ਜਲਘਰ ਚਾਲੂ ਨਾ ਹੋਣ ‘ਤੇ ਰੋਸ ਵਜੋਂ ਸਰਪੰਚ ਨੇ ਦਾੜ੍ਹੀ ਕੱਟ ਕੇ ਡੀਸੀ ਦੇ ਕਮਰੇ ਅੱਗੇ ਟੰਗੀ

ਜਲਘਰ ਚਾਲੂ ਨਾ ਹੋਣ ‘ਤੇ ਰੋਸ ਵਜੋਂ ਸਰਪੰਚ ਨੇ ਦਾੜ੍ਹੀ ਕੱਟ ਕੇ ਡੀਸੀ ਦੇ ਕਮਰੇ ਅੱਗੇ ਟੰਗੀ

ਕੈਪਸ਼ਨ-ਮੋਗਾ ਜਿਲ੍ਹਾ ਸਕੱਤਰੇਤ ‘ਚ ਡੀਸੀ ਦੇ ਕਮਰੇ ਅੱਗੇ ਦਾੜ੍ਹੀ ਕਟਦਾ ਹੋਇਆ ਸਰਪੰਚ ਹਰਭਜਨ ਸਿੰਘ।
ਮੋਗਾ/ਬਿਊਰੋ ਨਿਊਜ਼ :
ਪਿੰਡ ਬਹੋਨਾ ਦੇ ਸਰਪੰਚ ਨੇ ਪਿੰਡ ਦਾ ਜਲਘਰ ਚਾਲੂ ਕਰਨ ਦਾ ਭਰੋਸਾ ਪੂਰਾ ਨਾ ਹੋਣ ਦੇ ਰੋਸ ਵਿੱਚ ਆਪਣੀ ਦਾੜ੍ਹੀ ਕੱਟ ਕੇ ਇੱਥੇ ਜ਼ਿਲ੍ਹਾ ਸਕੱਤਰੇਤ ਵਿੱਚ ਡੀਸੀ ਦੇ ਕਮਰੇ ਅੱਗੇ ਟੰਗ ਦਿੱਤੀ, ਜਿਸ ਕਾਰਨ ਅਧਿਕਾਰੀਆਂ ਨੂੰ ਭਾਜੜ ਪੈ ਗਈ।
ਇਸ ਮੌਕੇ ਸਰਪੰਚ ਹਰਭਜਨ ਸਿੰਘ ਨੇ ਕਿਹਾ ਕਿ ਜਿੰਨਾ ਚਿਰ ਪਿੰਡ ਦਾ ਜਲਘਰ ਚਾਲੂ ਨਹੀਂ ਕੀਤਾ ਜਾਂਦਾ ਅਤੇ ਬਾਕੀ ਪਿੰਡਾਂ ਵਿੱਚ ਚਾਲੂ ਕਰਨ ਦਾ ਭਰੋਸਾ ਨਹੀਂ ਦਿੱਤਾ ਜਾਂਦਾ, ਓਨੀ ਦੇਰ ਉਹ ਜ਼ਿਲ੍ਹਾ ਸਕੱਤਰੇਤ ਅੱਗੇ ਮਰਨ ਵਰਤ ਉੱਤੇ ਬੈਠਾ ਰਹੇਗਾ। ਐਸਡੀਐਮ ਚਰਨਜੀਤ ਸਿੰਘ ਨੇ ਭਰੋਸਾ ਦਿੱਤਾ ਕਿ ਉਨ੍ਹਾਂ ਦੇ ਪਿੰਡ ਦਾ ਜਲਘਰ ਚਾਲੂ ਕਰ ਦਿੱਤਾ ਜਾਵੇਗਾ ਤਾਂ ਸਰਪੰਚ ਹਰਭਜਨ ਸਿੰਘ ਨੇ ਪ੍ਰਸ਼ਾਸਨ ਨੂੰ ਕਿਹਾ ਕਿ ਉਹ ਆਪਣੇ ਪਿੰਡ ਦਾ ਜਲਘਰ ਚਾਲੂ ਹੋਣ ਅਤੇ ਉਸ ਦਾ ਪਾਣੀ ਪੀਣ ਬਾਅਦ ਹੀ ਮਰਨ ਵਰਤ ਖ਼ਤਮ ਕਰੇਗਾ।
