ਭਾਈ ਵੋਟਾਂ ਦੇ ਦਿਓ…ਹੋਰ ਕੱਢਜੂੰ ਦਸ ਸਾਲ!!

ਭਾਈ ਵੋਟਾਂ ਦੇ ਦਿਓ…ਹੋਰ ਕੱਢਜੂੰ ਦਸ ਸਾਲ!!

ਭਾਈ ਵੋਟਾਂ ਦੇ ਦਿਓ…ਹੋਰ ਕੱਢਜੂੰ ਦਸ ਸਾਲ!!
ਸੱਜੇ-ਖੱਬੇ ਸੁਰੱਖਿਆ ਗਾਰਦਾਂ ਦਾ ਸਹਾਰਾ ਲਈ ਖੜ੍ਹੇ ‘ਬਾਪੂ’ (ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ) ਨੂੰ ਬੱਸ ਹੁਣ ਤੁਹਾਡੇ ਸਹਾਰੇ ਦੀ ਲੋੜ ਹੈ। ਤੁਸੀਂ ਬੱਸ ਆਪਣੀ ਵੋਟ ਉਨ੍ਹਾਂ ਦੇ ਨਾਂ ਕਰ ਦਿਓ…ਉਨ੍ਹਾਂ ਦੀ ਉਮਰ ਦਸ ਸਾਲ ਹੋਰ ਵਧਜੂ। ਨਾ…ਨਾ…ਅਸੀਂ ਨਹੀਂ, ਖ਼ੁਦ ‘ਬਾਪੂ’ ਜੀ ਕਹਿ ਰਹੇ ਨੇ….ਬੱਸ ਪੰਜ ਸਾਲ ਹੋਰ…ਦੇ ਦਿਓ…। ਪੰਜ ਸਾਲ ਪਹਿਲਾਂ ਵੀ ਉਨ੍ਹਾਂ ਇਹੋ ਕਿਹਾ ਸੀ। ਪਤਾ ਨੀਂ ਉਨ੍ਹਾਂ ਦਾ ਕਿਹੜਾ ਕੰਮ ਹੋਣੋ ਰਹਿ ਗਿਆ ਜਿਹੜੇ ਪੰਜ ਸਾਲ ਹੋਰ ਚਾਹੀਦੇ ਨੇ। ਬਾਪੂ ਜੀ ਨੂੰ ਤਾਂ ਆਪਣੇ ਕਾਕੇ ਸੁਖਬੀਰ ਦਾ ਮਾਸਾ ਵੀ ਖ਼ਿਆਲ ਨੀਂ…ਵਿਚਾਰਾ ਕਦੋਂ ਦਾ ਆਸ ਲਾਈ ਬੈਠੈ…ਪਰ ਬਾਪੂ ਜੀ ਕੁਰਸੀ ਛੱਡਣ ਤਾਂ ਹੀ ਨਾ! ਆਪਣੀਆਂ ਫਰਿਆਦ ਲੈ ਕੇ ਆਉਂਦੀਆਂ ਬੀਬੀਆਂ ਨੂੰ ਤਾਂ ਬਾਦਲ ਸਾਹਿਬ ਕਹਿੰਦੇ ਨੇ-ਮਾਈਓ ਘਰੇ ਬੈਠੇ…ਇਹ ਥੋਡੇ ਪੂਜਾ-ਪਾਠ ਦਾ ਵੇਲੈ…ਐਵੇਂ ਕਿਉਂ ਸੰਗਤ ਦੇ ਦਰਸ਼ਨਾਂ ਲਈ ਟੱਕਰਾਂ ਖਾਂਦੀਆਂ ਫਿਰਦੀਓਂ!! ਆਹ ਬਾਦਲ ਸਾਹਿਬ ਦੇ ਪਾਠ-ਪੂਜਾ ਦਾ ਪਤਾ ਨਹੀਂ ਕਦੋਂ ਵੇਲਾ ਆਉ। ਜੋ ਵੀ ਐ…ਇਹ ਤਾਂ ਪਤਾ ਲੱਗ ਗਿਆ ਕਿ ਬਾਦਲ ਸਾਹਿਬ ਦੀ ਉਮਰ ਦਾ ਰਾਜ ‘ਸੰਜੀਵਨੀ ਵੋਟਾਂ’ ਨੇ…ਇਸ ਵਾਰ ਵੋਟਾਂ ਮਿਲ ਗਈਆਂ, ਖੌਰੇ ‘ਬਾਪੂ’ ਜੀ ਜਵਾਨ ਹੀ ਹੋ ਜਾਣ। ਬੱਸ ਜ਼ਰਾ ਕਾਕਾ ਸੁਖਬੀਰ ਨੂੰ ਸਬਰ ਕਰਨਾ ਪਊ…। ਕੁਰਸੀ ਐਂ ਨੀਂ ਮਿਲਣੀ।

ਪਤਲੂਨ ਕੀ ਕਰੂ?!!
