ਮਹਾਰਾਜ ਦੇ ਹੱਥ ਪੋਚਾ!!

ਮਹਾਰਾਜ ਦੇ ਹੱਥ ਪੋਚਾ!!

ਕਮਲ ਦੁਸਾਂਝ

ਮਹਾਰਾਜ ਦੇ ਹੱਥ ਪੋਚਾ!!
ਰੁਲਦਿਆ, ਆ ਸ਼ਹੀਦ ਦੇ ਬੁੱਤ ਕੋਲ ਭਲਾ ਜਮ-ਘਟਾ ‘ਚ ਕਾਹਦਾ ਹੋਇਐ…ਕਿਸੇ ਨੇ ਤੋੜ-ਤੂੜ ਤਾਂ ਨੀਂ ਦਿੱਤਾ…ਕੰਜਰਾਂ ਦਾ ਕੀ ਪਤਾ, ਕਿਹੜੇ ਵੇਲੇ ਕੀ ਕਰਤੂਤ ਕਰ ਜਾਣ…। ਚੱਲ ਜ਼ਰਾ, ਨੇੜੇ ਹੋ ਕੇ ਤਾਂ ਦੇਖ…। ਹਲਾ…ਹਲਾ…ਆ ਮੇਰੀਆਂ ਅੱਖਾਂ ਕੀ ਦੇਖ ਰਹੀਆਂ ਨੇ…ਲਗਦੈ ਅੱਜ ਸੂਰਮਾ ਪਾਉਣਾ ਭੁਲ ਗਿਆ ਹੋਊਂ…ਤਾਂ ਹੀ ਝੋਲਾ ਝੋਲਾ ਦਿਸਦੈ, ਬਈ-ਆ ਸਾਬਕਾ ਮੁੱਖ ਮੰਤਰੀ ‘ਮਹਾਰਾਜਾ’ ਕੈਪਟਨ ਅਮਰਿੰਦਰ ਸਾਹਿਬ ਬੁੱਤ ਦੀ ਸਫ਼ਾਈ ਕਰ ਰਹੇ ਨੇ…। ਇਨ੍ਹਾਂ ਤਾਂ ਕਦੇ ਆਪਣੀਆਂ ਹਰਕਤਾਂ ‘ਤੇ ਪੋਚਾ ਨਹੀਂ ਪਾਇਆ…ਬੁੱਤ ‘ਤੇ ਪੋਚਾ ਮਾਰਨ ਡਹੇ ਆ…। ਭਲਾ ਸੁੱਖ ਤਾਂ ਹੋਊ…। ਓ ਹਲਾ…ਹਲਾ…ਚੋਣਾਂ ਆ ਗਈਆਂ ਨੇ…ਇਕ ਪਾਸੇ ਸਾਬਕਾ ਮੁੱਖ ਮੰਤਰੀ ਬਠਿੰਡਾ ‘ਚ ਫ਼ੌਜੀਆਂ ਦੇ ਹਮਦਰਦ ਬਣੇ ਫਿਰ ਰਹੇ ਨੇ, ਦੂਜੇ ਪਾਸੇ ਓ ਬਾਦਲ ਸਾਹਿਬ ਅੰਮ੍ਰਿਤਸਰ ‘ਚ ਫ਼ੌਜੀਆਂ ਨੂੰ ਬਾਹਲਾ ਈ ਚੇਤੇ ਕਰ ਰਹੇ ਆ। ਰੱਬ ਸੁੱਖ ਰੱਖੇ…ਡਾਢਾ ਫ਼ਿਕਰ ਇਨ੍ਹਾਂ ਨੂੰ…!!! ਲਗਦੈ ਇਕ ਮੁੱਖ ਮੰਤਰੀ ਬੁੱਤ ਬਣਾ ਧਰਦੈ, ਦੂਜਾ ਸੱਤਾ ਤੋਂ ਖੁੰਝਿਆ ਪੋਚਾ ਹੱਥ ‘ਚ ਫੜੀ ਸਫਾਈ ਕਰਦਾ ਫਿਰਦੈ…। ਆ ਮਹਾਰਾਜਾ…ਸਾਹਿਬ… ਨੇ ਕਦੇ ਨੌਕਰਾਂ ਦੀ ਫ਼ੌਜ ਤੋਂ ਬਿਨਾਂ ਪੈਰ ਧਰਤੀ ‘ਤੇ ਨਹੀਂ ਧਰਿਆ…ਆ ਹੱਥ ‘ਚ ਪੋਚਾ ਦੇਖ ਫ਼ੌਜੀ ਦਾ ਬੁੱਤ ਵੀ ਖ਼ੁਸ਼ ਹੁੰਦਾ ਹੋਊ, ਮਹਾਰਾਜਾ ਸਾਹਿਬ ਨੂੰ ਮੇਰੀ ਕਿੰਨੀ ਚਿੰਤਾ ਹੋ ਰਹੀ ਐ…ਰੱਬ ਪੋਚਿਆਂ ਦੀ ਘਾਟ ਨਾ ਆਣ ਦੇਵੇ…। ਹੱਥ ਪੋਚਿਆਂ ਨਾਲ ਭਰੇ ਰਹਿਣ ਤੇ ਪੰਜਾਬ ਦੀ ਸਫ਼ਾਈ ਹੁੰਦੀ ਰਵ੍ਹੇ!!

