ਧੂਮ-ਧੜੱਕੇ ਨਾਲ ਭਰੀਆਂ ‘ਤੀਆਂ ਫਰਿਜ਼ਨੋ ਦੀਆਂ’

ਧੂਮ-ਧੜੱਕੇ ਨਾਲ ਭਰੀਆਂ ‘ਤੀਆਂ ਫਰਿਜ਼ਨੋ ਦੀਆਂ’

ਫਰਿਜ਼ਨੋ/ਕੁਲਵੰਤ ਉੱਭੀ ਧਾਲੀਆ, ਨੀਟਾ ਮਾਛੀਕੇ) :
ਸੈਂਟਰਲ ਵੈਲੀ ਕੈਲੀਫੋਰਨੀਆ ਦੇ ਵਿਚਕਾਰ ਵਸਦਾ ਸ਼ਹਿਰ ਫਰਿਜ਼ਨੋ ਪੰਜਾਬੀਆਂ ਦੀ ਭਰਪੂਰ ਵਸੋਂ ਹੋਣ ਕਰਕੇ ਪੰਜਾਬੀ ਸੱਭਿਆਚਾਰ ਬਾਬਤ ਸਰਗਰਮੀਆਂ ਦਾ ਕੇਂਦਰ ਬਣਿਆ ਰਹਿੰਦਾ ਹੈ। ਬੇਸ਼ੱਕ ਪੰਜਾਬ ‘ਚਂੋ ਬਹੁਤ ਸਾਰੇ ਤਿਉਹਾਰ ਅਲੋਪ ਹੋ ਰਹੇ ਹਨ ਪਰ ਇੱਥੇ ਪਿਛਲੇ 22 ਸਾਲਾਂ ਤੋਂ ਤੀਆਂ ਦਾ ਤਿਊਹਾਰ ਪੂਰੀ ਸ਼ਾਨੋ-ਸ਼ੌਕਤ ਨਾਲ ਮਨਾਇਆ ਜਾਂਦਾ ਹੈ। ਕਿਸੇ ਸਮੇਂ ਰਾਜਪਾਲ ਕੌਰ ਬਰਾੜ, ਗੁੱਡੀ ਸਿੱਧੂ ਅਤੇ ਸੁਖਮਿੰਦਰ ਮਾਨ ਨੇ ਸਮੂਹ ਪੰਜਾਬੀ ਔਰਤਾਂ ਨਾਲ ਰਲ ਕੇ ਸ਼ਹਿਰ ਦੀ ਸੰਘਣੀ ਵਸੋਂ ਤੋਂ ਦੂਰ ਖੁੱਲੇ ‘ਕਾਰਨੀ ਪਾਰਕ’ ਦੇ ਦਰੱਖਤਾਂ ਦੀ ਸੰਘਣੀ ਛਾਂ ਹੇਠ ‘ਤੀਆਂ’ ਦੀ ਸ਼ੁਰੂਆਤ ਕੀਤੀ ਸੀ, ਜੋ ਅੱਜ ਵੀ ਬਰਕਰਾਰ ਹੈ। ਬੇਸ਼ੱਕ ਇਥੇ ਪਿੱਪਲਾਂ ਜਾਂ ਬਰੋਟਿਆਂ ਦੀ ਪੰਜਾਬ ਵਾਂਗ ਛਾਂ ਨਹੀਂ ਹੈ ਪਰ ਹੋਰ ਸੰਘਣੇ ਦਰੱਖਤਾਂ ਦੀ ਛਾਂ ਅਤੇ ਪੰਜਾਬੀ ਸੱਭਿਆਚਾਰ ਪ੍ਰਤੀ ਆਪਸੀ ਪਿਆਰ ਸਦਕਾ ਅੱਜ ਵੀ ਉਸੇ ਤਰ੍ਹਾਂ ਇਹ ਤੀਆਂ ਪਰੰਪ੍ਰਾਗਤ ਤਰੀਕੇ ਨਾਲ ਹਰ ਸਾਲ ਲਗਦੀਆਂ ਹਨ, ਜਿਨ੍ਹਾਂ ਵਿਚ ਮਰਦਾਂ ਨੂੰ ਆਉਣ ਦੀ ਹਮੇਸ਼ਾ ਹੀ ਮਨਾਹੀ ਹੁੰਦੀ ਹੈ।
ਅੱਜ ਸਾਡੇ ਤਿਉਹਾਰ ਮਨੁੱਖੀ ਜ਼ਿੰਦਗੀ ਸੂਖਮ ਹੋਣ ਕਰਕੇ ਬਾਹਰੀ ਮਹੌਲ ਤੋਂ ਸਟੇਜ ‘ਤੇ ਸਿਰਫ ਨੁਮਾਇਸ਼ਨੁਮਾ ਹੀ ਰਹਿ ਗਏ ਹਨ। ਇਹ ਗੱਲ ਫਖਰ ਕਰਨ ਵਾਲੀ ਹੈ ਕਿ ਫਰਿਜ਼ਨੋ ਦੀਆਂ ਤੀਆਂ ਉਸੇ ਤਰ੍ਹਾਂ ਖੁੱਲ੍ਹੇ ਮੈਦਾਨ ਵਿਚ ਪਰੰਪ੍ਰਾਗਤ ਤਰੀਕੇ ਨਾਲ ਲੱਗੀਆਂ। ਇਥੇ ਵੱਖ-ਵੱਖ ਸ਼ਹਿਰਾਂ ਤੋਂ ਬੀਬੀਆਂ-ਭੈਣਾਂ ਰਲ ਕੇ ਆਪਣੇ ਵੱਖ-ਵੱਖ ਗਰੁੱਪਾਂ ਵਿਚ ਗੀਤ ਗਾ ਕੇ ਤੇ ਗਿੱਧੇ ਦੇ ਮੁਕਾਬਲਿਆਂ ਦਾ ਭਰਪੂਰ ਮਨੋਰੰਜਨ ਕਰਦੀਆਂ ਹੋਈਆਂ ਆਪਣੀਆਂ ਸਹੇਲੀਆਂ ਨੂੰ ਵੀ ਮਿਲੀਆਂ। ਇਸ ਸਾਲ ਤੀਆਂ ਦੌਰਾਨ ਪੰਜਾਬੀ ਔਰਤਾਂ ਤੋਂ ਇਲਾਵਾ ਅਮਰੀਕਨ ਮੂਲ ਦੀਆਂ ਔਰਤਾਂ ਨੇ ਵੀ ਸ਼ਿਰਕਤ ਕੀਤੀ।  ਇਨ੍ਹਾਂ ਤੀਆਂ ਦੌਰਾਨ ਸਮਾਪਤੀ ‘ਤੇ ਪਾਈ ਗਈ ‘ਬੱਲੋ’ ਵੀ ਰੰਗਲੇ ਪੰਜਾਬੀ ਸੱਭਿਆਚਾਰ ਦਾ ਰੂਪ ਪੇਸ਼ ਕਰ ਰਹੀ ਸੀ। ਇਸੇ ਤਰ੍ਹਾਂ ਤੀਆਂ ਦੇਖਣ ਅਤੇ ਹਿੱਸਾ ਲੈਣ ਆਈਆਂ ਮੁਟਿਆਰਾਂ ਦੀਆਂ ਰੰਗ-ਬਰੰਗੀਆਂ ਪੁਸ਼ਾਕਾਂ, ਲਹਿੰਗੇ ਅਤੇ ਘੱਗਰੇ ਪੰਜਾਬੀਅਤ ਦੇ ਮਾਹੌਲ ਨੂੰ ਹੋਰ ਵੀ ਰੰਗੀਨ ਬਣਾ ਰਹੇ ਸਨ। ਤੀਆਂ ਦੌਰਾਨ ਰੋਜ਼ਾਨਾ ਪ੍ਰਬੰਧਕਾਂ ਵੱਲੋਂ ਸਮਾਪਤੀ ‘ਤੇ ਖੁੱਲੇ ਗਿੱਧੇ ਅਤੇ ਬੋਲੀਆਂ ਤੋਂ ਇਲਾਵਾ ਡੀਜੇ. ਦਾ ਵੀ ਪ੍ਰਬੰਧ ਵੀ ਕੀਤਾ ਗਿਆ ਸੀ। ਇਸ ਸਮੇਂ ਜੀਤ ਗਿੱਲ ਮੋਗਾ ਵੀਡੀਉ ਵੱਲੋਂ ਫਰੀ ਫੋਟੋਆਂ ਖਿੱਚਣ ਲਈ ਬੂਥ ਵੀ ਲਾਇਆ ਗਿਆ ਸੀ। ਇਸ ਸਮੇਂ ਦੇ ਯਾਦਗਾਰੀ ਪਲਾਂ ਨੂੰ www.Mogavideo.com ਤੋਂ ਮੁਫਤ ਡਾਊਨਲੋਡ ਕੀਤਾ ਜਾ ਸਕਦਾ ਹੈ। ਇੱਥੇ ‘ਇੰਡੀਅਨ ਅਵਨ’ ਰੈਸਟੋਰੈਂਟ ਵੱਲੋਂ ਵੰਨ ਸੁਵੰਨੇ ਖਾਣਿਆਂ ਦੇ ਸਟਾਲ ਦਾ ਵੀ ਪ੍ਰਬੰਧ ਕੀਤਾ ਗਿਆ ਸੀ। ਇਨ੍ਹਾਂ ਤੀਆਂ ਦਾ ਮਾਹੌਲ ਪੰਜਾਬ ਦੇ ਕਿਸੇ ਇਤਿਹਾਸਕ ਮੇਲੇ ਦੀ ਯਾਦ ਕਰਵਾ ਰਿਹਾ ਸੀ। ਅਜੋਕੇ ਸਮੇਂ ਅੰਦਰ ਲੋੜ ਹੈ ਅਜਿਹੇ ਤਿਉਹਾਰਾਂ ਨੂੰ ਪਰੰਪ੍ਰਾਗਤ ਤਰੀਕੇ ਨਾਲ ਮਨਾਉਣ ਦੀ, ਜਿਸ ਨਾਲ ਆਉਣ ਵਾਲੀ ਨਵੀਂ ਪੀੜ੍ਹੀ ਨੂੰ ਸਹੀ ਢੰਗ ਨਾਲ ਆਪਣੇ ਪਿਛੋਕੜ ਤੋਂ ਜਾਣੂ ਕਰਵਾਉਦੇ ਹੋਏ ਜੀਵਤ ਰੱਖਿਆ ਜਾ ਸਕੇ।  ਇਸ ਸਮੁੱਚੇ ਪ੍ਰੋਗਰਾਮ ਦੀ ਸਫਲਤਾ ਦਾ ਸਿਹਰਾ ਰਾਜਪਾਲ ਕੌਰ ਬਰਾੜ, ਗੁੱਡੀ ਸਿੱਧੂ, ਸੁਖਮਿੰਦਰ ਕੌਰ ਮਾਨ ਅਤੇ ਸਮੂਹ ਸਹਿਯੋਗੀਆਂ ਨੂੰ ਜਾਂਦਾ ਹੈ।