ਲਓ ਜੀ! ਖ਼ੁਸ਼ਖ਼ਬਰੀ!! ਖ਼ੁਸ਼ਖ਼ਬਰੀ!!! ਆਰ.ਐਸ.ਐਸ. ਦੇ ਸੇਵਕਾਂ ਲਈ ਖ਼ੁਸ਼ਖ਼ਬਰੀ… ਹੁਣ ਠੰਢ ਵਿਚ ਠੁਰ ਠੁਰ ਕਰਨ ਦੀ ਲੋੜ ਨਹੀਂ…ਆਖ਼ਰ 90 ਸਾਲਾਂ ਬਾਅਦ ਸੇਵਕਾਂ ਦੀ ਵੀ ਸੁਣੀ ਗਈ। ਖਾਕੀ ਨਿੱਕਰਾਂ ਦੀ ਥਾਂ ਭੂਰੀਆਂ ਪਤਲੂਨਾਂ ਨੇ ਲੈ ਲਈ ਹੈ। ਸੰਘ ਦਾ ਕਹਿਣਾ ਹੈ ਕਿ ਸਮਾਂ ਬਦਲ ਗਿਐ…ਸੋ ਅਸੀਂ ਵੀ ਬਦਲਾਂਗੇ। ਬਾਣਾ ਤਾਂ ਬਦਲ ਲਿਐ ਪਰ ਦਿਮਾਗ਼ ਕਿਵੇਂ ਬਦਲੂ? ਸੰਘ ਮੁਖੀ ਮੋਹਨ ਭਾਗਵਤ ਸੰਘ ਪਾੜ ਪਾੜ ਕਹਿ ਰਹੇ ਨੇ-ਮੀਰਪੁਰ, ਮੁਜ਼ੱਫਰਾਬਾਦ, ਗਿਲਗਿਤ-ਬਲੋਚਿਸਤਾਨ ਸਮੇਤ ਸਾਰਾ ਕਸ਼ਮੀਰ ਸਾਡਾ। ਲਓ ਜੀ! ਤੁਸੀਂ ਭਾਵੇਂ ਪਾਕਿਸਤਾਨ ਵੀ ਨਾਲ ਹੀ ਲੈ ਲਓ…ਪਰ ਜਿਹੜੇ ਪਹਿਲਾਂ ਨੇ…ਉਨ੍ਹਾਂ ਨੂੰ ਤਾਂ ਚੰਗਾ ਜੀਵਨ ਦਿਓ…ਆਹ ਨਾਲ ਹੋਰ ਜੋੜ ਕੇ ਕੀ ਕਰੋਗੇ…ਪਹਿਲਾਂ ਹੀ ਰੁਜ਼ਗਾਰ-ਰੋਟੀ-ਪਾਣੀ ਲਈ ਮਾਰੋ-ਮਾਰ ਹੋਈ ਜਾਂਦੀ ਐ…। ਆਪਣੀ ‘ਫ਼ੌਜ’ ਨੂੰ ਕਹੋ-ਵਰਦੀ ਬਦਲ ਗਈ, ਸੋਚ ਵੀ ਬਦਲੋ…ਨਵੀਂਆਂ ਖੋਜਾਂ ਕਰੋ…ਰੁਜ਼ਗਾਰ ਦੇ ਮੌਕੇ ਪੈਦਾ ਕਰੋ…ਗ਼ਰੀਬੀ ਦੂਰ ਕਰੋ…ਆਹ ‘ਕੱਲੀ ਪਤਲੂਨ ਕੀ ਕੀ ਕਰੂ?!!

ਮੂੰਹ ‘ਤੇ ਟੇਪ!!
ਬੀਬੀ ਨਵਜੋਤ ਕੌਰ ਸਿੱਧੂ ਨੇ ਭਾਜਪਾ ਨੂੰ ਅਲਵਿਦ੍ਹਾ ਕਹਿੰਦਿਆਂ ਹੀ ਦੋਸ਼ ਲਾਇਆ ਹੈ ਕਿ ‘ਭਾਜਪਾ ਵਿਚ ਰਹਿਣ ਦਾ ਮਤਲਬ ਹੈ ਮੂੰਹ ‘ਤੇ ਟੇਪ ਲਾਉਣਾ।’ ਇਹ ਗੱਲ ਜ਼ਰਾ ਹਜ਼ਮ ਨਹੀਂ ਹੋਈ। ਭਾਜਪਾ ਤਾਂ ਅਕਸਰ ਹੀ ਆਪਣੇ ਮੂੰਹ-ਫੱਟ ਲੀਡਰਾਂ ਕਰਕੇ ਚਰਚਾ ਵਿਚ ਰਹਿੰਦੀ ਹੈ ਤੇ ਓਏ-ਤੋਏ ਵੀ ਹੁੰਦੀ ਹੈ। ਕੋਈ ਇਕ-ਅੱਧ ਲੀਡਰ ਹੋਵੇ ਤਾਂ ਵੀ ਹੋਊ ਪਰ੍ਹੇ ਕਹਿ ਦੇਈਏ ਪਰ ਇਹਦੇ ਨੇਤਾ ਤਾਂ ਨਿਤ ਹੀ ‘ਮੁਰਦਾ ਬੋਲੂ ਕੱਫਨ ਪਾੜੂ’ ਵਰਗੇ ਬਿਆਨ ਦਿੰਦੇ ਨੇ। ਲਗਦੈ ‘ਟੇਪ’ ਉਨ੍ਹਾਂ ਦੇ ਮੂੰਹ ‘ਤੇ ਲਗਦੀ ਹੈ, ਜਿਨ੍ਹਾਂ ਨੂੰ ਖ਼ਾਸ ਲਾਹਾ ਨਹੀਂ ਮਿਲ ਰਿਹਾ ਹੁੰਦਾ। ਲਾਹੇ ਤੋਂ ਯਾਦ ਆਇਆ ਕਿ ਜੇ ਨਵਜੋਤ ਸਿੰਘ ਸਿੱਧੂ ਦੀ ਭਾਜਪਾ ਵਿਚ ਚਲਦੀ ਸੀ ਤਾਂ ਹੀ ਉਨ੍ਹਾਂ ਦੀ ਡਾਕਟਰ ਪਤਨੀ ਵੀ ਲੀਡਰ ਦੇ ਯੋਗ ਬਣੀ ਤੇ ਵਿਧਾਇਕ ਵੀ ਬਣੀ। ਨਹੀਂ ਤਾਂ ਮਰੀਜ਼ਾਂ ਨੂੰ ਚੈੱਕ ਕਰਦੇ ਕਰਦੇ ਅਜਿਹਾ ਕਿਹੜਾ ਪਾਰਸ ਹੱਥ ਲੱਗ ਗਿਆ ਕਿ ਰਾਤੋ-ਰਾਤ ਲੀਡਰ ਬਣ ਗਈ। ਜੇ ਨਵਜੋਤ ਕੌਰ ਸਿੱਧੂ ਦੀ ਮੰਨ ਵੀ ਲਈਏ ਤਾਂ ਕੋਈ ਦਿਨ ਅਜਿਹਾ ਨਹੀਂ ਲਭਦਾ ਜਦੋਂ ਦੋਹਾਂ ਪਤੀ-ਪਤਨੀ ਦਾ ਮੂੰਹ ਬੰਦ ਵੀ ਹੋਇਆ ਹੋਵੇ। ਹਾਂ, ਜਿੱਦਣ ਦੀ ਸਿਆਸੀ ਜ਼ਮੀਨ ਖਿਸਕੀ ਹੈ, ਸਿੱਧੂ ਸਾਹਿਬ ਜ਼ਰੂਰ ‘ਚੁੱਪ’ ਹੋ ਗਏ ਹਨ। ਉਨ੍ਹਾਂ ਆਪੇ ਟੇਪ ਲਾਉਣ ਵਿਚ ਭਲੀ ਸਮਝੀ।

ਮੋਟਾ ਭਾਈ ਕਾ ਗ਼ੁਬਾਰਾ!!