ਆ ਕੀ ਢੌਂਗ ਫੜਿਐ ਤੁਸੀਂ!!
ਸੁਖਬੀਰ ਬਾਦਲ : ਕੈਪਟਨ ਸਾਹਿਬ ਨਾ ਭਲਾ ਤੁਸੀਂ ਆ ਕੀ ਢੌਂਗ ਫੜਿਐ?
ਕੈਪਟਨ ਅਮਰਿੰਦਰ : ਕਾਕਾ, ਕਿਹੜਾ ਢੌਂਗ?
ਸੁਖਬੀਰ ਬਾਦਲ : ਨਾ ਆ ਤੁਸੀਂ ਜਿਹੜੀ ਕਿਸਾਨ ਯਾਤਰਾ ਕੱਢੀ ਜਾ ਰਹੇ ਓ, ਇਹ ਡਰਾਮਾ ਨੀਂ ਤਾਂ ਹੋਰ ਕੀ ਐ…ਥੋਨੂੰ ਪਤੈ ਖੇਤੀ ਕੀ ਹੁੰਦੀ ਐ?
ਕੈਪਟਨ ਅਮਦਿੰਰ : ਨਾ ਹੁਣ ਆ ਬਲੂੰਗੜਾ ਜਿਹਾ ਸਖਾਉ ਮੈਨੂੰ…ਖੇਤੀ ਕੀ ਹੁੰਦੀ ਐ…!!
ਸੁਖਬੀਰ ਬਾਦਲ : ਨਾ ਮੈਂ ਕਦੇ ਆਪ ਖੇਤੀ ਨਾ ਕੀਤੀ ਹੋਵੇ ਪਰ ਮੇਰੇ ਖੇਤ ਦੇਖੇ ਐ…ਸਵੇਰੇ ਘੁਮਾਉਣ ਲੈ ਕੇ ਨਿਕਲੂੰ, ਸ਼ਾਮਾਂ ਪੈ ਜਾਣਗੀਆਂ…। ਹਫ਼ ਕੇ ਮਹਿਲਾਂ ਵੱਲ ਨੂੰ ਭੱਜੋਂਗੇ।
ਕੈਪਟਨ : ਕਾਕਾ ਤੈਨੂੰ ਆਪਣੇ ਖੇਤਾਂ ਦਾ ਪਤੈ…ਖੇਤੀ ਦਾ ਨਹੀਂ…ਤੇਰੇ ਰਾਜ ‘ਚ ਦੇਖ ਕਿੰਨੇ ਕਿਸਾਨ ਖ਼ੁਦਕੁਸ਼ੀਆਂ ਕਰ ਗਏ…ਤੂੰ ਸਾਰ ਲਈ ਇਨ੍ਹਾਂ ਦੀ?
