ਸਿੱਖ ਕੌਮ ਤੇ ਸਿੱਖ ਸੰਘਰਸ਼ ਦੀ ਮੂਲ ਭਾਵਨਾ ਨੂੰ ਪ੍ਰਗਟ ਕਰਨ ਵਾਲੀ ਨਵੀਂ ਕਿਤਾਬ ਲੋਕ ਅਰਪਣ

ਸਿੱਖ ਕੌਮ ਤੇ ਸਿੱਖ ਸੰਘਰਸ਼ ਦੀ ਮੂਲ ਭਾਵਨਾ ਨੂੰ ਪ੍ਰਗਟ ਕਰਨ ਵਾਲੀ ਨਵੀਂ ਕਿਤਾਬ ਲੋਕ ਅਰਪਣ

ਚੰਡੀਗੜ੍ਹ/ਬਿਊਰੋ ਨਿਊਜ਼:
ਪ੍ਰੋ. ਹਰ ਜਗਮੰਦਰ ਸਿੰਘ ਵੱਲੋਂ ਕਲਮਬਧ ਕੀਤੀ, ਸਿੱਖ ਇਤਿਹਾਸ ਅਤੇ ਮੌਜੂਦਾ ਸਿੱਖ ਸੰਘਰਸ਼ ਦੀ ਮੂਲ ਭਾਵਨਾ ਨੂੰ ਪ੍ਰਗਟ ਕਰਨ ਵਾਲੀ ਨਵੀਂ ਕਿਤਾਬ ”ਸਿਖਨ ਕੋ ਦਿਊਂ ਪਾਤਸ਼ਾਹੀ” ਨੂੰ ਇਥੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵਿਖੇ ਸਰਦਾਰ ਗੁਰਤੇਜ ਸਿੰਘ ਆਈ ਏ ਐਸ ਨੇ ਲੋਕ ਅਰਪਣ ਕੀਤਾ।
ਹਿੰਦੁਸਤਾਨੀ ਸਦੀਆਂ ਤੋਂ  ਗ਼ੁਲਾਮ ਰਹੇ ਸਨ, ਜਿਸ ਕਰਕੇ ਉਨ੍ਹਾਂ ਦੀ ਘੋਰ ਦੁਰਦਸ਼ਾ ਹੁੰਦੀ ਰਹੀ ਸੀ। ਹਰ ਪਾਸੇ ਝੂਠ, ਬੁਜ਼ਦਿਲੀ ਅਤੇ ਜ਼ੁਲਮ ਫੈਲਿਆ ਹੋਇਆ ਸੀ। ਇਹਨਾਂ ਹਾਲਾਤਾਂ ਵਿਚ ਸਿੱਖ ਵਿਚਾਰਧਾਰਾ ਪੈਦਾ ਹੋਈ ਅਤੇ ਹੌਲੀ ਹੌਲੀ ਇਕ ਮੁਕੰਮਲ ਧਰਮ ਵਿਚ ਵਿਕਸਤ ਹੋ ਗਈ । ਗੁਰੂ ਗੋਬਿੰਦ ਸਿੰਘ ਨੇ ਸਿੱਖਾਂ ਦੀ ਇਕ ਵੱਖਰੀ ਕੌਮ ਕਾਇਮ ਕੀਤੀ ਅਤੇ ਇਸਨੂੰ ਸਦੀਵੀ ਚੜ੍ਹਦੀ ਕਲਾ ਅਤੇ ਅਣਥੱਕ ਸ਼ਕਤੀ ਬਖ਼ਸ਼ ਕੇ ”ਪਾਤਸ਼ਾਹੀ” ਦੀ ਮੰਜ਼ਿਲ ਵੱਲ ਤੋਰ ਦਿੱਤਾ । ਸਿੱਖਾਂ ਨੇ ਸੌ ਸਾਲ ਘੋਰ ਸੰਘਰਸ਼ ਕੀਤਾ ਅਤੇ ਅਖ਼ੀਰ, ਮਹਾਰਾਜਾ ਰਣਜੀਤ ਸਿੰਘ ਦੇ ਅਧੀਨ ਅਪਣਾ ਸ਼ਾਨਦਾਰ ਰਾਜ ਕਾਇਮ ਕਰ ਲਿਆ ਅਤੇ ਉਸਦੀ ਮੌਤ ਪਿਛੋਂ ਰਾਜ ਖ਼ਤਮ ਹੋ ਗਿਆ।