ਕੇਂਦਰੀ ਮੰਤਰੀ ਉਮਾ ਭਾਰਤੀ ਦਾ ਕਹਿਣਾ ਹੈ ਕਿ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹੀ ਕਮਾਲ ਹੈ ਕਿ ਵਿਧਾਨ ਸਭਾ ਚੋਣਾਂ ਹਾਰਨ ਵਾਲੇ ਵੀ, ਉਨ੍ਹਾਂ ਦੇ ਪ੍ਰਭਾਵ ਕਾਰਨ ਲੋਕ ਸਭਾ ਚੋਣਾਂ ਜਿੱਤ ਗਏ। ਜੀ ਹਾਂ, ਇਹ ਉਹੀ ਉਮਾ ਭਾਰਤੀ ਹੈ, ਜਿਹੜੀ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਇਹ ਕਹਿੰਦੀ ਨਹੀਂ ਥੱਕਦੀ ਸੀ-‘ਯੇ ਜੋ ਮੋਟਾ ਭਾਈ ਹੈ, ਹਵਾ ਸੇ ਭਰਾ ਗ਼ੁਬਾਰਾ ਹੈ, ਜਿਸ ਦਿਨ ਫਟੇਗਾ, ਸਭ ਠੁਸ ਹੋ ਜਾਏਗਾ।’ ਗ਼ੁਬਾਰਾ ਕਿੰਨੀ ਉੱਚੀ ਉੜਦਾ ਹੈ ਤੇ ਉਮਾ ਦੀਆਂ ਉਮੰਗਾਂ ਕਿੰਨੀਆਂ ਉਡਾਰੀ ਮਾਰਦੀਆਂ ਹਨ, ਇਹ ਤਾਂ ਕੁਰਸੀ ਨੇ ਤੈਅ ਕਰਨਾ ਹੈ ਪਰ ਜਦੋਂ ਸੱਚ-ਮੁੱਚ ਹੀ ਗ਼ੁਬਾਰੇ ਵਿਚੋਂ ਹਵਾ ਨਿਕਲ ਗਈ ਤਾਂ ਉਮਾ ਨੇ ਜ਼ਰੂਰ ਕਹਿਣੈ-‘ਮੈਨੇ ਕਹਾ ਥਾ ਨਾ ਮੋਟਾ ਭਾਈ ਕਾ ਗ਼ੁਬਾਰਾ ਏਕ ਦਿਨ ਫਟ ਜਾਏਗਾ, ਲਓ ਫਟ ਗਿਆ। ਇਹ ਵੀ ਭਾਜਪਾ ਦੀ ਤੇਜ਼-ਤਰਾਰ ਨੇਤਾ ਹੈ ਜਿਹਦੇ ਮੂੰਹ ‘ਤੇ ਕਦੇ ਟੇਪ ਨਹੀਂ ਲੱਗੀ…।

ਜ਼ੋਰ ਲੱਗ ਗਿਆ ਜਵਾਨਾਂ ਦਾ ਤੇ…