ਸੁਖਬੀਰ ਬਾਦਲ : ਸਾਡੇ ਤੋਂ ਵੱਡਾ ਕਿਸਾਨਾਂ ਦਾ ਹਮਦਰਦ ਭਲਾ ਕੌਣ ਹੋਊ…ਸਾਨੂੰ ਪਤੈ ਕਿੰਨੀ ਮਹਿੰਗੀ ਖੇਤੀ ਐ…ਤਾਂਹੀਓਂ ਤਾਂ ਬਿਜਲੀ ਮੁਫ਼ਤ ਕਰਾਤੀ…।
ਕੈਪਟਨ : ਕਾਕਾ ਫੇਰ ਲਾਭ ਤਾਂ ਥੋਨੂੰ ਈ ਹੋ ਰਿਹੈ…ਛੋਟੇ ਕਿਸਾਨ ਦੇ ਤਾਂ ਮੋਟਰ ਵੀ ਨੀਂ ਲੱਗੀ…ਉਹਨੂੰ ਮੁਫ਼ਤ ਬਿਜਲੀ ਦਾ ਕੀ ਭਾਅ…ਛੋਟਾ ਕਿਸਾਨ ਈ ਤਾਂ ਖ਼ੁਦਕੁਸ਼ੀ ਕਰ ਰਿਹੈ…। ਨਾ ਤੁਸੀਂ ਕੀ ਕੀਤੈ ਇਨ੍ਹਾਂ ਲਈ।
ਸੁਖਬੀਰ ਬਾਦਲ : ਆ ਦੇਖੋ ਸਾਡੀਆਂ ਬਾਹਾਂ…ਸਾਰੇ ਕਿਸਾਨ ਇਹਨੂੰ ਈ ਚੁੰਮੜੇ ਪਏ ਆ…। ਥੋਨੂੰ ਕੌਣ ਪੁਛਦੈ….ਹੁਣ ਕਰਜ਼ੇ ਮੁਆਫ਼ ਕਰਨ ਦੇ ਦਾਅਵੇ ਕਰ ਰਹੇ ਓ ਜਦੋਂ ਸੱਤਾ ‘ਚ ਸੀ, ਉਦੋਂ ਨਾ ਕੀਤੇ…ਉਦੋਂ ਤਾਂ ਕੇਂਦਰ ‘ਚ ਵੀ ਸਰਕਾਰ ਥੋਡੀ ਸੀ। ਉਪਰੋਂ ਆ ਟੋਪੀ ਵਾਲਾ ਕੇਜਰੀਵਾਲ ਆ ਕੇ ਡਰਾਮੇ ਰਚੀ ਜਾਂਦੈ, ਅਖੇ-ਅਸੀਂ ਕਿਸਾਨਾਂ ਦੇ ਕਰਜ਼ੇ ਖ਼ਤਮ ਕਰਾਂਗੇ…। ਨਾ ਐਨਾ ਸੌਖੈ…। ਸਾਡੇ ਤਾਂ ਮੂੰਹ ‘ਤੇ ਹੀ ‘ਕਿਸਾਨਾਂ ਦੀ ਹਮਦਰਦ ਪਾਰਟੀ’ ਦਾ ਠੱਪਾ ਲੱਗੈ…ਕਰੀ ਜਾਓ ਵਾਅਦੇ, ਜੇ ਸੱਤਾ ‘ਚ ਆ ਗਏ ਤਾਂ ਤੁਸੀਂ ਵੀ ਠੂਠਾ ਈ ਦਿਖਾਓਗੇ ਸਾਡੇ ਵਾਂਗ…।

ਹੈਲੋ!! ਕਿਸਾਨ ਵੀਰੋ ਮੈਂ ਰਾਹੁਲ ਬੋਲਦਾਂ!!
