ਜੇ ਪਿੰਡ ਆਲਿਆਂ ਨੇ ਵੀ ‘ਭਲਾ’ ਨਾ ਕੀਤਾ…ਫੇਰ!!! ਫੇਰ ਕੀ, ਬਾਦਲ ਪਰਿਵਾਰ ਕੈਲੀਫੋਰਨੀਆ ਜਾ ਕੇ ਦਿਲ ਪਰਚਾ ਆਊ…ਹੋਰ ਕੀ…!!

ਟੈਕਸ ਲਾਏ ਆ, ਹੁਣ ਗੰਦਗੀ ਵੀ ਲਓ…
ਇਨ੍ਹੀਂ ਦਿਨੀਂ ਦਿੱਲੀ ਵਿਚ ਪ੍ਰਦੂਸ਼ਣ ਨੇ ਅਤ ਕੀਤਾ ਹੋਇਆ ਹੈ ਤੇ ਸਿਆਸਤ ਵੀ ਅੱਤ ਹੀ ਕਰ ਰਹੀ ਹੈ। ਮਸਲੇ ਦੇ ਹੱਲ ਨਾਲੋਂ ਜ਼ਿਆਦਾ ਇਕ-ਦੂਜੇ ‘ਤੇ ਦੂਸ਼ਣ ਲਾ ਕੇ ਮਾਹੌਲ ਨੂੰ ਗੰਧਲਾ ਕੀਤਾ ਜਾ ਰਿਹਾ ਹੈ। ਦਿੱਲੀ ਵਾਲਿਆਂ ਦਾ ਕਹਿਣਾ ਹੈ ਕਿ ਇਹ ਸਾਰਾ ਕਾਰਾ ਪੰਜਾਬ ਦਾ ਹੈ। ਇਹਨੇ ਪਰਾਲੀਆਂ ਨੂੰ ਅੱਗ ਲਾਈ ਇਸੇ ਲਈ ਦਿੱਲੀ ਵਿਚ ਏਨਾ ਧੂੰਆਂ ਹੋਇਆ। ਇਨ੍ਹਾਂ ਸਿਆਸਤਦਾਨਾਂ ਵਲੋਂ ਨਾ ਤਾਂ ਕਾਰਨ ਲੱਭੇ ਜਾਣੇ ਹਨ ਤੇ ਨਾ ਹੀ ਇਹਦੇ ਹੱਲ ਪਰ ਜ਼ਰਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਘੁਰਕੀ ਵੀ ਸੁਣਦੇ ਜਾਓ। ਬਾਦਲ ਸਾਹਿਬ ਨੇ ਦਬਕਾ ਮਾਰਿਆ ਹੈ-‘ਅਸੀਂ ਤਾਂ ਨਹੀਂ ਕਿਹਾ ਕਿਸਾਨਾਂ ਨੂੰ ਬਈ ਤੁਸੀਂ ਪਰਾਲੀ ਫੂਕੋ…ਇਹ ਹਟਦੇ ਹੀ ਨਹੀਂ…ਉਨ੍ਹਾਂ ਦੇ ਖੇਤਾਂ ਵਿਚ ਏਨਾ ਧੂੰਆਂ ਉਠ ਵੀ ਰਿਹੈ ਤਾਂ ਫੇਰ ਕੀ…ਅਸੀਂ ਪੂਰੇ ਦੇਸ਼ ਨੂੰ ਅਨਾਜ ਵੀ ਤਾਂ ਦੇ ਰਹੇ ਹਾਂ।” ਲਓ ਜੀ! ਖ਼ਬਰਦਾਰ ਜੇ ਤੁਸੀਂ ਪੰਜਾਬ ਸਿਰ ਪ੍ਰਦੂਸ਼ਣ ਮੜ੍ਹਿਆ…ਫੇਰ ਕੀ ਹੋਇਆ ਜੇ ਪੰਜਾਬ ਵਿਚ ਵੀ ਪ੍ਰਦੂਸ਼ਣ ਨਾਲ 7 ਦਿਨਾਂ ਵਿਚ 37 ਮੌਤਾਂ ਹੋ ਗਈਆਂ…ਇਹਦੇ ‘ਚ ਸਰਕਾਰ ਕੀ ਕਰੇ…ਸਰਕਾਰ ਤਾਂ ਟੈਕਸ ਲਾ ਸਕਦੀ ਐ…ਸਵੱਛ ਟੈਕਸ ਵੀ ਲਾਇਐ…ਰੋਡ ਟੈਕਸ ਦੇ ਨਾਲ ਨਾਲ ਪਲਾਜ਼ੇ ਵੀ ਛਿੱਲ ਲਾਹ ਰਹੇ ਨੇ…ਏਨਾ ਕੁਝ ਤਾਂ ਬਾਦਲ ਸਰਕਾਰ ਪੰਜਾਬੀਆਂ ਨੂੰ ਦੇ ਰਹੀ ਐ…ਹੁਣ ਗੰਦਗੀ ਵੀ ਝਲਣੀ ਪਊ!!!