ਲਖਨਊ ਦੇ ਭਾਜਪਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਦਾ ਦੁਸਹਿਰੇ ਮੌਕੇ ਸਵਾਗਤ ਕਰਨ ਲਈ ਤਿਆਰ ਖੜ੍ਹੇ ਹਨ। ਥਾਂ-ਥਾਂ ਪੋਸਟਰ ਲੱਗੇ ਹਨ-ਜਿਨ੍ਹਾਂ ‘ਤੇ ਲਿਖਿਆ ਹੈ-ਅਵੈਂਜਰਜ਼ ਆਫ਼ ਉੜੀ ਭਾਵ ਉੜੀ ਹਮਲੇ ਦਾ ਬਦਲਾ ਲੈਣ ਵਾਲੇ ਨਾਇਕ। ਮੋਦੀ ਦੀ ਹੈਟ ਵਾਲੀ ਫ਼ੋਟੋ ਇੰਜ ਲਾਈ ਹੈ ਜਿਵੇਂ ਫ਼ਿਲਮੀ ਡਾੱਨ ਹੋਵੇ। ਇਕ ਗੱਲ ਸਮਝ ਨਹੀਂ ਆਈ, ਜ਼ੋਰ ਤਾਂ ਲੱਗਿਆ ਭਾਰਤ ਦੇ ਜਵਾਨਾਂ ਦਾ, ਸ਼ਾਬਾਸ਼ ਮੋਦੀ ਤੇ ਰਾਜਨਾਥ ਹਿੱਸੇ। ਅਸਲੀ ਨਾਇਕਾਂ ਦੀ ਕਿਸੇ ਨੇ ਫ਼ੋਟੋ ਹੀ ਨਹੀਂ ਦੇਖੀ…!!! ਕ੍ਰਿਕਟਰਾਂ ‘ਤੇ ਲੱਖਾਂ ਰੁਪਏ ਉਡਾਉਣ ਵਾਲਿਆਂ ਨੇ ਇਨ੍ਹਾਂ ਜਵਾਨਾਂ ਨੂੰ ਤਾਂ ਕੋਈ ਇਨਾਮ ਦੇ ਗੱਫ਼ੇ ਨਹੀਂ ਦਿੱਤੇ। ਵੈਸੇ ਤਾਂ ਇਹ ਖ਼ਬਰਾਂ ਚਾਰ ਮਹੀਨੇ ਪਹਿਲਾਂ ਹੀ ਆ ਗਈਆਂ ਸਨ ਕਿ ਕੋਈ ਅਜਿਹਾ ਕਾਰਾ ਹੋਣ ਵਾਲਾ ਹੈ ਕਿ ਮੋਦੀ ਤੇ ਰਾਜਨਾਥ ਦੀ ਬੱਲੇ ਬੱਲੇ ਹੋਵੇਗੀ…ਰਾਜਨਾਥ ਤਾਂ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਉਮੀਦਵਾਰ ਵੀ ਐਲਾਨੇ ਜਾ ਸਕਦੇ ਨੇ…। ਚਲੋ ਜਵਾਨਾਂ ਨੂੰ ਨਾ ਸਹੀ, ਗ੍ਰਹਿ ਮੰਤਰੀ ਨੂੰ ਤਾਂ ਇਨਾਮ ਮਿਲੇਗਾ ਹੀ…’ਡਾੱਨ’ ਬਹੁਤ ਖ਼ੁਸ਼ ਹੂਆ…!!

ਫ਼ਰੰਟ ਬਣਿਆ ਬੈਕ!!
ਆਮ ਆਦਮੀ ਪਾਰਟੀ ਵਿਚੋਂ ਬਾਹਰ ਆਏ ਸੁੱਚਾ ਸਿੰਘ ਛੋਟੇਪੁਰ ਨੂੰ ਬੜੀਆਂ ਉਮੀਦਾਂ ਸਨ ਕਿ ‘ਆਪ’ ਦੀ ਤੀਜੀ ਸੂਚੀ ਆਉਂਦਿਆਂ ਹੀ ਹੋਰ ਕਈ ਬਾਗ਼ੀ ਉਨ੍ਹਾਂ ਨਾਲ ਆ ਕੇ ਰਲਣਗੇ। ਉਂਜ ਉਨ੍ਹਾਂ ਨੂੰ ਧਰਮਵੀਰ ਗਾਂਧੀ ਤੇ ਨਾਲੋ-ਨਾਲ ਸਭ ਤੋਂ ਵੱਧ ਉਮੀਦਾਂ ਚੌਥੇ ਫ਼ਰੰਟ ਤੋਂ ਸਨ। ਉਨ੍ਹਾਂ ਨੂੰ ਲੱਗਿਆ ਕਿ ਹੁਣ ਆਊ ਉਠ ਪਹਾੜ ਥੱਲੇ। ‘ਆਪ’ ਨੂੰ ਤਾਂ ਮੈਂ ਮਜ਼ਾ ਚਕਾਉਂ…। ਪਰ ਉਨ੍ਹਾਂ ਦੀਆਂ ਆਸਾਂ ‘ਤੇ ਤਾਂ ਪਾਣੀ ਫਿਰ ਗਿਆ। ਚੌਥਾ ਫ਼ਰੰਟ ਤਾਂ ਮੂਹਰੇ ਆਉਂਦਾ ਆਉਂਦਾ ਕਿਧਰੇ ਪਿਛੇ ਹੀ ਰਹਿ ਗਿਆ। ਚੌਥੇ ਫ਼ਰੰਟ ਦੇ ਚਾਰੂ ਆਗੂ, ਚਾਰੋ ਲਾਪਤਾ। ਨਵਜੋਤ ਸਿੰਘ ਸਿੱਧੂ ਆਪ ਤਾਂ ਲੁੜਕੇ ਹੀ ਬੈਂਸ ਭਰਾਵਾਂ ਤੇ ਪਰਗਟ ਦੀ ਬੇੜੀ ਵੀ ਲਗਦੈ ਡੋਬ ਕੇ ਹਟਣਗੇ। ਆਪਾਂ ਕੀ ਲੈਣਾ…ਆਪਾਂ ਤਾਂ ਫ਼ਰੰਟ ‘ਤੇ ਖੜ੍ਹ ਕੇ ਤਮਾਸ਼ਾ ਦੇਖਦੇ ਹਾਂ।

ਨੋ ਪਰਿਵਾਰ-ਸ਼ਵਾਰ!!
ਕੈਪਟਨ ਅਮਰਿੰਦਰ ਸਿੰਘ ਦਾ ਪੂਰਾ ਜ਼ੋਰ ਇਸ ਗੱਲ ‘ਤੇ ਲੱਗੈ ਕਿ ਇਸ ਵਾਰ ਇਕ ਪਰਿਵਾਰ ‘ਚੋਂ ਇਕ ਨੂੰ ਹੀ ਟਿਕਟ ਦੇਣੀ ਐ। ‘ਨੌਂ ਸੌ ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ’ ਵਾਲਾ ਹਿਸਾਬ ਤਾਂ ਕੈਪਟਨ ਸਾਹਿਬ ਕਰ ਰਹੇ ਨੇ। ਪਹਿਲਾਂ ਆਪ ਸਿਆਸਤ ਵਿਚ ਆਏ, ਫੇਰ ਆਪਣੀ ਪਤਨੀ ਪ੍ਰਨੀਤ ਕੌਰ ਨੂੰ ਵੀ ਲੈ ਆਏ। ਫੇਰ ਦੋਵੇਂ ਚੋਣਾਂ ਲੜਦੇ ਵੀ ਰਹੇ। ਆਹ ਲੋਕ ਸਭਾ ਚੋਣਾਂ ਵਿਚ ਦੋਵੇਂ ਪਤੀ-ਪਤਨੀ ਨੂੰ ਟਿਕਟ ਮਿਲੀ ਸੀ, ਭਾਵੇਂ ਉਨ੍ਹਾਂ ਦੀ ਪਤਨੀ ਹਾਰ ਗਈ ਪਰ ਕਿਸਮਤ ਤਾਂ ਅਜ਼ਮਾਈ। ਲਗਦੈ ਇਸ ਵਾਰ ਉਨ੍ਹਾਂ ਦੇ ਪਰਿਵਾਰ ‘ਚੋਂ ਕੋਈ ਚੋਣ ਲੜਨਾ ਨਹੀਂ ਚਾਹੁੰਦਾ ਤਾਂਹੀਓਂ ਫਰਮਾਨ ਜਾਰੀ ਕਰ ਰਹੇ ਹਨ-‘ਨੋ ਪਰਿਵਾਰ-ਸ਼ਵਾਰ, ਓਨਲੀ ਇਕ ਟਿਕਟ’

ਬਾਦਲਾਂ ਦੀ ਚੂਰੀ!!