ਭਾਰਤ ਦੇ ਕਿਸਾਨਾਂ ਦੀ ਖਟੀਆ ਖੜ੍ਹੀ ਕਰਨ ਮਗਰੋਂ ਅੱਜ ਕੱਲ੍ਹ ਸਾਰੀਆਂ ਪਾਰਟੀਆਂ ਦੇ ਨੇਤਾਵਾਂ ਨੂੰ ਕਿਸਾਨਾਂ ਦਾ ਕੋਈ ਜ਼ਿਆਦਾ ਹੀ ਮੋਹ ਜਿਹਾ ਆ ਰਿਹਾ। ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਉਤਰ ਪ੍ਰਦੇਸ਼ ਵਿਚ ਚੋਣਾਂ ਹੋਣ ਕਾਰਨ ਖਾਟ ਕਿਸਾਨ ਰੈਲੀਆਂ ਕੀਤੀਆਂ ਤੇ ਹੁਣ ਪੰਜਾਬ ਵੱਲ ਮੂੰਹ ਕਰ ਲਿਐ ਕਿਉਂਕਿ ਪੰਜਾਬ ਵਿਚ ਚੋਣਾਂ ਹੋਣ ਜਾ ਰਹੀਆਂ ਨੇ। ਉਹ ਪੰਜਾਬੀਆਂ ਨੂੰ ਟੈਲੀਫ਼ੋਨ ਕਰਦੇ ਆ-ਹੈਲੋ!! ਮੈਂ ਰਾਹੁਲ ਬੋਲਦਾਂ। ਕਿਸਾਨ ਵੀਰੋ ਮੈਂ ਥੋਡੇ ਸਾਰੇ ਕਰਜ਼ੇ ਖ਼ਤਮ ਕਰ ਦਉਂ। ਭਲਾ ਉਤਰ ਪ੍ਰਦੇਸ਼ ‘ਚ ਮੰਜਿਆਂ ਨਾਲ ਰੈਲੀਆਂ ਤੇ ਪੰਜਾਬ ‘ਚ ਟੈਲੀਫੋਨ…। ਉਹ ਇਸ ਕਰਕੇ ਕਿਉਂਕਿ ਪੰਜਾਬ ਵਿਚ ਮੰਜੇ ਤਾਂ ਰਹੇ ਨੀਂ…ਕਿਤੇ ਕਿਤੇ ਵਿਆਹਾਂ ‘ਤੇ ਪ੍ਰੋਗਰਾਮ ਲਾਉਣ ਆਲੇ ਮੰਜਾ, ਪੀੜ੍ਹਾ, ਚਰਖ਼ਾ ਧਰ ਦਸਦੇ ਆ ਬਈ ਆ ਸਾਡਾ ਵਿਰਸਾ… ਹੁਣ ਭਲਾ ਮੰਜਿਆਂ ‘ਤੇ ਵੀ ਕੋਈ ਬਹਿੰਦੈ…। ਪੈਂਟਾਂ ਦੀ ਕਰੀਜ਼ ਖ਼ਰਾਬ ਹੁੰਦੀ ਐ…। ਉਤਰ ਪ੍ਰਦੇਸ਼ ਆਲੇ ਤਾਂ ਧੋਤੀਆਂ ਪਾਉਂਦੇ ਆ…ਪੰਜਾਬੀ ਮਾਡਰਨ ਹੋ ਗਏ ਐ…ਤਾਂਹੀਓਂ ਤਾਂ ਉਨ੍ਹਾਂ ਨੂੰ ਟੈਲੀਫੋਨ ਆਉਂਦੈ…। ਮੰਡੀਰ ਦੇ ਹੱਥਾਂ ‘ਚ ਮਹਿੰਗੇ ਮਹਿੰਗੇ ਮੋਬਾਈਲ…ਅੱਧਿਆਂ ਨੂੰ ਤਾਂ ਉਨ੍ਹਾਂ ਦੇ ਵਿਦੇਸ਼ੀ ਬੈਠੇ ਰਿਸ਼ਤੇਦਾਰ ਈ ਭੇਜੀ ਜਾਂਦੇ ਆ…ਮੁੰਡਾ ਭਾਵੇਂ ਡੱਕਾ ਦੂਹਰਾ ਨਾ ਕਰੇ…ਮੋਬਾਈਲ ਕੋਲ ਜ਼ਰੂਰ ਹੋਣਾ ਚਾਹੀਦੈ…। ਤਾਂਹੀਓਂ ਤਾਂ ਰਾਹੁਲ ਦੇ ਸਲਾਹਕਾਰਾਂ ਨੂੰ ਪਤੈ ਕਿ ਇੱਥੇ ਮੰਜੇ ਨੀਂ…ਮੋਬਾਈਲ ਕੰਮ ਆਉਣਗੇ। ਉਦਾਂ ਭਾਵੇਂ ਮੋਬਾਈਲ ਸਾਰਾ ਦਿਨ ਚੁੱਪ ਰਹੇ…ਹੁਣ ਤਾਂ ਘੰਟੀ ਵੱਜੀ ਕੇ ਵੱਜੀ!!

ਕਰ ਲੋ ਘਿਓ ਨੂੰ ਭਾਂਡਾ!!
ਲਓ ਜੀ, ਕਰ ਲੋ ਘਿਓ ਨੂੰ ਭਾਂਡਾ…। ਆ ਅੰਮਾ (ਤਾਮਿਲਨਾਡੂ ਦੀ ਮੁੱਖ ਮੰਤਰੀ ਜੈਲਲਿਤਾ) ਬਿਮਾਰ ਕੀ ਪਈ…ਅੰਦਰਖਾਤੇ ‘ਪੁੱਤਾਂ’ ਨੇ ਵਾਰਿਸ ਲੱਭਣਾ ਸ਼ੁਰੂ ਕਰ ਦਿੱਤਾ। ਸਰਵਨ ਪੁੱਤ ਬਣਨ ਦੀ ਹੱਦ ਤਾਂ ਦੇਖੋ-ਕੈਬਨਿਟ ਦੀ ਅਹਿਮ ਮੀਟਿੰਗ ਹੋਈ, ‘ਪੜ੍ਹੇ-ਲਿਖੇ’, ਸਮਾਜ ਨੂੰ ‘ਸੇਧ’ ਦੇਣ ਵਾਲੇ ਮੰਤਰੀਆਂ ਨੇ ਅੰਮਾ ਦੀ ਫੋਟੋ ਮੂਹਰੇ ਧਰ ਕੇ ਹੀ ਕੰਮ ਚਲਾ ਲਿਆ। ਇਹ ਅੰਮਾ ਲਈ ਅੰਨ੍ਹੀ ਸ਼ਰਧੈ ਜਾਂ ਲੋਕਾਂ ਦਾ ਡਰ…ਇਹ ਤਾਂ ਮੰਤਰੀ ਹੀ ਜਾਣਨ। ਤੁਸੀਂ ਤਾਂ ਬੁੱਧੂ ਬਣ ਕੇ ਤਮਾਸ਼ਾ ਹੀ ਦੇਖਿਓ…ਸਿਆਣੇ ਨਾ ਹੋਏਓ…। ਵਿਗਿਆਨੀ ਐਵੇਂ ਮਗਜਖਪਾਈ ਕਰੀ ਜਾਂਦੈ ਕਿ ਵਹਿਮਾਂ-ਭਰਮਾਂ, ਮੂਰਤੀ ਪੂਜਾ ਦੇ ਪਾਖੰਡਾਂ ਤੋਂ ਦੂਰ ਰਹੋ…ਤੁਸੀਂ ਆਪਣੇ ਦਿਮਾਗ਼ਾਂ ਨੂੰ ਜੰਦਰੇ ਮਾਰ ਕੇ ਬੱਸ ਇਨ੍ਹਾਂ ਨੇਤਾਵਾਂ ਮਗਰ ਲੱਗੇ ਰਹੇਓ..!!

ਲਓ ਜੀ, ਬਹਿ ਗਿਆ ਭੱਠਾ!!
ਪੰਜਾਬ ਰੋਡਵੇਜ਼ ਤਾਂ ਪਹਿਲੋਂ ਈ ਫਟੇ ਹਾਲ ਸੀ, ਉਪਰੋਂ ਬਾਦਲ ਸਰਕਾਰ ਨੇ 117 ਅਕਾਲੀ-ਭਾਜਪਾ ਹਲਕਾ ਇੰਚਾਰਜਾਂ ਦੇ ਹੱਥ ਰੋਡਵੇਜ਼ ਦੀਆਂ ਬੱਸਾਂ ਦੀਆਂ ਚਾਬੀਆਂ ਫੜਾ ਦਿੱਤੀਆਂ। ਜਦੋਂ ਤਕ ਚੋਣ ਜ਼ਾਬਤਾ ਨਹੀਂ ਲਗਦਾ, ਬੱਸਾਂ ਹਲਕਾ ਇੰਚਾਰਜਾਂ ਹਵਾਲੇ ਰਹਿਣਗੀਆਂ। ਇਹਨੂੰ ਕਹਿੰਦੇ ਨੇ-‘ਏਕ ਤੋ ਚੋਰੀ, ਉਪਰ ਸੇ ਸੀਨਾ ਜੋਰੀ’। ਬਾਦਲਾਂ ਦੀਆਂ ਬੱਸਾਂ ਤਾਂ ਪਹਿਲਾਂ ਈ ਸੜਕਾਂ ‘ਤੇ ਭੜਥੂ ਪਾਉਂਦੀਆਂ ਫਿਰਦੀਆਂ ਨੇ…ਸਰਕਾਰੀ ਬੱਸਾਂ ਨੂੰ ਤਾਂ ਟਾਵਾਂ-ਟੱਲਾ ਰੂਟ ਈ ਮਿਲਦੈ…। ਅਦਾਲਤ ਦੀ ਸਖ਼ਤੀ ਦੀ ਵੀ ਬਾਦਲਾਂ ਨੇ ਪ੍ਰਵਾਹ ਨੀਂ ਕੀਤੀ…। ਸਰਕਾਰੀ ਬੱਸਾਂ ਦੇ ਰੂਟ ਬੰਦ ਕਰਕੇ, ਆਪਣੀਆਂ ਬੱਸਾਂ ਦਾ ਚੱਕਾ ਫਿਰਕੀ ਵਾਂਗ ਘੁਮਾਤਾ ਤੇ ਸਰਕਾਰੀ ਬੱਸਾਂ ਅਕਾਲੀ ਆਗੂਆਂ ਹਵਾਲੇ ਕਰਤੀਆਂ-ਲਓ, ਬਈ ਪੁੱਤਰੋ ਚੱਲੋ, ਧਾਰਮਿਕ ਸਥਾਨਾਂ ‘ਤੇ…ਆਪਣੀ ਸਰਕਾਰ ਖ਼ਤਰੇ ‘ਚ ਐ…ਨਾਲੇ ਪੁੰਨ…ਨਾਲੇ ਫਲੀਆਂ। ਨਾਲੇ ਤਾਂ ਤੁਸੀਂ ਧਾਰਮਿਕ ਸਥਾਨਾਂ ‘ਤੇ ਜਾ ਕੇ ਬੱਸ ਇਕ ਵਾਰ ਹੋਰ ਸੱਤਾ ਮਿਲਣ ਲਈ ਲੇਲੜੀਆਂ ਕੱਢਿਓ, ਅਰਦਾਸਾਂ ਕਰੀਓ…ਨਾਲੇ ਲੋਕਾਂ ਨੂੰ ‘ਰੱਬ-ਰੱਬ’ ਜਪਾ ਕੇ ਵੋਟਾਂ ਆਪਣੇ ਵੱਲ ਖਿਸਕਾ ਲਏਓ! ਜਿਹੜੇ ਮਾੜੇ-ਮੋਟੇ ਰੋਡਵੇਜ਼ ਦੇ ਖਜ਼ਾਨੇ ‘ਚ ਛਿੱਲੜ ਬਚੇ ਆ, ਆਪਣੇ ਚਾਹ-ਪਾਣੀ ਲਈ ਰੱਖ ਲੈਣਾ…। ਬਈ, ਥੋਨੂੰ ਕਾਹਦੀ ਤਕਲੀਫ਼ ਸਰਕਾਰ ਸਾਡੀ, ਬੱਸਾਂ ਸਾਡੀਆਂ, ਧਾਰਮਿਕ ਸਥਾਨ ਸਾਡੇ-ਤੁਸੀਂ ਐਵੇਂ ਟਿੰਡ ‘ਚ ਕਾਨਾ ਪਾਈ ਜਾਂਦੇ ਹੋ।
ਬੱਸ ਜ਼ਰਾ ਸਾਡੀ ਸਰਕਾਰ ਆਵੇ ਸਹੀ…!!