ਕਾਂਗਰਸ, ਜੋ ਕਿ ਬਹੁ-ਗਿਣਤੀ ਹਿੰਦੂਆਂ ਦੀ ਨੁਮਾਇੰਦਾ ਜਮਾਤ ਸੀ, ਨੇ ਪਾਕਿਸਤਾਨ ਬਣਵਾ ਕੇ ਮੁਸਲਮਾਨ ਬਹੁ-ਗਿਣਤੀ ਵਾਲੇ ਇਲਾਕੇ ਬਾਹਰ ਕੱਢ ਦਿੱਤੇ, ਤਾਂ ਕਿ ਬਚਦੇ ਹਿੰਦੁਸਤਾਨ ਵਿਚ ਹਿੰਦੂ ਬਹੁ-ਗਿਣਤੀ ਰਾਜ ਕਾਇਮ ਕੀਤਾ ਜਾ ਸਕੇ। ਅੰਗਰੇਜ਼ ਜਾਣ ਤੋਂ ਪਹਿਲਾਂ ਸਿੱਖਾਂ ਦੇ ”ਸਿਆਸੀ ਪੈਰ” ਲਾ ਕੇ ਉਹਨਾਂ ਦਾ ਭਵਿੱਖ ਮਹਿਫੂਜ਼ ਕਰਨਾ ਚਾਹੁੰਦੇ ਸਨ। ਪਰ ਸਿੱਖਾਂ ਦੇ ਮਹਾਂ ਮੂਰਖ ਲੀਡਰ ਕਾਂਗਰਸ ਦੇ ਟੇਟੇ ਚੜ੍ਹੇ ਹੋਏ ਸਨ ਅਤੇ ਉਹਨਾਂ ਨੇ ਆਪਣੀ ਕੌਮ ਦੇ ਭਵਿੱਖ ਦੀ ਕੋਈ ਪਰਵਾਹ ਨਾ ਕੀਤੀ।
ਸਤਲੁਜ ਜਮਨਾ ਨਹਿਰ, ਜੋ ਪੰਜਾਬ ਦੇ ਦਰਿਆਈ ਪਾਣੀਆਂ ਨੂੰ ਹਰਿਆਣੇ ‘ਚ ਲਿਜਾਣ ਲਈ ਪੁੱਟੀ ਜਾ ਰਹੀ ਸੀ, ਨੂੰ ਰੋਕਣ ਵਾਸਤੇ ਅਕਾਲੀਆਂ ਨੇ ਮੋਰਚਾ ਸ਼ੁਰੂ ਕਰ ਦਿੱਤਾ। ਸਰਕਾਰ ਦੇ ਜ਼ੁਲਮ ਕਾਰਨ ਮੋਰਚਾ ਵੱਖਵਾਦੀ ਸ਼ਕਲ ਲੈ ਗਿਆ ਅਤੇ ਦਿਨ ਬਦਿਨ ਹਿੰਸਾ ਵਿਚ ਵਾਧਾ ਹੋਣ ਲੱਗਾ। ਸਿੱਖਾਂ ਦੀ ਲੀਡਰੀ ਸੰਤ ਭਿੰਡਰਾਂਵਾਲੇ ਦੇ ਹੱਥਾਂ ਵਿਚ ਚਲੀ ਗਈ। ਸੰਤ ਭਿੰਡਰਾਂਵਾਲੇ ਨੂੰ ਖ਼ਤਮ ਕਰਨਾ ਅਕਾਲੀਆਂ ਦੀ ਪਹਿਲੀ ਲੋੜ ਬਣ ਗਈ। ਉਧਰ ਸਾਰੀਆਂ ਹਿੰਦੂ ਪਾਰਟੀਆਂ ਫ਼ੌਜੀ ਕਾਰਵਾਈ ਕਰਨ ਲਈ ਕਾਵਾਂ ਰੌਲੀ ਪਾ ਰਹੀਆਂ ਸਨ। ਅਕਾਲੀਆਂ ਵੱਲੋਂ ਮਿਲਵਰਤਨ ਮਿਲ ਜਾਣ ਤੇ ਸੈਂਟਰ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਫੌਜੀ ਹਮਲਾ ਕਰ ਦਿੱਤਾ, ਜਿਸ ਵਿਚ ਭਾਰੀ ਤਬਾਹੀ ਤੋਂ ਇਲਾਵਾ ਵੱਡਾ ਕਤਲੇ-ਆਮ ਹੋਇਆ। ਸਿੱਖਾਂ ਦਾ ਗ਼ੁੱਸਾ ਇੰਦਰਾ ਗਾਂਧੀ ਦੇ ਕਤਲ ਦੇ ਰੂਪ ਵਿਚ ਨਿਕਲਿਆ, ਜਿਸ ਪਿੱਛੋਂ ਦਿੱਲੀ ਅਤੇ ਹੋਰ ਸ਼ਹਿਰਾਂ ਵਿਚ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ। ਲੌਂਗੋਵਾਲ ਨੇ ਰਾਜੀਵ ਗਾਂਧੀ ਨਾਲ ਸਮਝੌਤਾ ਕਰਕੇ ਬਰਨਾਲਾ ਮਨਿਸਟਰੀ ਬਦਲੇ ਪੰਜਾਬ ਦਾ ਪਾਣੀ ਵੇਚ ਦਿੱਤਾ। ਹੁਣ ਅਕਾਲੀ ਲੀਡਰਾਂ ਨੇ ਅਪਣੀ ਤਾਕਤ ਬਹਾਲ ਕਰਨ ਲਈ ਜੁਝਾਰੂ ਸਿੱਖ ਨੌਜਵਾਨਾਂ ਨੂੰ ਅਪਣੇ ਰਸਤੇ ਵਿਚੋਂ ਹਟਾਉਣ ਦਾ ਮਨਸੂਬਾ ਬਣਾ ਲਿਆ। ਬੜੀ ਚਲਾਕੀ ਨਾਲ ਉਨ੍ਹਾਂ ਨੇ 1992 ਵਿਚ ਬੇਅੰਤ ਸਿੰਘ ਦੀ ਕਾਂਗਰਸ ਸਰਕਾਰ ਬਣਵਾ ਦਿੱਤੀ ਜਿਸ ਨੇ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਤਸੀਹੇ ਦਿਤੇ ਅਤੇ ਮਾਰ ਮੁਕਾਇਆ। ਵੱਖਵਾਦੀ ਲਹਿਰ ਕੁਚਲ ਦਿੱਤੀ ਗਈ। ਪਰ ਗੁਰੂ ਸਾਹਿਬ ਨੇ ਸਿੱਖਾਂ ਦੀ ਜਿਹੜੀ ਤਕਦੀਰ ਨਿਸ਼ਚਿਤ ਕਰ ਦਿੱਤੀ ਹੈ, ਉਸਨੂੰ ਕੋਈ ਮੇਟਣਹਾਰ ਨਹੀਂ।  ਉਦੋਂ ਤੋਂ ਅਕਾਲੀ ਅਤੇ ਕਾਂਗਰਸ ਵਾਰੀ ਵਾਰੀ ਰਾਜ ਕਰ ਰਹੇ ਹਨ ਅਤੇ ਅਪਣਾ ਅਪਣਾ ਚਾਕੂ ਚਲਾ ਰਹੇ ਹਨ। ਮੁਲਕ ਵਿਚ ਚੱਲ ਰਹੇ ਹਾਲਾਤਾਂ ਦੇ ਮੱਦੇ ਨਜ਼ਰ ਭਵਿੱਖ ਚੰਗਾ ਨਹੀਂ ਦਿਸਦਾ।
ਇਹ ਕਿਤਾਬ ਕਈ ਵੱਡੇ ਝੂਠਾਂ ਅਤੇ ਧੋਖਿਆਂ ਨੂੰ ਨੰਗਾ ਕਰਦੀ ਹੈ। ਇਸ ਲਈ ਕਈਆਂ ਨੂੰ ਚੰਗੀ ਨਹੀਂ ਲੱਗੇਗੀ। ਪਰ ਜਿਨ੍ਹਾਂ ਦੀਆਂ ਭਾਵਨਾਵਾਂ ਸਿੱਖੀ ਨਾਲ ਜੁੜੀਆ ਹੋਈਆਂ ਹਨ, ਉਹਨਾਂ ਨੂੰ ਜ਼ਰੂਰ ਪਸੰਦ ਆਵੇਗੀ। ਇਹ ਸਿੱਖਾਂ ਨੂੰ ਅਪਣਾ ਅਜ਼ੀਮ ਵਿਰਸਾ ਅਤੇ ਅਸਲੀ ਮੰਜ਼ਲ ਯਾਦ ਕਰਾਏਗੀ।

ਕਿਤਾਬ ਦਾ ਨਾਂ :  ਸਿਖਨ ਕੋ ਦਿਊਂ ਪਾਤਸ਼ਾਹੀ
ਲੇਖਕ: ਹਰ ਜਗਮੰਦਰ ਸਿੰਘ (ਫੋਨ – 9872791425)
ਪ੍ਰਕਾਸ਼ਕ : ਸਿੰਘ ਬ੍ਰਦਰਜ਼ ਅੰਮ੍ਰਿਤਸਰ (ਫੋਨ – 9915048005)  ਸਫ਼ੇ : 307  ਕੀਮਤ : 400 ਰੁਪਏ