ਤੋਤਾ ਮਾਲਕ ਦੀ ਚੂਰੀ ਖਾ ਕੇ, ਭਲਾ ਉਹਦੀ ਬੋਲੀ ਨਹੀਂ ਬੋਲੇਗਾ ਤਾਂ ਹੋਰ ਕਿਹਦੀ ਬੋਲੇਗਾ!! ਆਹ ਪੰਜਾਬ ਦੇ ਖੇਤੀ ਮੰਤਰੀ ਸ. ਜਥੇਦਾਰ ਤੋਤਾ ਸਿੰਘ ਜੀ ਨੂੰ ਹੀ ਲੈ ਲਓ, ਸਭ ਨੂੰ ਪਤਾ ਹੈ ਕਿ ਬਾਦਲਾਂ ਦੀ ਚੂਰੀ ਖਾਂਦੇ ਹਨ ਤੇ ਉਨ੍ਹਾਂ ਦੀ ਬੋਲੀ ਬੋਲਦੇ ਹਨ ਪਰ ਆਹ ਵਿਜੀਲੈਂਸ ਬਿਊਰੋ ਨੂੰ ਕੀ ਹੋ ਗਿਐ? ਲਗਦੈ ਇਹ ਵੀ ਅੱਜ ਕੱਲ੍ਹ ਬਾਦਲਾਂ ਦੀ ਚੂਰੀ ਖਾ ਰਿਹੈ, ਉਹੀ ਵੀ ਚੰਗੀ ਤਰ੍ਹਾਂ ਘਿਓ ‘ਚ ਨੁਚੜਦੀ ਨੁਚੜਦੀ। ਤਾਂਹੀਓਂ ਤਾਂ ਚੋਣਾਂ ਤੋਂ ਪਹਿਲਾਂ ‘ਸਾਰੇ ਆਪਣੇ-ਪਰਾਇਆਂ’ ਦੇ ਕੇਸ ਬੰਦ ਹੋ ਰਹੇ ਨੇ। ਕੈਪਟਨ ਅਮਰਿੰਦਰ ਸਿੰਘ ਭਾਵੇਂ ਵਿਰੋਧੀ ਹੋਣ ਪਰ ਹੈ ਤਾਂ ਸਿਆਸੀ ਭਾਈਚਾਰਾ। ਢਿਚਕੂੰ ਢਿਚਕੂੰ ਚੱਲਿਆ ਆ ਰਿਹਾ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਜ਼ਮੀਨ ਘੁਟਾਲੇ ਦਾ ਫ਼ੈਸਲਾ ਯਕਦਮ ਉਨ੍ਹਾਂ ਦੇ ਹੱਕ ਵਿਚ ਆ ਗਿਆ। ਆਹ ਹੁਣ ਵਿਜੀਲੈਂਸ ਵਾਲੇ ਤੋਤਾ ਸਿੰਘ ਜੀ ਨੂੰ ਬਚਾਉਣ ਵਿਚ ਲੱਗੇ ਹਨ, ਅਖੇ-ਪੰਜਾਬ ਸਕੂਲ ਸਿੱਖਿਆ ਬੋਰਡ ਖ਼ੁਦਮੁਖਤਿਆਰ ਸੰਸਥੈ ਭਾਈ। ਭਰਤੀ ਕਰਨ ਵਾਲੇ ਤੋਤਾ ਸਿੰਘ ਕੌਣ ਹੁੰਦੇ ਆ…ਐਵੇਂ ਉਨ੍ਹਾਂ ਨੂੰ ਬਦਨਾਮ ਕਰੀ ਜਾਂਦੇ ਹੋ…ਕੋਈ ਘੁਟਾਲਾ ਨਹੀਂ ਕੀਤਾ ਉਨ੍ਹਾਂ…ਵਿਚਾਰਿਆਂ ਨੂੰ ਐਵੇਂ ਲਪੇਟੀ ਜਾਂਦੇ ਓ…ਜਿਹੜੇ ਦੋਸ਼ੀ ਨੇ, ਉਨ੍ਹਾਂ ਨੂੰ ਨਹੀਂ ਛੱਡਣਾ ਅਸੀਂ।