ਚੋਣ ਵਾਅਦਿਆਂ ਦਾ ਤਾਪ ਚੜ੍ਹਦਾ ਜਾ ਰਿਹਾ ਹੈ। ਰੋਜ਼ ਕੋਈ ਨਾ ਕੋਈ ਨੇਤਾ ਪੰਜਾਬੀਆਂ ਨੂੰ ਗੱਫ਼ੇ ਤੇ ਗੱਫ਼ੇ ਦੇ ਰਿਹੈ। ਚੱਲੋ ਖੈਰ! ਵਾਅਦੇ ਕਰਨ ਵਿਚ ਜਾਂਦਾ ਵੀ ਕੀ ਐ…। ਬੱਸ ਜ਼ਰਾ ਮੂੰਹ ਹੀ ਤਾਂ ਹਿਲਾਣੈ…। ਜੰਗ ਤੇ ਪਿਆਰ ‘ਚ ਸਭ ਕੁਝ ਜਾਇਜ਼ ਹੈ। ਇਸੇ ਲਈ ਤਾਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੀ ਪਿਛੇ ਨਹੀਂ ਰਹਿਣਾ ਚਾਹੁੰਦੇ। ਭਲਾ ਉਹ ਕਿਉਂ ਪਿਛੇ ਰਹਿਣ…ਹੁਣ ਜਦ ਸਿਆਸਤ ਵਿਚ ਪੈਰ ਧਰ ਹੀ ਦਿੱਤੈ ਤਾਂ ਉਹਦੇ ਤੌਰ-ਤਰੀਕੇ ਵੀ ਤਾਂ ਸਿਖਣੇ ਹੀ ਪੈਣਗੇ। ਲਓ…ਜੀ ਉਨ੍ਹਾਂ ਪੰਜਾਬ ਦੇ ਕਾਰੋਬਾਰੀਆਂ ਨਾਲ ਵਾਅਦਾ ਕਰ ਲਿਐ ਕਿ ਉਹ ਛਾਪੇਮਾਰੀ ਰਾਜ ਖ਼ਤਮ ਕਰਨਗੇ…। ਹੁਣ ਵਪਾਰੀਆਂ ਨੂੰ ਡਰਨ ਦੀ ਕੋਈ ਲੋੜ ਨਹੀਂ…ਬੱਸ ਜ਼ਰਾ ‘ਆਪ’ ਦੀ ਸਰਕਾਰ ਬਣ ਲਵੇ। ਅੱਗੇ ਕਿਹੜਾ ਲੋਕਾਂ ਨੂੰ ਘੱਟ ਥੁੱਕ ਲਾਈਦੈ…ਹੁਣ ਜ਼ਰਾ ਡਰ-ਡੁਰ ਚੁਕਿਆ ਜਾਉ। ਉਂਜ ਇਹੀ ਕੇਜਰੀਵਾਲ ਨੇ ਦਿੱਲੀ ਵਿਚ 2014 ਦੌਰਾਨ ਕਾਰੋਬਾਰੀਆਂ ‘ਤੇ ਰਿਕਾਰਡ 151 ਛਾਪੇ ਮਰਵਾਏ ਸਨ। ਦੇਖੋ…ਜੀ ਜਿਨ੍ਹਾਂ ਨੂੰ ਲੋੜ ਹੋਵੇ, ਉਹ ਐਦਾਂ ਦੇ ਰਿਕਾਰਡ ਲੱਭ ਹੀ ਲਿਆਂਦੇ ਨੇ…। ਇਹ ਰਿਕਾਰਡ ਵੀ ਕੈਪਟਨ ਅਮਰਿੰਦਰ ਸਿੰਘ ਕੱਢ ਕੇ ਲਿਆਏ ਹਨ…ਜਿਹੜੇ ਅੱਜ ਟਵਿੱਟਰ ‘ਤੇ ਕੇਜਰੀਵਾਲ ਨੂੰ ਬਹਿਸ ਦਾ ਸੱਦਾ ਦੇ ਰਹੇ ਹਨ…। ਦੋ ਕੁ ਦਿਨਾਂ ਦੀ ਕੁੜ-ਕੁੜ ਮਗਰੋਂ ਕੇਜਰੀਵਾਲ ਨੇ ਇਹ ਕਹਿ ਕੇ ਫਾਹਾ ਵੱਢਿਆ ਕਿ ਮੈਂ ਤਾਂ ਸੋਨੀਆ ਜਾਂ ਰਾਹੁਲ ਗਾਂਧੀ ਨਾਲ ਬਹਿਸ ਕਰੂੰਗਾ, ਕੈਪਟਨ ਨਾਲ ਨਹੀਂ। ਚੱਲੋ ਜੀ ਬਹਿਸਾਂ-ਬੂਸਾਂ ‘ਚ ਕੀ ਰੱਖਿਐ…ਤੁਸੀਂ ਲੋਕਾਂ ਨੂੰ ਮੂਰਖ਼ ਬਣਾਉਣ ਦਾ ਕੋਈ ਨਵਾਂ ਸ਼ੋਸ਼ਾ ਲੱਭੋ।