ਟਿਕਟ ਨਾ ਮਿਲਣ ਤੋਂ ਨਾਰਾਜ਼ ਕਾਂਗਰਸੀ ਆਗੂ ਨੇ ਸਤਵਿੰਦਰ ਬਿੱਟੀ ਦਾ ਜਾਅਲੀ ਅਸ਼ਲੀਲ ਵੀਡੀਓ ਬਣਾਇਆ

ਟਿਕਟ ਨਾ ਮਿਲਣ ਤੋਂ ਨਾਰਾਜ਼ ਕਾਂਗਰਸੀ ਆਗੂ ਨੇ ਸਤਵਿੰਦਰ ਬਿੱਟੀ ਦਾ ਜਾਅਲੀ ਅਸ਼ਲੀਲ ਵੀਡੀਓ ਬਣਾਇਆ

ਕੂੰਮਕਲਾਂ ਪੁਲੀਸ ਨੇ ਮੁਲਜ਼ਮ ਮੋਹਨ ਸਿੰਘ ਨੂੰ ਕੀਤਾ ਕਾਬੂ
ਲੁਧਿਆਣਾ/ਬਿਊਰੋ ਨਿਊਜ਼ :
ਵਿਧਾਨ ਸਭਾ ਚੋਣਾਂ ਵਿਚ ਸਾਹਨੇਵਾਲ ਹਲਕੇ ਤੋਂ ਕਾਂਗਰਸ ਦੀ ਉਮੀਦਵਾਰ ਰਹੀ ਪੰਜਾਬੀ ਗਾਇਕਾ ਸਤਵਿੰਦਰ ਬਿੱਟੀ ਨੂੰ ਟਿਕਟ ਦੇਣ ਤੋਂ ਨਾਰਾਜ਼ ਇੱਕ ਕਾਂਗਰਸੀ ਆਗੂ ਨੇ ਉਸ ਦੀ ਜਾਅਲੀ ਅਸ਼ਲੀਲ ਵੀਡੀਓ ਬਣਾ ਦਿੱਤੀ, ਜਿਸ ਖ਼ਿਲਾਫ਼ ਸਤਵਿੰਦਰ ਬਿੱਟੀ ਨੇ ਥਾਣਾ ਕੂੰਮਕਲਾਂ ਦੀ ਪੁਲੀਸ ਨੂੰ ਸ਼ਿਕਾਇਤ ਦਿੱਤੀ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਗੁਰੂ ਤੇਗ ਬਹਾਦਰ ਨਗਰ ਵਾਸੀ ਮੋਹਨ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਸਤਵਿੰਦਰ ਬਿੱਟੀ ਵੱਲੋਂ 4 ਮਈ ਨੂੰ ਥਾਣਾ ਕੂੰਮਕਲਾਂ ਵਿਚ ਸ਼ਿਕਾਇਤ ਕੀਤੀ ਸੀ। ਪੁਲੀਸ ਦੀ ਜਾਂਚ ਵਿਚ ਪਤਾ ਲੱਗਿਆ ਕਿ ਮੁਲਜ਼ਮ ਇੱਕ ਕਾਂਗਰਸੀ ਆਗੂ ਹੀ ਹੈ ਅਤੇ ਪ੍ਰਾਪਰਟੀ ਡੀਲਰ ਹੈ। ਉਹ ਵਿਧਾਨ ਸਭਾ ਚੋਣਾਂ ਦੌਰਾਨ ਖੁਦ ਨੂੰ ਟਿਕਟ ਦਾ ਦਾਅਵੇਦਾਰ ਮੰਨਦਾ ਸੀ, ਪਰ ਕਾਂਗਰਸ ਪਾਰਟੀ ਵੱਲੋਂ ਟਿਕਟ ਸਤਵਿੰਦਰ ਬਿੱਟੀ ਨੂੰ ਦੇ ਦਿੱਤੀ ਗਈ, ਜਿਸ ਕਾਰਨ ਨਾਰਾਜ਼ ਮੋਹਨ ਸਿੰਘ ਨੇ ਬਿੱਟੀ ਦੀ ਜਾਅਲੀ ਵੀਡੀਓ ਬਣਾ ਕੇ ਸੋਸ਼ਲ ਸਾਈਟਾਂ ‘ਤੇ ਵਾਇਰਲ ਕਰਦਿੱਤੀ। ਪੁਲੀਸ ਨੇ ਦੱਸਿਆ ਕਿ ਸ਼ਿਕਾਇਤ ਮਿਲਣ ਮਗਰੋਂ ਥਾਣਾ ਕੂੰਮਕਲਾਂ ਪੁਲੀਸ ਨੇ ਵੱਟਸਐਪ ਗਰੁੱਪ ਵਿਚੋਂ ਮੁਲਜ਼ਮ ਮੋਹਨ ਸਿੰਘ ਦਾ ਨੰਬਰ ਕੱਢਿਆ, ਪਰ ਉਸ ਨੇ ਉਕਤ ਵੀਡੀਓ ਪਾਉਣ ਤੋਂ ਬਾਅਦ ਮੋਬਾਈਲ ਬੰਦ ਕਰ ਦਿੱਤਾ ਸੀ, ਜਿਸ ਕਾਰਨ ਪੁਲੀਸ ਨੂੰ ਉਸ ਦੀ ਭਾਲ ਕਰਨ ਵਿਚ ਪ੍ਰੇਸ਼ਾਨੀ ਹੋ ਰਹੀ ਸੀ। 2-3 ਦਿਨ ਪਹਿਲਾਂ ਮੁਲਜ਼ਮ ਨੇ ਆਪਣਾ ਫੋਨ ਆਨ ਕੀਤਾ, ਜਿਸ ਦਾ ਅਲਰਟ ਮਿਲਣ ਮਗਰੋਂ ਪੁਲੀਸ ਨੇ ਉਸ ਨੂੰ ਫੜ ਲਿਆ ਹੈ।