ਬਜਰੰਗੀ ਭਾਈਜਾਨ ‘ਚ ਕਰੀਨਾ ਦੀ ਮਾਂ ਬਣੀ ਅਲਕਾ ਕੌਸ਼ਲ ਨੂੰ ਚੈੱਕ ਬਾਊਂਸ ਮਾਮਲੇ ਵਿੱਚ ਦੋ ਸਾਲ ਦੀ ਸਜ਼ਾ

ਬਜਰੰਗੀ ਭਾਈਜਾਨ ‘ਚ ਕਰੀਨਾ ਦੀ ਮਾਂ ਬਣੀ ਅਲਕਾ ਕੌਸ਼ਲ ਨੂੰ ਚੈੱਕ ਬਾਊਂਸ ਮਾਮਲੇ ਵਿੱਚ ਦੋ ਸਾਲ ਦੀ ਸਜ਼ਾ

ਸੰਗਰੂਰ/ਬਿਊਰੋ ਨਿਊਜ਼ :
ਇਥੇ ਵਧੀਕ ਸੈਸ਼ਨ ਜੱਜ ਨੇ ਚੈੱਕ ਬਾਊਂਸ ਮਾਮਲੇ ਵਿੱਚ ਫਿਲਮ ਤੇ ਟੀਵੀ ਅਦਾਕਾਰਾ ਅਲਕਾ ਕੌਸ਼ਲ ਅਤੇ ਉਸ ਦੀ ਮਾਂ ਦੀ ਅਪੀਲ ਖਾਰਜ ਕਰਦਿਆਂ ਹੇਠਲੀ ਅਦਾਲਤ ਵੱਲੋਂ ਸੁਣਾਈ ਦੋ-ਦੋ ਸਾਲ ਦੀ ਸਜ਼ਾ ਬਰਕਰਾਰ ਰੱਖਦਿਆਂ ਦੋਵਾਂ ਨੂੰ ਸੰਗਰੂਰ ਜੇਲ੍ਹ ਭੇਜ ਦਿੱਤਾ ਹੈ। ਅਲਕਾ ਕੌਸ਼ਲ ਵਲੋਂ ਸਲਮਾਨ ਖਾਨ ਦੀ ਸੁਪਰਹਿੱਟ ਫਿਲਮ ਬਜਰੰਗੀ ਭਾਈਜਾਨ ਵਿਚ ਅਦਾਕਾਰਾ ਕਰੀਨਾ ਕਪੂਰ ਦੀ ਮਾਂ ਦੀ ਭੂਮਿਕਾ ਨਿਭਾਈ ਸੀ ਅਤੇ ਉਸ ਨੇ ਹੋਰ ਵੀ ਅਨੇਕਾਂ ਟੀਵੀ ਸੀਰੀਅਲਾਂ ਵਿਚ ਕੰਮ ਕੀਤਾ ਹੈ।
ਅਦਾਲਤੀ ਫੈਸਲੇ ਤੋਂ ਬਾਅਦ ਮੁੱਦਈ ਦੇ ਵਕੀਲ ਸੁਖਬੀਰ ਸਿੰਘ ਪੂਨੀਆ ਨੇ ਦੱਸਿਆ ਕਿ ਫੁੱਲਾਂ ਦੀ ਖੇਤੀ ਕਰਨ ਵਾਲੇ ਕਿਸਾਨ ਅਵਤਾਰ ਸਿੰਘ ਪਿੰਡ ਲਾਂਗੜੀਆਂ ਦੀ ਫਿਲਮ ਤੇ ਟੀਵੀ ਅਦਾਕਾਰ ਅਲਕਾ ਕੌਸ਼ਲ ਨਾਲ ਜਾਣ ਪਛਾਣ ਸੀ। ਇੱਕ ਟੀਵੀ ਸੀਰੀਅਲ ਬਣਾਉਣ ਵਾਸਤੇ ਅਵਤਾਰ ਸਿੰਘ ਲਾਂਗੜੀਆਂ ਪਾਸੋਂ ਅਲਕਾ ਕੌਸ਼ਲ ਵਲੋਂ ਪੈਸੇ ਉਧਾਰ ਲਏ ਸਨ, ਜਦੋਂ ਅਵਤਾਰ ਸਿੰਘ ਨੇ ਅਲਕਾ ਕੌਸ਼ਲ ਪਾਸੋਂ ਆਪਣੇ ਪੈਸੇ ਵਾਪਸ ਮੰਗੇ ਤਾਂ  ਅਲਕਾ ਅਤੇ ਉਸ ਦੀ ਮਾਂ ਸੁਸ਼ੀਲਾ ਬਡੋਲਾ ਵਲੋਂ ਅਵਤਾਰ ਸਿੰਘ ਨੂੰ 25-25 ਲੱਖ ਰੁਪਏ ਦੇ ਦੋ ਚੈੱਕ ਦੇ ਦਿੱਤੇ ਗਏ। ਜਦੋਂ ਅਵਤਾਰ ਸਿੰਘ ਵਲੋਂ ਬੈਂਕ ਵਿਚ ਚੈਕ ਅਦਾਇਗੀ ਲਈ ਲਗਾਏ ਗਏ ਤਾਂ ਇਹ ਚੈੱਕ ਬਾਊਂਸ ਹੋ ਗਏ। ਅਵਤਾਰ ਸਿੰਘ ਵਲੋਂ ਮਾਲੇਰਕੋਟਲਾ ਅਦਾਲਤ ਵਿਚ ਸ਼ਿਕਾਇਤ ਦਾਇਰ ਕਰ ਦਿੱਤੀ ਸੀ। ਮਲੇਰਕੋਟਲਾ ਅਦਾਲਤ ਵਿਚ ਇਸ ਮਾਮਲੇ ਦੀ ਸੁਣਵਾਈ ਮੁਕੰਮਲ ਹੋਣ ‘ਤੇ ਅਦਾਲਤ ਵਲੋਂ ਸਾਲ 2015 ਵਿਚ ਮਾਂ-ਧੀ ਨੂੰ ਦੋ-ਦੋ ਸਾਲ ਦੀ ਸਜ਼ਾ ਅਤੇ ਚੈੱਕ ਦੀ ਰਕਮ ਤੋਂ ਦੁੱਗਣੀ ਰਕਮ ਅਦਾ ਕਰਨ ਦਾ ਫੈਸਲਾ ਸੁਣਾਇਆ ਸੀ। ਫੈਸਲੇ ਤੋਂ ਬਾਅਦ ਦੋਵਾਂ ਵਲੋਂ ਅਦਾਲਤ ਵਿਚੋਂ ਜ਼ਮਾਨਤ ਕਰਵਾ ਲਈ ਗਈ ਸੀ ਅਤੇ ਮਲੇਰਕੋਟਲਾ ਅਦਾਲਤ ਦੇ ਫੈਸਲੇ ਖ਼ਿਲਾਫ਼ ਸੰਗਰੂਰ ਅਦਾਲਤ ਵਿਚ ਅਪੀਲ ਦਾਇਰ ਕੀਤੀ ਗਈ ਸੀ। ਇਥੇ ਵਧੀਕ ਸੈਸ਼ਨ ਜੱਜ ਗੌਰਵ ਕਾਲੀਆ ਵੱਲੋਂ ਅਲਕਾ ਅਤੇ ਉਸ ਦੀ ਮਾਂ ਦੀ ਸਜ਼ਾ ਬਰਕਰਾਰ ਰੱਖੀ। ਇਸ ਤੋਂ ਬਾਅਦ ਦੋਵਾਂ ਨੂੰ ਸੰਗਰੂਰ ਜੇਲ੍ਹ ਭੇਜ ਦਿੱਤਾ ਗਿਆ ਹੈ।