ਇਸ ਮੌਕੇ ਸਰਪੰਚ ਹਰਭਜਨ ਸਿੰਘ ਨੇ ਦੱਸਿਆ ਕਿ ਉਸ ਨੂੰ ਪਤਾ ਲੱਗਿਆ ਹੈ ਕਿ ਪਾਵਰਕੌਮ ਦੀ ਟੀਮ ਪਿੰਡ ਬਹੋਨਾ ਵਿੱਚ ਜਲਘਰ ਦਾ ਕੁਨੈਕਸ਼ਨ ਜੋੜਨ ਲਈ ਪਹੁੰਚ ਗਈ ਹੈ, ਜਦੋਂ ਜਲਘਰ ਦਾ ਪਾਣੀ ਆ ਜਾਵੇਗਾ, ਉਹ ਪਾਣੀ ਪੀਣ ਬਾਅਦ ਮਰਨ ਵਰਤ ਖ਼ਤਮ ਕਰ ਦੇਵੇਗਾ। ਉਸ ਨੇ ਲੋਕਾਂ ਨੂੰ ਪੀਣ ਦੇ ਸ਼ੁੱਧ ਪਾਣੀ ਦੀ ਬੁਨਿਆਦੀ ਸਹੂਲਤ ਲਈ ਜ਼ਿਲ੍ਹਾ ਸਕੱਤਰੇਤ ਵਿੱਚ ਡੀਸੀ ਦਫ਼ਤਰ ਅੱਗੇ ਮੂੰਹ ਉੱਤੇ ਕਾਲੀ ਪੱਟੀ ਬੰਨ੍ਹ ਕੇ ਪੂਰਾ ਦਿਨ ਪਾਣੀ ਦਾ ਤਿਆਗ ਕਰਦਿਆਂ ਰੋਸ ਧਰਨਾ ਦਿੱਤਾ। ਇਸ ਮੌਕੇ ਉਨ੍ਹਾਂ ਪਿੰਡਾਂ ਵਿੱਚ ਬੰਦ ਜਲ ਘਰ ਚਾਲੂ ਕਰਨ ਲਈ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਵੀ ਦਿੱਤਾ। ਪ੍ਰਸ਼ਾਸਨ ਨੇ ਸਰਪੰਚ ਹਰਭਜਨ ਸਿੰਘ ਨੂੰ ਜਲ ਘਰ ਚਾਲੂ ਕਰਨ ਦਾ ਭਰੋਸਾ ਦਿੱਤਾ ਸੀ, ਪਰ ਕੁਨੈਕਸ਼ਨ ਚਾਲੂ ਨਾ ਹੋਣ ਦੇ ਰੋਸ ਵਿੱਚ ਉਸ ਨੇ ਦਾੜ੍ਹੀ ਕੱਟ ਕੇ ਡੀਸੀ ਦੇ ਕਮਰੇ ਅੱਗੇ ਟੰਗ ਦਿੱਤੀ। ਦਲਿਤ ਸਰਪੰਚ ਹਰਭਜਨ ਸਿੰਘ ਨੇ ਕਿਹਾ ਕਿ ਹਕੂਮਤ ਦੀਆਂ ਮਾੜੀਆਂ ਨੀਤੀਆਂ ਖ਼ਾਸ ਕਰ ਕੇ ਲੋਕਾਂ ਨੂੰ ਸ਼ੁੱਧ ਪਾਣੀ ਨਾ ਮਿਲਣ ਖ਼ਿਲਾਫ਼ ਸੰਘਰਸ਼ ਵਿੱਢਣ ਦਾ ਫੈਸਲਾ ਕੀਤਾ ਗਿਆ ਹੈ। ਉਸ ਨੇ ਮੰਗ ਕੀਤੀ ਕਿ ਜਿਨ੍ਹਾਂ ਪਿੰਡਾਂ ਦੇ ਜਲਘਰ ਤਤਕਾਲੀ ਅਕਾਲੀ-ਭਾਜਪਾ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਬੰਦ ਹੋ ਚੁੱਕੇ, ਉਨ੍ਹਾਂ ਨੂੰ ਤੁਰੰਤ ਚਾਲੂ ਕੀਤਾ ਜਾਵੇ। ਕਿਸਾਨੀ ਕਰਜ਼ ਮੁਆਫ਼ ਕਰਨ ਦੀ ਤਰਜ਼ ਉੱਤੇ ਜਲਘਰਾਂ ਦੇ ਬਿੱਲ ਮੁਆਫ਼ ਕਰਨ ਵਿੱਚ ਵੀ ਦੇਰ ਨਹੀਂ ਕਰਨੀ ਚਾਹੀਦੀ।